ਮਹਾਤਮਾ ਗਾਂਧੀ ਪ੍ਰਤੀ ਬੀ.ਜੇ.ਪੀ. ਤੇ ਆਰ.ਐਸ.ਐਸ. ਦਾ ਬਦਲਿਆ ਹੋਇਆ ਵਤੀਰਾ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਮਹਾਤਮਾ ਗਾਂਧੀ ਦੀ 150ਵੇਂ ਜਨਮ ਦਿਹਾੜੇ ਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਸਰਕਾਰ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਵੱਧ ਚੜ੍ਹ ਕੇ 'ਬਾਪੂ' ਦੇ ਨਾਂ ਨਾਲ ਜੁੜਨ ਦੀ ਕੋਸ਼ਿਸ਼...

BJP And RSS change behavior about Mahatma Gandhi

ਮਹਾਤਮਾ ਗਾਂਧੀ ਦੀ 150ਵੇਂ ਜਨਮ ਦਿਹਾੜੇ ਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਸਰਕਾਰ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਵੱਧ ਚੜ੍ਹ ਕੇ 'ਬਾਪੂ' ਦੇ ਨਾਂ ਨਾਲ ਜੁੜਨ ਦੀ ਕੋਸ਼ਿਸ਼ ਕਰ ਰਹੀ ਹੈ। ਪ੍ਰਧਾਨ ਮੰਤਰੀ ਨੇ ਅਪਣੀ ਸਵੱਛਤਾ ਮੁਹਿੰਮ ਦੀ ਪ੍ਰੇਰਣਾ ਗਾਂਧੀ ਨੂੰ ਦਸਿਆ ਅਤੇ ਹੁਣ ਪਲਾਸਟਿਕ ਉਤੇ ਪਾਬੰਦੀ ਨੂੰ ਵੀ ਗਾਂਧੀ ਨਾਲ ਜੋੜ ਦਿਤਾ ਹੈ। ਮਹਾਤਮਾ ਗਾਂਧੀ ਦੇ ਜਨਮਦਿਨ ਮੌਕੇ ਦੇਸ਼ ਨੂੰ ਪਲਾਸਟਿਕ ਤਿਆਗਣ ਦੀ ਕਸਮ ਖਾਣ ਨੂੰ ਕਿਹਾ ਗਿਆ ਹੈ। ਮਹਾਤਮਾ ਗਾਂਧੀ ਦੇ ਕਹਿਣ ਤੇ ਦੇਸ਼ ਨੇ ਖਾਦੀ ਪਾ ਲਈ ਸੀ ਤਾਂ ਮੋਦੀ ਦੇ ਕਹਿਣ ਤੇ ਮਲਮਲ ਦਾ ਝੋਲਾ ਵੀ ਫੜ ਸਕਦਾ ਹੈ।

ਪਰ ਕੀ ਗਾਂਧੀ ਸਿਰਫ਼ ਸਾਫ਼-ਸਫ਼ਾਈ ਦਾ ਹੀ ਪ੍ਰਤੀਕ ਸੀ? ਕੀ ਅੱਜ ਮਹਾਤਮਾ ਗਾਂਧੀ ਸਿਰਫ਼ ਪਖ਼ਾਨਿਆਂ ਅਤੇ ਸਵੱਛਤਾ ਦਾ ਪ੍ਰਤੀਕ ਬਣਾਏ ਜਾ ਰਹੇ ਹਨ ਜਦਕਿ ਉਨ੍ਹਾਂ ਦੇ ਕਿਰਦਾਰ ਦੇ ਹੋਰ ਵੀ ਬੜੇ ਪੱਖ ਹਨ ਜੋ ਦਿਲੋਂ ਨਾ ਤਾਂ ਆਰ.ਐਸ.ਐਸ. ਨੂੰ ਅਤੇ ਨਾ ਕਿਸੇ ਔਰਤ ਨੂੰ ਹੀ ਕਬੂਲ ਹੋਣਗੇ। ਔਰਤਾਂ ਨਾਲ ਕਿਸੇ ਵੀ ਆਗੂ ਵਲੋਂ ਕੀਤੀ ਬਦਸਲੂਕੀ ਆਮ ਜਨਤਾ ਵਾਸਤੇ ਕੋਈ ਖ਼ਾਸ ਅਰਥ ਨਹੀਂ ਰਖਦੀ ਅਤੇ ਜਦੋਂ ਤਕ ਇਹ ਬਦਲਾਅ ਨਹੀਂ ਆਵੇਗਾ, ਉਸ ਸਮੇਂ ਤਕ ਸਾਡੇ ਅੰਦਰ ਅਜਿਹੇ ਆਗੂ ਪਨਪਦੇ ਰਹਿਣਗੇ ਜੋ ਅਪਣੀਆਂ ਪਤਨੀਆਂ ਨੂੰ ਛੱਡ ਕੇ ਆਏ ਹੋਣਗੇ, ਜੋ ਬਲਾਤਕਾਰ ਦੇ ਬਦਲੇ ਨੌਕਰੀਆਂ ਦਾ ਲਾਲਚ ਦੇਣਗੇ, ਜੋ ਸਾਰੀ ਸਰਕਾਰ ਨੂੰ ਬਲਾਤਕਾਰ ਪੀੜਤਾ ਵਿਰੁਧ ਲਗਾ ਦੇਣਗੇ।

ਮਹਾਤਮਾ ਗਾਂਧੀ ਦੇ ਜੀਵਨ ਦਾ ਸੱਚ ਇਹ ਵੀ ਸੀ ਕਿ ਉਹ ਔਰਤ ਅਤੇ ਅਪਣੇ ਹੀ ਘਰ ਦੀ ਬੇਟੀ ਨਾਲ ਬਿਸਤਰ ਵਿਚ ਨੰਗੇ ਸੌਂਦੇ ਸਨ ਅਤੇ ਇਸ ਨੂੰ ਉਹ ਤਜਰਬਾ ਆਖਦੇ ਸਨ ਜਿਸ ਨਾਲ ਉਹ ਅਪਣੀ ਸਵੈ ਸ਼ਕਤੀ ਪਰਖਦੇ ਸਨ। ਉਹ ਅਜਿਹੇ ਪਿਤਾ ਸਨ ਜਿਨ੍ਹਾਂ ਔਰਤ ਨੂੰ ਅਪਣੇ ਤਜਰਬੇ ਦੀ ਇਕ ਵਸਤੂ ਬਣਾ ਕੇ ਇਸਤੇਮਾਲ ਕੀਤਾ। ਉਨ੍ਹਾਂ ਦੀ ਹਰ ਗੱਲ ਨੂੰ ਠੀਕ ਮੰਨਣ ਵਾਲੇ, ਅੱਜ ਵੀ ਉਸੇ ਤਰ੍ਹਾਂ ਦੇ ਆਗੂ ਅੱਗੇ ਆ ਰਹੇ ਹਨ ਜਿਨ੍ਹਾਂ ਨੂੰ ਔਰਤਾਂ ਦੀ ਪਾਕੀਜ਼ਗੀ ਦੀ ਕੋਈ ਪ੍ਰਵਾਹ ਨਹੀਂ। ਤਾਂ ਹੀ ਬੇਟੀਆਂ ਗਾਂਧੀ ਦੇ ਆਸ਼ਰਮ ਵਿਚ ਵੀ ਰੋਂਦੀਆਂ ਸਨ ਅਤੇ ਅੱਜ ਵੀ ਬੇਟੀਆਂ ਦਾ ਉਹੀ ਹਾਲ ਹੈ।

ਜੇ ਆਰ.ਐਸ.ਐਸ. ਦੀ ਗੱਲ ਕਰੀਏ ਤਾਂ ਉਨ੍ਹਾਂ ਨੂੰ ਗਾਂਧੀ ਦੀ ਧਰਮ-ਨਿਰਪੱਖ ਸੋਚ ਉਤੇ ਇਤਰਾਜ਼ ਹੈ। ਗਾਂਧੀ ਅਫ਼ਰੀਕਾ ਵਿਚ ਤਾਂ ਕਾਲਿਆਂ ਦੇ ਵਿਰੁਧ ਸਨ ਪਰ ਫਿਰ ਉਨ੍ਹਾਂ ਦੀ ਸੋਚ ਵਿਚ ਬਦਲਾਅ ਆਇਆ ਅਤੇ ਉਨ੍ਹਾਂ ਨੇ ਸਤਿਆਗ੍ਰਹਿ, ਅਹਿੰਸਾ ਅਤੇ ਧਰਮ ਨਿਰਪੱਖਤਾ ਦੀ ਬਾਂਹ ਫੜ ਲਈ। ਅਤੇ ਗੰਦਗੀ (ਦਰਿਦਰ ਦੇਵਤਾ) ਨੂੰ ਪੂਜਣ ਵਾਲੇ ਸੰਸਦ ਮੈਂਬਰ, ਚੋਣਾਂ ਵਿਚ ਤਾਂ ਗਾਂਧੀ ਵਿਰੁਧ ਸਨ ਪਰ ਅੱਜ ਉਸੇ ਮਹਾਤਮਾ ਗਾਂਧੀ ਨੂੰ ਅਪਣਾ ਪ੍ਰੇਰਣਾ ਸ੍ਰੋਤ ਮੰਨ ਰਹੇ ਹਨ! ਇਹ ਆਰ.ਐਸ.ਐਸ. ਤੋਂ ਬਰਦਾਸ਼ਤ ਕਿਵੇਂ ਹੋ ਰਿਹਾ ਹੈ?

ਸ਼ਾਇਦ ਇਸ ਕਰ ਕੇ ਹੀ ਗਾਂਧੀ ਨੂੰ ਸਿਰਫ਼ ਇਕ ਸਾਫ਼-ਸਫ਼ਾਈ ਦਾ ਆਦਰਸ਼ ਬਣਾ ਕੇ ਗਾਂਧੀ ਦੇ ਦਾਇਰੇ ਨੂੰ ਸੀਮਤ ਕੀਤਾ ਜਾ ਰਿਹਾ ਹੈ। ਦੇਸ਼ ਦੇ ਪਿਤਾ ਨੂੰ ਭਾਜਪਾ ਨੇ ਅਪਣਾ ਤਾਂ ਲਿਆ ਪਰ ਨਾਲ-ਨਾਲ ਉਸ ਦਾ ਰੁਤਬਾ ਗੰਦਗੀ ਦੀ ਸਫ਼ਾਈ ਨਾਲ ਜੋੜ ਦਿਤਾ। ਇਹ ਸੋਚ ਅਸਲ ਵਿਚ ਗਾਂਧੀ ਤੋਂ ਹੀ ਪ੍ਰੇਰਿਤ ਹੈ ਅਤੇ ਗਾਂਧੀ ਵਰਗੀ ਸਿਆਸੀ ਚਤੁਰਾਈ ਹੀ ਵਿਖਾਉਂਦੀ ਹੈ। ਗਾਂਧੀ ਨੇ ਹਰੀਜਨਾਂ ਨੂੰ ਅਪਣਾ ਬੱਚਾ ਆਖ ਕੇ ਉਨ੍ਹਾਂ ਨੂੰ ਹਰਦਮ ਅਛੂਤ ਹੀ ਰਹਿਣ ਦਿਤਾ। ਗਾਂਧੀ ਨੇ ਭਗਤ ਸਿੰਘ ਨੂੰ ਅਪਣੇ ਕੀਤੇ ਦੀ ਸਜ਼ਾ ਭੁਗਤਣ ਦੇ ਨਾਂ ਤੇ ਅੰਗਰੇਜ਼ਾਂ ਹੱਥੋਂ ਸ਼ਹੀਦ ਹੋਣ ਦਿਤਾ ਅਤੇ ਅਪਣਾ ਇਕ ਵੱਡਾ ਵਿਰੋਧੀ ਖ਼ਤਮ ਕਰ ਲਿਆ ਜਦਕਿ ਗਾਂਧੀ ਕਹਿੰਦਾ ਤਾਂ ਭਗਤ ਸਿੰਘ ਦੀ ਫਾਂਸੀ ਰੋਕੀ ਜਾ ਸਕਦੀ ਸੀ। ਗਾਂਧੀ ਨੇ ਕਾਂਗਰਸ ਨੂੰ ਅਪਣੇ ਕਬਜ਼ੇ ਹੇਠ ਰੱਖਣ ਵਾਸਤੇ ਜਿਨਾਹ ਅਤੇ ਨਹਿਰੂ ਵਿਚ ਦੂਰੀਆਂ ਪਾ ਦਿਤੀਆਂ ਅਤੇ ਭਾਰਤ ਨੂੰ ਵੰਡ ਦਿਤਾ। ਗਾਂਧੀ ਨੇ ਸਿੱਖਾਂ ਨੂੰ ਹਿੰਦੂਆਂ ਦਾ ਹਿੱਸਾ, ਭਾਰਤੀ ਸੰਵਿਧਾਨ ਦਾ ਹਿੱਸਾ ਆਖਦੇ ਆਖਦੇ ਉਨ੍ਹਾਂ ਨੂੰ ਭਾਰਤ ਨਾਲ ਬੰਨ੍ਹ ਤਾਂ ਲਿਆ ਪਰ ਹੱਕ ਕੋਈ ਨਾ ਦਿਤੇ।

ਗਾਂਧੀ ਸਿਆਸਤਦਾਨ ਸੀ ਅਤੇ ਉਸ ਨੇ ਆਜ਼ਾਦੀ ਅੰਦੋਲਨ ਵਿਚ ਵੱਡਾ ਯੋਗਦਾਨ ਪਾਇਆ। ਇਕ ਇਨਸਾਨ ਸੀ ਜਿਸ ਵਿਚ ਸਿਆਸੀ ਚਤੁਰਾਈ ਭਰੀ ਪਈ ਸੀ ਅਤੇ ਜਿਸ ਨੂੰ ਸਮਝਣਾ ਆਸਾਨ ਨਹੀਂ ਸੀ। ਉਹ ਕੋਈ ਖੁੱਲ੍ਹੀ ਕਿਤਾਬ ਨਹੀਂ ਸੀ ਪਰ ਅੱਜ ਗਾਂਧੀ ਨੂੰ ਹਰ ਕੋਈ ਅਪਣਾ ਬਾਪੂ ਬਣਾਉਣ ਲਈ ਕਾਹਲਾ ਹੈ। ਗਾਂਧੀ ਬਹੁਤ ਹੱਦ ਤਕ ਸ਼ਖ਼ਸੀ ਪੂਜਾ ਦਾ ਇਕ ਨਮੂਨਾ ਹੈ ਜਿਸ ਦੀਆਂ ਹੋਰ ਇਨਸਾਨਾਂ ਵਾਂਗ ਕਈ ਚੰਗਿਆਈਆਂ ਤੇ ਬਹੁਤ ਕਮਜ਼ੋਰੀਆਂ ਸਨ। ਪਰ ਸਾਡੇ ਦੇਸ਼ ਦੇ ਲੋਕ ਸ਼ਖ਼ਸੀ ਪੂਜਾ ਤੋਂ ਉਪਰ ਨਹੀਂ ਉਠ ਸਕਦੇ ਅਤੇ ਅੱਜ ਵੀ ਅਪਣੇ ਇਸ ਆਗੂ ਨੂੰ ਪੂਰੀ ਤਰ੍ਹਾਂ ਸਮਝਣ ਵਾਸਤੇ ਤਿਆਰ ਨਹੀਂ। ਆਰ.ਐਸ.ਐਸ. ਸਿਆਸੀ ਸ਼ਤਰੰਜ ਖੇਡਦਿਆਂ ਗਾਂਧੀ ਨੂੰ ਸਫ਼ਾਈ ਦਾ ਬਾਪ ਬਣਾ ਲਵੇ ਪਰ ਅਸਲ ਗਾਂਧੀ ਇਕ ਗੁੰਝਲਦਾਰ ਸਿਆਸਤਦਾਨ ਹੀ ਰਹੇਗਾ। -ਨਿਮਰਤ ਕੌਰ