18ਵੇਂ ਜਨਮ ਦਿਨ ਦੀਆਂ ਸਪੋਕਸਮੈਨ ਦੇ ਸਾਰੇ ਪਾਠਕਾਂ ਤੇ ਸਨੇਹੀਆਂ ਨੂੰ ਲੱਖ-ਲੱਖ ਵਧਾਈਆਂ!

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਰੋਜ਼ਾਨਾ ਸਪੋਕਸਮੈਨ ਦੇ ਸੇਵਾਦਾਰਾਂ ਨੇ ਅਪਣੇ ਪਾਠਕਾਂ ਨਾਲ ਰਲ ਕੇ ਲਗਭਗ ਦੋ ਦਹਾਕੇ ਪਹਿਲਾਂ ਇਕ ਪ੍ਰਣ ਲਿਆ ਸੀ ਕਿ ਪੰਥ ਦੀ ਸ਼ਾਨ ਉੱਚੀ ਕਰਨ ਲਈ ਅਸੀ ਇਕ ਰੋਜ਼ਾਨਾ ...

photo

 

ਰੋਜ਼ਾਨਾ ਸਪੋਕਸਮੈਨ ਦੇ ਸੇਵਾਦਾਰਾਂ ਨੇ ਅਪਣੇ ਪਾਠਕਾਂ ਨਾਲ ਰਲ ਕੇ ਲਗਭਗ ਦੋ ਦਹਾਕੇ ਪਹਿਲਾਂ ਇਕ ਪ੍ਰਣ ਲਿਆ ਸੀ ਕਿ ਪੰਥ ਦੀ ਸ਼ਾਨ ਉੱਚੀ ਕਰਨ ਲਈ ਅਸੀ ਇਕ ਰੋਜ਼ਾਨਾ ਪੰਥਕ ਅਖ਼ਬਾਰ ਚਾਲੂ ਕਰਾਂਗੇ ਤੇ ਇਕ ਬਹੁ-ਕਰੋੜੀ ‘ਉੱਚਾ ਦਰ ਬਾਬੇ ਨਾਨਕ ਦਾ’ ਉਸਾਰਾਂਗੇ। 17 ਸਾਲ ਪਹਿਲਾਂ, ਅੱਜ ਦੇ ਦਿਨ ਹੀ ਅਖ਼ਬਾਰ ਨਿਕਲਿਆ ਪਰ ਇਕ ‘ਐਟਮ ਬੰਬ’ ਵਰਗਾ ਸ਼ਕਤੀਸ਼ਾਲੀ ‘ਹੁਕਮਨਾਮਾ’ ਪਹਿਲੇ ਦਿਨ ਹੀ ਸਾਡੇ ਉਤੇ ਵਗਾਹ ਮਾਰਿਆ ਗਿਆ ਤੇ ਸਿੱਖਾਂ ਨੂੰ ਕਿਹਾ ਗਿਆ ਕਿ ਸਪੋਕਸਮੈਨ ਨੂੰ ਕੋਈ ਨਾ ਪੜ੍ਹੇ, ਕੋਈ ਇਸ ਨੂੰ ਇਸ਼ਤਿਹਾਰ ਨਾ ਦੇਵੇ, ਕੋਈ ਇਸ ਵਿਚ ਨੌਕਰੀ ਨਾ ਕਰੇ ਤੇ ਕੋਈ ਹੋਰ ਸਹਿਯੋਗ ਵੀ ਨਾ ਦੇਵੇ। ਗੁਰਦਵਾਰਿਆਂ ’ਚੋਂ ਧੂਆਂਧਾਰ ਪ੍ਰਚਾਰ ਸ਼ੁਰੂ ਕਰ ਦਿਤਾ ਗਿਆ ਤੇ ਐਲਾਨੀਆ ਕਿਹਾ ਜਾਣ ਲੱਗ ਪਿਆ ਕਿ ਅਖ਼ਬਾਰ ਨੂੰ 6 ਮਹੀਨੇ ਵਿਚ ਬੰਦ ਕਰਵਾ ਦਿਆਂਗੇ, ਸਾਲ ਵਿਚ ਬੰਦ ਕਰਾ ਦਿਆਂਗੇ। ਪਰ ਪਾਠਕਾਂ ਤੇ ਸਨੇਹੀਆਂ ਦਾ ਉਤਸ਼ਾਹ ਵੇਖ ਕੇ, ਉਨ੍ਹਾਂ ਦੀ ਅਰਦਾਸ ਅਕਾਲ ਪੁਰਖ ਨੇ ਸੁਣ ਲਈ ਤੇ ਜਾਬਰ ਸ਼ਕਤੀਆਂ ਦੇ ਹਰ ਹੱਲੇ ਨੂੰ ਪਛਾੜਦਾ ਹੋਇਆ, ਰੋਜ਼ਾਨਾ ਸਪੋਕਸਮੈਨ ਅੱਜ 18ਵੇਂ ਸਾਲ ਵਿਚ ਪੈਰ ਰੱਖ ਰਿਹਾ ਹੈ ਤੇ ਇਹ ਕੋਈ ਛੋਟੀ ਗੱਲ ਵੀ ਨਹੀਂ।

ਇਸ ਦੌਰਾਨ ਹੀ ਫ਼ੈਸਲਾ ਕਰ ਲਿਆ ਗਿਆ ਕਿ ਜੇ ਪਾਠਕ ਸਹਿਯੋਗ ਦੇਣ ਅਤੇ ਕੁਰਬਾਨੀ ਕਰਨ ਲਈ ਤਿਆਰ ਹੋਣ ਤਾਂ ‘ਉੱਚਾ ਦਰ ਬਾਬੇ ਨਾਨਕ ਦਾ’ ਦੀ ਉਸਾਰੀ ਦਾ ਕੰਮ ਵੀ ਸ਼ੁਰੂ ਕਰ ਦਿਤਾ ਜਾਏ। ਸਾਰਿਆਂ ਦੀ ਸਾਂਝੀ ਮਿਹਨਤ ਅਤੇ ਕੁਰਬਾਨੀ ਦਾ ਹੀ ਫੱਲ ਹੈ ਕਿ ਅੱਜ ਸਪੋਕਸਮੈਨ ਪ੍ਰਵਾਰ ਵਲੋਂ ਲਗਾਏ ਗਏ ਦੋਵੇਂ ਬੂਟੇ ਸ਼ਾਨ ਨਾਲ ਅੰਬਰਾਂ ਨੂੰ ਛੂਹ ਲੈਣ ਲਈ ਤਿਆਰ-ਬਰ-ਤਿਆਰ ਹੋਏ ਦਿਸਦੇ ਹਨ। ‘ਉੱਚਾ ਦਰ’ ਦੀ ਕਾਇਮੀ ਨੂੰ ਰੋਕਣ ਲਈ ਪਹਿਲਾਂ ਨਾਲੋਂ ਵੀ ਵੱਡੇ ਪੱਥਰ ਇਸ ਦੇ ਰਾਹ ਵਿਚ ਸੁੱਟੇ ਗਏੇ ਤੇ ਪੂਰੀ ਕੋਸ਼ਿਸ਼ ਕੀਤੀ ਗਈ ਕਿ ਇਹ ਵੀ ਹੋਂਦ ਵਿਚ ਨਾ ਆ ਸਕੇ।
ਇਹ ਐਲਾਨ ਕਰਦਿਆਂ ਸਾਨੂੰ ਬੜੀ ਖ਼ੁਸ਼ੀ ਮਹਿਸੂਸ ਹੋ ਰਹੀ ਹੈ ਕਿ ਅਖ਼ਬਾਰ ਤੋਂ ਬਾਅਦ ‘ਉੱਚਾ ਦਰ’ ਵੀ ਅਪਣਾ ਜਲਵਾ ਵਿਖਾਣ ਲਈ ਤਿਆਰ ਹੋ ਚੁੱਕਾ ਹੈ। ਹੁਣ ਸਿਰਫ਼ ਇਕ ਮੀਟਿੰਗ ਇਸ ਦੇ ਸੱਚੇ ਹਮਦਰਦਾਂ ਤੇ ਕਦਰਦਾਨਾਂ ਦੀ ਬੁਲਾਈ ਜਾਣੀ ਹੈ ਜੋ ਸਾਂਝਾ ਤੇ ਸਰਬ ਸੰਮਤੀ ਵਾਲਾ ਫ਼ੈਸਲਾ ਲੈਣਗੇ ਕਿ ਇਸ ਨੂੰ ਕਾਮਯਾਬ ਕਿਵੇਂ ਕਰਨਾ ਹੈ, ਪਹਿਲਾ ਇਤਿਹਾਸਕ ਸਮਾਗਮ ਕਿਸ ਤਰ੍ਹਾਂ ਦਾ ਕਰਨਾ ਹੈ ਤੇ ਕਿਸ ਕਿਸ ਨੇ ਕੀ ਡਿਊਟੀ ਸੰਭਾਲਣੀ ਹੈ। ਉਸ ਮਗਰੋਂ ਛੇਤੀ ਹੀ ‘ਉੱਚਾ ਦਰ’ ਚਾਲੂ ਕਰ ਦਿਤਾ ਜਾਵੇਗਾ।

ਇਥੇ ਸਪੱਸ਼ਟ ਕਰ ਦਈਏ ਕਿ ‘ਉੱਚਾ ਦਰ ਬਾਬੇ ਨਾਨਕ ਦਾ’ ਨਿਰਾ ਕੋਈ ਅਜੂਬਾ ਜਾਂ ਇਮਾਰਤ ਨਹੀਂ ਸਗੋਂ ਬਾਬੇ ਨਾਨਕ ਦੇ ਸੁਨੇਹੜੇ ਨੂੰ ਦੁਨੀਆਂ ਦੇ ਬੱਚੇ-ਬੱਚੇ ਤਕ ਲਿਜਾਣ ਦਾ ਇਕ ਪਲੇਟਫ਼ਾਰਮ ਮਾਤਰ ਹੈ ਜਿਸ ਦੇ ਪ੍ਰਬੰਧਕ ਨਿਸ਼ਕਾਮ ਭਾਵਨਾ ਨਾਲ ਕੰਮ ਕਰਨਗੇ ਤੇ ਪੂਰੇ ਦਾ ਪੂਰਾ ਮੁਨਾਫ਼ਾ, ਗ਼ਰੀਬਾਂ, ਲੋੜਵੰਦਾਂ ਨੂੰ ਵੰਡ ਦੇਣਗੇ। ਕੋਈ ਗੋਲਕ ਨਹੀਂ ਰੱਖੀ ਜਾਏਗੀ ਤੇ ਕੋਈ ਤਨਖ਼ਾਹ, ਭੱਤਾ ਨਹੀਂ ਲਿਆ ਜਾਏਗਾ। ਬਾਬੇ ਨਾਨਕ ਨੇ ਕੇਵਲ ਪੰਜਾਬ ਜਾਂ ਭਾਰਤ ਦੇ ਲੋਕਾਂ ਲਈ ਨਹੀਂ ਸੀ ਸੋਚਿਆ ਸਗੋਂ ਸਾਰੀ ਮਨੁੱਖਤਾ ਨੂੰ ਇਕ ਇਕਾਈ ਮੰਨ ਕੇ ਇਕ ਅਸਲੋਂ ਨਵਾਂ ਸਿਧਾਂਤ ਤਿਆਰ ਕੀਤਾ ਸੀ ਜਿਸ ਨੂੰ ਅਸੀ ਹਿੰਦੁਸਤਾਨ ਦੇ ਲੋਕਾਂ ਤਕ ਵੀ ਨਹੀਂ ਪਹੁੰਚਾ ਸਕੇ ਤੇ ਇਸ ਵਿਚ ਰਲਾ ਵੀ ਏਨਾ ਪਾ ਦਿਤਾ ਹੈ ਕਿ ਇਸ ਦੀ ਪਹਿਚਾਣ ਦਸਣੀ ਵੀ ਔਖੀ ਹੋ ਗਈ ਹੈ। ਬਾਬੇ ਨਾਨਕ ਦੀ ਬਾਣੀ ਦੇ ਅਰਥ ਵੀ ਭਾਰਤ ਦੇ ਪੁਰਾਤਨ ਗ੍ਰੰਥਾਂ ਵਿਚੋਂ ਅੱਖਰ ਉਧਾਰੇ ਲੈ ਕੇ ਕਰ ਦਿਤੇ ਗਏ ਹਨ ਜਦਕਿ ਬਾਬਾ ਨਾਨਕ ਨੇ ਉਹ ਕੁੱਝ ਕਹਿਣਾ ਹੀ ਨਹੀਂ ਸੀ ਚਾਹਿਆ ਜੋ ਅੱਜ ਬਾਬੇ ਨਾਨਕ ਨਾਲ ਜੋੜ ਦਿਤਾ ਗਿਆ ਹੈ। ਬਹੁਤ ਕੁੱਝ ਠੀਕ ਕਰਨ ਦੀ ਲੋੜ ਹੈ ਪਰ ਇਹ ਕੰਮ ਸਾਰਿਆਂ ਨੂੰ ਨਾਲ ਲੈ ਕੇ ਤੇ ਬੜੇ ਧੀਰਜ ਤੇ ਸਹਿਜ ਨਾਲ ਕਰਨਾ ਪਵੇਗਾ।

ਵੱਧ ਤੋਂ ਵੱਧ ਨਾਨਕ-ਪ੍ਰਸਤਾਂ ਨੂੰ ਇਸ ਇਤਿਹਾਸਕ ਕਾਰਜ ਦੇ ਸਹਿਯੋਗੀ ਬਣਨਾ ਚਾਹੀਦਾ ਹੈ। ਵਿਸਥਾਰ-ਪੂਰਵਕ ਪ੍ਰੋਗਰਾਮ ਛੇਤੀ ਹੀ ਆਪ ਦੇ ਸਾਹਮਣੇ ਆ ਜਾਣਗੇ। ਅੱਜ ਦੇ ਪਰਚੇ ਵਿਚ ਉਨ੍ਹਾਂ ਕੁੱਝ ਹਸਤੀਆਂ ਬਾਰੇ ਯਾਦਾਂ ਸਾਂਝੀਆਂ ਕੀਤੀਆਂ ਗਈਆਂ ਹਨ (ਪਿਛਲੇ ਪਰਚਿਆਂ ਵਿਚੋਂ ਲੈ ਕੇ) ਜਿਨ੍ਹਾਂ ਨੇ ਇਨ੍ਹਾਂ ਭੀਆਵਲੇ ਦਿਨਾਂ ਵਿਚ ਸਾਡਾ ਹੌਸਲਾ ਬਣਾਈ ਰਖਿਆ। ਇਨ੍ਹਾਂ ਤੋਂ ਵੀ ਜ਼ਿਆਦਾ ਹੌਸਲਾ ਸਾਡੇ ਦਿਲ ਦੇ ਅਮੀਰ ਪਾਠਕਾਂ, ਪੱਤਰਕਾਰਾਂ, ਲੇਖਕਾਂ ਤੇ ਵਿਦਵਾਨਾਂ ਨੇ ਵਧਾਇਆ। ਅਸੀ ਸੱਭ ਦੇ ਦਿਲੋਂ ਰਿਣੀ ਹਾਂ ਤੇ ਅਗਲੇ ਵੱਡੇ ਤੇ ਇਤਿਹਾਸਕ ਕਾਰਜ ਲਈ ਫਿਰ ਤੋਂ ਸੱਭ ਨੂੰ ਬਾਬੇ ਨਾਨਕ ਦੇ ਵਿਹੜੇ ਵਿਚ ਇਕੱਠਿਆਂ ਹੋ ਕੇ ਕੰਮ ਕਰਨ ਦਾ ਸੱਦਾ ਦੇਂਦੇ ਹਾਂ।