Editorial: ਸਪੋਕਸਮੈਨ ਦੇ ਪਾਠਕ ਇਸੇ ਤਰ੍ਹਾਂ ਮਿਲ ਕੇ ਚਲਦੇ ਰਹੇ ਤਾਂ ਨਵਿਉਂ ਨਵਾਂ ਇਤਿਹਾਸ ਸਿਰਜਦੇ ਜਾਣਗੇ

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

Editorial: ਸ. ਜੋਗਿੰਦਰ ਸਿੰਘ ਨੇ ਇਸ ਕੌਮ ਵਾਸਤੇ ਜੋ ਕੁਰਬਾਨੀਆਂ ਦਿਤੀਆਂ ਹਨ, ਉਨ੍ਹਾਂ ਨੂੰ ਇਸ ਕੌਮ ਦਾ ਹੀਰਾ ਮੰਨ ਲੈਣਾ ਚਾਹੀਦਾ ਹੈ।

If the readers of Spokesman continue to walk together like this, new history will be created:

If the readers of Spokesman continue to walk together like this, new history will be created: ਸਪੋਕਸਮੈਨ ਅਖ਼ਬਾਰ ਦੇ ਪਾਠਕਾਂ ਨੂੰ ਉਨ੍ਹਾਂ ਦੀ ਅਪਣੀ ਅਖ਼ਬਾਰ ਦੀ 19ਵੀਂ ਵਰ੍ਹੇਗੰਢ ਤੇ ਅਰਬਾਂ ਖ਼ਰਬਾਂ ਮੁਬਾਰਕਾਂ। ਇਸ ਦੀ ਮੁਢਲੀ ਸੰਭਾਲ ਦਾ ਸਾਰਾ ਭਾਰ ਸ. ਜੋਗਿੰਦਰ ਸਿੰਘ ਤੇ ਬੀਬੀ ਜਗਜੀਤ ਕੌਰ ਨੂੰ ਚੁਕਣਾ ਪਿਆ, ਉਹ ਵੀ ਉਸ ਸਮੇਂ ਜਦ ਵਕਤ ਦੀ ਸਰਕਾਰ ਇਸ ਨਵ-ਜਨਮੇ ਬੱਚੇ ਨੂੰ ਮਾਰ ਦੇਣ ਲਈ ਉਸੇ ਤਰ੍ਹਾਂ ਬਜ਼ਿਦ ਸੀ ਜਿਸ ਤਰ੍ਹਾਂ ਸ੍ਰੀ ਕ੍ਰਿਸ਼ਨ ਨੂੰ ਮਾਰਨ ਲਈ ਕੰਸ ਸਹੁੰ ਖਾਈ ਬੈਠਾ ਸੀ। ਉਨ੍ਹਾਂ ਦੀ ਸਫ਼ਲਤਾ ਦਾ ਕਾਰਨ ਸਿਰਫ਼ ਪਾਠਕਾਂ ਵਲੋਂ ਦਿਤਾ ਸਮਰਥਨ ਸੀ। ਜਿਸ ਕੌਮ ਦੇ ਇਤਿਹਾਸ ਵਿਚ ਪ੍ਰੋ. ਗੁਰਮੁਖ ਸਿੰਘ ਤੇ ਗਿਆਨੀ ਦਿੱਤ ਸਿੰਘ ਦੀ ਪਹਿਲੀ ਸਿੱਖ ਅਖ਼ਬਾਰ ਦਾ ਕਤਲ ਅੰਗਰੇਜ਼ ਹਕੂਮਤ ਤੇ ਸਾਡੇ ਅੰਬਰਸਰ ਦੇ ਪੁਜਾਰੀਆਂ ਨੇ ਰਲ ਕੇ ਕੀਤਾ ਹੋਵੇ, ਉਥੇ ਸਪੋਕਸਮੈਨ ਦੀ ਸਫ਼ਲਤਾ, ਬਿਨਾਂ ਕਿਸੇ ਕਾਰਪੋਰੇਟ ਘਰਾਣੇ ਜਾਂ ਸਿਆਸੀ ਪਾਰਟੀ ਦਾ ਸਮਰਥਨ ਲਏ ਦੇ, ਤੁਹਾਡੇ ਸਾਥ ਬਿਨਾ ਮੁਮਕਿਨ ਨਹੀਂ ਸੀ ਹੋਣੀ। ਸਪੋਕਸਮੈਨ ਨੂੰ 1950 ਵਿਚ ਸ਼ੁਰੂ ਤਾਂ ਸ. ਹੁਕਮ ਸਿੰਘ ਨੇ ਹੀ ਕੀਤਾ ਸੀ ਪਰ ਚੰਡੀਗੜ੍ਹ ਆਉਣ ਤੋਂ ਪਹਿਲਾਂ ਲਗਭਗ ਖ਼ਤਮ ਹੀ ਹੋ ਚੁੱਕਾ ਸੀ। ਪਰ ਸ. ਜੋਗਿੰਦਰ ਸਿੰਘ ਨੇ ਅਪਣੇ ਪਿਆਰੇ ਪੰਜ ਪਾਣੀ ਨੂੰ ਬੰਦ ਕਰ ਕੇ ਸਪੋੋਕਸਮੈਨ ਦਾ ਨਾਮ ਖ਼ਰੀਦ ਕੇ ਇਕ ਇਤਿਹਾਸਕ ਪੰਥਕ ਪਰਚੇ ਨੂੰ ਜ਼ਿੰਦਾ ਰੱਖਣ ਦਾ ਬੀੜਾ ਚੁਕਿਆ।

ਇਸ ਪ੍ਰਵਾਰ ਵਿਚ ਜੰਮੀ ਧੀ ਹੋਣ ਦੇ ਨਾਤੇ ਕਈ ਵਾਰ ਅਪਣੇ ਮਾਂ-ਬਾਪ ਤੇ ਰੋਸ ਵੀ ਆਇਆ, ਕਈ ਵਾਰ ਪਾਠਕਾਂ ਨਾਲ ਨਾਰਾਜ਼ਗੀ ਵੀ ਹੋਈ ਕਿਉਂਕਿ ਜੋ ਸ. ਜੋਗਿੰਦਰ ਸਿੰਘ ਕਰਨਾ ਚਾਹੁੰਦੇ ਸਨ, ਉਸ ਲਈ ਰੱਬ ਸੱਚੇ ਦੇ ਆਦੇਸ਼ ਨਾਲ ਤਾਕਤ ਉਹ ਤੁਹਾਡੇ ਸਮਰਥਨ ਵਿਚੋਂ ਲਭਦੇ ਸਨ। ਜਦ ਤਕ ਇਹ ਇਕ ਮਹੀਨਾਵਾਰ ਮੈਗਜ਼ੀਨ ਸੀ, ਤਦ ਤਕ ਪ੍ਰਵਾਰ ਬੜਾ ਖ਼ੁਸ਼ ਸੀ ਪਰ ਜਦ ਅਖ਼ਬਾਰ ਦੀ ਤਿਆਰੀ ਸ਼ੁਰੂ ਕੀਤੀ ਗਈ ਤਾਂ ਸੱਭ ਸ. ਜੋਗਿੰਦਰ ਸਿੰਘ ਨਾਲ ਨਾਰਾਜ਼ਗੀ ਪ੍ਰਗਟ ਕਰਦੇ ਵੇਖੇ ਗਏ। ਮਾਹਰਾਂ ਨਾਲ ਗੱਲ ਕੀਤੀ ਤੇ ਸਮਝਿਆ ਅਤੇ ਸਮਝਾਉਣ ਦਾ ਯਤਨ ਕੀਤਾ ਕਿ ਅਖ਼ਬਾਰ ਕਰੋੜਾਂ ਦੀ ਖੇਡ ਹੈ, ਸਾਡੇ ਪ੍ਰਵਾਰ ਦੀ ਏਨੀ ਤਾਕਤ ਨਹੀਂ। ਉਸ ਵਕਤ ਕੁੱਝ ਅਮੀਰ ਲੋਕਾਂ ਨੇ ਸ. ਜੋਗਿੰਦਰ ਸਿੰਘ ਜੀ ਦੀ ਬੱਲੇ ਬੱਲੇ ਕੀਤੀ ਤੇ ਭਰੋਸਾ ਦਿਵਾਇਆ ਕਿ ਉਹ ਸਦਾ ਉਨ੍ਹਾਂ ਨਾਲ ਖੜੇ ਰਹਿਣਗੇ। ਜੋਗਿੰਦਰ ਸਿੰਘ ਨੇ ਤਾਂ ਪੰਜਾਬੀ ਪੱਤਰਕਾਰੀ ਦਾ ਮਿਆਰ  ਉੱਚਾ ਚੁੱਕਣ ਵਾਸਤੇ ਅਪਣੇ ਇਕੋ ਘਰ ਨੂੰ ਵੀ ਵੇਚ ਦਿਤਾ ਪਰ ਹੌਲੀ ਹੌਲੀ ਸੌ-ਸੌ ਕਿਲਿਆਂ ਵਾਲੇ ਪਿੱਛੇ ਹਟਦੇ ਗਏ। ਫਿਰ ਬੰਬ ਵਾਂਗ ਅਖ਼ਬਾਰ ਨੇ ਪੰਜਾਬ ਵਿਚ ਉਥਲ ਪੁਥਲ ਮਚਾ ਦਿਤੀ। ਅੰਗਰੇਜ਼ੀ ਅਖ਼ਬਾਰਾਂ ਦੇ ਮੁਕਾਬਲੇ ਦਾ ਪੰਜਾਬੀ ਅਖ਼ਬਾਰ ਪਹਿਲੀ ਵਾਰ ਨਿਕਲਿਆ ਪਰ ਉਸ ਤੋਂ ਬਾਅਦ ਜੋ ਜੋ ਕੁੱਝ ਇਕ ਅਖ਼ਬਾਰ ਨਾਲ ਵਕਤ ਦੇ ਹਾਕਮਾਂ ਤੇ ਘਬਰਾਏ ਹੋਏ ਪੁਰਾਣੇ ਪੰਜਾਬੀ ਗੋਦੀ ਮੀਡੀਆ ਨੇ ਅਕਾਲ ਤਖ਼ਤ ਦੀ ਆੜ ਲੈ ਕੇ ਕੀਤਾ, ਉਸ ਨੇ ਪਰਚਾ ਜਾਰੀ ਰਖਣਾ ਔਖਾ ਤਾਂ ਬਣਾ ਦਿਤਾ ਪਰ ਗਿਆਨੀ ਦਿੱਤ ਸਿੰਘ ਦੇ ਅਖ਼ਬਾਰ ਵਾਲੀ ਅਫ਼ਸੋਸਨਾਕ ਦ੍ਰਿਸ਼ਾਵਲੀ ਇਸ ਵਾਰ ਦੁਹਰਾਈ ਨਾ ਜਾ ਸਕੀ ਕਿਉਂਕਿ ਐਡੀਟਰ ਤੇ ਉਸ ਦੇ ਪਾਠਕਾਂ ਦੀ ਸਾਂਝ ਕਦੇ ਨਾ ਤੋੜੀ ਜਾ ਸਕੀ।

ਸ. ਜੋਗਿੰਦਰ ਸਿੰਘ ਨੇ ਇਸ ਕੌਮ ਵਾਸਤੇ ਜੋ ਕੁਰਬਾਨੀਆਂ ਦਿਤੀਆਂ ਹਨ, ਉਨ੍ਹਾਂ ਨੂੰ ਇਸ ਕੌਮ ਦਾ ਹੀਰਾ ਮੰਨ ਲੈਣਾ ਚਾਹੀਦਾ ਹੈ। ਮੈਂ ਇਹ ਇਸ ਕਰ ਕੇ ਨਹੀਂ ਆਖ ਰਹੀ ਕਿ ਬੇਟੀ ਹਾਂ ਸਗੋਂ ਇਸ ਲਈ ਆਖ ਰਹੀ ਹਾਂ ਕਿ ਮੈਂ ਸੱਭ ਕੁੱਝ ਹੁੰਦਾ ਅਪਣੀ ਅੱਖੀਂ ਵੇਖਿਆ ਹੈ ਤੇ ਕੁਰਬਾਨੀ ਦੇ ਹਰ ਪਲ ਦੀ ਮੈਂ ਚਸ਼ਮਦੀਦ ਗਵਾਹ ਹਾਂ। ਅਪਣੀ ਕੌਮ ਅਤੇ ਅਖ਼ਬਾਰ ਨੂੰ ਜ਼ਿੰਦਾ ਰੱਖਣ ਲਈ ਅਪਣੀ ਹਰ ਖ਼ੁਸ਼ੀ ਕੁਰਬਾਨ ਕਰਨ ਦੇ ਨਾਲ ਨਾਲ ਅਪਣੇ ਪ੍ਰਵਾਰ ਅਤੇ ਬੱਚਿਆਂ ਦੀ ਹਰ ਖ਼ੁਸ਼ੀ ਅਤੇ ਚਾਹਤ, ਬਿਨਾਂ ਪੁੱਛੇ, ਕੁਰਬਾਨ ਕਰ ਦਿਤੀ। ਸਾਨੂੰ ਅਖ਼ਬਾਰ ਦੇ ਸੰਘਰਸ਼ੀ ਸਮੇਂ ਦੀ ਕੋਈ ਘਟਨਾ ਯਾਦ ਨਹੀਂ ਜਦ ਸਾਡੇ ਪਿਤਾ ਨੇ ਸਾਡੀ 500 ਰੁਪਏ ਜਿੰਨੀ ਕੋਈ ਖ਼ੁਸ਼ੀ ਪੂਰੀ ਕੀਤੀ ਹੋਵੇ ਤੇ ਜਿੰਨਾ ਪੈਸਾ ਹੁੰਦਾ ਸੀ, ਉਹ ਸਿਰਫ਼ ਅਖ਼ਬਾਰ ਨੂੰ ਬਚਾਉਣ ਲਈ ਹੀ ਖ਼ਰਚਿਆ ਜਾਂਦਾ ਸੀ। ਮੇਰੀ ਮਾਂ ਦੇ ਗਹਿਣੇ ਤਾਂ ਪੱਤਰਕਾਰੀ ਵਾਸਤੇ ਪਹਿਲੇ ਸਾਲ ਹੀ ਵੇਚ ਦਿਤੇ ਗਏ ਸਨ ਪਰ ਬੇਟੀਆਂ ਦੀ ਕਮਾਈ ਵੀ ਇਸ ਸੰਘਰਸ਼ ਵਿਚ ਦਾਨ ਵਜੋਂ ਦੇ ਦਿਤੀ। ਅੱਜ ਵੀ ‘ਉੱਚਾ ਦਰ’ ਵਾਸਤੇ ਪਹਿਲਾਂ ਸੋਚਦੇ ਹਨ ਨਾਕਿ ਸਾਡੇ ਵਾਸਤੇ ਇਕ ਛੋਟਾ ਜਿਹਾ ਘਰ ਬਣਾਉਣ ਬਾਰੇ। 83 ਸਾਲ ਦੀ ਉਮਰ ਵਿਚ ਵੀ 18 ਘੰਟੇ ਕੰਮ ਕਰਦੇ ਹਨ। ਹਰ ਰੋਜ਼ ‘ਉੱਚਾ ਦਰ’ ਜਾ ਕੇ ਉਸਾਰੀ ਵੇਖਦੇ ਹਨ ਤੇ ਜਦ ਰਾਤ ਨੂੰ ਅਖ਼ਬਾਰ ਦਾ ਕੰਮ ਵੇਖਣ ਬੈਠਦੇ ਹਨ ਤਾਂ ਪੈਰ ਸੁੱਜੇ ਹੁੰਦੇ ਹਨ ਤੇ ਉਨ੍ਹਾਂ ਨਾਲ ਬੈਠੀ ਜਗਜੀਤ ਕੌਰ ਬਰਾਬਰ ਦੀ ਕੁਰਬਾਨੀ ਦੇ ਰਹੀ ਹੁੰਦੀ ਹੈ। 
ਹਾਂ ਉਨ੍ਹਾਂ ਦੀ ਖ਼ੁਸ਼ੀ ਵਿਚ ਕਿਸੇ ਜਿਸਮਾਨੀ ਦਰਦ ਦਾ ਕੋਈ ਦਖ਼ਲ ਨਹੀਂ।

ਹਰ ਰੋਜ਼ ਜਦ ਤੁਹਾਡੇ ਕੋਲ ਅਖ਼ਬਾਰ ਪਹੁੰਚਦੀ ਹੈ, ਜਦ ਫ਼ੋਨ ਤੇ ਅੱਜ ਦੇ ਕੰਮ ਦੀ ਚਰਚਾ ਹੁੰਦੀ ਹੈ, ਜਦ ਪਾਠਕਾਂ ਦੀਆਂ ਚਿੱਠੀਆਂ ਪੜ੍ਹਦੇ ਹਨ, ਉਹੀ ਉਨ੍ਹਾਂ ਦੀ ਸੰਤੁਸ਼ਟੀ ਦੇ ਪਲ ਹੁੰਦੇ ਹਨ ਤੇ ਬਾਕੀ ਸੰਘਰਸ਼ ਦੇ। ਤੇ ਤੁਸੀ ਸੱਭ ਨੇ ਮੇਰੇ ਪਿਤਾ ਦੇ ਹੱਥ ਨਾਲ ਹੱਥ ਮਿਲਾ ਕੇ ਬੜੇ ਵੱਡੇ ਕਾਰਜ ਕੀਤੇ ਹਨ। ਆਉਣ ਵਾਲੀ ਜਨਵਰੀ ਵਿਚ ‘ਉੱਚਾ ਦਰ’ ਦੀ ਸ਼ੁਰੂਆਤ ਤੋਂ ਲੈ ਕੇ ਪਿਛਲੇ 18 ਸਾਲਾਂ ਵਿਚ ਕਿੰਨੀ ਥਾਂ ਪੰਜਾਬੀਅਤ ਤੇ ਸਿੱਖੀ ਦੇ ਬੀਜ ਬੋਏ ਹਨ। ਹਾਂ ਸ਼ਾਇਦ ਤੁਸੀ ਮਿਲ ਕੇ ਪੈਸਾ ਨਹੀਂ ਬਣਾ ਸਕੇ, ਨਾ ਘਰ, ਨਾ ਹੋਟਲ, ਨਾ ਮਾਲ ਪਰ ਤੁਸੀ ਸਾਰਿਆਂ ਨੇ ਪੰਜਾਬੀ ਪੱਤਰਕਾਰੀ ਵਿਚ ਇਕ ਇਤਿਹਾਸ ਕਾਇਮ ਕੀਤਾ ਹੈ। ਅੱਜ ਲੋਕ ਸਿੱਖੀ ਵਿਚ ਆ ਗਈਆਂ ਕੁਰੀਤੀਆਂ ਤੇ ਸਵਾਲ ਚੁਕਦੇ ਹਨ। ਨਕੋਦਰ ਵਿਚ ਸਿੱਖ ਮਾਰੇ ਸਨ ਪਰ ਬਰਗਾੜੀ ਵਿਚ ਕੀਤੀ ਉਸੇ ਗ਼ਲਤੀ ਨੇ ਉਸੇ ਪਾਰਟੀ ਦੇ ਗੋਡੇ ਲਵਾ ਦਿਤੇ। ਸੌਦਾ ਸਾਧ ਨੂੰ ਮਾਫ਼ੀ ਨਾ ਮਿਲਣ ਦਿਤੀ ਤੇ ਜੇ ਤੁਸੀ ਮਿਲ ਕੇ ਚਲਦੇ ਰਹੇ ਤਾਂ ਉਹ ਸਮਾਂ ਵੀ ਦੂਰ ਨਹੀਂ ਜਦ ਅਕਾਲੀ ਦਲ ਪੰਥਕ ਆਗੂਆਂ ਦੀ ਕਮਾਨ ਹੇਠ ਦੁਬਾਰਾ ਸਜੇਗਾ ਤੇ ਪੰਜਾਬ ਦੀ ਗੱਲ ਫਿਰ ਤੋਂ ਸ਼ੁਰੂ ਹੋਵੇਗੀ। ਉਹ ਸਮਾਂ ਵੀ ਆਵੇਗਾ ਜਦ ਜਥੇਦਾਰ ਨੂੰ ਲਿਫ਼ਾਫ਼ਿਆਂ ’ਚੋਂ ਕੱਢਣ ਦਾ ਸਾਹਸ ਕੋਈ ਨਹੀਂ ਕਰੇਗਾ। ਪੰਥਕ ਆਗੂ, ਸੁਮੇਧ ਸੈਣੀ ਨਾਲ ਮਿਲ ਕੇ ਪੰਜਾਬੀਆਂ ਤੇ ਗੋਲੀਆਂ ਚਲਾਉਣ ਬਾਰੇ ਵੀ ਨਹੀਂ ਸੋਚ ਸਕਣਗੇ।

ਸ. ਜੋਗਿੰਦਰ ਸਿੰਘ ਤੇ ਬੀਬੀ ਜਗਜੀਤ ਕੌਰ ਜੇ ਦਿਲ ਹਨ ਤਾਂ ਪਾਠਕ ਉਨ੍ਹਾਂ ਦੀ ਧੜਕਣ। ਉਹ ਜਿਸਮ ਹਨ ਤਾਂ ਤੁਸੀ ਰੂਹ। ਮੇਰੇ ਵਰਗੇ ਕਈ ਤੁਹਾਡੀ ਇਸ ਲਹਿਰ ਨੂੰ ਸਵੀਕਾਰਨ ਵਾਸਤੇ ਮਜਬੂਰ ਹੋਏ ਹਨ ਤੇ ਸ਼ੁਕਰ ਗੁਜ਼ਾਰ ਵੀ ਹਾਂ ਕਿਉਂਕਿ ਜੋ ਤੁਸੀ ਮਿਲ ਕੇ ਕੀਤਾ ਹੈ, ਦੁਨਿਆਵੀ ਭਾਸ਼ਾ ਵਿਚ ਘਰ ਫੂਕ ਤਮਾਸ਼ਾ ਵੇਖਣਾ ਵੀ ਕਹਿ ਦਿਤਾ ਜਾਂਦਾ ਹੈ ਪਰ ਜੇ ਤੁਹਾਡੇ ਵਰਗੇ ਨਾ ਹੋਣ ਤਾਂ ਸਮਾਜ ਗਹਿਰੀ ਨੀਂਦ ਵਿਚ ਸੁੱਤਾ ਹੀ ਰਹਿ ਜਾਵੇੇ।          - ਨਿਮਰਤ ਕੌਰ