ਦਿੱਲੀ ਵਿਚ ਕਿਸਾਨ ਇਤਿਹਾਸਕ ਪਰ ਬੜੀ ਔਖੀ ਲੜਾਈ ਲੜ ਰਹੇ ਹਨ... ਵਾਹਿਗੁਰੂ ਸਹਾਈ ਹੋਵੇ!

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਪੰਜਾਬ ਦੇ ਕਿਸਾਨ ਜਦ ਬਾਰਡਰ ਟੱਪ ਕੇ ਦਿੱਲੀ ਗਏ ਤਾਂ ਮਨ ਵਿਚ ਇਹ ਸੁਆਲ ਉਠ ਰਿਹਾ ਸੀ ਕਿ ਅੱਗੇ ਕਿਸਾਨ ਕੀ ਕਰਨਗੇ?

Farmer Protest

ਚੀਨ ਦੀ ਇਸ ਗੱਲੋਂ ਸਿਫ਼ਤ ਕਰਨੀ ਬਣਦੀ ਹੈ ਕਿ ਜਦ ਕੋਰੋਨਾ ਮਹਾਂਮਾਰੀ ਆਈ ਤਾਂ ਕੁੱਝ ਘੰਟਿਆਂ ਵਿਚ ਹੀ ਉਸ ਨੇ 1000 ਮਰੀਜ਼ਾਂ ਲਈ ਨਵਾਂ ਹਸਪਤਾਲ ਉਸਾਰ ਦਿਤਾ। ਚੀਨੀ ਵਰਕਰ ਸਸਤਾ ਤੇ ਅਮਰੀਕਨਾਂ ਦੇ ਮੁਕਾਬਲੇ, ਵਧੀਆ ਮਾਲ ਤਿਆਰ ਕਰ ਲੈਂਦੇ ਹਨ ਜਿਸ ਦਾ ਮੁਕਾਬਲਾ ਕੋਈ ਹੋਰ ਦੇਸ਼ ਵੀ ਨਹੀਂ ਕਰ ਸਕਦਾ। ਪਰ ਪੰਜਾਬ ਦੇ ਕਿਸਾਨਾਂ ਨੇ ਚੀਨ ਨੂੰ ਵੀ ਪਿਛੇ ਛੱਡ ਦਿਤਾ ਹੈ, ਉਨ੍ਹਾਂ ਦਿੱਲੀ ਪਹੁੰਚ ਕੇ ਕੁੱਝ ਹੀ ਘੰਟਿਆਂ ਵਿਚ ਇਕ ਵੱਡਾ ਪਿੰਡ ਉਸਾਰ ਕੇ ਵਿਖਾ ਦਿਤਾ ਹੈ, ਉਹ ਵੀ ਪੱਕੀ ਸੜਕ ਉਤੇ। ਪੰਜਾਬ ਦੇ ਕਿਸਾਨ ਜਦ ਬਾਰਡਰ ਟੱਪ ਕੇ ਦਿੱਲੀ ਗਏ ਤਾਂ ਮਨ ਵਿਚ ਇਹ ਸੁਆਲ ਉਠ ਰਿਹਾ ਸੀ ਕਿ ਅੱਗੇ ਕਿਸਾਨ ਕੀ ਕਰਨਗੇ?

ਕਿਸਾਨ ਦਿੱਲੀ ਤਾਂ ਪਹੁੰਚ ਗਏ ਪਰ ਅਗਲੀ ਰਣਨੀਤੀ ਕੀ ਹੋਵੇਗੀ? ਜੰਤਰ ਮੰਤਰ ਵਿਚ ਅਕਸਰ ਮੋਰਚੇ ਲਗਦੇ ਹਨ ਪਰ ਜੰਤਰ ਮੰਤਰ ਤਾਂ ਨਿਰਾ ਪੁਰਾ ਇਕ ਵਿਰੋਧ  ਦਾ ਸਥਾਨ ਹੈ ਜਿਥੇ ਸੰਘਰਸ਼ ਹੀ ਹੁੰਦਾ ਹੈ, ਸੁਣਵਾਈ ਨਹੀਂ ਹੁੰਦੀ। ਛੋਟੀਆਂ ਜਥੇਬੰਦੀਆਂ ਦੀ ਗੱਲ ਨਾ ਕਰਦੇ ਹੋਏ, ਦੁਨੀਆਂ ਦੀ ਸੱਭ ਤੋਂ ਵੱਡੀ ਫ਼ੌਜ ਦੀ ਗੱਲ ਕਰੀਏ ਤਾਂ ਇਥੇ ਇਕ ਰੈਂਕ ਇਕ ਪੈਨਸ਼ਨ ਵਾਲਾ ਸੰਘਰਸ਼ ਵੀ ਵੇਖਿਆ ਗਿਆ ਜਿਸ ਵਿਚ ਲੋਕ ਕਿੰਨੀ ਦੇਰ ਤਕ ਜੰਤਰ ਮੰਤਰ ਵਿਚ ਬੈਠੇ ਰਹੇ। ਉਹ ਸੰਘਰਸ਼ 43 ਸਾਲ ਚਲਿਆ ਤੇ ਫਿਰ ਜਾ ਕੇ 2015 ਵਿਚ ਉਨ੍ਹਾਂ ਦੀ ਗੱਲ ਮੰਨਣ ਦਾ ਮਸਾਂ ਝੂਠਾ-ਸੱਚਾ ਐਲਾਨ ਹੀ ਕੀਤਾ ਗਿਆ।

ਸੋ ਸਮਝ ਨਹੀਂ ਸੀ ਆਉਂਦੀ ਕਿ ਸਾਡੇ ਭੋਲੇ ਭਾਲੇ ਕਿਸਾਨ ਕਿੰਨੀ ਦੇਰ ਤਕ ਇਸ ਵਿਰੋਧ ਨੂੰ ਜਾਰੀ ਰੱਖ ਸਕਣਗੇ? ਉਨ੍ਹਾਂ ਦੀ ਪੀੜ ਸਮਝ ਵਿਚ ਆਉਂਦੀ ਸੀ ਪਰ ਇਹ ਚਿੰਤਾ ਜ਼ਰੂਰ ਬਣੀ ਰਹਿੰਦੀ ਸੀ ਕਿ ਕਿਸੇ ਨਾ ਕਿਸੇ ਮੋੜ 'ਤੇ ਆ ਕੇ ਇਹ ਸੰਘਰਸ਼ ਠੰਢਾ ਪੈ ਜਾਵੇਗਾ। ਕਿਸੇ ਨਾ ਕਿਸੇ ਕਿਸਾਨ ਜਥੇਬੰਦੀ ਵਲੋਂ ਸਰਕਾਰ ਦੀ ਗੱਲ ਮੰਨ ਲਈ ਜਾਵੇਗੀ ਅਤੇ ਸੱਭ ਖ਼ਤਮ ਹੋ ਜਾਵੇਗਾ।

ਕੇਂਦਰ ਸਰਕਾਰ ਨੂੰ ਇਹ ਯਕੀਨ ਜ਼ਰੂਰ ਸੀ ਕਿ ਦੋ ਚਾਰ ਦਿਨ ਦੀ ਤੰਗੀ ਝਾਗ ਕੇ ਹੀ ਕਿਸਾਨ ਪਿੱਛੇ ਮੁੜ ਜਾਣਗੇ ਕਿਉਂਕਿ ਭਾਰਤ ਵਿਚ ਹਰ ਸੰਘਰਸ਼ ਇਸੇ ਤਰ੍ਹਾਂ ਠੰਢਾ ਪੈ ਜਾਂਦਾ ਹੈ। ਅੰਨਾ ਹਜ਼ਾਰੇ ਦਾ ਨਾਮ ਤਾਂ ਸੱਭ ਨੂੰ ਯਾਦ ਹੈ ਪਰ ਉਸ ਦੀ ਕੋਈ ਮਾਨਤਾ ਬਾਕੀ ਨਹੀਂ ਰਹੀ। ਅਜੇ 2024 ਬਹੁਤ ਦੂਰ ਹੈ ਅਤੇ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਕਿਸੇ ਨੂੰ ਖ਼ੁਸ਼ ਕਰਨ ਦਾ ਯਤਨ ਨਹੀਂ ਕਰਨਾ।

ਅੰਨਾ ਹਜ਼ਾਰੇ ਅੰਦੋਲਨ ਇਕ ਸਿਆਸੀ ਦਾਅ ਪੇਚ ਬਣ ਕੇ ਰਹਿ ਗਿਆ ਸੀ ਜਿਸ ਨੇ ਕਾਂਗਰਸ ਨੂੰ ਸੱਤਾ 'ਚੋਂ ਤਾਂ ਹਿਲਾ ਕੇ ਰੱਖ ਦਿਤਾ ਪਰ ਲੋਕਪਾਲ ਬਣਾਏ ਜਾਣ ਦੀ ਉਸ ਦੀ ਜਿਹੜੀ ਮੁੱਖ ਮੰਗ ਸੀ, ਉਹ ਤਾਂ ਅਜੇ ਤਕ ਵੀ ਨਹੀਂ ਮੰਨੀ ਗਈ।  ਸਗੋਂ ਅੱਜ ਸੰਸਥਾਵਾਂ ਦੇ ਨਾਲ ਨਾਲ ਸੰਵਿਧਾਨ ਵੀ ਖ਼ਤਰੇ ਵਿਚ ਪੈ ਗਿਆ ਹੈ।
ਸੋ ਅਸੀ ਸੋਚਦੇ ਸੀ ਕਿ ਇਹ ਭੋਲੇ ਭਾਲੇ ਕਿਸਾਨ ਕੀ ਕਰ ਸਕਣਗੇ? ਪਰ ਕਿਸਾਨਾਂ ਨੇ ਤਾਂ ਹੈਰਾਨ ਕਰ ਕੇ ਰੱਖ ਦਿਤਾ ਹੈ। ਉਨ੍ਹਾਂ ਦੀ ਤਿਆਰੀ ਸਾਹਮਣੇ ਅੱਜ ਸਿਰ ਝੁਕਦਾ ਹੈ।

ਉਨ੍ਹਾਂ ਨੇ ਦਿੱਲੀ ਵਿਚ ਦਿਨ ਚੜ੍ਹਨ ਤੇ ਰਾਤ ਢਲਣ ਤੋਂ ਪਹਿਲਾਂ ਇਕ ਵਿਸ਼ਾਲ ਪਿੰਡ ਉਸਾਰ ਦਿਤਾ ਹੈ। ਉਨ੍ਹਾਂ ਨੇ ਅਪਣੇ ਖਾਣ-ਪੀਣ, ਰਹਿਣ-ਸਹਿਣ ਦੀਆਂ ਅਪਣੀਆਂ ਸਹੂਲਤਾਂ ਤਿਆਰ ਕਰ ਲਈਆਂ ਹਨ। ਕਿਸਾਨ ਸੰਘਰਸ਼ ਵਿਚ ਸ਼ਾਮਲ ਔਰਤਾਂ ਦੇ ਨਹਾਉਣ ਲਈ ਵਖਰੀ ਥਾਂ ਵੀ ਤਿਆਰ ਕਰ ਦਿਤੀ ਗਈ ਹੈ। ਠੰਢ ਦੇ ਮੌਸਮ ਵਿਚ ਕੰਬਲਾਂ ਅਤੇ ਰਜਾਈਆਂ ਦੀ ਕੋਈ ਘਾਟ ਨਹੀਂ।

ਇਹ ਸੱਭ ਅਪਣੇ ਆਪ ਨਹੀਂ ਹੋ ਗਿਆ ਸਗੋਂ ਕਿਸਾਨਾਂ ਨੇ ਬੜੀ ਸਮਝਦਾਰੀ ਅਤੇ ਯੋਜਨਾਬੱਧ ਤਰੀਕੇ ਨਾਲ ਦਿੱਲੀ ਵਿਚ ਦਾਖ਼ਲਾ ਅਤੇ ਅਪਣਾ ਸਥਾਨ ਪ੍ਰਾਪਤ ਕੀਤਾ। ਪਹਿਲਾਂ ਉਨ੍ਹਾਂ ਨੇ ਹਰ ਪਿੰਡ ਵਿਚੋਂ 2-2 ਲੱਖ ਦੀ ਰਕਮ ਇਕੱਠੀ ਕੀਤੀ। ਹਰ ਟਰੈਕਟਰ ਪਿਛੇ ਦੋ ਟਰਾਲੀਆਂ ਲਗਾਈਆਂ ਗਈਆਂ ਜਿਨ੍ਹਾਂ ਵਿਚੋਂ ਇਕ ਵਿਚ ਰਾਸ਼ਨ ਅਤੇ ਦੂਜੇ ਵਿਚ ਰਹਿਣ ਅਤੇ ਪਹਿਨਣ ਲਈ ਬਿਸਤਰੇ ਅਤੇ ਕਪੜੇ ਰੱਖੇ ਗਏ। ਪੈਸਾ ਜੋ ਇਕੱਠਾ ਹੋਇਆ, ਉਸ ਨਾਲ ਰਾਸ਼ਨ ਅਤੇ ਡੀਜ਼ਲ-ਪਟਰੌਲ ਪਹਿਲਾਂ ਹੀ ਖ਼ਰੀਦ ਲਿਆ ਗਿਆ। ਹਰ ਛੋਟੀ ਵੱਡੀ ਚੀਜ਼ ਬਾਰੇ ਸੋਚਿਆ ਗਿਆ ਅਤੇ ਪੂਰੀ ਤਿਆਰੀ ਨਾਲ ਦਿੱਲੀ ਵਲ ਕੂਚ ਕੀਤਾ।

ਪਰ ਜਿਸ ਤਰ੍ਹਾਂ ਦੀ ਯੋਜਨਾ ਬਣਾ ਕੇ ਕਿਸਾਨ ਦਿੱਲੀ ਆਏ ਹਨ, ਉਸ ਨੂੰ ਵੇਖ ਕੇ ਸਾਡੀਆਂ ਸਰਕਾਰਾਂ ਦਾ ਸਿਰ ਸ਼ਰਮ ਨਾਲ ਝੁਕ ਜਾਣਾ ਚਾਹੀਦਾ ਹੈ। ਚੀਨ ਕੋਲ ਤਾਂ ਪੈਸਾ ਹੈ, ਮਸ਼ੀਨਰੀ ਹੈ, ਸਾਡੇ ਕਿਸਾਨਾਂ ਕੋਲ ਤਾਂ ਕੁੱਝ ਵੀ ਨਹੀਂ ਸੀ, ਉਹ ਸਿਰਫ਼ ਜਾਣਦੇ ਸੀ ਕਿ ਇਹ ਲੜਾਈ ਉਨ੍ਹਾਂ ਦੇ ਵਜੂਦ ਦੀ ਲੜਾਈ ਹੈ ਜਿਸ ਨੂੰ ਹਰ ਹਾਲਤ ਵਿਚ ਜਿਤਣਾ ਹੀ ਜਿਤਣਾ ਹੈ। ਸਾਡੀਆਂ ਸਰਕਾਰਾਂ 8 ਮਹੀਨਿਆਂ ਵਿਚ ਵੱਡੇ ਵੱਡੇ ਸ਼ਹਿਰਾਂ ਵਿਚ ਕੋਵਿਡ ਦੇ 1000-2000 ਮਰੀਜ਼ਾਂ ਲਈ ਹਸਪਤਾਲ ਤਿਆਰ ਨਹੀਂ ਕਰ ਸਕੀਆਂ

ਪਰ ਇਨ੍ਹਾਂ ਕਿਸਾਨਾਂ ਨੇ ਲੱਖਾਂ ਦੇ ਰਹਿਣ-ਸਹਿਣ ਦਾ ਪ੍ਰਬੰਧ ਕੁੱਝ ਪਲਾਂ ਵਿਚ ਹੀ ਕਰ ਵਿਖਾਇਆ। ਇਸ ਨਵੇਂ ਉਸਾਰੇ ਪਿੰਡ ਵਿਚ ਥਾਂ-ਥਾਂ 'ਤੇ ਮੈਡੀਕਲ ਸਹੂਲਤਾਂ ਲਈ ਵੀ ਥਾਂ ਬਣਾਈ ਗਈ ਹੈ। ਕਈ ਕਿਸਾਨਾਂ ਨਾਲ ਉਨ੍ਹਾਂ ਦੇ ਬੱਚੇ ਵੀ ਆਏ ਹੋਏ ਹਨ ਜਿਨ੍ਹਾਂ ਦੀ ਪੜ੍ਹਾਈ ਵੀ ਉਥੇ ਨਾਲੋ ਨਾਲ ਚੱਲ ਰਹੀ ਹੈ। ਜ਼ਾਹਰ ਹੈ ਕਿ ਇਹ ਸੱਭ ਵੇਖ ਕੇ ਗ੍ਰਹਿ ਮੰਤਰੀ ਦਿੱਲੀ ਵਾਪਸ ਆਉਣ ਨੂੰ ਮਜ਼ਬੂਰ ਹੋਏ ਅਤੇ ਹੁਣ ਰਾਜਨਾਥ ਸਿੰਘ, ਜੇ.ਪੀ. ਨੱਡਾ ਨਵੀਂ ਨੀਤੀ ਘੜਨ ਵਿਚ ਜੁਟ ਗਏ ਹਨ।

ਪਰ ਜਿਸ ਸ਼ਾਤਰ ਸੋਚ ਨਾਲ ਸਿਆਸਤਦਾਨਾਂ ਨੂੰ ਰਣਨੀਤੀਆਂ ਬਣਾਉਣ ਦੀ ਆਦਤ ਹੈ, ਕਿਸਾਨਾਂ ਦੀ ਸਾਦਗੀ ਅਤੇ ਦ੍ਰਿੜ੍ਹਤਾ ਸਾਹਮਣੇ ਟੁੱਟ ਜਾਣ ਦੀ ਪੂਰੀ ਉਮੀਦ ਹੈ। ਕਿਸਾਨਾਂ ਨੇ ਸਰਕਾਰਾਂ ਵਲੋਂ ਚੱਲੀ ਹਰ ਕੋਝੀ ਚਾਲ ਨੂੰ ਬੜੀ ਸਮਝਦਾਰੀ ਨਾਲ ਮਾਤ ਦਿਤੀ ਹੈ ਅਤੇ ਹੁਣ ਉਮੀਦ ਜਾਗੀ ਹੈ ਕਿ ਕਿਸਾਨ, ਸਰਕਾਰ ਨੂੰ ਅਕਲ ਦੀ ਗੱਲ ਸਮਝਾਉਣ ਵਿਚ ਕਾਮਯਾਬ ਹੋ ਜਾਣਗੇ। ਵਾਹਿਗੁਰੂ ਸਹਾਈ ਹੋਵੇ।                     - ਨਿਮਰਤ ਕੌਰ