ਹਾਕਮ ਦੇ ਅਧਿਕਾਰ ਸਮਾਜ ਦੇ ਅਧਿਕਾਰਾਂ ਨਾਲੋਂ ਵੱਧ ਨਹੀਂ ਹੁੰਦੇ!
ਕਦੇ ਵੀ ਕਿਸੇ ਨੂੰ ਏਨਾ ਨਹੀਂ ਧਮਕਾਉਣਾ ਚਾਹੀਦਾ ਕਿ ਉਸ ਦੇ ਮਨ ਵਿਚੋਂ ਡਰ ਹੀ ਨਿਕਲ ਜਾਵੇ...............
ਕਦੇ ਵੀ ਕਿਸੇ ਨੂੰ ਏਨਾ ਨਹੀਂ ਧਮਕਾਉਣਾ ਚਾਹੀਦਾ ਕਿ ਉਸ ਦੇ ਮਨ ਵਿਚੋਂ ਡਰ ਹੀ ਨਿਕਲ ਜਾਵੇ। ਇਹ ਉਨ੍ਹਾਂ ਸਿਆਣੇ ਹਾਕਮਾਂ ਦੀ ਰਾਏ ਹੈ ਜੋ ਅਪਣਾ ਰੁਤਬਾ ਵੀ ਬਣਾਈ ਰਖਦੇ ਹਨ ਅਤੇ ਲੋਕਾਂ ਨਾਲ ਰਾਬਤਾ ਵੀ ਨਹੀਂ ਟੁੱਟਣ ਦੇਂਦੇ। ਇਸੇ ਨੂੰ ਅਸੀ ਲੋਕਤੰਤਰ ਦੀ ਭਾਵਨਾ ਕਹਿੰਦੇ ਹਾਂ। ਆਜ਼ਾਦੀ ਕਦੇ ਵੀ 100 ਫ਼ੀ ਸਦੀ ਖੁਲ੍ਹ ਨੂੰ ਨਹੀਂ ਕਹਿੰਦੇ। ਦੇਸ਼/ਸੂਬੇ/ਕੌਮ ਪ੍ਰਤੀ ਇਸੇ ਡਰ ਨੂੰ ਲੋਕਤੰਤਰ ਵਿਚ ਅਤੇ ਸਮਾਜ ਵਿਚ ਅਮਨ-ਸ਼ਾਂਤੀ ਬਣਾਉਣ ਵਾਸਤੇ ਵਰਤਿਆ ਜਾਂਦਾ ਹੈ¸ਇਹ ਅਹਿਸਾਸ ਦਿਵਾਉਣ ਵਾਸਤੇ ਕਿ ਅੱਜ ਦਾ ਆਦਮੀ ਜੰਗਲ ਰਾਜ ਵਿਚ ਨਹੀਂ ਰਹਿੰਦਾ ਤੇ ਸਮਾਜ ਵਿਚ ਰਹਿੰਦੇ ਹੋਣ ਕਰ ਕੇ ਸਮਾਜ ਹਰ 'ਮੈਂ' ਤੋਂ ਕੁਰਬਾਨੀ ਮੰਗ ਸਕਦਾ ਹੈ।
ਪਰ ਜਿਸ ਤਰ੍ਹਾਂ ਦੇ ਹਾਲਾਤ ਬਣਦੇ ਜਾ ਰਹੇ ਹਨ, ਇੰਜ ਜਾਪਦਾ ਹੈ ਕਿ ਹਾਕਮਾਂ ਨੇ ਅਪਣੇ ਆਪ ਨੂੰ ਕੁਦਰਤ ਦੇ ਅਸੂਲਾਂ ਜਾਂ ਨਿਯਮਾਂ ਤੋਂ ਵੀ ਉਪਰ ਮੰਨ ਲਿਆ ਹੈ ਅਤੇ ਸਮਾਜ ਦੇ ਅਧਿਕਾਰਾਂ ਨੂੰ ਅਜੇ ਅਪਣੇ ਅਧਿਕਾਰਾਂ ਤੋਂ ਉਪਰ ਨਹੀਂ ਮੰਨਿਆ। ਅੱਜ ਜੇ ਅਸੀ ਹੇਠਲੇ ਪੱਧਰ ਤੇ ਵੇਖੀਏ ਜਾਂ ਰਾਸ਼ਟਰ ਦੇ ਪੱਧਰ 'ਤੇ ਜਾਂ ਧਾਰਮਕ ਪੱਧਰ ਤੇ ਤਾਂ ਹਰ ਹਾਕਮ ਅਪਣੀ ਚੌਧਰ ਨੂੰ ਬਰਕਰਾਰ ਰੱਖਣ ਲਈ ਉਸ ਤਰ੍ਹਾਂ ਦੇ ਪੈਂਤੜੇ ਅਪਣਾ ਰਿਹਾ ਹੈ ਜੋ ਸਮਾਜ ਨੂੰ ਇਨ੍ਹਾਂ ਵਿਰੁਧ ਬਗ਼ਾਵਤ ਕਰਨ ਲਈ ਮਜਬੂਰ ਕਰ ਰਹੇ ਹਨ।
ਪੂਰੇ ਦੇਸ਼ ਵਲ ਵੇਖੀਏ ਤਾਂ ਜਿਸ ਤਰ੍ਹਾਂ ਦਲਿਤਾਂ ਤੇ ਸਮਾਜਕ ਕਾਰਕੁਨਾਂ ਦੀ ਆਵਾਜ਼ ਨੂੰ ਦਬਾਉਣ ਲਈ ਕਦਮ ਚੁੱਕੇ ਜਾ ਰਹੇ ਹਨ, ਉਸ ਨਾਲ ਜਿਗਨੇਸ਼, ਮਹਿਵਾਨੀ, ਘਨਈਆ ਕੁਮਾਰ, ਉਮਰ ਖ਼ਾਲੇਦ ਵਰਗੇ ਨੌਜਵਾਨ ਸੜਕਾਂ ਉਤੇ ਉਤਰਨ ਨੂੰ ਤਿਆਰ ਹੋ ਰਹੇ ਹਨ। ਇਨ੍ਹਾਂ ਦੇ ਲਫ਼ਜ਼ਾਂ ਨੂੰ ਜੇ ਉਨ੍ਹਾਂ ਦੇ ਜਵਾਨੀ ਦੇ ਜੋਸ਼ ਤੇ ਸਮਾਜ ਵਿਚ ਬਦਲਾਅ ਲਈ ਉਤਸ਼ਾਹ ਦੇ ਨਜ਼ਰੀਏ ਨਾਲ ਵੇਖਿਆ ਜਾਂਦਾ ਤਾਂ ਸ਼ਾਇਦ ਇਹ ਸੜਕਾਂ ਤੇ ਉਤਰਨ ਨੂੰ ਮਜਬੂਰ ਹੀ ਨਾ ਹੁੰਦੇ। ਜੇ ਇਹ ਗੱਲ ਵੀ ਕਰਨ ਦੀ ਕੋਸ਼ਿਸ਼ ਕਰਦੇ ਹਨ ਤਾਂ ਆਖਿਆ ਜਾਂਦਾ ਹੈ ਕਿ ਆਮ ਜਨਤਾ ਨੂੰ ਭੜਕਾਉਂਦੇ ਹਨ ਤੇ ਇਨ੍ਹਾਂ ਵਿਰੁਧ ਕਾਨੂੰਨੀ ਕਾਰਵਾਈ ਕੀਤੀ ਜਾਂਦੀ ਹੈ।
ਜੇ ਇਨ੍ਹਾਂ ਤੇ ਹਮਲਾ ਹੁੰਦਾ ਹੈ ਤਾਂ ਇਨ੍ਹਾਂ ਨੂੰ ਸੁਰੱਖਿਆ ਵੀ ਨਹੀਂ ਮਿਲਦੀ ਪਰ ਹੋਰਨਾਂ ਨੂੰ ਬਿਨਾਂ ਕਾਰਨ ਠਾਠ ਵਧਾਉਣ ਲਈ ਸੁਰੱਖਿਆ ਦੇ ਦਿਤੀ ਜਾਂਦੀ ਹੈ।
ਸੂਬਾ ਪੱਧਰ ਤੇ ਵੇਖਿਆ ਜਾਵੇ ਤਾਂ ਉੱਤਰ ਪ੍ਰਦੇਸ਼ ਵਿਚ ਝੂਠੇ ਮੁਕਾਬਲਿਆਂ ਨੂੰ ਇਕ ਹਾਕਮ ਦੇ ਵਿਰੋਧ ਨੂੰ ਖ਼ਤਮ ਕਰਨ ਲਈ ਇਸਤੇਮਾਲ ਕੀਤਾ ਜਾ ਰਿਹਾ ਹੈ। ਆਰ.ਐਸ.ਐਸ. ਦੀ ਸੋਚ ਦਾ ਝੰਡਾ ਲਹਿਰਾਉਣ ਵਾਸਤੇ ਗਊ ਰਖਿਅਕਾਂ ਨੇ ਦੇਸ਼ ਵਿਚ ਹਤਿਆ ਕਰਨ ਦੀ ਆਜ਼ਾਦੀ ਨੂੰ ਅਪਣਾ ਹੱਕ ਹੀ ਮੰਨ ਲਿਆ ਹੈ।
ਮੀਡੀਆ ਨੂੰ ਜਿਸ ਤਰ੍ਹਾਂ ਸਰਕਾਰਾਂ ਦੇ ਹੁਕਮ ਮੰਨਣ ਲਈ ਮਜਬੂਰ ਕੀਤਾ ਜਾ ਰਿਹਾ ਹੈ (ਜੋ ਵਿਕਣ ਨੂੰ ਤਿਆਰ ਨਹੀਂ) ਉਹ ਅਪਣਾ ਪੱਖ ਸੋਸ਼ਲ ਮੀਡੀਆ ਵਿਚ ਰੱਖ ਕੇ ਅਪਣੀ ਥਾਂ ਵਿਰੋਧ ਦੀ ਲਹਿਰ ਸ਼ੁਰੂ ਕਰ ਰਹੇ ਹਨ। ਜੇ ਪੰਜਾਬ ਵਲ ਵੇਖੀਏ ਤਾਂ ਧਰਮ-ਆਧਾਰਤ ਸਿਆਸਤ, ਅਪਣੀ ਕੁਰਸੀ ਬਚਾਉਣ ਲਈ ਇਸ ਤਰ੍ਹਾਂ ਦੇ ਕਦਮ-ਦਰ-ਕਦਮ ਚੁੱਕੀ ਜਾ ਰਹੀ ਹੈ ਜੋ ਹੁਣ ਉਨ੍ਹਾਂ ਵਿਰੁਧ ਇਕ ਲੋਕ ਲਹਿਰ ਖੜੀ ਕਰਨ ਦਾ ਸਬੱਬ ਬਣ ਰਹੇ ਹਨ। ਜਦ ਲੋਕਾਂ ਨੂੰ ਮਹਿਸੂਸ ਹੋਇਆ ਕਿ ਕਾਂਗਰਸ ਸਰਕਾਰ, ਅਕਾਲੀ ਦਲ ਪ੍ਰਤੀ ਨਰਮ ਹੋ ਰਹੀ ਹੈ ਤਾਂ ਉਨ੍ਹਾਂ ਨੇ ਅਪਣਾ ਵਿਰੋਧ ਸਗੋਂ ਹੋਰ ਤੇਜ਼ ਕਰ ਦਿਤਾ।
ਇਨ੍ਹਾਂ ਹਾਕਮਾਂ ਨੂੰ ਸ਼ਾਇਦ ਅੱਜ ਦੇ ਲੋਕ-ਰਾਜੀ ਸਦਾਚਾਰ ਦਾ ਪਾਠ ਪੜ੍ਹਾਏ ਜਾਣ ਦੀ ਜ਼ਰੂਰਤ ਹੈ। ਜੇ ਇਹ ਲੋਕ ਸਮਝ ਜਾਂਦੇ ਕਿ ਇਨ੍ਹਾਂ ਦੀ ਤਾਕਤ 'ਸਰਬ ਸ਼ਕਤੀਮਾਨ' ਬਾਦਸ਼ਾਹਾਂ ਵਾਲੀ ਨਹੀਂ ਹੋ ਸਕਦੀ ਤਾਂ ਸ਼ਾਇਦ ਸਥਿਤੀ ਏਨੀ ਖ਼ਰਾਬ ਨਾ ਹੁੰਦੀ। ਇਹ ਜੋ ਅਪਣੇ ਆਪ ਨੂੰ 'ਹਾਕਮ' ਮੰਨਣ ਦਾ ਗ਼ਰੂਰ ਕਰਦੇ ਹਨ, ਉਹ ਭੁਲ ਜਾਂਦੇ ਹਨ ਕਿ ਇਸ ਕਾਇਨਾਤ ਦੇ ਕੁਦਰਤੀ ਕਾਨੂੰਨਾਂ ਸਾਹਮਣੇ ਇਨਸਾਨ ਇਕ ਮਿੱਟੀ ਦੇ ਕਿਣਕੇ ਬਰਾਬਰ ਹੈ।
ਕਿਸੇ ਵੇਲੇ ਡਾਇਨੋਸੋਰਜ਼ ਦਾ ਵਕਤ ਸੀ, ਕਦੇ ਹਿਟਲਰ ਵੀ ਤਾਕਤਵਰ ਸੀ। ਬਾਬਰ ਵੀ ਤਬਾਹ ਹੋਇਆ, ਅੰਗਰੇਜ਼ ਵੀ ਦੁੜਾ ਦਿਤੇ ਗਏ। ਸੱਦਾਮ ਹੁਸੈਨ ਵੀ ਇਕ ਗੁਫ਼ਾ ਵਿਚ ਆਖ਼ਰੀ ਪਲ ਬਿਤਾ ਕੇ ਖ਼ਤਮ ਹੋਇਆ। ਜਿਹੜੀ ਉਚਾਈ ਹੰਕਾਰ ਵਿਚੋਂ ਨਿਕਲ ਕੇ ਆਉਂਦੀ ਹੈ, ਉਹ ਡਿਗਦੀ ਵੀ ਬੜੀ ਡੂੰਘਾਈ ਵਿਚ ਹੈ ਅਤੇ ਸੱਭ ਤੋਂ ਉੱਚੀਆਂ ਤਾਂ ਉਹ ਚਿੜੀਆਂ ਉਡਦੀਆਂ ਹਨ ਜੋ ਮਸਤ, ਮਗਨ, ਅਪਣੀ ਸੁਰੀਲੀ ਆਵਾਜ਼ ਨਾਲ ਦੁਨੀਆਂ ਨੂੰ ਖ਼ੂਬਸੂਰਤ ਬਣਾਈ ਰਖਦੀਆਂ ਹਨ। -ਨਿਮਰਤ ਕੌਰ