ਸ਼਼ੁਭਦੀਪ ਮੂਸੇਵਾਲਾ ਨੂੰ ਬੰਦੂਕ ਕਲਚਰ ਰਾਹੀਂ ਗੈਂਗਸਟਰਿਜ਼ਮ ਵਧਾਉਣ ਵਾਲਾ ਕਹਿੰਦੇ ਸਨ.....
ਅੱਜ ਉਸ ਮੂਸੇਵਾਲ ਲਈ ਨਕਲੀ ਹੰਝੂ ਕੇਰ ਰਹੇ ਹਨ...
ਸਿੱਧੂ ਮੂਸੇਵਾਲਾ ਦੇ ਪਿਤਾ ਬਲਕਾਰ ਸਿੰਘ ਦੇ ਦਿਲ ਵਿਚੋਂ ਜਦ ਅਥਾਹ ਦਰਦ ਲਾਵਾ ਬਣ ਕੇ ਫੁਟਿਆ ਤਾਂ ਧਰਤੀ ਉਤੇ ਅਤੇ ਅੰਬਰ ਵਿਚ ਇਕ ਚੀਕ ਸੁਣਾਈ ਦਿਤੀ, ‘‘ਲੋਕੋ ਅੱਜ ਮੇਰਾ ਜਹਾਨ ਲੁਟਿਆ ਗਿਆ।’’ ਮੂਸੇਵਾਲ ਦਾ ਸਿੱਧੂ ਸਾਡੇ ਸਾਰਿਆਂ ਦੀ ਜ਼ਿੰਦਗੀ ਦਾ ਹੀ ਹਿੱਸਾ ਸੀ ਪਰ ਅੱਜ ਹਰ ਰੋਜ਼ ਕਿਸੇ ਬਾਪ ਦਾ ਜਹਾਨ ਲੁਟਿਆ ਜਾ ਰਿਹਾ ਹੈ। ਮਾਵਾਂ ਦੇ ਲਾਡਾਂ ਨਾਲ ਪਾਲੇ ਬੱਚੇ ਉਨ੍ਹਾਂ ਦੇ ਸਾਹਮਣੇ ਸਿਵਿਆਂ ਦੇ ਕੱਖ ਬਣ ਰਹੇ ਹਨ। ਨਾ ਸਿੱਧੂ ਮੂਸੇਵਾਲਾ ਕਦੇ ਮੁੜ ਕੇ ਵਾਪਸ ਆਵੇਗਾ ਅਤੇ ਨਾ ਉਹ ਬਾਕੀ ਸਾਰੇ ਹੀ ਕਦੇ ਵਾਪਸ ਆਉਣ ਵਾਲੇ ਹਨ। ਇਹ ਦੁੱਖ ਤਾਂ ਸਾਰੇ ਪੰਜਾਬੀਆਂ ਨੂੰ ਝਲਣੇ ਹੀ ਪੈੈਣੇ ਹਨ। ਅੱਜ ਹਾਲਤ ਇਹ ਬਣ ਗਈ ਹੈ ਕਿ ਜਾਂ ਤਾਂ ਅਸੀ ਸਿੱਧੂ ਮੂਸੇਵਾਲੇ ਦੀ ਦਲੇਰੀ ਤੋਂ ਸਬਕ ਲੈ ਕੇ ਆਪ ਦਲੇਰ ਹੋ ਕੇ ਸਿਸਟਮ ਨੂੰ ਬਦਲਣ ਵਾਸਤੇ ਮਜਬੂਰ ਕਰ ਸਕਦੇ ਹਾਂ ਜਾਂ ਗਿੱਦੜਾਂ ਵਾਂਗ ਡਰ ਕੇ ਅਪਣੇ ਬੱਚੇ ਵਿਦੇਸ਼ਾਂ ਵਿਚ ਛੁਪਾ ਸਕਦੇ ਹਾਂ।
ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਸਾਡੇ ਸਿਆਸਤਦਾਨ ਸਾਡੇ ਨਾਲ ਫਿਰ ਇਕ ਹੋਰ ਖੇਡ ਖੇਡ ਰਹੇ ਹਨ। ਅੱਜ ਦੇ ਸਿਆਸਤਦਾਨਾਂ ਦੀਆਂ ਗੱਲਾਂ ਸੁਣ ਕੇ ਸ਼ਰਮ ਆਉਂਦੀ ਹੈ। ਜਿਹੜੇ ਸਿਆਸਤਦਾਨ ਹੁਣ ਤਕ ਸਿੱਧੂ ਨੂੰ ਗੈਂਗਸਟਰ ਤੇ ਬੰਦੂਕ ਕਲਚਰ ਨੂੰ ਵਧਾਉਣ ਵਾਲਾ ਆਖਦੇ ਸਨ, ਅੱਜ ਉਸ ਦੀ ਮੌਤ ਨੂੰ ਅਪਣੀ ਸਿਆਸਤ ਲਈ ਇਸਤੇਮਾਲ ਕਰ ਰਹੇ ਹਨ। ਅੱਜ ਹਰ ਰਵਾਇਤੀ ਸਿਆਸਤਦਾਨ ਦੇ ਮੂੰਹੋਂ ਇਕ ਹੀ ਆਵਾਜ਼ ਨਿਕਲ ਰਹੀ ਹੈ ਕਿ ਨਵੀਂ ਸਰਕਾਰ ਬਦਲ ਦੇਵੋ ਕਿਉਂਕਿ ਇਸ ਦੇ ਰਾਜ ਵਿਚ ਸਾਡੇ ਬੱਚੇ ਮਾਰੇ ਜਾ ਰਹੇ ਹਨ।
ਇਕ ਸਵਾਲ ਦਾ ਜਵਾਬ ਚਾਹੀਦਾ ਹੈ। ਲਾਰੈਂਸ ਬਿਸ਼ਨੋਈ, ਵਿੱਕੀ ਗੋਂਡਰ, ਗੋਲਡੀ ਬਰਾੜ, ਜਗਦੀਸ਼ ਭੋਲਾ ਅਤੇ ਪਤਾ ਨਹੀਂ ਹੋਰ ਕਿੰਨੇ ਨਾਮ ਹਨ ਜੋ ਅੱਜ ਸਾਡੇ ਪੰਜਾਬ ਦੇ ਗੈਂਗਸਟਰ ਦੱਸੇ ਜਾ ਰਹੇ ਹਨ, ਇਨ੍ਹਾਂ ਦਾ ਜਨਮ ਕਦੋਂ ਹੋਇਆ ਸੀ? ਇਹ ਮਾਂ ਦੀ ਕੁੱਖੋਂ ਤਾਂ ਬੰਦੂਕਾਂ ਲੈ ਕੇ ਪੈਦਾ ਨਹੀਂ ਹੋਏ ਸਨ? ਇਨ੍ਹਾਂ ਦੇ ਹੱਥਾਂ ਵਿਚ ਬੰਦੂਕਾਂ ਕਿਸ ਨੇ ਫੜਾਈਆਂ? ਇਕ ਗੈਂਗਸਟਰ ਦੀ ਕਹਾਣੀ ਸੁਣ ਰਹੀ ਸੀ ਜਿਸ ਨੂੰ ਕਿਸ ਤਰ੍ਹਾਂ ਪੁਲਿਸ ਨੇ ਬੇਗੁਨਾਹ ਹੋਣ ਦੇ ਬਾਵਜੂਦ, ਅਪਣੇ ਆਪ ਨੂੰ ਗੁਨਾਹਗਾਰ ਮੰਨ ਲੈਣ ਲਈ ਮਜਬੂਰ ਕਰ ਦਿਤਾ।
ਮੁੰਡਾ ਮੰਨਦਾ ਨਹੀਂ ਸੀ ਤੇ ਫਿਰ ਉਹ ਅਫ਼ਸਰ ਉਸ ਦੀ ਮਾਂ ਦਾ ਦੁਪੱਟਾ ਲੈ ਆਇਆ। ਮੁੰਡੇ ਕੋਲ ਕੋਈ ਚਾਰਾ ਨਹੀਂ ਸੀ ਪਰ ਆਖ਼ਰ ਇਕ ਵੱਡੇ ਸਿਆਸੀ ਲੀਡਰ ਨੇ ਵਿਚ ਪੈ ਕੇ ਉਸ ਦੀ ਮਾਂ ਦਾ ਦੁਪੱਟਾ ਵਾਪਸ ਦਿਵਾਇਆ। ਬਸ ਫਿਰ ਉਹ ਉਸ ਲੀਡਰ ਦੇ ਥੱਲੇ ਲੱਗ ਗਿਆ ਤੇ ਹੁਣ ਇਕ ਨਾਮੀ ਗਰੋਹ ਦਾ ਹਿੱਸਾ ਹੈ। ਜੇਲ ਵਿਚ ਬੈਠੇ ਨੌਜੁਆਨ ਨੂੰ ਸਿਆਸਤਦਾਨ ਨੇ ਉਸ ਦੇ ਮਨ ਵਿਚ ਅਜਿਹੀ ਦਹਿਸ਼ਤ ਪਾ ਦਿਤੀ ਕਿ ਮੁੜ ਘਰ ਆਉਣ ਦਾ ਰਸਤਾ ਹੀ ਭੁਲਾ ਦਿਤਾ। ਨਾਮ ਨਹੀਂ ਲੈ ਸਕਦੀ ਪਰ ਜਦ ਉਨ੍ਹਾਂ ਨੂੰ ਹੀ ਅੱਜ ਸਿੱਧੂ ਵਾਸਤੇ ਇਨਸਾਫ਼ ਦੀ ਗੁਹਾਰ ਲਗਾਉਂਦੇ ਵੇਖਦੇ ਹਾਂ ਤਾਂ ਖ਼ੂਨ ਖੌਲਦਾ ਹੈ। 2016 ਵਿਚ ਸੰਯੁਕਤ ਰਾਸ਼ਟਰ ਦੀ ਇਕ ਰੀਪੋਰਟ ਆਈ ਸੀ ਜਿਸ ਵਿਚ ਬੜੀ ਮਹੱਤਵਪੂਰਨ ਖੋਜ ਪੇਸ਼ ਕੀਤੀ ਗਈ ਸੀ ਜੋ ਦਰਸਾਉਂਦੀ ਸੀ ਕਿ ਨਸ਼ੇ ਦੇ ਵਪਾਰ ਨਾਲ ਬੇਸ਼ੁਮਾਰ ਕਾਲਾ ਧੰਨ, ਬੰਦੂਕਾਂ ਤੇ ਗੈਂਗਸਟਰਾਂ ਵਿਚ ਵਾਧਾ ਹੁੰਦਾ ਹੈ। ਸੰਯੁਕਤ ਰਾਸ਼ਟਰ ਚੇਤਾਵਨੀਆਂ ਦੇਂਦਾ ਰਿਹਾ ਪਰ ਕਿਸੇ ਨੇ ਨਾ ਸੁਣੀਆਂ।
ਸਰਹੱਦ ਤੋਂ ਕਿਲੋ ਅਫ਼ੀਮ ਨਾਲ ਇਕ ਬੰਦੂਕ ਤੋਹਫ਼ੇ ਵਿਚ ਆਉਂਦੀ ਹੈ। ਪਰ ਕਿਸੇ ਨੇ ਕੋਈ ਪ੍ਰਵਾਹ ਨਾ ਕੀਤੀ। ਨਸ਼ੇ ਦੇ ਵਪਾਰ ਨੂੰ ਵਧਾਇਆ ਗਿਆ ਕਿਉਂਕਿ ਕੁਝਨਾਂ ਦਾ ਲਾਲਚ ਬੇਹਿਸਾਬਾ ਸੀ। ਇਸ ਪਾਪ ਦੇ ਧਨ ਵਿਚੋਂ ਬੁਰਕੀਆਂ ਵਰਗਾ ਹਿੱਸਾ ਦਿਸ਼ਾਹੀਣ ਨੌਜਵਾਨਾਂ ਨੂੰ ਦਿਤਾ ਗਿਆ। ਕਦੇ ਮਾਵਾਂ ਭੈਣਾਂ ਦੀ ਦੁਨੀਆਂ ਬਰਬਾਦ ਹੋ ਗਈ ਅਤੇ ਕਦੇ ਲਾਲਚ ਦੇ ਦੇ ਕੇ ਇਨ੍ਹਾਂ ਨੌਜਵਾਨਾਂ ਦੇ ਹੱਥੋਂ ਟਰੈਕਟਰ ਤੇ ਕਿਤਾਬਾਂ ਖੋਹ ਕੇ ਬੰਦੂਕਾਂ ਫੜਾਈਆਂ। ਇਹ ਗੈਂਗਸਟਰ ਵੀ ਅਸਲ ਵਿਚ ਇਨ੍ਹਾਂ ਦੇ ਸਤਾਏ ਹੋਏ ਨੌਜੁਆਨ ਹਨ। ਅੱਜ ਸਿਆਸਤਦਾਨ ਆਰਾਮ ਨਾਲ ਘੁੰਮ ਰਹੇ ਹਨ ਤੇ ਸਾਡੇ ਨੌਜਵਾਨ ਇਕ ਦੂਜੇ ਦੇ ਦੁਸ਼ਮਣ ਬਣ ਗਏ ਹਨ। ਸਿੱਧੂ ਮੂਸੇਵਾਲਾ ਨੇ ਆਖਿਆ ਸੀ ਮੈਂ ਬਦਲਾਅ ਅਪਣੇ ਕੋਲੋਂ ਸ਼ੁਰੂ ਕਰਾਂਗਾ।
ਉਸ ਨੇ ਕੀਤਾ ਵੀ। ਉਸ ਨੇ ਅਪਣੀ ਹਵੇਲੀ ਪੰਜਾਬ ਵਿਚ ਅਪਣੇ ਪਿੰਡ ਵਿਚ ਬਣਵਾਈ ਕਿਉਂਕਿ ਉਹ ਅਪਣੀ ਮਿੱਟੀ ਨਾਲ ਪਿਆਰ ਕਰਦਾ ਸੀ। ਜਾਪਦਾ ਹੈ ਜਿਵੇਂ ਉਸ ਨੇ ਇਸ ਸਿਸਟਮ ਨੂੰ ਚੁਨੌਤੀ ਦਿਤੀ ਤੇ ਉਸ ਕਰ ਕੇ ਅਪਣੀ ਧਰਤੀ ਵਾਸਤੇ ਮਾਰਿਆ ਗਿਆ। ਪੂਰੀ ਤਸਵੀਰ ਸਾਹਮਣੇ ਆਉਣ ਨੂੰ ਸਮਾਂ ਲੱਗੇਗਾ ਪਰ ਇਸ ਤਸਵੀਰ ਵਿਚ ਸਾਡੇ ਨੌਜਵਾਨਾਂ ਦਾ ਗੈਂਗਸਟਰ ਬਣਾਇਆ ਜਾਣਾ ਇਕ ਅਟੁਟ ਹਿੱਸਾ ਹੈ। ਹੁਣ ਅਸੀ ਕੀ ਕਰੀਏ? ਡਰ ਕੇ ਦੌੜ ਜਾਈਏ ਜਾਂ ਚੁੱਪ ਹੋ ਕੇ ਸਿਸਟਮ ਹੇਠਾਂ ਸਿਰ ਝੁਕਾ ਲਈਏ? ਜਿਵੇਂ ਸਿੱਧੂ ਮੂੁਸੇਵਾਲਾ ਆਖਦਾ ਸੀ ਕਿ ਬਦਲਾਅ ਮੈਂ ਅਪਣੇ ਆਪ ਤੋਂ ਸ਼ੁਰੂ ਕਰਾਂਗਾ, ਸਿਆਸਤ ਦੇ ਪਿਆਦੇ ਬਣਨੇ ਬੰਦ ਕਰੀਏ। ਭ੍ਰਿਸ਼ਟਾਚਾਰ, ਨਸ਼ੇ, ਡਕੈਤੀ ਵਿਰੁਧ ਆਵਾਜ਼ ਚੁਕੀਏ। ਅਪਣੇ ਪੰਜਾਬ ਵਿਚ ਬੰਦੂਕਾਂ ਦਾ ਰਾਜ ਖ਼ਤਮ ਕਰ ਦਈਏ। ਸਾਡੇ ਗੈਂਗਸਟਰਾਂ ਨੂੰ ਵੀ ਅਪੀਲ ਹੈ ਕਿ ਛੱਡ ਦੇਵੋ ਤੇ ਪਛਤਾਵਾ ਕਰੋ। ਹਜ਼ਾਰਾਂ ਲੋਕ ਤੁਹਾਡੀਆਂ ਬੰਦੂਕਾਂ ਨਾਲ ਮਾਰੇ ਗਏ। ਇਕ ਦਾ ਵੀ ਪਸਚਾਤਾਪ ਨਹੀਂ ਹੋ ਸਕਦਾ। ਬੰਦੂਕਾਂ ਛੱਡੋ, ਕਿਰਤ ਨੂੰ ਅਪਣਾ ਹਥਿਆਰ ਬਣਾਉ। ਇਹ ਸਾਡਾ ਪੰਜਾਬ ਹੈ। ਇਸ ਨੂੰ ਲਾਲਚੀ ਸਿਆਸਤਦਾਨਾਂ ਤੋਂ ਆਜ਼ਾਦ ਕਰਵਾਉ।
- ਨਿਮਰਤ ਕੌਰ