ਬਾਬਰੀ ਮਸਜਿਦ ਢਾਹੁਣ ਵਾਲੇ ਵੀ ਬਰੀ!

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਨਿਆਂ ਦਾ ਮਿਲਣਾ, ਸੱਤਾਧਾਰੀਆਂ ਦੀ ਮਰਜ਼ੀ ਉਤੇ ਨਿਰਭਰ ਹੋ ਗਿਆ ਹੈ!

Babri Masjid

ਬਾਬਰੀ ਮਸਜਿਦ ਨੂੰ ਢਾਹੇ ਜਾਣ ਸਮੇਂ ਜਿਨ੍ਹਾਂ ਆਗੂਆਂ ਨੇ ਲੋਕਾਂ ਨੂੰ ਉਕਸਾਉਣ ਲਈ ਭਾਸ਼ਣ ਝਾੜੇ ਸਨ ਤੇ ਜਿਨ੍ਹਾਂ ਦੀ ਨਫ਼ਰਤ ਭਰੀ ਅਗਵਾਈ ਨੇ ਦੋ ਫ਼ਿਰਕਿਆਂ ਨੂੰ ਭੜਕਾ ਕੇ, ਇਕ ਇਤਿਹਾਸਕ ਧਰਮ ਅਸਥਾਨ ਨੂੰ ਢਹਿ ਢੇਰੀ ਕਰਨ ਦੇ ਨਾਲ ਨਾਲ ਭਾਰਤੀਆਂ ਨੂੰ ਭਾਰਤੀਆਂ ਦਾ ਦੁਸ਼ਮਣ ਵੀ ਬਣਾ ਦਿਤਾ ਸੀ, ਉਨ੍ਹਾਂ ਨੂੰ ਅਦਾਲਤ ਵਲੋਂ ਬਰੀ ਕਰ ਦਿਤਾ ਗਿਆ ਹੈ।

ਇਸ ਦਾ ਵੱਡਾ ਕਾਰਨ ਸੀ.ਬੀ.ਆਈ. ਦੀ ਢਿੱਲੀ ਜਾਂਚ, ਕੁੱਝ ਤਕਨੀਕੀ ਕਮਜ਼ੋਰੀਆਂ, ਗਵਾਹਾਂ ਦਾ ਭਰੋਸੇਮੰਦ ਨਾ ਹੋਣਾ ਅਤੇ ਉਨ੍ਹਾਂ ਦਾ ਅਦਾਲਤ ਵਿਚ ਪੇਸ਼ ਨਾ ਹੋਣਾ ਹੈ। ਇਹ ਫ਼ੈਸਲਾ ਹੈਰਾਨ ਨਹੀਂ ਕਰ ਸਕਿਆ ਕਿਉਂਕਿ ਇਹੀ ਸੋਚ ਗੁਜਰਾਤ ਦੇ ਦੰਗਿਆਂ ਵੇਲੇ ਨਜ਼ਰ ਆਈ, ਇਸੇ ਸੋਚ ਮੁਤਾਬਕ 2020 ਵਿਚ ਦਿੱਲੀ ਦੰਗਿਆਂ ਦੇ ਪਰਚੇ ਕੀਤੇ ਜਾ ਰਹੇ ਹਨ।

1984 ਦੀ ਦਿੱਲੀ ਸਿੱਖ ਨਸਲਕੁਸ਼ੀ ਵਿਚ ਇਕ ਜਿੱਤ ਜੇਕਰ ਮਿਲੀ ਵੀ ਹੈ ਤਾਂ ਉਹ ਸ਼ਾਇਦ ਇਸ ਕਰ ਕੇ ਮਿਲੀ ਹੈ ਕਿਉਂਕਿ ਕਾਂਗਰਸ ਸੱਤਾ ਵਿਚ ਨਹੀਂ ਹੈ।
ਇਹ ਤਾਂ ਤੈਅ ਹੋ ਚੁੱਕਾ ਹੈ ਕਿ ਨਿਆਂ ਸਿਰਫ਼ ਸੱਤਾਧਾਰੀ ਲੋਕਾਂ ਦੀ ਮਰਜ਼ੀ ਅਨੁਸਾਰ ਹੀ ਮਿਲਦਾ ਹੈ ਪਰ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਇਹ ਕੀ ਸੰਦੇਸ਼ ਦੇ ਕੇ ਜਾਵੇਗਾ, ਉਸ ਦਾ ਅੰਦਾਜ਼ਾ ਅੱਜ ਨਹੀਂ ਲਗਾਇਆ ਜਾ ਸਕਦਾ।

ਜਦ ਭਾਰਤ ਗ਼ੁਲਾਮ ਹੋਇਆ ਸੀ ਤਾਂ ਭਾਰਤੀਆਂ ਨੇ ਸਦੀਆਂ ਤੀਕ ਗ਼ੁਲਾਮੀ ਨੂੰ ਅਪਣਾ ਮੁਕੱਦਰ ਸਮਝ ਕੇ ਇਸ ਤਰ੍ਹਾਂ ਨਾਲ ਇਸ ਨੂੰ ਕਬੂਲ ਕਰ ਲਿਆ ਸੀ ਕਿ ਅੱਜ ਆਜ਼ਾਦ ਹੋਣ ਮਗਰੋਂ ਵੀ ਉਨ੍ਹਾਂ ਅੰਦਰ 'ਆਜ਼ਾਦ ਕੌਮਾਂ' ਵਾਲਾ ਅਹਿਸਾਸ ਪਨਪ ਨਹੀਂ ਰਿਹਾ ਤੇ ਦਿਲੋਂ ਉਹ ਇਹੀ ਸਮਝਦੇ ਹਨ ਕਿ ਹਾਕਮ ਭਾਵੇਂ ਬਦਲ ਗਏ ਹਨ ਪਰ ਹਾਲਾਤ ਨਹੀਂ ਬਦਲੇ ਤੇ ਸਾਨੂੰ ਗ਼ੁਲਾਮੀ ਵਿਚ ਹੀ ਰਹਿਣਾ ਪੈਣਾ ਹੈ--ਪਹਿਲਾਂ ਬੇਗਾਨਿਆਂ ਦੀ ਤੇ ਅੱਜ ਅਪਣਿਆਂ ਦੀ। ਗ਼ੁਲਾਮੀ ਦੀ ਸੋਚ ਇਕ ਦਮ ਨਜ਼ਰ ਨਹੀਂ ਆਉਂਦੀ।

ਉਹ ਮਾਵਾਂ ਦੀਆਂ ਲੋਰੀਆਂ ਵਿਚ ਕੁੱਖਾਂ ਤੋਂ ਹੀ ਬੱਚਿਆਂ ਦੇ ਜ਼ਿਹਨ ਵਿਚ ਪਾਈ ਜਾਂਦੀ ਹੈ। ਅੱਜ ਦੀ ਮਾਂ ਅਪਣੇ ਨਵਜੰਮੇ ਬੱਚੇ ਨੂੰ ਕੀ ਸੁਣਾਏਗੀ? ਇਹੀ ਕਿ ਕਦੇ ਵੀ ਸੱਚਾਈ ਨਾਲ ਖੜੇ ਹੋਣ ਦੀ ਨਾ ਸੋਚੋ। ਸਰਕਾਰਾਂ ਗ਼ਲਤ ਕਰਨ ਜਾਂ ਸਹੀ, ਇਹ ਫ਼ੈਸਲਾ ਅਸੀ ਨਹੀਂ ਲੈਣਾ, ਸਿਰਫ਼ ਸੱਤਾਧਾਰੀ ਹੀ ਲੈਣਗੇ। ਕਿਹੜਾ ਸੱਚ, ਕਿਹੜਾ ਧਰਮ, ਕਿਹੜਾ ਫਲਸਫ਼ਾ ਸਾਡੇ ਲਈ ਸਹੀ ਹੈ, ਇਹ ਵੀ ਸੱਤਾਧਾਰੀ ਹੀ ਦੱਸਣਗੇ।

ਸੱਚ ਹਰ ਇਕ ਲਈ ਵਖਰਾ ਹੋ ਸਕਦਾ ਹੈ ਪਰ ਸਮਾਜਕ ਤੌਰ 'ਤੇ ਸੱਚ ਨੂੰ ਤੱਥਾਂ ਮੁਤਾਬਕ ਤੈਅ ਕੀਤਾ ਜਾਂਦਾ ਹੈ ਪਰ ਜੇ ਤੱਥਾਂ ਨੂੰ ਪਰਖਣ ਦਾ ਹੱਕ ਵੀ ਖੋਹ ਲਿਆ ਜਾਵੇ ਤਾਂ ਇਹ ਆਜ਼ਾਦੀ ਤੋਂ ਵੀ ਪਹਿਲਾਂ ਨਿਆਂ ਦਾ ਖ਼ਾਤਮਾ ਸਮਝੋ। ਅਸੀ ਅਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਨਫ਼ਰਤ ਦਾ ਪਾਠ ਪੜ੍ਹਾਵਾਂਗੇ, ਉਨ੍ਹਾਂ ਨੂੰ ਕਹਾਂਗੇ ਕਿ ਅਪਣੇ ਧਰਮ ਦੀ ਵਡਿਆਈ ਲਈ ਦੂਜੇ ਨਾਲ ਨਫ਼ਰਤ ਕਰੋ, ਲੋੜ ਪਏ ਤਾਂ ਦੂਜੇ ਧਰਮ 'ਤੇ ਵਿਸ਼ਵਾਸ ਕਰਨ ਵਾਲੇ ਨੂੰ ਜ਼ਿੰਦਾ ਸਾੜ ਦਿਉ।

ਇਸ ਨਫ਼ਰਤ ਨੂੰ ਅਪਣੇ ਦਿਲ ਵਿਚ ਇਸ ਕਦਰ ਤਾਕਤਵਰ ਬਣਾਉ ਕਿ ਜਦੋਂ ਤੁਹਾਨੂੰ ਹਾਕਮ ਕਹੇ ਤਾਂ ਤੁਸੀ ਇਕ ਗਰਭਵਤੀ ਦੇ ਪੇਟ ਵਿਚੋਂ ਇਕ ਨੰਨ੍ਹੀ ਜਾਨ ਨੂੰ ਕੱਢ ਕੇ ਵੱਢ ਦੇਵੋ ਅਤੇ ਫਿਰ ਉਸ ਗਰਭਵਤੀ ਦਾ ਬਲਾਤਕਾਰ ਕਰ ਕੇ ਉਸ ਦਾ ਗੱਲ ਵੱਢ ਦਿਉ। ਇਸ ਫ਼ੈਸਲੇ ਨੇ ਨਿਆਂ ਦੀ ਪ੍ਰੀਭਾਸ਼ਾ ਨਹੀਂ ਬਲਕਿ ਧਰਮ ਦੀ ਪ੍ਰੀਭਾਸ਼ਾ ਵੀ ਬਦਲ ਦਿਤੀ ਹੈ।

ਭਾਰਤ ਨੂੰ ਕਈ ਧਾਰਮਕ ਫ਼ਲਸਫ਼ਿਆਂ ਦਾ ਜਨਮ ਅਸਥਾਨ ਆਖਿਆ ਜਾਂਦਾ ਹੈ ਪਰ ਅੱਜ ਧਰਮ ਦੇ ਨਾਂ 'ਤੇ ਸਿਆਸਤਦਾਨ ਨੂੰ ਉੱਚੇ ਸਿੰਘਾਸਨ ਤੇ ਬਿਠਾ ਦਿਤਾ ਗਿਆ ਹੈ। ਸੱਤਾਧਾਰੀ ਦਾ ਫਲਸਫ਼ਾ ਨਫ਼ਰਤ ਤੇ ਕਤਲ ਹੀ ਹੁੰਦਾ ਹੈ। ਸੱਤਾਧਾਰੀਆਂ ਵਲੋਂ ਸੱਤਾ ਨੂੰ ਅਪਣੇ ਹੱਥ ਵਿਚ ਲੈਣ ਲਈ ਹਿੰਸਾ ਦਾ ਜਾਲ ਵਿਛਾਉਣਾ ਆਮ ਗੱਲ ਬਣ ਗਿਆ ਹੈ।

ਵੈਸੇ ਤਾਂ ਲੋਕਾਂ ਨੂੰ ਇਹ ਸੱਚ ਪਹਿਲਾਂ ਤੋਂ ਹੀ ਕਬੂਲ ਸੀ ਕਿਉਂਕਿ ਇਨ੍ਹਾਂ ਖ਼ੂਨੀ ਹੱਥਾਂ ਨੂੰ ਲੋਕਾਂ ਨੇ ਵਾਰ ਵਾਰ ਸੰਸਦ ਵਿਚ ਭੇਜਿਆ ਤੇ ਅਜਿਹੀ ਗ਼ਲਤੀ ਕਰਨ ਵਾਲੇ  ਹੀ ਸਜ਼ਾ ਵੀ ਭੁਗਤ ਰਹੇ ਹਨ। ਇਕ ਬੜੀ ਪੁਰਾਣੀ ਕਹਾਵਤ ਹੈ ਕਿ ਜਿਸ ਭਾਂਡੇ ਵਿਚ ਨਫ਼ਰਤ ਪਲਦੀ ਹੈ, ਉਹ ਆਪ ਹੀ ਹੇਠੋਂ ਸੜ ਜਾਂਦਾ ਹੈ। ਭਾਰਤ ਦੇ ਲੋਕਾਂ ਦੇ ਮਨਾਂ ਅੰਦਰ ਨਫ਼ਰਤ ਫੈਲਾਉਣ ਵਿਚ ਅੱਜ ਦੇ ਸਿਆਸਤਦਾਨ ਸਫ਼ਲ ਹੋਏ ਹਨ।

ਸ਼ਾਇਦ ਇਸ ਸੋਚ ਕਾਰਨ ਹੀ ਅੰਤਰਰਾਸ਼ਟਰੀ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਨ ਵਾਲੀ ਸੰਸਥਾ ਐਮਨੈਸਟੀ ਇੰਟਰਨੈਸ਼ਨਲ ਦੇ ਖਾਤੇ ਬੰਦ ਕਰ ਕੇ ਉਸ ਨੂੰ ਭਾਰਤ ਛੱਡਣ ਲਈ ਮਜਬੂਰ ਕਰ ਦਿਤਾ ਗਿਆ ਹੈ। ਇਸ ਮਾਹੌਲ ਵਿਚ ਮਨੁੱਖੀ ਅਧਿਕਾਰਾਂ ਲਈ ਕੋਈ ਥਾਂ ਨਹੀਂ ਬਚੀ ਰਹਿ ਸਕਦੀ। ਇਹ ਹੁਣ ਕੋਈ ਐਮਰਜੈਂਸੀ ਨਹੀਂ ਬਲਕਿ ਨਫ਼ਰਤ ਅਤੇ ਹਿੰਸਾ ਨੂੰ ਫੈਲਾਅ ਕੇ ਗ਼ੁਲਾਮੀ ਦੇ ਦੌਰ ਦੀ ਝਲਕ ਵਿਖਾ ਦਿਤੀ ਗਈ ਹੈ, ਜਿਸ ਦਾ ਅਸਰ ਸਮਾਜ ਵਿਚ ਕਈ ਥਾਵਾਂ ਤੇ ਨਜ਼ਰ ਆਵੇਗਾ। - ਨਿਮਰਤ ਕੌਰ