ਸੱਭ ਤੋਂ ਮਾੜਾ ਪੇਸ਼ਾ ਹੈ ਅਖ਼ਬਾਰ ਨਵੀਸੀ ਦਾ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਕਿਉਂਕਿ ਅਖ਼ਬਾਰ ਚਲਦਾ ਰੱਖਣ ਲਈ, ਸਰਕਾਰਾਂ, ਵਪਾਰੀਆਂ, ਬਾਬਿਆਂ, ਸਿਆਸਤਦਾਨਾਂ ਅੱਗੇ ਇਸ਼ਤਿਹਾਰਾਂ ਲਈ ਹੱਥ ਅੱਡੀ ਰਖਣੇ ਪੈਂਦੇ ਨੇ ਤੇ ਇਸ ਲਈ ਪੂਰਾ ਸੱਚ ਨਹੀਂ ਲਿਖਣ ਹੁੰਦਾ..

Rozana Spokesman News Paper

ਐਤਵਾਰ 29 ਜੁਲਾਈ ਦੇ 'ਰੋਜ਼ਾਨਾ ਸਪੋਕਸਮੈਨ' ਦੇ ਮੁੱਖ ਪੰਨੇ ਉਤੇ ਉਪਰੋਕਤ ਲੇਖ ਪੜ੍ਹਿਆ। ਇਹ ਲੇਖ ਸਰਦਾਰ ਜੋਗਿੰਦਰ ਸਿੰਘ ਹੋਰਾਂ ਦੀ ਨਿਜੀ ਡਾਇਰੀ ਦੇ ਪੰਨੇ ਤੇ ਛਪਿਆ ਸੀ। ਇਸ ਵਿਚ ਸ. ਜੋਗਿੰਦਰ ਸਿੰਘ ਹੋਰਾਂ ਨੇ ਅਪਣਾ ਦਰਦ ਜ਼ਾਹਰ ਕੀਤਾ, ਜੋ ਉਨ੍ਹਾਂ ਨਾਲ ਅਤੇ ਸਪੋਕਸਮੈਨ ਅਤੇ ਉੱਚਾ ਦਰ ਬਾਬੇ ਨਾਨਕ ਨਾਲ ਬੀਤ ਰਿਹਾ ਹੈ। ਇਹ ਪੱਤਰਕਾਰਤਾ ਮੈਂ ਵੀ ਕਰ ਕੇ ਵੇਖੀ ਹੈ। ਬਾਬਾ ਨਾਨਕ ਦਾ ਕਥਨ ਹੈ ''ਜੇ ਕੋ ਬੋਲੇ ਸਚੁ ਕੂੜਾ ਜਲਿ ਜਾਵਈ।। '' ਇਹ ਸਤਰਾਂ ਗੁਰਬਾਣੀਆਂ ਦੀਆਂ ਤੁਹਾਡੇ ਉਤੇ ਵੀ ਠੀਕ ਬੈਠਦੀਆਂ ਹਨ।

ਸਰਦਾਰ ਸਾਹਬ ਕੀ ਤੁਹਾਨੂੰ ਨਹੀਂ ਸੀ ਪਤਾ ਕਿ ਸੱਚ ਮਰਚਾਂ, ਕੂੜ ਗੁੜ, ਪੀਰ, ਪੈਸਾ ਤੇ ਰੰਨ, ਗੁਰ, ਜਿੱਧਰ ਆਖਣ ਉਧਰ ਟੁਰ? ਕੀ ਤੁਸੀ ਨਹੀਂ ਸੀ ਜਾਣਦੇ ਕਿ ਜਿਸ ਨੇ ਸੱਭ ਤੋਂ ਪਹਿਲਾਂ ਇਹ ਕਿਹਾ ਸੀ ਕਿ ਧਰਤੀ ਗੋਲ ਹੈ, ਉਸ ਵਿਗਿਆਨੀ ਖੋਜੀ ਗਲੈਲੀਉ ਦਾ ਇਨ੍ਹਾਂ ਪੁਜਾਰੀਆਂ ਨੇ ਕੀ ਹਾਲ ਕੀਤਾ ਸੀ? ਸ਼ੁਕਰਾਤ ਦਾ ਤੇ ਈਸਾ ਦਾ ਹਸ਼ਰ ਕੀ ਤੁਸੀ ਭੁੱਲ ਗਏ ਸੀ? ਬਾਬਾ ਨਾਨਕ ਨੂੰ ਸੱਚ ਬੋਲਣ ਤੇ ਇਨ੍ਹਾਂ ਪੁਜਾਰੀਆਂ ਨੇ ਭੂਤਨਾ, ਬੇਤਾਲਾ ਅਤੇ ਕੁਰਾਹੀਆਂ ਵੀ ਕਿਹਾ ਸੀ। ਤੁਸੀ ਤਾਂ ਇਕ ਸਾਧਾਰਣ ਮਨੁੱਖ ਮਾਤਰ ਹੋ।

ਤੁਹਾਡਾ ਸੱਚ ਬੋਲਣਾ ਤੇ ਸੱਚ ਲਿਖਣਾ ਹੀ ਮੁੱਖ ਕਾਰਨ ਹੈ, ਸਪੋਕਸਮੈਨ ਅਤੇ ਉੱਚਾ ਦਰ ਬਾਬੇ ਨਾਨਕ ਦਾ ਵਰਗੇ ਸ਼ੁੱਭ ਕੰਮ ਅੰਦਰ ਰੁਕਾਵਟਾਂ ਦਾ। ਅੱਜ ਤੁਹਾਡੇ ਸੱਚ ਬੋਲਣ ਸਦਕਾ ਹੀ ਬਾਬੇ, ਤਥਾਕਥਤ ਸੰਤ, ਮਹੰਤ, ਰਾਜਨੀਤਕ ਅਤੇ ਸੱਭ ਤੋਂ ਵੱਡੀ ਸ਼੍ਰੋਮਣੀ ਕਮੇਟੀ ਵੀ ਤੁਹਾਡੇ ਨਾਲ ਨਾਰਾਜ਼ ਹੈ। ਜਿਵੇਂ ਹੋਰ ਕਈ ਅਖ਼ਬਾਰਾਂ ਵਾਲੇ ਕਰਦੇ  ਹਨ, ਵਕਤ ਦੀ ਸਰਕਾਰ ਦੀਆਂ ਕੁੱਝ ਸੱਚੀਆਂ ਤੇ ਕੁੱਝ ਝੂਠੀਆਂ ਤਾਰੀਫ਼ਾਂ ਕਰ ਕੇ ਝੋਲੀ ਚੁਕਦੇ ਰਹਿੰਦੇ ਹਨ, ਗੋਡੀਂ ਹੱਥ ਲਗਾ ਕੇ ਉਨ੍ਹਾਂ ਦੀਆਂ ਫ਼ੋਟੋਆਂ ਛਾਪ ਕੇ ਚਾਪਲੂਸੀ ਕਰਦੇ ਹਨ, ਤੁਸੀ ਵੀ ਕੁੱਝ ਇਹੋ ਜਿਹਾ ਕਰਦੇ ਤਾਂ ਘੱਟੋ-ਘੱਟ ਸਰਕਾਰੀ ਇਸ਼ਤਿਹਾਰ ਤਾਂ ਮਿਲਦੇ ਹੀ ਰਹਿੰਦੇ

ਜਿਸ ਨਾਲ ਅਖ਼ਬਾਰ ਅਤੇ ਤੁਹਾਡੇ ਦੂਜੇ ਪ੍ਰਾਜੈਕਟ ਸਿਰੇ ਚੜ੍ਹ ਜਾਂਦੇ। ਪਰ ਅਪਣੀ ਸਿੱਖ ਕੌਮ ਦੀ ਬੇਰੁਖ਼ੀ ਤੇ ਚੰਗਾ ਕੰਮ ਕਰਨ ਵਾਲੇ ਦੀ ਕਦਰ ਪਾਉਣ ਵਾਲੀਆਂ ਆਦਤਾਂ ਤੇ ਮੈਨੂੰ ਅਪਣੀ ਕਵਿਤਾ ਦੀਆਂ ਲਾਈਨਾਂ ਯਾਦ ਆਉਂਦੀਆਂ ਹਨ, ਜੋ ਮੈਂ ਅਪਣੇ ਔਖੇ ਸਮੇਂ ਵਿਚ ਅਪਣੇ ਦੋਸਤਾਂ ਤੇ ਖ਼ਾਸ ਕਰ ਮਿੱਤਰਾਂ ਲਈ ਲਿਖੀਆਂ ਸਨ। ਉਹ ਤੁਹਾਡੇ ਉਤੇ ਵੀ ਖ਼ੂਬ ਢੁਕਦੀਆਂ ਹਨ। ਉਹ ਸਤਰਾਂ ਹਨ : 

ਯਾਰ ਮੇਰੇ ਮੈਨੂੰ ਪਿਆਰ ਨੇ ਕਰਦੇ ਬੜਾ ਬੜਾ, 
ਜਿਉਂ ਅੱਧ ਪੱਕੇ ਖੇਤ ਤੇ ਮੀਂਹ ਪਵੇ ਗੜਾ ਗੜਾ,
ਬੈਠੇ ਰਹਿੰਦੇ ਨੇ ਇਸ ਉਮੀਦ ਦੇ ਅੰਦਰ ਉਹ, 
ਕਦੋਂ ਮੈਂ ਸੁੱਕ ਜਾਂਦਾ ਹਾਂ ਇਥੇ ਖੜਾ ਖੜਾ।

ਪਰ ਤੁਸੀ ਚਿੰਤਾ ਨਾ ਕਰੋ। ਅੱਜ ਤੁਹਾਡੀ ਪਿੱਠ ਤੇ ਲੱਖਾਂ ਪਾਠਕ ਹਨ ਅਤੇ ਉਨ੍ਹਾਂ ਦੀਆਂ ਦੁਆਵਾਂ ਵੀ। ਇਨ੍ਹਾਂ ਦੁਆਵਾਂ ਨੂੰ ਕਦੇ ਤਾਂ ਕਰਤਾ ਪੁਰਖ ਸੁਣੇਗਾ। ਹਿੰਮਤੇ ਮਰਦਾਂ ਮਦਦੇ ਖ਼ੁਦਾ। ਮੁਦਈ ਲਾਖ ਬੁਰਾ ਚਾਹੇ ਕਿਯਾ ਹੋਤਾ ਹੈ ਵੋਹੀ ਹੋਤਾ ਹੈ ਜੋ ਮਨਜ਼ੂਰ ਏ ਖ਼ੁਦਾ ਹੋਤਾ ਹੈ। ਜਿਸ ਬਾਬੇ ਨਾਨਕ ਨੇ 90 ਫ਼ੀ ਸਦੀ ਕੰਮ ਕਰਨ ਵਿਚ ਅਪਣੀ ਕ੍ਰਿਪਾ ਕੀਤੀ ਹੈ ਤੇ ਅਪਣੇ ਸਿੱਖਾਂ ਨੂੰ ਇਸ ਕੰਮ ਵਿਚ ਸਹਾਇਤਾ ਕਰਨ ਲਈ ਪ੍ਰੇਰਿਆ ਹੈ, ਉਹੀ ਬਾਕੀ ਦੇ ਦਸ ਫ਼ੀ ਸਦੀ ਕੰਮ ਨੂੰ ਨੇਪਰੇ ਚਾੜ੍ਹਨ ਲਈ ਵੀ ਅਪਣੇ ਸਿੱਖਾਂ ਨੂੰ, ਜੋ ਉਸ ਉਤੇ ਭਰੋਸਾ ਤੇ ਸ਼ਰਧਾ ਰਖਦੇ ਹਨ, ਨੂੰ ਪ੍ਰੇਰੇਗਾ। ਰੋਮ ਇਕ ਦਿਨ ਵਿਚ ਤਾਂ ਨਹੀਂ ਸੀ ਬਣਿਆ। 

ਇਹ ਮੇਰੀ ਗੱਲ ਇਕ ਦਿਨ 100 ਫ਼ੀ ਸਦੀ ਠੀਕ ਸਾਬਤ ਹੋਵੇਗੀ ਕਿ ਜਦੋਂ ਤੁਹਾਡਾ ਬਾਕੀ ਰਹਿੰਦਾ ਕੰਮ ਵੀ ਕਿਸੇ ਤਰ੍ਹਾਂ ਪੂਰਾ ਹੋ ਜਾਵੇਗਾ ਤਾਂ ਇਹੋ ਸਿੱਖ ਜਿਨ੍ਹਾਂ ਉਤੇ ਤੁਹਾਡੀਆਂ ਅਪੀਲਾਂ ਦਾ ਕੁੱਝ ਅਸਰ ਨਹੀਂ ਹੁੰਦਾ, ਉਹੀ ਕਹਿਣ ਲੱਗ ਜਾਣਗੇ ਕਿ ਤੁਸੀ ਸਾਨੂੰ ਸੇਵਾ ਦਾ ਮੌਕਾ ਕਿਉਂ ਨਹੀਂ ਦਿਤਾ? ਉਸ ਵੇਲੇ ਉਹੀ ਤੁਹਾਡੇ ਸੱਚੇ ਹਿਤੈਸ਼ੀ ਬਣਨ ਦੀ ਗੱਲ ਕਰਨਗੇ। ਖ਼ੁਆਰ ਹੋਏ ਸੱਭ ਮਿਲਣਗੇ।

ਅੱਜ ਤੁਹਾਡੀ ਪਿੱਠ ਤੇ ਸਿੱਖ ਨੇਤਾ, ਧਨਾਢ ਜਾਂ ਸਰਕਾਰ ਨਹੀਂ ਹੈ ਪਰ ਬੇਬੇ ਨਾਨਕੀ ਦਾ ਲੰਗਰ ਕੌਡੀ-ਕੌਡੀ, ਇਕ ਇਕ ਰੁਪਏ ਦੀ ਦੌੜ ਨਾਲ ਹੀ ਚਲਦਾ ਰਹੇਗਾ ਤੇ ਅੱਜ ਜੋ ਤੁਹਾਨੂੰ ਮਜ਼ਾਕ ਕਰ ਰਹੇ ਹਨ ਤੇ ਤੁਹਾਡੇ ਇਸ ਪਵਿੱਤਰ ਬੇੜੇ ਨੂੰ ਡੁਬੋਣ ਦੀ ਕੋਸ਼ਿਸ਼ ਕਰ ਰਹੇ ਹਨ, ਉਹ ਸ਼ਰਮਸਾਰ ਹੋਣਗੇ ਤੇ ਸੱਚ ਦੀ ਜਿੱਤ ਜ਼ਰੂਰ ਹੋਵੇਗੀ। ਤੁਹਾਡਾ ਗੁਰੂ ਰਾਖਾ ਹੋਵੇਗਾ, ਗ਼ਰੀਬ ਤੁਹਾਡੇ ਨਾਲ ਹਨ ਤੇ ਤੁਹਾਡਾ ਮਨੋਰਥ ਪੂਰਾ ਹੋਵੇਗਾ।

-ਪ੍ਰੇਮ ਸਿੰਘ ਪਾਰਸ, ਸੰਪਰਕ : 92102-35435