ਚੀਨ ਵੀ ਗ਼ਰੀਬੀ ਦੂਰ ਕਰੇਗਾ ਤੇ ਭਾਰਤ ਵੀ¸ਪਰ ਕਿਵੇਂ?

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਅਸੀਂ ਕੀ ਕੀਤਾ? 3000 ਕਰੋੜ ਰੁਪਏ ਦਾ ਬੁੱਤ ਬਣਾ ਕੇ ਦੇਸ਼ ਦਾ ਨਾਂ ਰੌਸ਼ਨ ਕੀਤਾ..........

Poor Chinese Family House

ਅਸੀਂ ਕੀ ਕੀਤਾ? 3000 ਕਰੋੜ ਰੁਪਏ ਦਾ ਬੁੱਤ ਬਣਾ ਕੇ ਦੇਸ਼ ਦਾ ਨਾਂ ਰੌਸ਼ਨ ਕੀਤਾ। ਪਰ ਉਸ ਤੋਂ ਬਾਅਦ ਭਾਰਤ ਨੇ ਵਿਸ਼ਵ ਸਿਹਤ ਸੰਗਠਨ ਕੋਲੋਂ 100 ਕਰੋੜ ਦੀ ਮਦਦ ਮੰਗੀ ਤਾਕਿ ਉਹ ਪੋਲੀਓ ਵੈਕਸੀਨ ਖ਼ਰੀਦ ਸਕੇ। ਸਾਡੇ ਸਿੱਖ ਕਿਥੇ ਪਿੱਛੇ ਰਹਿਣ ਵਾਲੇ ਹਨ? ਸ਼੍ਰੋਮਣੀ ਕਮੇਟੀ ਨੇ ਗੁਰੂ ਨਾਨਕ ਦੇ 550ਵੇਂ ਪ੍ਰਕਾਸ਼ ਪੁਰਬ ਵਾਸਤੇ ਇਕ 65 ਫ਼ੁੱਟ ਉੱਚਾ ਮੂਲ ਮੰਤਰ ਭਵਨ ਬਣਾਉਣ ਦਾ ਐਲਾਨ ਕੀਤਾ ਹੈ। ਗ਼ਰੀਬਾਂ ਨੂੰ ਉੱਪਰ ਚੁੱਕਣ ਦੀ ਬਜਾਏ ਹੁਣ ਸ਼੍ਰੋਮਣੀ ਕਮੇਟੀ ਆਖਦੀ ਹੈ ਕਿ 65 ਫ਼ੁੱਟ ਦੀ ਉਚਾਈ ਤੇ ਬੈਠ ਕੇ ਮੂਲ ਮੰਤਰ ਜਪੋ ਤਾਂ ਰੱਬ ਤਕ ਆਵਾਜ਼ ਛੇਤੀ ਪਹੁੰਚ ਜਾਵੇਗੀ।

ਚੀਨ ਵਲੋਂ ਅਪਣੇ ਦੇਸ਼ ਦੀ ਗ਼ਰੀਬੀ ਹਟਾਉਣ ਵਾਸਤੇ 13 ਅਰਬ ਡਾਲਰ ਦੀ ਰਕਮ 2019 ਵਿਚ ਖ਼ਰਚੇ ਜਾਣ ਦੀ ਤਿਆਰੀ ਹੋ ਰਹੀ ਹੈ। ਇਸ ਨਾਲ 2020 ਤਕ ਚੀਨ ਦੇ ਪੇਂਡੂ ਇਲਾਕਿਆਂ 'ਚੋਂ ਗ਼ਰੀਬੀ ਖ਼ਤਮ ਹੋ ਜਾਵੇਗੀ। ਚੀਨ ਨੇ ਗ਼ਰੀਬੀ ਹਟਾਉਣ ਦਾ ਕੰਮ ਪਿਛਲੇ ਸਾਲ ਤੋਂ ਜ਼ੋਰਾਂ ਸ਼ੋਰਾਂ ਨਾਲ ਸ਼ੁਰੂ ਕਰ ਦਿਤਾ ਸੀ। 90 ਹਜ਼ਾਰ ਕਰੋੜ ਰੁਪਏ ਯਾਨੀ ਚੀਨ ਦੇ 13 ਅਰਬ ਦੇ ਮੁਕਾਬਲੇ ਇਕ ਅਰਬ ਤੋਂ ਘੱਟ ਰਕਮ ਨਾਲ ਗ਼ਰੀਬੀ ਦੂਰ ਕਰਨ ਦੀ ਗੱਲ ਕਰਨ ਵਾਲਾ ਭਾਰਤ ਅਪਣਾ ਗ਼ਰੀਬੀ ਹਟਾਊ ਪ੍ਰੋਗਰਾਮ ਸ਼ੁਰੂ ਕਰ ਕੇ, ਅਪਣੇ ਆਪ ਨੂੰ ਇਕ ਕੌਮਾਂਤਰੀ ਤਾਕਤ ਅਖਵਾਉਣਾ ਚਾਹੁੰਦਾ ਹੈ। 

ਅਸੀਂ ਕੀ ਕੀਤਾ? 3000 ਕਰੋੜ ਰੁਪਏ ਦਾ ਬੁੱਤ ਬਣਾ ਕੇ ਦੇਸ਼ ਦਾ ਨਾਂ ਰੌਸ਼ਨ ਕੀਤਾ। ਪਰ ਉਸ ਤੋਂ ਬਾਅਦ ਭਾਰਤ ਨੇ ਵਿਸ਼ਵ ਸਿਹਤ ਸੰਗਠਨ ਕੋਲੋਂ 100 ਕਰੋੜ ਦੀ ਮਦਦ ਮੰਗੀ ਤਾਕਿ ਉਹ ਪੋਲੀਓ ਵੈਕਸੀਨ ਖ਼ਰੀਦ ਸਕੇ। ਭਾਰਤ ਅਜੇ ਅਪਣੇ ਦੇਸ਼ ਨੂੰ ਪੋਲੀਉ ਮੁਕਤ ਰੱਖਣ ਦੀ ਤਾਕਤ ਨਹੀਂ ਰਖਦਾ ਅਤੇ ਫਿਰ ਵੀ ਅਪਣੇ ਆਪ ਨੂੰ ਸੁਪਰ ਪਾਵਰ ਅਖਵਾਉਣਾ ਚਾਹੁੰਦਾ ਹੈ। ਭਾਰਤ ਦੇ ਇਸ ਏਕਤਾ ਦੇ ਬੁੱਤ ਨੂੰ ਲੈ ਕੇ ਬਰਤਾਨਵੀ ਸਿਆਸਤਦਾਨਾਂ ਨੇ ਅਪਣੀ ਪਾਰਲੀਮੈਂਟ ਵਿਚ ਭਾਰਤ ਨੂੰ ਆਰਥਕ ਮਦਦ ਦੇਣੀ ਬੰਦ ਕਰ ਦੇਣ ਦੀ ਮੰਗ ਰੱਖ ਦਿਤੀ।

ਸੰਸਦ ਮੈਂਬਰ ਪੀਟਰ ਬੋਰ ਨੇ ਕਿਹਾ ਕਿ ਇੰਗਲੈਂਡ ਨੇ ਭਾਰਤ ਨੂੰ 9492 ਕਰੋੜ ਪੰਜ ਸਾਲਾਂ ਵਿਚ ਦਿਤੇ ਸਨ ਅਤੇ ਉਨ੍ਹਾਂ 3000 ਕਰੋੜ ਰੁਪਏ ਪਟੇਲ ਦਾ ਬੁੱਤ ਬਣਾਉਣ ਉਤੇ ਖ਼ਰਚ ਕਰ ਦਿਤੇ। ਪਰ ਭਾਰਤ ਦੇ ਮਾਲਕਾਂ ਨੇ ਗੁਜਰਾਤ ਦੇ ਇਸ ਕਾਰਨਾਮੇ ਬਾਰੇ ਪਛਤਾਵੇ ਦਾ ਅਹਿਸਾਸ ਕਰਨ ਦੀ ਬਜਾਏ ਅਪਣੇ ਅਪਣੇ ਸੂਬੇ ਵਿਚ ਬੁੱਤਾਂ ਦੀ ਦੌੜ ਹੀ ਸ਼ੁਰੂ ਕਰ ਦਿਤੀ। ਮਹਾਰਾਸ਼ਟਰ ਵਿਚ ਸ਼ਿਵਾਜੀ ਦਾ ਬੁੱਤ ਆ ਰਿਹਾ ਹੈ। ਦੇਸ਼ ਦੇ ਯੋਗੀ ਮੁੱਖ ਮੰਤਰੀ, ਆਦਿਤਿਆਨਾਥ ਨੇ ਰਾਮ ਦਾ ਬੁੱਤ ਬਣਾਉਣ ਦੀ ਕਸਮ ਖਾਧੀ ਹੈ।

ਉਥੋਂ ਦੇ ਸਿਆਸਤਦਾਨਾਂ ਨੇ ਹੁਣ ਕਹਿਣਾ ਸ਼ੁਰੂ ਕਰ ਦਿਤਾ ਹੈ ਕਿ ਹੁਣ ਅਯੋਧਿਆ ਵਿਚ ਬਾਬਰ ਦੀ ਇਕ ਇੱਟ ਵੀ ਨਹੀਂ ਰਹਿਣ ਦਿਤੀ ਜਾਵੇਗੀ। ਪਰ ਉਨ੍ਹਾਂ ਦੇ ਕਰਮ ਦਸਦੇ ਹਨ ਕਿ ਹੁਣ ਭਾਰਤ ਵਿਚ ਸਮਝ ਬੂਝ ਦਾ ਨਾਂ ਨਿਸ਼ਾਨ, ਕੁੱਝ ਲੋਕ ਮਿਟਾ ਕੇ ਹੀ ਰਹਿਣਗੇ। ਸਾਡੇ ਸਿੱਖ ਕਿਥੇ ਪਿੱਛੇ ਰਹਿਣ ਵਾਲੇ ਹਨ? ਸ਼੍ਰੋਮਣੀ ਕਮੇਟੀ ਨੇ ਗੁਰੂ ਨਾਨਕ ਦੇ 550ਵੇਂ ਪ੍ਰਕਾਸ਼ ਪੁਰਬ ਵਾਸਤੇ ਇਕ 65 ਫ਼ੁੱਟ ਉੱਚਾ ਮੂਲ ਮੰਤਰ ਭਵਨ ਬਣਾਉਣ ਦਾ ਐਲਾਨ ਕੀਤਾ ਹੈ। ਗ਼ਰੀਬਾਂ ਨੂੰ ਉੱਪਰ ਚੁੱਕਣ ਦੀ ਬਜਾਏ ਹੁਣ ਸ਼੍ਰੋਮਣੀ ਕਮੇਟੀ ਆਖਦੀ ਹੈ ਕਿ 65 ਫ਼ੁੱਟ ਦੀ ਉਚਾਈ ਤੇ ਬੈਠ ਕੇ ਮੂਲ ਮੰਤਰ ਜਪੋ ਤਾਂ ਰੱਬ ਤਕ ਆਵਾਜ਼ ਛੇਤੀ ਪਹੁੰਚ ਜਾਵੇਗੀ।

ਭਾਰਤ ਦੀ ਸਰਕਾਰ ਵਾਂਗ, ਸ਼੍ਰੋਮਣੀ ਕਮੇਟੀ ਕੋਲ ਵੀ ਏਨਾ ਪੈਸਾ ਹੈ ਕਿ ਉਹ ਪੰਜਾਬ ਤੋਂ ਬਾਅਦ ਇਕ ਦੋ ਨਾਲ ਦੇ ਸੂਬਿਆਂ 'ਚੋਂ ਵੀ ਗ਼ਰੀਬੀ ਮਿਟਾ ਸਕਣ ਦੀ ਸਮਰੱਥਾ ਰਖਦੀ ਹੈ ਪਰ ਇਹ ਧਰਮੀ ਬਾਬਲ ਦਿਲ ਦੇ ਬੜੇ ਗ਼ਰੀਬ ਹਨ। ਇਹ ਸਮਝ ਹੀ ਨਹੀਂ ਸਕਦੇ ਕਿ ਦੌਲਤ ਜਿਹੜੇ ਸਰਕਾਰੀ ਖ਼ਜ਼ਾਨੇ ਵਿਚ ਜਾਂ ਗੋਲਕ ਵਿਚ ਇਕੱਠੀ ਹੁੰਦੀ ਹੈ, ਇਨ੍ਹਾਂ ਲੋਕਾਂ ਦੀ ਨਿਜੀ ਦੌਲਤ ਨਹੀਂ ਹੁੰਦੀ। ਦੇਸ਼ ਦਾ ਸੰਵਿਧਾਨ, ਸਰਕਾਰ ਦੀਆਂ ਨੀਤੀਆਂ ਵਿਚੋਂ ਝਲਕਣਾ ਚਾਹੀਦਾ ਹੈ ਅਤੇ ਸ਼੍ਰੋਮਣੀ ਕਮੇਟੀ ਦੇ ਕੰਮਾਂ ਵਿਚ ਗੁਰੂ ਗ੍ਰੰਥ ਸਾਹਿਬ ਦੀ ਸੋਚ ਵੀ ਝਲਕਣੀ ਚਾਹੀਦੀ ਹੈ। 

ਜਦੋਂ ਭਾਰਤ ਵਿਚ 3000 ਕਰੋੜ ਦਾ ਬੁੱਤ ਬਣਾਇਆ ਗਿਆ ਤਾਂ ਚੀਨ ਨੇ ਅਪਣੇ ਸ਼ਹਿਰ ਦੀ ਹਵਾ ਸਾਫ਼ ਕਰਨ ਲਈ ਇਕ ਵਿਸ਼ਾਲ ਪੱਖਾ ਬਣਾਇਆ। 3000 ਕਰੋੜ ਵਿਚ ਭਾਰਤ 600 ਇਹੋ ਜਿਹੇ ਸਿਸਟਮ ਬਣਾ ਸਕਦਾ ਹੈ ਜਿਨ੍ਹਾਂ ਨਾਲ 600 ਸ਼ਹਿਰਾਂ ਦੀ ਹਵਾ ਖ਼ਤਰੇ ਤੋਂ ਬਾਹਰ ਹੋ ਸਕਦੀ ਹੈ। ਚੀਨ ਇਹੀ ਕੁੱਝ ਤਾਂ ਕਰ ਰਿਹਾ ਹੈ।
ਜਿੰਨਾ ਸੋਨਾ ਅਤੇ ਸੰਗਮਰਮਰ ਅਸੀ ਅਪਣੇ ਗੁਰੂ ਘਰਾਂ ਉਤੇ ਲਾਇਆ ਹੈ, ਉਸ ਉਤੇ ਖ਼ਰਚਿਆ ਧਨ ਅਗਰ ਗ਼ਰੀਬ ਕਿਸਾਨਾਂ ਉਤੇ ਖ਼ਰਚ ਦਿਤਾ ਜਾਂਦਾ ਤਾਂ ਪੰਜਾਬ ਦੇ ਕਿਸਾਨਾਂ ਨੂੰ ਜੰਤਰ ਮੰਤਰ ਵਿਖੇ ਜਾ ਕੇ ਧਰਨੇ ਮਾਰਨ ਤੇ ਜਲੂਸ ਕੱਢਣ ਦੀ ਲੋੜ ਨਾ ਪੈਂਦੀ।

ਅੱਜ ਸਾਡੇ ਦੇਸ਼ ਦੇ ਕਿਸਾਨ ਦਿੱਲੀ ਵਿਚ ਸੜਕਾਂ ਉਤੇ ਮੁਜ਼ਾਹਰੇ ਕਰਨ ਲਈ ਮਜਬੂਰ ਹਨ ਕਿਉਂਕਿ ਸਾਡੇ ਆਗੂਆਂ ਦੇ ਕੰਨ ਤਾਂ ਠੀਕ ਹਨ ਪਰ ਉਨ੍ਹਾਂ ਦੇ ਦਿਲ ਦਿਮਾਗ਼ ਬੰਦ ਹੋ ਚੁੱਕੇ ਹਨ। ਤੇਲੰਗਾਨਾ ਤੋਂ 50 ਔਰਤਾਂ ਆਈਆਂ ਹਨ ਜਿਨ੍ਹਾਂ ਦੇ ਪਤੀਆਂ ਅਤੇ ਮੁੰਡਿਆਂ ਨੇ ਖ਼ੁਦਕੁਸ਼ੀ ਕਰ ਲਈ ਹੈ। ਉਹ ਦਿੱਲੀ ਆਉਣ ਲਈ ਟਿਕਟ ਖ਼ਰੀਦਣ ਵਾਸਤੇ ਮਹੀਨਿਆਂ ਤੋਂ ਬੱਚਤ ਕਰ ਰਹੀਆਂ ਸਨ। ਪਰ ਕੀ ਇਨ੍ਹਾਂ ਵਿਚਾਰੀਆਂ ਦੀਆਂ ਮੰਗਾਂ ਸੁਣੀਆਂ ਵੀ ਜਾਣਗੀਆਂ? ਭਾਰਤ ਵਿਚ ਗ਼ਰੀਬੀ ਸੱਭ ਤੋਂ ਜ਼ਿਆਦਾ ਹੈ ਪਰ ਸੱਭ ਤੋਂ ਵੱਡੀ ਕਮੀ ਹਮਦਰਦ ਅਤੇ ਸਿਆਣੇ ਆਗੂਆਂ ਦੀ ਹੈ।

ਅੱਜ ਤੋਂ 100 ਸਾਲ ਬਾਅਦ ਇਕ ਵੀ ਅਜਿਹਾ ਆਗੂ ਨਹੀਂ ਲੱਭੇਗਾ ਜਿਸ ਦਾ ਬੁੱਤ ਬਣਾਉਣ ਯੋਗ ਹੋਵੇ ਕਿਉਂਕਿ ਅੱਜ ਦੇ ਗ਼ੁਬਾਰਿਆਂ ਵਾਂਗ ਫੁੱਲੇ ਨੇਤਾ, ਇਹ ਵੀ ਜਾਣਦੇ ਹਨ ਕਿ ਉਨ੍ਹਾਂ ਦੀ ਔਕਾਤ ਕਿੰਨੀ ਕੁ ਹੈ। ਤਾਂ ਹੀ ਤਾਂ ਉਹ ਇਤਿਹਾਸ ਦੇ ਆਗੂਆਂ ਦੇ ਨਾਂ ਲੈ ਕੇ ਅਪਣੀ ਲੀਡਰੀ ਦਾ ਹੇਠਾਂ ਜਾ ਰਿਹਾ ਝੰਡਾ ਉੱਚਾ ਚੁਕਣਾ ਚਾਹੁੰਦੇ ਹਨ। ਖੋਖਲੀ ਸੋਚ ਅਤੇ ਦਿਲ ਵਾਲੇ ਆਗੂ ਭਾਰਤ ਦੀ ਸੱਭ ਤੋਂ ਵੱਡੀ ਤਰਾਸਦੀ ਹੈ ਜੋ ਇਸ ਨੂੰ ਕਦੇ ਵੀ ਸੂਪਰਪਾਵਰ ਜਾਂ ਮਹਾਂ ਸ਼ਕਤੀ ਨਹੀਂ ਬਣਨ ਦੇਣਗੇ।  -ਨਿਮਰਤ ਕੌਰ