ਸ਼੍ਰੋਮਣੀ ਕਮੇਟੀ ਸਿੱਖ ਸਿਆਸਤਦਾਨਾਂ ਦੀ ਸੰਸਥਾ ਬਣ ਚੁੱਕੀ ਹੈ ਜਿਸ ਦੇ ਪ੍ਰਬੰਧਕਾਂ 'ਚ ਕਦੇ-ਕਦੇ ਪੰਥਕ..

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਚਲੋ ਭਲਾ ਹੋਵੇ, ‘ਦੁਸ਼ਮਣਾਂ’ ਦਾ ਜਿਨ੍ਹਾਂ ਨੇ ਇਹ ਸ਼ੋਰ ਮਚਾਇਆ ਹੋਇਆ ਸੀ ਕਿ ਸ਼੍ਰੋਮਣੀ ਅਕਾਲੀ ਦਲ ਸਿੱਖਾਂ ਅਤੇ ਸਿੱਖੀ ਤੋਂ ਦੂਰ ਹੋ ਗਿਆ ਹੈ।

shiromani committee

ਚਲੋ ਭਲਾ ਹੋਵੇ, ‘ਦੁਸ਼ਮਣਾਂ’ ਦਾ ਜਿਨ੍ਹਾਂ ਨੇ ਇਹ ਸ਼ੋਰ ਮਚਾਇਆ ਹੋਇਆ ਸੀ ਕਿ ਸ਼੍ਰੋਮਣੀ ਅਕਾਲੀ ਦਲ ਸਿੱਖਾਂ ਅਤੇ ਸਿੱਖੀ ਤੋਂ ਦੂਰ ਹੋ ਗਿਆ ਹੈ। ਉਨ੍ਹਾਂ ਦੇ ਮੂੰਹ ਬੰਦ ਕਰਨ ਲਈ ਇਸ ਵਾਰ ‘ਪੰਥਕ ਚਿਹਰੇ’ ਸ਼੍ਰੋਮਣੀ ਗੁ. ਪ੍ਰ. ਕਮੇਟੀ ਵਿਚ ਅੱਗੇ ਲਿਆ ਦਿਤੇ ਗਏ ਹਨ ਤੇ ਸਿਆਸੀ ਚਿਹਰਿਆਂ ਨੂੰ ਅਸੈਂਬਲੀ ਚੋਣਾਂ ਲੜਨ ਲਈ ਭੇਜ ਦਿਤਾ ਗਿਆ ਹੈ। 

ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਨਾਂ, ਇਸ ਨੂੰ ਗੁਰਦਵਾਰਿਆਂ ਦਾ ਪ੍ਰਬੰਧ ਕਰਨ ਵਾਲੀ ਇਕ ਸੰਸਥਾ ਦਾ ਦਰਜਾ ਦੇਂਦਾ ਹੈ ਪਰ ਅੰਗਰੇਜ਼ੀ ਸ਼ਾਸਕਾਂ ਵਲੋਂ ਵੋਟਾਂ ਪਵਾ ਕੇ ਚੋਣਾਂ ਰਾਹੀਂ ਪ੍ਰਬੰਧਕ ਚੁਣਨ ਦਾ ਸਿਸਟਮ ਲਾਗੂ ਕਰਨ ਕਰ ਕੇ ਇਹ ਸੰਸਥਾ ਸਿੱਖ ਸਿਆਸਤਦਾਨਾਂ ਦੀ ਜਥੇਬੰਦੀ ਬਣ ਕੇ ਰਹਿ ਗਈ ਹੈ ਜਿਸ ਵਿਚ ਧਰਮੀ ਚਿਹਰੇ ਫ਼ਿਟ ਕਰਨੇ ਵੀ ਕਦੇ ਕਦੇ ਸਿਆਸੀ ਲੋਕਾਂ ਦੀ ਮਜਬੂਰੀ ਬਣ ਜਾਂਦੀ ਹੈ।

ਸਿੱਖਾਂ ਨੇ ਦਿਤਾ ਤਾਂ ਅਕਾਲੀ ਦਲ ਨੂੰ ਵੀ ਇਕ ਪੰਥਕ ਜਥੇਬੰਦੀ ਦਾ ਰੂਪ ਹੀ ਸੀ ਤੇ ਉਸ ਨੂੰ ਹੋਂਦ ਵਿਚ ਲਿਆਂਦਾ ਵੀ ਅਕਾਲ ਤਖ਼ਤ ਤੇ ਗਿਆ ਸੀ ਤਾਕਿ ਉਸ ਦਾ ਪੰਥਕ ਸਰੂਪ ਸਦਾ ਲਈ ਬਣਿਆ ਰਹੇ, ਪਰ ਜਿਹੜਾ ਕੰਮ ਹੋਰ ਕੋਈ ਨਹੀਂ ਕਰ ਸਕਦਾ, ਉਹ ਸਿਆਸਤਦਾਨ ਕਰ ਸਕਦੇ ਹਨ। ਸਿਆਸਤਦਾਨਾਂ ਨੇ ਅਕਾਲ ਤਖ਼ਤ ਨੂੰ ‘ਮਹਾਨ ਮਹਾਨ’ ਕਹਿ ਕਹਿ ਕੇ ਉਸ ਉਤੇ ਥਾਪੇ ‘ਜਥੇਦਾਰਾਂ’ ਨੂੰ ਅਪਣੇ ਖ਼ਾਸ ਬੰਦੇ ਬਣਾ ਕੇ ਇਸ ਤਰ੍ਹਾਂ ਵਰਤਣਾ ਸ਼ੁਰੂ ਕਰ ਦਿਤਾ ਕਿ ਜਦ ਪੰਥਕ ਜਥੇਬੰਦੀ ਅਕਾਲੀ ਦਲ ਨੂੰ ਪਹਿਲਾਂ ‘ਬਾਦਲ ਅਕਾਲੀ ਦਲ’ ਤੇ ਫਿਰ ‘ਪੰਜਾਬੀ ਪਾਰਟੀ’ ਵਿਚ ਬਦਲ ਦਿਤਾ ਗਿਆ ਤੇ ਇਸ ਨੂੰ ਸਿੱਖੀ ਦੀ ਰੂਹਾਨੀ ਕੈਪੀਟਲ ਅੰਮ੍ਰਿਤਸਰ ’ਚੋਂ ਚੁਕ ਕੇ ਚੰਡੀਗੜ੍ਹ ਵਿਚ ਵੀ ਲੈ ਗਏ ਤਾਂ ਕਿਸੇ ‘ਜਥੇਦਾਰ’ ਨੇ ਚੂੰ ਤਕ ਨਾ ਕੀਤੀ।

ਹੁਣ ਤਾਂ ‘ਜਥੇਦਾਰ’ ਫ਼ਖ਼ਰ ਨਾਲ ਇਹ ਵੀ ਕਹਿੰਦੇ ਹਨ ਕਿ ਅਕਾਲੀ ਦਲ ਅੱਜ ਜੋ ਵੀ ਹੈ, ਜਿਸ ਤਰ੍ਹਾਂ ਵੀ ਹੈ ਤੇ ਜਿਥੇ ਵੀ ਹੈ,ਉਸ ਦਾ ਹੁਕਮ ਨਾ ਮੰਨਣ ਵਾਲਾ ਸਿੱਖ, ਪੰਥ ਨਾਲ ਧ੍ਰੋਹ ਕਰ ਰਿਹਾ ਹੈ। ਹਰ ਸਾਲ, ਨਵੰਬਰ ਵਿਚ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ, ਸਿਆਸਤਦਾਨਾਂ ਦੇ ਲਿਫ਼ਾਫ਼ੇ ਵਿਚੋਂ ਨਿਕਲਦਾ ਹੈ ਤੇ ਰਸਮੀ ਤੌਰ ਤੇ ਐਲਾਨ ਕਰਦਾ ਹੈ ਕਿ ਉਹ ਅਧੋਗਤੀ ਵਿਚ ਜਾ ਰਹੇ ਪੰਥ ਦੀ ਕਾਇਆ ਕਲਪ ਕਰ ਦੇਵੇਗਾ, ਧਰਮ-ਪ੍ਰਚਾਰ ਦਾ ਹੜ੍ਹ ਲਿਆ ਦੇਵੇਗਾ, ਵਿਦਿਅਕ ਅਦਾਰਿਆਂ ਵਿਚ ਇਨਕਲਾਬੀ ਤਬਦੀਲੀਆਂ ਕਰ ਦੇਵੇਗਾ ਤੇ ਸੰਸਥਾ ਵਿਚ ਨਵੀਂ ਰੂਹ ਫੂਕ ਦੇਵੇਗਾ।

ਜਿਸ ਦਿਨ ਚੋਣ ਹੁੰਦੀ ਹੈ, ਉਸ ਦਿਨ ਹੀ ਇਹ ਵੀ ਸਪੱਸ਼ਟ ਕਰ ਦਿਤਾ ਜਾਂਦਾ ਹੈ ਕਿ ‘ਵਿਰੋਧੀ ਧਿਰ’ ਨੂੰ ਬੋਲਣ ਜਾਂ ਸ਼ਿਕਵੇ ਕਰਨ ਦੀ ਆਗਿਆ ‘ਪੰਥਕ ਪਾਰਲੀਮੈਂਟ’ ਵਿਚ ਬਿਲਕੁਲ ਨਹੀਂ ਦਿਤੀ ਜਾਵੇਗੀ। ਜੇ ਕੋਈ ਬੋਲਣ ਲਈ ਜ਼ਿਆਦਾ ਹੀ ਅੜ ਗਿਆ ਤਾਂ ‘ਅਨੰਦ ਭਇਆ ਮੇਰੀ ਮਾਏ’ ਤੇ ਅਰਦਾਸ ਪੜ੍ਹ ਕੇ ਸਮਾਪਤੀ ਕਰ ਦਿਤੀ ਜਾਏਗੀ ਤੇ ‘ਸਿੱਖ ਪਾਰਲੀਮੈਂਟ’ ਨੂੰ ਘੰਟੇ ਡੇਢ ਤੋਂ ਜ਼ਿਆਦਾ ਬਿਠਾ ਕੇ ਪੰਥ ਦਾ ਸਮਾਂ ਬਰਬਾਦ ਨਹੀਂ ਕਰਨ ਦਿਤਾ ਜਾਏਗਾ।

ਸ਼੍ਰੋਮਣੀ ਕਮੇਟੀ ‘ਪੰਥ ਦੀ ਪਾਰਲੀਮੈਂਟ’ ਹੈ, ਕੋਈ ਆਮ ਜਹੀ ਪਾਰਲੀਮੈਂਟ ਨਹੀਂ ਜਿਥੇ ਅੱਠ-ਅੱਠ ਘੰਟੇ ਸ਼ੋਰ ਸ਼ਰਾਬਾ ਪਾ ਕੇ ਖ਼ੂਬ ਹੰਗਾਮਾ ਕੀਤਾ ਜਾ ਸਕਦਾ ਹੋਵੇ। ਨਹੀਂ, ਭਾਵੇਂ ਜਿੰਨੀ ਮਰਜ਼ੀ ਚਰਚਾ ਕਰ ਲਉ, ਮਸਲੇ ਤਾਂ ਮੁਕਣੇ ਹੀ ਨਹੀਂ, ਇਸ ਲਈ ਘੰਟੇ ਅੱਧ ਮਗਰੋਂ ਹੀ ਮਸਲੇ ਵਿਚਾਰਨੇ ਬੰਦ ਤੇ ਅਰਦਾਸ ਪੜ੍ਹ ਕੇ ਸਮਾਂ ਬਚਾ ਲੈਣਾ ਹੀ ਇਥੇ ਸਿਆਣਪ ਮੰਨੀ ਜਾਂਦੀ ਹੈ।

ਇਨ੍ਹਾਂ ‘ਗੋਲਡਨ ਅਸੂਲਾਂ’ ਨੂੰ ਸਾਹਮਣੇ ਰੱਖ ਕੇ ਕਲ ਵੀ ਸਾਲਾਨਾ ਇਜਲਾਸ ਹੋਇਆ, ਨਵੇਂ ਪ੍ਰਧਾਨ, ਸਕੱਤਰ ਤੇ ਜਾਇੰਟ ਸਕੱਤਰ ਵੀ ਚੁਣੇ ਗਏ ਤੇ ਕੁੱਝ ਮਤੇ ਵੀ ਕਾਹਲੀ ਨਾਲ ਪਾਸ ਕੀਤੇ ਗਏ ਤੇ ਵਿਰੋਧੀ ਧਿਰ ਨੂੰ ਖ਼ਰੂਦ ਮਚਾਣੋਂ ਰੋਕ ਕੇ ਘਰ ਭੇਜ ਦਿਤਾ ਗਿਆ। ਜਦੋਂ ਉਹ ਗਵਾਚੀਆਂ 428 ਬੀੜਾਂ ਜਾਂ ਬੇਅਦਬੀਆਂ ਬਾਰੇ ਜਾਂ ਹੋਰ ਪੰਥਕ ਮਸਲਿਆਂ ਬਾਰੇ ਬੋਲਣ ਲਈ ਉਠੇ ਵੀ ਤਾਂ ਉਨ੍ਹਾਂ ਨੂੰ ਸਾਫ਼ ਸਾਫ਼ ਦਸ ਦਿਤਾ ਗਿਆ ਕਿ ਇਹ ਉਹ ਥਾਂ ਨਹੀਂ ਜਿਥੇ ‘ਫ਼ਜ਼ੂਲ ਦੇ ਸਵਾਲ’ ਉਠਾਏ ਜਾ ਸਕਦੇ ਹੋਣ। ਵਾਹਿਗੁਰੂ ਜੀ ਕਾ ਖ਼ਾਲਸਾ ਤੇ ਵਾਹਿਗੁਰੂ ਜੀ ਕੀ ਫ਼ਤਿਹ!!

ਚਲੋ ਭਲਾ ਹੋਵੇ, ‘ਦੁਸ਼ਮਣਾਂ’ ਦਾ ਜਿਨ੍ਹਾਂ ਨੇ ਇਹ ਸ਼ੋਰ ਮਚਾਇਆ ਹੋਇਆ ਸੀ ਕਿ ਸ਼੍ਰੋਮਣੀ ਅਕਾਲੀ ਦਲ ਸਿੱਖਾਂ ਅਤੇ ਸਿੱਖੀ ਤੋਂ ਦੂਰ ਹੋ ਗਿਆ ਹੈ। ਉਨ੍ਹਾਂ ਦੇ ਮੂੰਹ ਬੰਦ ਕਰਨ ਲਈ ਇਸ ਵਾਰ ‘ਪੰਥਕ ਚਿਹਰੇ’ ਸ਼੍ਰੋਮਣੀ ਗੁ. ਪ੍ਰ. ਕਮੇਟੀ ਵਿਚ ਅੱਗੇ ਲਿਆ ਦਿਤੇ ਗਏ ਹਨ ਤੇ ਸਿਆਸੀ ਚਿਹਰਿਆਂ ਨੂੰ ਅਸੈਂਬਲੀ ਚੋਣਾਂ ਲੜਨ ਲਈ ਭੇਜ ਦਿਤਾ ਗਿਆ ਹੈ।

ਪ੍ਰਧਾਨ ਜੀ (ਸ. ਹਰਜਿੰਦਰ ਸਿੰਘ ਧਾਮੀ) ਵੀ ਪੰਥਕ ਚਿਹਰੇ ਵਜੋਂ ਜਾਣੇ ਜਾਂਦੇ ਹਨ ਭਾਵੇਂ ਅੰਗਰੇਜ਼ੀ ਅਖ਼ਬਾਰਾਂ ਵਾਲਿਆਂ ਨੇ ਉਨ੍ਹਾਂ ਦੀ ਜਾਣ-ਪਛਾਣ ਬਾਦਲ ਪ੍ਰਵਾਰ ਦੇ ਵਫ਼ਾਦਾਰ ਵਜੋਂ ਕਰਵਾਈ ਹੈ ਅਤੇ ਕਰਨੈਲ ਸਿੰਘ ਪੰਜੋਲੀ, ਪ੍ਰਿੰਸੀਪਲ ਸੁਰਿੰਦਰ ਸਿੰਘ ਤਾਂ ਲਏ ਹੀ ਪੰਥਕ ਖ਼ੇਮੇ ਵਿਚੋਂ ਗਏ ਹਨ।

ਸਿਆਸੀ ਲੋਕ ਘਬਰਾਉਣ ਨਾ, ਚੋਣਾਂ ਦਾ ਮੌਸਮ ਹੈ ਤੇ ਇਕ ਸਾਲ ਮਗਰੋਂ ਉਨ੍ਹਾਂ ਦੀ ਵਾਰੀ ਫਿਰ ਤੋਂ ਆ ਜਾਏਗੀ। ਚੋਣ ਵਰ੍ਹੇ ਵਿਚ ਪੰਥਕ ਖ਼ੇਮੇ ਵਾਲਿਆਂ ਦਾ ਮੂੰਹ ਵੀ ਤਾ ਬੰਦ ਕਰਨਾ ਹੀ ਹੋਇਆ। ਘੱਟੋ ਘੱਟ ਚੋਣਾਂ ਮੁੱਕਣ ਤਕ ਤਾਂ ਹੁਣ ਪੰਥ ਦੇ ‘ਸਥਾਈ ਸੇਵਾਦਾਰਾਂ’ ਦੀ ਪੰਥ-ਪ੍ਰਸਤੀ ਤੇ ਕੋਈ ਸਵਾਲ ਨਹੀਂ ਚੁਕ ਸਕੇਗਾ। ਤਿੰਨ ਵਾਰ ਆਖੋ ਪੰਥ ਦੇ ‘ਸਥਾਈ ਸੇਵਾਦਾਰਾਂ’ ਦੀ ਸੂਝ-ਬੂਝ ਦੀ ਜੈ!!! ਫਿਰ ਮਿਲਾਂਗੇ ਅਗਲੇ ਸਾਲ! ਉਦੋਂ ਤਕ ਲਈ ਆਉ ਚੋਣਾਂ ਲੜ ਕੇ ਵਜ਼ੀਰੀਆਂ ਪ੍ਰਾਪਤ ਕਰਨ ਵਲ ਧਿਆਨ ਦਈਏ।