‘ਪੰਥਕ’ ਅਖਵਾਉਣ ਵਾਲੇ ਲੋਕ ਤੇ ਪੰਥਕ ਜਥੇਬੰਦੀਆਂ ਵਾਲੇ ਕਦੇ ਵੀ ਪੰਥਕ ਅਖ਼ਬਾਰਾਂ ਦੀ ਔਖੀ ਘੜੀ ਵਿਚ ਉਨ੍ਹਾਂ ਦੇ ਹੱਕ ਵਿਚ ਨਹੀਂ ਨਿਤਰੇ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਮੇਰੇ ਨਿੱਜੀ ਡਾਇਰੀ ਦੇ ਪੰਨੇ

ਅਸੀ ਗੱਲ ਸ਼ੁਰੂ ਕਰਦੇ ਹਾਂ ਸਿੰਘ ਸਭਾ ਲਹਿਰ ਦੇ ਬਾਨੀਆਂ ਪ੍ਰੋ. ਗੁਰਮੁਖ ਸਿੰਘ ਤੇ ਗਿਆਨੀ ਦਿਤ ਸਿੰਘ ਵਲੋਂ ਸ਼ੁਰੂ ਕੀਤੇ ‘ਖ਼ਾਲਸਾ’ ਅਖ਼ਬਾਰ ਦੀ।

photo

 

ਇਕ ਬੜੀ ਗੰਭੀਰ ਬੀਮਾਰੀ ਮੈਂ ਵੇਖੀ ਹੈ ਜੋ ਸਾਰੇ ਸਿੱਖ ਸਮਾਜ ਨੂੰ ਸ਼ੁਰੂ ਤੋਂ ਚਿੰਬੜੀ ਹੋਈ ਹੈ ਕਿ ਜਦੋਂ ਇਨ੍ਹਾਂ ਕੋਲ ਪੰਥਕ ਅਖ਼ਬਾਰ ਨਹੀਂ ਹੁੰਦਾ ਤਾਂ ਇਹ ਜ਼ੋਰ ਜ਼ੋਰ ਦੀ ਚੀਕਦੇ ਹਨ ਕਿ ਕੌਮ ਦੀ ਆਵਾਜ਼ ਬੁਲੰਦ ਕਰਨ ਵਾਲਾ ਮਜ਼ਬੂਤ ਪੰਥਕ ਮੀਡੀਆ ਜ਼ਰੂਰ ਹੋਣਾ ਚਾਹੀਦਾ ਹੈ ਤੇ ਉਸ ਦੀ ਪ੍ਰਾਪਤੀ ਲਈ ਕੌਮ ਹਰ ਕੁਰਬਾਨੀ ਕਰਨ ਲਈ ਤਿਆਰ ਹੈ। ਅਖ਼ੀਰ ਕੋਈ ਮੇਰੇ ਵਰਗਾ ਸਿਰ ਸੜਿਆ ਬੰਦਾ, ਅਪਣਾ ਸਾਰਾ ਕੁੱਝ ਵੇਚ ਵੱਟ ਕੇ ਅਖ਼ਬਾਰ ਸ਼ੁਰੂ ਕਰ ਦਿੰਦਾ ਹੈ ਤਾਂ ਜਿਹੜੇ ‘ਪੰਥ ਦਰਦੀ’ ਗੱਜ ਵੱਜ ਕੇ ਇਹ ਐਲਾਨ ਕਰਦੇ ਸਨ ਕਿ ‘ਪੰਥਕ ਅਖ਼ਬਾਰ ਕੋਈ ਕੱਢੇ ਸਹੀ, ਅਸੀ ਉਸ ਦੀ ਝੋਲੀ ਭਰ ਦਿਆਂਗੇ ਤੇ ਉਸ ਨੂੰ ਪੈਸੇ ਦੀ ਕਮੀ ਨਹੀਂ ਆਉਣ ਦਿਆਂਗੇ,’ ਉਹੀ ਸੱਜਣ ਮਗਰੋਂ ਜਦ ਨਵੇਂ ਪੰਥਕ ਅਖ਼ਬਾਰ ਨੂੰ ਸਰਕਾਰ ਪੈ ਜਾਂਦੀ ਹੈ ਜਾਂ ਹੋਰ ਕੋਈ ਔਕੜ ਆ ਜਾਂਦੀ ਹੈ ਤਾਂ ‘ਕੋਈ ਕਮੀ ਨਹੀਂ ਆਉਣ ਦਿਆਂਗੇ’ ਵਰਗੇ ਐਲਾਨ ਕਰਨ ਵਾਲੇ ਇਕਦਮ ਮੌਨ ਧਾਰ ਲੈਂਦੇ ਹਨ ਤੇ ਪੰਥਕ ਅਖ਼ਬਾਰ ਦੇ ਹੱਕ ਵਿਚ ਬਿਆਨ ਤਕ ਵੀ ਜਾਰੀ ਨਹੀਂ ਕਰਦੇ। ਨਹੀਂ, ਮੈਂ ਸਪੋਕਸਮੈਨ ਦੀ ਗੱਲ ਨਹੀਂ ਕਰਦਾ, ਪਿਛਲੇ 100 ਸਾਲਾਂ ਵਿਚ ਜਿੰਨੇ ਵੀ ਪੰਥਕ ਅਖ਼ਬਾਰ ਸ਼ੁਰੂ ਹੋਏ, ਉਨ੍ਹਾਂ ਸਾਰਿਆਂ ਨੂੰ ਸਰਕਾਰੀ ਅਤਾਬ ਦਾ ਸ਼ਿਕਾਰ ਹੋਣਾ ਪਿਆ ਤੇ ਉਹ ਜਿੰਨਾ ਚਿਰ ਚਲੇ ਵੀ, ਬਸ ਐਡੀਟਰ ਦੀ ਅਪਣੀ ਕੁਰਬਾਨੀ ਤੇ ਅਪਣੇ ਸਿਰੜ ਦੇ ਸਹਾਰੇ ਹੀ ਚਲੇ ਪਰ ਕੌਮ ਦੇ ‘ਪੰਥ ਦਰਦੀ’ ਹਲਕਿਆਂ ਤੇ ਪੰਥਕ ਜਥੇਬੰਦੀਆਂ ਨੇ ਉਨ੍ਹਾਂ ਨੂੰ ਟਕੇ ਜਿੰਨਾ ਵੀ ਸਹਾਰਾ ਨਾ ਦਿਤਾ।

ਅਸੀ ਗੱਲ ਸ਼ੁਰੂ ਕਰਦੇ ਹਾਂ ਸਿੰਘ ਸਭਾ ਲਹਿਰ ਦੇ ਬਾਨੀਆਂ ਪ੍ਰੋ. ਗੁਰਮੁਖ ਸਿੰਘ ਤੇ ਗਿਆਨੀ ਦਿਤ ਸਿੰਘ ਵਲੋਂ ਸ਼ੁਰੂ ਕੀਤੇ ‘ਖ਼ਾਲਸਾ’ ਅਖ਼ਬਾਰ ਦੀ। ਦਰਬਾਰ ਸਾਹਿਬ ਉਤੇ ਕਾਬਜ਼ ਪੁਜਾਰੀ ਲਾਣਾ ਤਾਂ ਉਨ੍ਹਾਂ ਦੀ ਸ਼ੁਧ ਨਾਨਕੀ ਵਿਚਾਰਧਾਰਾ ਕਰ ਕੇ ਉਨ੍ਹਾਂ ਤੋਂ ਦੁਖੀ ਸੀ ਹੀ, ਅੰਗਰੇਜ਼ ਸਰਕਾਰ ਵੀ ਉਨ੍ਹਾਂ ਨੂੰ ਖ਼ਤਮ ਕਰਨ ਦਾ ਫ਼ੈਸਲਾ ਕਰ ਬੈਠੀ ਸੀ। ਅਖ਼ਬਾਰ ਦੀ ਪ੍ਰੈੱਸ ਨੂੰ ਸੀਲਬੰਦ ਕਰ ਦਿਤਾ ਗਿਆ ਤੇ ਦੋਹਾਂ ਮੋਢੀਆਂ ਨੂੰ ਪੁਜਾਰੀਆਂ ਕੋਲੋਂ ਛੇਕਵਾ ਦਿਤਾ ਗਿਆ। ਕੋਈ ਇਕ ਵੀ ਪੰਥਕ ਜਥੇਬੰਦੀ ਜਾਂ ਸੰਸਥਾ ਉਨ੍ਹਾਂ ਦੇ ਹੱਕ ਵਿਚ ਨਾ ਬੋਲੀ। ਉਨ੍ਹਾਂ ਦੀ ਰੁਪਏ ਪੈਸੇ ਨਾਲ ਵੀ ਮਦਦ ਕਰਨ ਵਾਲਾ ਕੋਈ ਨਾ ਬਹੁੜਿਆ। ਗਿ. ਦਿਤ ਸਿੰਘ ਕੋਲ ਤਾਂ ਰਹਿਣ ਜੋਗੀ ਥਾਂ ਵੀ ਨਾ ਰਹੀ। ਉਹ ਇਕ ਮੁਸਲਿਮ ਹਕੀਮ ਦੀ ਦੁਕਾਨ ਵਿਚ ਰਾਤ ਨੂੰ ਸੌਂ ਜਾਂਦੇ ਸਨ ਤੇ ਸਾਰਾ ਨਿਕਸੁਕ ਖਾ ਕੇ ਜਾਂ ਲੰਗਰ ਦੀਆਂ ਰੋਟੀਆਂ ਨਾਲ ਇਕ ਬਾਗ਼ ਵਿਚ ਲੇਟੇ ਰਹਿ ਕੇ ਦਿਨ ਬਿਤਾ ਲੈਂਦੇ ਸਨ। ਬੀਮਾਰ ਹੋ ਗਏ ਤਾਂ ਦਵਾਈ ਖ਼ਰੀਦਣ ਜੋਗੇ ਪੈਸੇ ਨਹੀਂ ਸਨ। ਮੁਸਲਮਾਨ ਹਕੀਮ, ਮੁਫ਼ਤ ਵਿਚ ਜੋ ਦਵਾਈ ਦੇ ਦੇਂਦਾ ਸੀ, ਖਾ ਲੈਂਦੇ ਸਨ ਤੇ ਛੇਤੀ ਹੀ ਅਕਾਲ ਚਲਾਣਾ ਵੀ ਕਰ ਗਏ ਪਰ ਕਿਸੇ ਜਥੇਬੰਦੀ, ਸੰਸਥਾ ਜਾਂ ਆਮ ਸਿੱਖ ਨੇ ਉਨ੍ਹਾਂ ਦੀ ਮਦਦ ਕਰਨ ਦੀ ਨਾ ਸੋਚੀ ਹਾਲਾਂਕਿ ਉਨ੍ਹਾਂ ਨੇ ਬੜਿਆਂ ਦੇ ਤਰਲੇ ਕੀਤੇ। ਗੁਰਦਵਾਰੇ ਵਿਚ ਉਨ੍ਹਾਂ ਨੂੰ ਇਕ ਘੰਟੇ ਲਈ ਲੈਕਚਰ ਕਰਨ ਦੀ ਆਗਿਆ ਦੇ ਦਿਤੀ ਗਈ ਪਰ ਲੰਗਰ ਦਾ ਪ੍ਰਸ਼ਾਦਾ ਉਨ੍ਹਾਂ ਨੂੰ ਸੰਗਤ ਵਿਚ ਬੈਠੇ ਨੂੰ ਨਹੀਂ ਸੀ ਦਿਤਾ ਜਾਂਦਾ ਬਲਕਿ ਜੋੜਿਆਂ ਵਿਚ ਬਿਠਾ ਕੇ, ਦੂਰੋਂ ਉਨ੍ਹਾਂ ਵਲ ਸੁਟ ਦਿਤਾ ਜਾਂਦਾ ਸੀ। 

ਅੱਜ ਜਦ ਗਿ. ਦਿਤ ਸਿੰਘ ਤੇ ਪ੍ਰੋ. ਗੁਰਮੁਖ ਸਿੰਘ ਨੂੰ ਯਾਦ ਕਰ ਕੇ ਸਮਾਗਮ ਕੀਤੇ ਜਾਂਦੇ ਹਨ ਤਾਂ ਮੈਨੂੰ ਸਿੱਖ ਕੌਮ ਦੀ, ਅਪਣੇ ਵਿਦਵਾਨਾਂ ਪ੍ਰਤੀ ਵਿਖਾਈ ਬੇਰੁਖ਼ੀ ਤੇ ਜ਼ਾਲਮਾਨਾ ਪਹੁੰਚ ਜ਼ਿਆਦਾ ਨਜ਼ਰ ਆਉਣ ਲਗਦੀ ਹੈ। ਇਹ ਕੌਮ, ਅਪਣੇ ਕੌਮੀ ਫ਼ਰਜ਼ ਅਦਾ ਕਰਨ ਵਾਲਿਆਂ ਦੀ ਕੁਰਬਾਨੀ ਨੂੰ ਜਦ ਤਕ ਮਾਣ ਸਤਿਕਾਰ ਨਹੀਂ ਦੇਂਦੀ, ਦੂਜੀਆਂ ਕੌਮਾਂ ਦੇ ਸਾਹਮਣੇ ਫਾਡੀ ਹੀ ਬਣੀ ਰਹੇਗੀ। ਛੋਟੀਆਂ ਛੋਟੀਆਂ ਮਿਸਾਲਾਂ ਤਾਂ ਮੇਰੇ ਕੋਲ ਬਹੁਤ ਹਨ ਪਰ ਮੈਂ ਤਿੰਨ ਚਾਰ ਮੋਟੀਆਂ ਮਿਸਾਲਾਂ ਹੀ ਦੇ ਕੇ ਅਪਣੀ ਗੱਲ ਸਮਾਪਤ ਕਰਾਂਗਾ।

ਸ. ਸਾਧੂ ਸਿੰਘ ਹਮਦਰਦ
ਸ. ਸਾਧੂ ਸਿੰਘ ਸ਼੍ਰੋਮਣੀ ਕਮੇਟੀ ਵਿਚ ਮੁਲਾਜ਼ਮ ਸਨ। ਸ਼੍ਰੋਮਣੀ ਕਮੇਟੀ ਵਿਚ ਮਾਸਟਰ ਤਾਰਾ ਸਿੰਘ ਦਾ ਹੁਕਮ ਹੀ ਚਲਦਾ ਸੀ ਤੇ ਗ਼ਲਤੀ ਹੁੰਦੀ ਵੇਖ ਕੇ ਵੀ, ਜ਼ਬਾਨ ਖੋਲ੍ਹਣ ਦੀ ਹਿੰਮਤ ਕੋਈ ਨਹੀਂ ਸੀ ਕਰਦਾ। ਅੰਦਰੋ ਅੰਦਰੀ ਲਾਵਾ ਫੁਟ ਰਿਹਾ ਸੀ। ਇਕ ਧੜੇ ਨੇ ਸ. ਸਾਧੂ ਸਿੰਘ ਹਮਦਰਦ ਨੂੰ ਉਂਗਲ ਦਿਤੀ ਕਿ ‘‘ਤੂੰ ਸ਼੍ਰੋਮਣੀ ਕਮੇਟੀ ਦੀ ਨੌਕਰੀ ਛੱਡ ਕੇ, ਅਖ਼ਬਾਰ ਕੱਢ, ਅਸੀ ਤੇਰੀ ਮਦਦ ਕਰਾਂਗੇ ਤੇ ਕਾਂਗਰਸ ਸਰਕਾਰ ਵੀ ਤੇਰੀ ਮਦਦ ਕਰੇਗੀ ਕਿਉਂਕਿ ਨਹਿਰੂ, ਪਟੇਲ ਵੀ ਮਾ. ਤਾਰਾ ਸਿੰਘ ਨਾਲ ਬੜੇ ਔਖੇ ਨੇ।’’

ਸ. ਸਾਧੂ ਸਿੰਘ ਹਮਦਰਦ ਨੇ ਸ਼੍ਰੋਮਣੀ ਕਮੇਟੀ ਤੋਂ ਅਸਤੀਫ਼ਾ ਦੇ  ਕੇ ‘ਉਰਦੂ ਅਜੀਤ’ ਕੱਢ ਲਈ ਤੇ ਮਾ. ਤਾਰਾ ਸਿੰਘ ਵਿਰੁਧ ਤਵਾ ਲਾਉਣਾ ਸ਼ੁਰੂ ਕਰ ਦਿਤਾ ਪਰ ਪਾਠਕਾਂ ਨੇ ਮਾਸਟਰ ਜੀ ਵਿਰੁਧ ਲਿਖਤਾਂ ਪਸੰਦ ਨਾ ਕੀਤੀਆਂ ਤੇ ਅਖ਼ਬਾਰ ਫ਼ੇਲ ਹੋ ਗਈ। ਛੇਤੀ ਹੀ ਪੈਸੇ ਵੀ ਮੁਕ ਗਏ ਤੇ ਮਦਦ ਦੇਣ ਲਈ ਕੋਈ ਨਾ ਬਹੁੜਿਆ। ਵੱਡੇ ਵਾਅਦੇ ਕਰਨ ਵਾਲੇ ਸ਼ਕਲ ਵਿਖਾਉਣ ਤੋਂ ਵੀ ਸੰਕੋਚ ਕਰਨ ਲੱਗ ਪਏ। ਹਾਲਤ ਇਥੋਂ ਤਕ ਵਿਗੜ ਗਈ ਕਿ ਸ. ਸਾਧੂ ਸਿੰਘ ਦੀ ਅਪਣੀ ਸਵੈ-ਜੀਵਨੀ ਅਨੁਸਾਰ, ਉਨ੍ਹਾਂ ਇਕ ਦਿਨ ਜ਼ਹਿਰ ਖ਼ਰੀਦ ਲਿਆਂਦਾ ਤਾਕਿ ਆਪ ਅਤੇ ਅਪਣੇ ਸਾਰੇ ਪ੍ਰਵਾਰ ਨੂੰ ਖ਼ਤਮ ਕਰ ਲੈਣ। ਇਹ ਗੱਲ ਬੜੇ ਦੁਖ ਨਾਲ ਲਿਖ ਰਿਹਾ ਹਾਂ ਕਿਉਂਕਿ ਆਜ਼ਾਦ ਤੇ ਨਿਰਪੱਖ ਪੱਤਰਕਾਰੀ ਦੇਣ ਵਾਲੇ ਸਿੱਖ ਅਖ਼ਬਾਰ ਦੇ ਐਡੀਟਰ/ਮਾਲਕ ਨੂੰ ਨਿਰਪੱਖ ਪੱਤਰਕਾਰੀ ਦੇਣ ਬਦਲੇ ਜ਼ਹਿਰ ਹੀ ਖਾਣ ਲਈ ਮਜਬੂਰ ਹੋਣਾ ਪੈਂਦਾ ਹੈ।

ਬਚ ਉਹ ਤਾਂ ਹੀ ਸਕਦਾ ਹੈ ਜੇ ਉਹ ਸਰਕਾਰ ਜਾਂ ਕਿਸੇ ਪਾਰਟੀ ਦੇ ਖ਼ੇਮੇ ਵਿਚ ਜਾ ਪਨਾਹ ਲਵੇ। ਸ. ਸਾਧੂ ਸਿੰਘ ਨੂੰ ਵੀ ਉਨ੍ਹਾਂ ਦਾ ਇਕ ਸਾਥੀ ਪੱਤਰਕਾਰ (ਜੋ ਬਾਅਦ ਵਿਚ ਪੰਜਾਬ ਕਾਂਗਰਸ ਦਾ ਪ੍ਰਧਾਨ ਵੀ ਬਣਿਆ, ਤੇ ਉਸ ਨੇ ਵੀ ਸਾਰੀ ਕਹਾਣੀ ਦੀ ਪੁਸ਼ਟੀ ਕੀਤੀ) ਪ੍ਰਤਾਪ ਸਿੰਘ ਕੈਰੋਂ ਕੋਲ ਲੈ ਗਿਆ ਤੇ ਨਾਮਵਰ ਪੱਤਰਕਾਰ ਦੀ ਜਾਨ ਤਾਂ ਬੱਚ ਗਈ ਪਰ ਉਸ ਦੀ ਕਲਮ ’ਚੋਂ ਪਹਿਲੀਆਂ ਲਿਖਤਾਂ ਦੇ ਉਲਟ, ਹਰ ਰੋਜ਼ ਇਹ ਫ਼ਿਕਰਾ ਨਿਕਲਣ ਲੱਗ ਪਿਆ ਕਿ, ‘‘ਸਾਡੀ ਸੋਚੀ ਸਮਝੀ ਰਾਏ ਹੈ ਕਿ ਸਿੱਖਾਂ ਨੂੰ ਅਪਣੀ ਵਖਰੀ ਪਾਰਟੀ (ਅਕਾਲੀ ਦਲ) ਬਣਾਈ ਰੱਖਣ ਦੀ ਬਜਾਏ, ਕਾਂਗਰਸ ਵਿਚ ਸ਼ਾਮਲ ਹੋ ਕੇ ਉਸ ਉਤੇ ਕਬਜ਼ਾ ਕਰ ਲੈਣਾ ਚਾਹੀਦਾ ਹੈ ਤੇ ਅਪਣੀਆਂ ਸਾਰੀਆਂ ਮੰਗਾਂ ਅੰਦਰ ਜਾ ਕੇ ਆਪੇ ਮਨਵਾ ਲੈਣੀਆਂ ਚਾਹੀਦੀਆਂ ਹਨ, ਵਖਰੇ ਅਕਾਲੀ ਦਲ ਦੀਆਂ ਮੰਗਾਂ ਕਿਸੇ ਨਹੀਂ ਮੰਨਣੀਆਂ।’’ 
ਮੈਂ ਉਸ ਸਮੇਂ ਸਕੂਲ ਵਿਚ ਪੜ੍ਹਦਾ ਸੀ ਪਰ ਲਾਇਬ੍ਰੇਰੀ ਵਿਚ ਜਾ ਕੇ ਅਜੀਤ ਸਮੇਤ ਸਾਰੀਆਂ ਅਖ਼ਬਾਰਾਂ ਜ਼ਰੂਰ ਪੜ੍ਹਦਾ ਸੀ ਤੇ ਮੈਨੂੰ ਕਲ ਦੀ ਤਰ੍ਹਾਂ ਸਾਰਾ ਮਾਜਰਾ ਯਾਦ ਆਉਂਦਾ ਹੈ। ਇਹ ਗੱਲਾਂ ਮੈਂ ਸ. ਸਾਧੂ ਸਿੰਘ ਦੀ ਆਲੋਚਨਾ ਕਰਨ ਲਈ ਨਹੀਂ ਲਿਖ ਰਿਹਾ ਸਗੋਂ ਹਮਦਰਦੀ ਵਜੋਂ ਇਹ ਦੱਸਣ ਲਈ ਲਿਖ ਰਿਹਾ ਹਾਂ ਕਿ ਇਸ ਕੌਮ ਦੀ ਬੇਰੁਖ਼ੀ, ਪੰਥਕ ਅਖ਼ਬਾਰ ਨੂੰ ਕਿਥੇ ਤੋਂ ਕਿਥੇ ਲੈ ਜਾਂਦੀ ਹੈ। 
ਅਗਲੇ ਹਫ਼ਤੇ ਇਕ ਦੋ ਹੋਰ ਵੱਡੀਆਂ ਮਿਸਾਲਾਂ ਯਾਦ ਕਰਵਾ ਕੇ, ਗੱਲ ਅੱਗੇ ਚਲਾਵਾਂਗੇ।        (ਚਲਦਾ)