Editorial: ਸਾਕਾ ਨੀਲਾ ਤਾਰਾ ਦੇ 40 ਸਾਲਾਂ 'ਚ ਸਿੱਖ ਅਪਣੀ ਤਬਾਹੀ ਲਈ ਕੇਂਦਰ ਦਾ ਥਾਪੜਾ ਲੈ ਕੇ ਬਣੇ ਲੀਡਰਾਂ ਤੋਂ ਵੀ ਛੁਟਕਾਰਾ ਨਹੀਂ ਪਾ ਸਕੇ!
ਜੇ ਇਸ 40ਵੀਂ ਵਰ੍ਹੇਗੰਢ ਤੇ ਸਿੱਖ ਕੌਮ ਸਿਆਸੀ ਖੇੇਡਾਂ ਨੂੰ ਖ਼ਤਮ ਕਰ ਕੇ ਹੁਣ ਤੋਂ ਤਬਦੀਲੀ ਲਿਆਉਣ ਦੀ ਸੋਚ ਲੈ ਕੇ ਕੰਮ ਸ਼ੁਰੂ ਕਰੇ ਤਾਂ ਕਲ ਬਦਲ ਸਕਦਾ ਹੈ।
Editorial: ਪਹਿਲੀ ਜੂਨ ਨੂੰ ਸਾਕਾ ਨੀਲਾ ਤਾਰਾ ਦੀ 40ਵੀਂ ਵਰ੍ਹੇਗੰਢ ਮੌਕੇ ਉਨ੍ਹਾਂ ਸਾਰੀਆਂ ਜਾਨਾਂ ਨੂੰ ਸ਼ਰਧਾਂਜਲੀ ਦੇਂਦੇ ਹੋਏ ਸਿਰ ਝੁਕਦਾ ਹੈ ਜਿਨ੍ਹਾਂ ਨੇ ਪੰਜਾਬ ਦੇ ਹੱਕਾਂ ਦੀ ਲੜਾਈ ਵਾਸਤੇ ਅਪਣਾ ਯੋਗਦਾਨ ਦਿਤਾ, ਅਪਣੀਆਂ ਜਾਨਾਂ ਵਾਰੀਆਂ ਤੇ ਅਪਣੇ ਬੱਚਿਆਂ ਨੂੰ ਯਤੀਮ ਬਣਾ ਕੇ ਰੁਲਣ ਲਈ ਛੱਡ ਦਿਤਾ। ਸਾਕਾ ਨੀਲਾ ਤਾਰਾ ਦਾ ਬਦਲਾ ਤਾਂ ਲੈ ਲਿਆ ਗਿਆ ਸੀ ਪਰ ਰੂਹਾਂ ਦੀ ਬੇਚੈਨੀ ਅਜੇ ਵੀ ਕਾਇਮ ਸੀ। ਦਰਬਾਰ ਸਾਹਿਬ ’ਤੇ ਹਮਲਾ ਕਦੇ ਭੁਲਾਇਆ ਨਹੀਂ ਜਾ ਸਕਦਾ ਪਰ ਉਹ ਨਾਸੂਰ ਬਣ ਕੇ ਕਿਉਂ ਰਹਿ ਗਿਆ ਹੈ?
ਸਾਕਾ ਨੀਲਾ ਤਾਰਾ ਤੇ ਉਸ ਤੋਂ ਬਾਅਦ ਦੇ ਪਹਿਲੇ ਦੋ ਸਾਲ ਸਿੱਖਾਂ ਨੂੰ ਖ਼ਤਮ ਕਰਨ ਦੀਆਂ ਕੋਸ਼ਿਸ਼ਾਂ ਵਾਲੇ ਸਾਲ ਸਨ ਪਰ ਇਹ ਵੀ ਫ਼ਖ਼ਰ ਕਰਨ ਵਾਲੀ ਗੱਲ ਹੈ ਕਿ ਸਿੱਖ ਮੁੜ ਤੋਂ ਤਾਕਤਵਰ ਬਣ ਉਭਰੇ। ਜਿਸ ਕਾਂਗਰਸ ਦੇ ਰਾਜ ਵਿਚ ਇੰਦਰਾ ਨੇ ਰਾਜ ਕਰਦਿਆਂ ਸਾਕਾ ਨੀਲਾ ਤਾਰਾ ਦਾ ਹੁਕਮ ਦਿਤਾ, ਉਸੇ ਪਾਰਟੀ ਵਲੋਂ ਇਕ ਸਿੱਖ, ਸਰਦਾਰ ਮਨਮੋਹਨ ਸਿੰਘ ਰਾਜ ਦੇ ਮੁਖੀ ਬਣ ਸਾਹਮਣੇ ਆਏ। ਇਹ ਵੀ ਸਿੱਖੀ ਦੀ ਤਾਕਤ ਦੀ ਨਿਸ਼ਾਨੀ ਹੈ। ਰਾਹੁਲ ਗਾਂਧੀ ਅਪਣੀ ਦਾਦੀ ਦੇ ਕਰਮਾਂ ਵਾਸਤੇ ਭਾਵੇਂ ਖੁਲ੍ਹ ਕੇ ਮਾਫ਼ੀ ਨਹੀਂ ਮੰਗ ਸਕੇ ਪਰ ਉਨ੍ਹਾਂ ਵਲੋਂ ਦਰਬਾਰ ਸਾਹਿਬ ਵਿਚ ਸੇਵਾ ਕਰਨਾ ਕਾਫ਼ੀ ਕੁੱਝ ਬਿਆਨ ਕਰ ਦੇਂਦਾ ਹੈ ਤੇ ਕਾਂਗਰਸ ਪਾਰਟੀ ਖੁਲ੍ਹ ਕੇ ਅਪਣੀ ਹੀ ਪਾਰਟੀ ਦੇ ਫ਼ੈਸਲਿਆਂ ਵਾਸਤੇ ਕਿਸੇ ਦਿਨ ਮਾਫ਼ੀ ਜ਼ਰੂਰ ਮੰਗੇਗੀ। ਇਹ ਉਨ੍ਹਾਂ ਦਾ ਵਡੱਪਣ ਨਹੀਂ ਪਰ ਸਿੱਖਾਂ ਦੀ ਤਾਕਤ ਹੈ ਜੋ ਉਨ੍ਹਾਂ ਤੋਂ ਇਹ ਕਰਵਾਏਗੀ।
ਪਰ ਸਿੱਖ ਮਨਾਂ ਅੰਦਰ ਸਕੂਨ ਨਹੀਂ ਹੈ। ਉਸ ਦਾ ਕਾਰਨ ਸਰਬਜੀਤ ਸਿੰਘ ਖ਼ਾਲਸਾ ਦੀ ਕਹਾਣੀ ਤੋਂ ਮਿਲਦਾ ਹੈ ਜਿਸ ਦੇ ਪਿਤਾ ਨੇ ਕੌਮ ਨੂੰ ਮਾਰੀ ਸੱਟ ’ਤੇ ਮਲ੍ਹਮ ਲਗਾਉਣ ਵਾਸਤੇ ਅਪਣੀ ਬਲੀ ਦੇ ਦਿਤੀ। ਉਸ ਦੇ ਪ੍ਰਵਾਰ ਨੂੰ ਕਦੇ ਕਿਸੇ ਨੇ ਪੁਛਿਆ ਤਕ ਵੀ ਨਹੀਂ।
ਮਾਰੇ ਗਏ ਸਾਰੇ ਨੌਜੁਆਨਾਂ ਦੇ ਜੀਵਤ ਸਬੰਧੀਆਂ ਵਾਸਤੇ ਸਿੱਖਾਂ ਵਲੋਂ, ਯਾਨੀ ਐਸਜੀਪੀਸੀ ਵਲੋਂ ਉਨ੍ਹਾਂ ਦੇ ਮਾਂ-ਬਾਪ, ਬੱਚਿਆਂ, ਵਿਧਵਾਵਾਂ ਵਾਸਤੇ ਸਹਾਰਾ ਬਣਨ ਦਾ ਯਤਨ ਕੀਤਾ ਗਿਆ ਹੁੰਦਾ ਤਾਂ ਫਿਰ ਵੀ ਮਨ ਕੁੱਝ ਸ਼ਾਂਤ ਹੋਣੇ ਸਨ ਤੇ ਫ਼ਰਕ ਵੀ ਮਹਿਸੂਸ ਹੋਣਾ ਸੀ। ਅਸਲ ਜਵਾਬ ਹੁਕਮਰਾਨਾਂ ਨੂੰ ਤਾਂ ਹੀ ਮਿਲਦਾ ਜਦ ਮਾਰੇ ਗਏ ਸਿੱਖਾਂ ਦੇ ਬੱਚੇ ਅੱਜ ਪੜ੍ਹ ਲਿਖ ਕੇ ਅਫ਼ਸਰ ਜਾਂ ਜੱਜ ਬਣੇ ਹੁੰਦੇ ਤੇ ਹੋਰਨਾਂ ਉੱਚ ਅਹੁਦਿਆਂ ’ਤੇ ਬੈਠੇ ਹੁੰਦੇ। ਉਨ੍ਹਾਂ ਦੀ ਸਫ਼ਲਤਾ ਹੀ ਹੁਕਮਰਾਨਾਂ ਦੇ ਮੂੰਹ ’ਤੇ ਕਰਾਰੀ ਚਪੇੜ ਹੁੰਦੀ ਤੇ ਇਹ ਕਥਨ ਸੱਚ ਹੋ ਵਿਖਾਂਦਾ ਕਿ ਜੇ ਸਿੱਖਾਂ ਨੂੰ ਮਾਰੋਗੇ ਤਾਂ ਉਹ ਹੋਰ ਤਾਕਤਵਰ ਬਣ ਕੇ ਉਭਰਨਗੇ।
ਪਰ ਉਨ੍ਹਾਂ ਦੀ ਚਾਲ ਸਫ਼ਲ ਹੋਈ ਕਿਉਂਕਿ ਅਸੀ ਸਿਰਫ਼ ਬੰਦੂਕਾਂ ਦੇ ਵਾਰ ਹੀ ਗਿਣਦੇ ਰਹੇ, ਅਸਲ ਵਾਰ ਤਾਂ ਉਨ੍ਹਾਂ ਨੇ ਐਸੇ ਆਗੂ ਸਾਡੇ ਅੰਦਰ ਭੇਜ ਕੇ ਕੀਤੇ ਜੋ ਵੇਖਣ ਚਾਖਣ ਨੂੰ ਤਾਂ ਪੰਥਕ ਲਗਦੇ ਹਨ ਪਰ ਅੰਦਰੋਂ ਐਸੀਆਂ ਨੀਤੀਆਂ ਚਲਾਉਂਦੇ ਹਨ ਕਿ ਸਿੱਖ ਸਿੱਖੀ ਤੋਂ ਹੀ ਦੂਰ ਹੋ ਗਏ। ਨਸ਼ੇ ਤੇ ਸ਼ਰਾਬ ਵਿਚ ਪੰਜਾਬ ਨੂੰ ਐਸਾ ਧਕਿਆ ਕਿ ਅੱਜ ਕਿਸੇ ਨੂੰ ਸਹੀ ਗ਼ਲਤ ਵਿਚ ਅੰਤਰ ਹੀ ਪਤਾ ਨਹੀਂ ਲਗਦਾ।
ਅੱਜ ਇਕ ਵੱਡੀ ਗਿਣਤੀ ਸਿਆਸਤਦਾਨਾਂ ਤੇ ਖ਼ਾਸ ਕਰ ਕੇ ਧਾਰਮਕ ਆਗੂਆਂ ਵਾਸਤੇ ਇਕ ਜੂਨ ਇਕ ਦਰਦਨਾਕ ਯਾਦਗਾਰੀ ਦਿਨ ਨਹੀਂ ਬਲਕਿ ਅਪਣੇ ਵਾਸਤੇ ਵੋਟ ਖਿੱਚਣ ਤੇ ਗੱਦੀ ਪੱਕੀ ਕਰਨ ਦਾ ਮੌਕਾ ਮਾਤਰ ਹੈ। 40 ਸਾਲ ਸੱਤਾ ’ਚ ਰਹਿਣ ਦੇ ਬਾਵਜੂਦ ਕਦੇ ਪੰਜਾਬ ਦੇ ਪਾਣੀਆਂ ਜਾਂ ਰਾਜਧਾਨੀ ਦੀ ਗੱਲ ਨਹੀਂ ਕੀਤੀ, ਸੱਤਾ ਵਿਚ ਰਹਿੰਦੇ ਹੋਏ ਅਕਾਲੀ ਦਲ ਨੇ ਪੰਜਾਬ ਦੀਆਂ ਜੇਲ੍ਹਾਂ ’ਚੋਂ ਬੰਦੀ ਸਿੱਖ ਰਿਹਾਅ ਨਹੀਂ ਕਰਵਾਏ ਪਰ ਵੋਟਾਂ ਵੇਲੇ ਸੱਭ ਦੀ ਯਾਦ ਆ ਜਾਂਦੀ ਹੈ।
ਕੋਈ ਸੰਤਾਂ ਦਾ ਬਾਣਾ ਪਾ ਕੇ ਤੇ ਅਪਣੇ ਪਿੱਛੇ ਨੌਜੁਆਨਾਂ ਨੂੰ ਲਾ ਕੇ ਪੰਜਾਬ ’ਚ ਸਿਆਸਤ ਦੀ ਉਥਲ ਪੁਥਲ ਦਾ ਪਿਆਦਾ ਬਣ ਜਾਂਦਾ ਹੈ। ਸਿੱਖਾਂ ਦੇ ਦਿਲਾਂ ’ਚ ਸੁਲਗਦੇ ਜ਼ਖ਼ਮ ਉਨ੍ਹਾਂ ਨੂੰ ਭਾਵੁਕ ਬਣਾ ਦੇਂਦੇ ਹਨ ਪਰ 40 ਸਾਲ ਤੋਂ ਹਰ ਕੋਈ ਉਨ੍ਹਾਂ ਨੂੰ ਇਸਤੇਮਾਲ ਹੀ ਕਰਦਾ ਆ ਰਿਹਾ ਹੈ। ਮਸਲਾ ਕਿਹੜਾ ਹੱਲ ਹੋਇਆ ਹੈ?
ਜੇ ਇਸ 40ਵੀਂ ਵਰ੍ਹੇਗੰਢ ਤੇ ਸਿੱਖ ਕੌਮ ਸਿਆਸੀ ਖੇੇਡਾਂ ਨੂੰ ਖ਼ਤਮ ਕਰ ਕੇ ਹੁਣ ਤੋਂ ਤਬਦੀਲੀ ਲਿਆਉਣ ਦੀ ਸੋਚ ਲੈ ਕੇ ਕੰਮ ਸ਼ੁਰੂ ਕਰੇ ਤਾਂ ਕਲ ਬਦਲ ਸਕਦਾ ਹੈ। ਇਕ ਐਸੀ ਸੱਚੀ ਪਨੀਰੀ ਖੜੀ ਹੋ ਸਕਦੀ ਹੈ ਜੋ ਸਹੀ ਮਸਲਿਆਂ ਬਾਰੇ ਗੱਲ ਕਰੇ। ਅੱਜ ਵੀ ਸਿੱਖ ਅਪਣੇ ਆਪ, ਅਪਣੇ ਨੌਜੁਆਨਾਂ ਨੂੰ ਕਾਬਲ ਬਣਾ ਕੇ ਹੁਕਮਰਾਨਾਂ ਦੀ ਸਿੱਖਾਂ ਨੂੰ ਕਮਜ਼ੋਰ ਕਰਨ ਦੀ ਸੋਚ ਨੂੰ ਫ਼ੇਲ ਕਰ ਸਕਦੇ ਹਨ। ਬਸ ਝੂਠੇ ਸਿਆਸਤਦਾਨਾਂ ਨੂੰ ਪਹਿਚਾਣਨ ਦੀ ਸਮਰੱਥਾ ਬਣਾਉਣੀ ਪਵੇਗੀ।
- ਨਿਮਰਤ ਕੌਰ