ਸਾਰੇ ਪੰਜਾਬੀ, ਇਕ ਦੂਜੇ ਉਤੇ ਬੇਵਿਸ਼ਵਾਸੀ ਕਰਦੇ ਹਨ, ਲੜਦੇ ਹਨ ਤੇ ਸੱਭ ਕੁੱਝ ਗਵਾਈ ਜਾਂਦੇ ਹਨ
ਅੱਜ ਦੀ ਹਕੀਕਤ ਇਹ ਹੈ ਕਿ ਕਿਸਾਨ ਅਪਣੇ ਸਿਆਸਤਦਾਨਾਂ ਤੇ ਵਿਸ਼ਵਾਸ ਨਹੀਂ ਕਰਦੇ ਤੇ ਆਮ ਜਨਤਾ ਅਪਣੀ ਪੁਲਿਸ ਤੇ ਵਿਸ਼ਵਾਸ ਨਹੀਂ ਕਰਦੀ।
ਜਿਸ ਤਰ੍ਹਾਂ ਦੇ ਹਾਲਾਤ ਪੰਜਾਬ ਵਿਚ ਬਣ ਰਹੇ ਹਨ, ਆਉਣ ਵਾਲਾ ਸਮਾਂ ਬੜਾ ਔਖਾ ਹੋਵੇਗਾ ਤੇ ਇਸ ਔਖੇ ਸਮੇਂ ਨੂੰ ਸੁਲਝਾਉਣ ਦੀ ਬਜਾਏ ਅਜਿਹੇ ਕਦਮ ਚੁੱਕੇ ਜਾ ਰਹੇ ਹਨ ਜੋ ਸਾਨੂੰ ਅਪਣੇ ਆਪ ਵਿਚ ਹੀ ਉਲਝਾਈ ਰੱਖਣਗੇ। ਕਿਸਾਨਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਵਿਚ ਦਰਾੜਾਂ ਪਾਉਣ ਦੇ ਲਗਾਤਾਰ ਯਤਨ ਕੀਤੇ ਜਾ ਰਹੇੇ ਹਨ ਤੇ ਇਹ ਉਨ੍ਹਾਂ ਦੀ ਦ੍ਰਿੜ੍ਹਤਾ ਦਾ ਸਬੂਤ ਹੈ ਕਿ ਅਨੇਕਾਂ ਛੋਟੇ ਵੱਡੇ ਕਿਸਾਨ ਆਗੂ ਇਕ ਸਾਲ ਤੋਂ ਲਗਾਤਾਰ ਇਕੱਠੇ ਬੈਠੇ ਹੋਏ ਹਨ। ਜੇ ਉਹ ਟੁਟ ਨਹੀਂ ਸਕੇ ਤਾਂ ਅਜਿਹੇ ਲੋਕ ਖੜੇ ਹੋ ਜਾਂਦੇ ਹਨ ਜਿਨ੍ਹਾਂ ਨੂੰ ਨੌਜਵਾਨ ਆਗੂ ਆਖ ਕੇ ਕਿਸਾਨਾਂ ਨੂੰ ਪੁਰਾਣੇ (ਬਜ਼ੁਰਗ) ਤੇ ਨੌਜਵਾਨ ਧੜਿਆਂ ਵਿਚ ਵੰਡਿਆ ਜਾਂਦਾ ਹੈ। ਕਦੇ ਹਰਿਆਣਾ ਤੇ ਪੰਜਾਬ ਦੇ ਕਿਸਾਨਾਂ ਨੂੰ ਆਪਸ ਵਿਚ ਵੰਡਣ ਦਾ ਯਤਨ ਕੀਤਾ ਜਾਂਦਾ ਹੈ। ਫਿਰ ਜੇ ਕਿਸਾਨ ਆਗੂ ਅਪਣੇ ਹੱਕਾਂ ਦੀ ਲੜਾਈ, ਚੋਣ ਰਾਜਨੀਤੀ ਵਿਚ ਦਾਖ਼ਲ ਹੋ ਕੇ, ਆਪ ਆ ਕੇ ਲੜਨਾ ਚਾਹੁੰਦੇ ਹਨ ਤਾਂ ਉਨ੍ਹਾਂ ਵਿਰੁਧ ਆਵਾਜ਼ਾਂ ਉਠਣੀਆਂ ਸ਼ੁਰੂ ਹੋ ਜਾਂਦੀਆਂ ਹਨ ਤਾਕਿ ਉਹ ਰਵਾਇਤੀ ਸਿਆਸਤਦਾਨਾਂ ਦੀ ਥਾਂ ਨਾ ਲੈ ਲੈਣ।
ਸਿਰਫ਼ ਕਿਸਾਨਾਂ ਵਿਚ ਹੀ ਨਹੀਂ, ਹਰ ਖੇਤਰ ਵਿਚ ਅੱਜ ਵੰਡੀਆਂ ਪਾਈਆਂ ਜਾ ਰਹੀਆਂ ਹਨ। ਗੁਰਦਾਸ ਮਾਨ ਉਤੇ 295 ਏ ਦਾ ਪਰਚਾ ਪਾਇਆ ਗਿਆ ਜਦਕਿ ਉਨ੍ਹਾਂ ਕੋਲੋਂ ਜੋ ਗ਼ਲਤੀ ਹੋ ਗਈ ਸੀ, ਉਸ ਵਾਸਤੇ ਉਨ੍ਹਾਂ ਨੇ ਮਾਫ਼ੀ ਵੀ ਮੰਗ ਲਈ ਸੀ। ਪਰ ਉਨ੍ਹਾਂ ਉਤੇ ਇਸ ਤਰ੍ਹਾਂ ਦੀ ਸੰਗੀਨ ਦਫ਼ਾ ਲਗਾਉਣਾ, ਇਕ ਦਰਾੜ ਪਾਉਣ ਦਾ ਯਤਨ ਹੀ ਜਾਪਦਾ ਹੈ। ਸਪੋਕਸਮੈਨ ਦੇ ਬਾਨੀ ਤੇ ਸਰਪ੍ਰਸਤ ਸ. ਜੋਗਿੰਦਰ ਸਿੰਘ ਤੇ ਵੀ ਇਸੇ ਦਫ਼ਾ ਅਧੀਨ ਇਹ ਪਰਚਾ ਪਾਇਆ ਗਿਆ ਸੀ ਤਾਕਿ ਉਨ੍ਹਾਂ ਦੀ ਦਲੇਰ ਆਵਾਜ਼ ਬੰਦ ਕਰ ਦਿਤੀ ਜਾਵੇ ਤੇ ਉਨ੍ਹਾਂ ਨੂੰ ਪੜ੍ਹਨ ਸੁਣਨ ਵਾਲੇ ਉਨ੍ਹਾਂ ਦਾ ਸਾਥ ਛੱਡ ਜਾਣ। ਐਮੀ ਵਿਰਕ ਜੋ ਕਿ ਇਕ ਚੰਗੇ ਗਾਇਕ ਤੇ ਕਲਾਕਾਰ ਹਨ ਤੇ ਜਿਨ੍ਹਾਂ ਨੇ ਦਸਤਾਰ ਸਜਾ ਕੇ ਸਿੱਖ ਕਲਾਕਾਰ ਨੂੰ ਦੁਨੀਆਂ ਵਿਚ ਚੰਗੀ ਪਹਿਚਾਣ ਦੇਣ ਦਾ ਕੰਮ ਕੀਤਾ, ਉਨ੍ਹਾਂ ਵਲੋਂ 2019 ਵਿਚ ਰਿਲਾਇੰਸ ਜਾਂ ਜ਼ੀ ਨਾਲ ਕੀਤੇ ਐਗਰੀਮੈਂਟ ਮੁਤਾਬਕ ਕੰਮ ਕਰਨ ਤੇ ਉਨ੍ਹਾਂ ਦੀ ਵਿਰੋਧਤਾ ਕਰਨ ਦਾ ਕੋਈ ਮਤਲਬ ਨਹੀਂ ਸੀ। ਪਰ ਅਜਿਹਾ ਕਰਨ ਵਾਲੇ ਇਹ ਕਿਉਂ ਨਹੀਂ ਸੋਚਦੇ ਕਿ ਉਹ ਅਸਲ ਵਿਚ ਅਪਣਿਆਂ ਨਾਲ ਲੜ ਕੇ ਨੁਕਸਾਨ ਕਿਸ ਦਾ ਕਰ ਰਹੇ ਹਨ?
ਇਸੇ ਤਰ੍ਹਾਂ ਪੰਜਾਬੀ ਕਾਂਗਰਸੀ ਆਗੂ ਵੀ ਅਪਣੇ ਆਪ ਵਿਚ ਹੀ ਲੜੀ ਜਾਂਦੇ ਹਨ ਤੇ ਇਕ ਦੂਜੇ ਨੂੰ ਨੀਵਾਂ ਵਿਖਾਉਣ ਵਿਚ ਮਸਰੂਫ਼ ਹਨ ਤੇ ਦੂਜੇ ਪਾਸੇ ਅਕਾਲੀ ਦਲ ਤੇ ਅਕਾਲੀ ਦਲ ਟਕਸਾਲੀ ਆਪਸ ਵਿਚ ਲੜ ਰਹੇ ਹਨ। ‘ਆਪ’ ਚੋਣਾਂ ਦੇ ਕਰੀਬ ਆ ਕੇ ਵੀ ਅਪਣੇ ਵਾਸਤੇ ਇਕ ਮੁੱਖ ਮੰਤਰੀ ਪਦ ਦਾ ਯੋਗ ਉਮੀਦਵਾਰ ਨਹੀਂ ਲੱਭ ਪਾ ਰਹੀ ਜਿਵੇਂ ਸਾਰੇ ਪੰਜਾਬ ਵਿਚ ਇਕ ਵੀ ਭਰੋਸੇਮੰਦ ਆਗੂ ਬਣਨ ਦੇ ਕਾਬਲ ਕੋਈ ਬੰਦਾ ਨਹੀਂ ਰਹਿ ਗਿਆ।
ਅੱਜ ਦੀ ਹਕੀਕਤ ਇਹ ਹੈ ਕਿ ਕਿਸਾਨ ਅਪਣੇ ਸਿਆਸਤਦਾਨਾਂ ਤੇ ਵਿਸ਼ਵਾਸ ਨਹੀਂ ਕਰਦੇ ਤੇ ਆਮ ਜਨਤਾ ਅਪਣੀ ਪੁਲਿਸ ਤੇ ਵਿਸ਼ਵਾਸ ਨਹੀਂ ਕਰਦੀ। ਸਿਆਸਤਦਾਨ ਅਪਣੇ ਸਾਥੀਆਂ ਤੇ ਵਿਸ਼ਵਾਸ ਨਹੀਂ ਕਰਦੇ। ਪੰਜਾਬੀ ਅਪਣੇ ਕਲਾਕਾਰਾਂ ਤੇ ਮਾਣ ਨਹੀਂ ਕਰਦੇ। ਕੀ ਅਸਲ ਵਿਚ ਅਸੀ ਅਜਿਹੇ ਮਤਲਬੀ ਤੇ ਮੌਕਾਪ੍ਰਸਤ ਬਣ ਚੁੱਕੇ ਹਾਂ ਕਿ ਹੁਣ ਸਾਡੇ ਤੋਂ ਸਿਰਫ਼ ਧੋਖੇ ਦੀ ਆਸ ਹੀ ਰੱਖੀ ਜਾ ਸਕਦੀ ਹੈ ਜਾਂ ਸਾਨੂੰ ਇਸ ਬੇਵਿਸ਼ਵਾਸੀ ਦੇ ਮਾਹੌਲ ਵਿਚ ਧਕੇਲਿਆ ਜਾ ਰਿਹਾ ਹੈ ਤਾਕਿ ਅਸੀ ਆਪਸ ਵਿਚ ਲੜਦੇ ਰਹੀਏ ਤੇ ਅਸਲ ਮੁੱਦੇ ਭੁੱਲ ਜਾਈਏ। ਜਦ ਵਾਤਾਵਰਣ ਵਿਚ ਬੇਵਿਸ਼ਵਾਸੀ ਹੋਵੇ ਤਾਂ ਉਸ ਡਰ ਦੇ ਮਾਹੌਲ ਵਿਚ ਹਰ ਇਨਸਾਨ ਅਪਣਾ ਸੱਭ ਤੋਂ ਕਮਜ਼ੋਰ ਸਾਥੀ ਹੁੰਦਾ ਹੈ ਤੇ ਉਸ ਮਾਹੌਲ ਵਿਚ ਕਦੇ ਵੀ ਅੱਗੇ ਵਧਣ ਦੀ ਤਾਕਤ ਨਹੀਂ ਆ ਸਕਦੀ। ਅੱਜ ਸਬਰ ਤੇ ਪਿਆਰ ਦੀ ਲੋੜ ਹੈ ਜਿਸ ਮਾਹੌਲ ਵਿਚ ਬੈਠ ਕੇ ਪੰਜਾਬ ਦੇ ਮੁੱਦਿਆਂ ਦੇ ਹੱਲ ਕੱਢੇ ਜਾ ਸਕਣ।
-ਨਿਮਰਤ ਕੌਰ