ਦਿੱਲੀ ਵਿਚ ਸਿੱਖ ਕੁੜੀ ਦੀ ਪੱਤ ਤਾੜੀਆਂ ਮਾਰ ਕੇ ਭੀੜ ਨੇ ਲੁੱਟੀ ਤੇ ਉਸ ਦੇ ਕੇਸ ਕੱਟ ਕੇ ਧਰਮ ਨੂੰ...
‘ਆਪ’ ਸਰਕਾਰ ਤੇ ਦਿੱਲੀ ਪੁਲਿਸ ਵਿਚਕਾਰ ਖੜੀ ਕੀਤੀ ਗਈ ਦੀਵਾਰ ਕਾਰਨ ਕੋਈ ਇਸ ਬੱਚੀ ਦੀ ਆਵਾਜ਼ ਨਹੀਂ ਬਣ ਰਿਹਾ।
ਦਿੱਲੀ ਵਿਚ ਫਿਰ ਇਕ ਅਜਿਹੀ ਖ਼ੌਫ਼ਨਾਕ ਤਸਵੀਰ ਸਾਹਮਣੇ ਆਈ ਹੈ ਜਿਸ ਨੂੰ ਵੇਖ ਕੇ ਅੱਖਾਂ ਵਿਚੋਂ ਨਹੀਂ ਬਲਕਿ ਰੂਹ ਵਿਚੋਂ ਅਥਰੂ ਨਿਕਲ ਰਹੇ ਹਨ। ਅਪਣੇ ਆਪ ਉਤੇ ਔਰਤ ਹੋਣ ਤੇ ਸ਼ਰਮ ਆ ਰਹੀ ਸੀ ਕਿ ਕਿਸ ਤਰ੍ਹਾਂ ਦਾ ਸ੍ਰੀਰ ਰੱਬ ਨੇ ਦਿਤਾ ਹੈ ਕਿ ਅਪਣਾ ਬਚਾਅ ਵੀ ਨਹੀਂ ਕਰ ਸਕਦਾ ਤੇ ਬਲਾਤਕਾਰ ਵਰਗਾ ਘਿਨੌਣਾ ਪਾਪ ਔਰਤ ਦੇ ਜਿਸਮ ਨਾਲ ਸ਼ਰੇਆਮ ਕੀਤਾ ਜਾ ਰਿਹਾ ਹੈ। ਦਿੱਲੀ ਵਿਚ ਇਕ ਦੋ ਸਾਲ ਦੇ ਬੱਚੇ ਦੀ ਮਾਂ, ਇਕ ਸਿੱਖ ਮੁਟਿਆਰ ਨਾਲ, ਇਕ 10 ਸਾਲ ਦੇ ਮੁੰਡੇ ਨੂੰ ਪਿਆਰ ਹੋ ਗਿਆ। ਪਰ ਵਿਆਹੁਤਾ ਨੇ ਇਸ ਮੁੰਡੇ ਨੂੰ ਅਪਣੇ ਤੋਂ ਦੂਰ ਕਰਨਾ ਚਾਹਿਆ ਜਿਸ ਕਾਰਨ ਉਸ ਮੁੰਡੇ ਨੇ ਖ਼ੁਦਕੁਸ਼ੀ ਕਰ ਲਈ।
Rape Case
ਮੁੰਡੇ ਦਾ ਪ੍ਰਵਾਰ ਦਿੱਲੀ ਦੀ ਸ਼ਾਹਦਰਾ ਕਾਲੋਨੀ ਵਿਚ ਨਸ਼ਿਆਂ ਅਤੇ ਸ਼ਰਾਬ ਦਾ ਗ਼ੈਰ ਕਾਨੂੰਨੀ ਵਪਾਰ ਕਰਦਾ ਸੀ ਤੇ ਉਸ ਦੀ ਇਸ ਮੁਹੱਲੇ ਵਿਚ ਕਾਫ਼ੀ ਚਲਦੀ ਸੀ। ਲੜਕੀ ਦੀ ਭੈਣ ਮੁਤਾਬਕ ਇਹ ਪ੍ਰਵਾਰ ਲੜਕੀ ਨੂੰ ਪਿਛਲੇ 2 ਮਹੀਨਿਆਂ ਤੋਂ ਤੰਗ ਕਰ ਰਿਹਾ ਸੀ ਤੇ ਉਨ੍ਹਾਂ ਪੁਲਿਸ ਕੋਲ ਸ਼ਿਕਾਇਤ ਵੀ ਕੀਤੀ ਪਰ ਪੁਲਿਸ ਤੇ ਮੁਹੱਲੇ ਵਿਚ ਸ਼ਰਾਬ ਦੇ ਵਪਾਰੀਆਂ ਦੀ ਤਾਕਤ ਹੋਣ ਕਾਰਨ ਕੋਈ ਇਸ ਬੱਚੀ ਦੇ ਬਚਾਅ ਲਈ ਅੱਗੇ ਨਾ ਆਇਆ। ਇਸ ਪ੍ਰਵਾਰ ਨੂੰ ਜਦ ਕਿਸੇ ਦਾ ਡਰ ਹੀ ਨਹੀਂ ਸੀ ਤਾਂ ਇਨ੍ਹਾਂ ਉਸ 20 ਸਾਲ ਦੀ ਬੱਚੀ ਤੇ ਉਸ ਦੀ 18 ਸਾਲ ਦੀ ਭੈਣ ਤੇ ਦੋ ਸਾਲ ਦੇ ਬੇਟੇ ਨੂੰ ਚੁਕ ਕੇ ਅਪਣੇ ਘਰ ਲਿਜਾਣ ਦਾ ਦੂਸਾਹਸ ਕੀਤਾ। ਭੈਣ ਬੱਚੇ ਨੂੰ ਲੈ ਕੇ ਭੱਜ ਨਿਕਲੀ ਪਰ ਇਸ ਬੱਚੀ ਨੂੰ ਮਾਰਿਆ ਗਿਆ। ਇਸ ਦੇ ਵਾਲ ਕੱਟ ਕੇ ਇਸ ਦਾ ਬਲਾਤਕਾਰ ਕੀਤਾ ਗਿਆ, ਫਿਰ ਇਸ ਦਾ ਮੂੰਹ ਕਾਲਾ ਕਰ ਕੇ ਇਸ ਨੂੰ ਮੁਹੱਲੇ ਵਿਚ ਘੁਮਾਇਆ ਗਿਆ।
Delhi police
ਪੁਲਿਸ ਆਈ ਤੇ ਕੁੜੀ ਨੂੰ ਲੈ ਗਈ ਅਤੇ ਭੈਣ, ਬੱਚੇ ਨਾਲ ਅਪਣੇ ਨਾਨਕੇ ਘਰ ਬੈਠੀ ਹੋਈ ਹੈ। ਪੁਲਿਸ ਅੱਜ ਹੋਏ ਹੋ ਹੋਲੇ ਮਗਰੋਂ ਤਫ਼ਤੀਸ਼ ਕਰ ਰਹੀ ਹੈ। ਇਸ ਸਾਰੇ ਕਾਂਡ ਦਾ ਮੁੰਡੇ ਦੇ ਪ੍ਰਵਾਰ ਨੇ ਵੀਡੀਉ ਬਣਾਇਆ ਸੀ ਜਿਸ ਨੂੰ ਵੇਖ ਕੇ ਲਗਦਾ ਹੈ ਕਿ ਸਾਡੇ ਵਿਚ ਇਨਸਾਨੀਅਤ ਆ ਹੀ ਨਹੀਂ ਸਕਦੀ। ਬਲਾਤਕਾਰ ਪ੍ਰਵਾਰ ਦੇ ਕਿਸੇ ਮੁੰਡੇ ਕੋਲੋਂ ਕਰਵਾਇਆ ਗਿਆ ਜੋ ਬੱਚੀ ਨੂੰ ਬੁਰੀ ਤਰ੍ਹਾਂ ਕੁਟਦਾ ਵੀ ਹੈ ਪਰ ਬਾਕੀ ਸਾਰੀ ਹਿੰਸਾ ਘਰ ਦੀਆਂ ਔਰਤਾਂ ਨੇ ਕੀਤੀ। ਘਰ ਦੇ ਮਰਦ ਵੇਖ ਰਹੇ ਸਨ। ਸਾਰੇ ਮੁਹੱਲੇ ਦੀਆਂ ਔਰਤਾਂ ਵੇਖ ਰਹੀਆਂ ਸਨ ਅਤੇ ਕੁੱਝ ਤਾੜੀਆਂ ਵੀ ਮਾਰ ਰਹੇ ਸਨ। ਇਸ ਨੂੰ ਕੀ ਆਖੀਏ? ਔਰਤ ਦੀ ਕਮਜ਼ੋਰੀ ਦਾ ਫ਼ਾਇਦਾ ਉਠਾ ਕੇ ਤਾਕਤਵਰ ਵਲੋਂ ਅਪਣੇ ਫ਼ਤਵੇ ਸੁਣਾਉਣ ਦੀ ਪ੍ਰਥਾ ਤਾਂ ਸ਼ੁਰੂ ਤੋਂ ਹੀ ਚਲ ਰਹੀ ਹੈ ਤੇ ਦਰੋਪਤੀ ਦੇ ਚੀਰ-ਹਰਨ ਦੀ ਯਾਦ ਦਿਵਾਉਂਦੀ ਹੈ ਤੇ ਔਰਤ ਹੀ ਔਰਤ ਦੀ ਸੱਭ ਤੋਂ ਵੱਡੀ ਦੁਸ਼ਮਣ ਸਾਬਤ ਹੁੰਦੀ ਹੈ। ਇਸ ਨੂੰ ਇਕ ਸਿੱਖ ਕੁੜੀ ਨਾਲ ਬਲਾਤਕਾਰ ਆਖੀਏ (ਦੂਜੇ ਧਰਮ ਦੀ ਲੜਕੀ ਨਾਲ ਹਿੰਸਾ ਕਰਨਾ ਪਤਾ ਨਹੀਂ ਕਿਉਂ ਸੌਖਾ ਹੁੰਦਾ ਹੈ) ਜਾਂ ਇਸ ਨੂੰ ਇਕ ਵੱਡੇ ਸ਼ਹਿਰ ਵਿਚ ਇਕ ਮਰੇ ਹੋਏ ਖੋਖਲੇ ਸਮਾਜ ਦੀ ਉਦਾਹਰਣ ਆਖੀਏ?
1984
ਪਰ ਜਦ ਇਸ ਤਰ੍ਹਾਂ ਦਾ ਕਾਂਡ ਸਾਡੀ ਰਾਜਧਾਨੀ ਵਿਚ ਹੁੰਦਾ ਹੈ ਤਾਂ ਡਰ ਲਗਦਾ ਹੈ ਕਿ ਆਖ਼ਰ ਬਾਕੀ ਦੇ ਦੇਸ਼ ਵਿਚ ਕੀ ਹਾਲ ਹੋਵੇਗਾ? ਜਿਸ ਥਾਂ ਤੇ ਦੇਸ਼ ਦਾ ਪ੍ਰਧਾਨ ਮੰਤਰੀ ਹੋਵੇ, ਜਿਥੇ ਦੇਸ਼ ਦੇ ਸੱਭ ਤੋਂ ਤਾਕਤਵਰ ਲੋਕ ਰਹਿੰਦੇ ਹੋਣ, ਉਥੋਂ ਦੇ ਸਮਾਜ ਵਿਚ ਨਸ਼ਾ, ਕੁਟਮਾਰ ਤੇ ਔਰਤ ਦਾ ਬਲਾਤਕਾਰ ਇਸ ਤਰ੍ਹਾਂ ਵਾਰ-ਵਾਰ ਹੁੰਦਾ ਹੋਵੇ ਤਾਂ ਫਿਰ ਬਾਕੀ ਦੇਸ਼ ਵਿਚ ਸੁਧਾਰ ਕਿਸ ਤਰ੍ਹਾਂ ਹੋ ਸਕਦਾ ਹੈ? ਹੋਰ ਵੀ ਸ਼ਰਮਨਾਕ ਹੈ ਕਿ ਇਹ ਹਾਦਸਾ 26 ਜਨਵਰੀ ਨੂੰ ਵਾਪਰਿਆ ਤੇ ਸੋਸ਼ਲ ਮੀਡੀਆ ਤੇ ਵੀਡੀਉ ਫੈਲਣ ਦੇ ਬਾਅਦ ਅੱਜ ਆਵਾਜ਼ ਉਠ ਰਹੀ ਹੈ। ਸਿੱਖ ਬੱਚੀ ਹੋਣ ਦੇ ਨਾਤੇ ਅਤੇ ਗ਼ਰੀਬ ਹੋਣ ਦੇ ਨਾਤੇ ਹੀ, ਸਿੱਖ ਸੰਸਥਾਵਾਂ, ਸ਼ੁਧ ਹਿਰਦੇ ਵਾਲੇ ਹਿੰਦੂਆਂ, ਮੁਸਲਮਾਨਾਂ ਤੇ ਈਸਾਈਆਂ ਨੂੰ ਨਾਲ ਲੈ ਕੇ ਇਸ ਪੀੜਤ ਬੀਬੀ ਦੀ ਮਦਦ ਕਰਨ ਲਈ ਅੱਗੇ ਆਉਣ ਤੇ ਰਾਸ਼ਟਰਪਤੀ, ਪ੍ਰਧਾਨ ਮੰਤਰੀ ਤੋਂ ਲੈ ਕੇ ਮਹਿਲਾ ਕਮਿਸ਼ਨ ਤਕ ਆਪ ਪਹੁੰਚ ਕਰਨ। ਦਿੱਲੀ ਦੇ ਸਿੱਖ, ਨਵੰਬਰ 84 ਦੀਆਂ ਸਿੱਖ ਵਿਧਵਾਵਾਂ ਵਾਲਾ ਹਾਲ ਇਸ ਬੱਚੀ ਦਾ ਨਾ ਹੋਣ ਦੇਣ।
Nirbhaya Case
ਦਿੱਲੀ ਨੇ ਨਿਰਭਿਆ ਦੇ ਬਲਾਤਕਾਰ ਦੇ ਬਾਅਦ ਵੀ ਅਪਣੀ ਸੋਚ ਨੂੰ ਬਦਲਿਆ ਨਹੀਂ। ‘ਆਪ’ ਸਰਕਾਰ ਤੇ ਦਿੱਲੀ ਪੁਲਿਸ ਵਿਚਕਾਰ ਖੜੀ ਕੀਤੀ ਗਈ ਦੀਵਾਰ ਕਾਰਨ ਕੋਈ ਇਸ ਬੱਚੀ ਦੀ ਆਵਾਜ਼ ਨਹੀਂ ਬਣ ਰਿਹਾ। ਸਾਡੇ ਸਿਆਸਤਦਾਨਾਂ ਨੂੰ ਸਿਵਾਏ ਵੋਟਾਂ ਅਤੇ ਪੈਸੇ ਦੇ, ਕਿਸੇ ਚੀਜ਼ ਵਿਚ ਦਿਲਚਸਪੀ ਨਹੀਂ ਲਗਦੀ ਪਰ ਜੇ ਤੁਸੀਂ ਅਪਣੀ ਆਵਾਜ਼ ਇਸ ਬੱਚੀ ਵਾਸਤੇ ਚੁਕੋਗੇ ਤਾਂ ਸ਼ਾਇਦ ਇਹ ਅਪਣੇ ਚੋਣ ਪ੍ਰਚਾਰ ਨੂੰ ਛੱਡ ਕੇ ਇਸ ਬੱਚੀ ਨੂੰ ਇਨਸਾਫ਼ ਦੇਣ ਬਾਰੇ ਕੁੱਝ ਕਰਨ ਦੀ ਗੱਲ ਸੋਚ ਹੀ ਲੈਣ।
- ਨਿਮਰਤ ਕੌਰ