ਲੁਧਿਆਣੇ ਦਾ ਅਫ਼ਸੋਸਨਾਕ ਹਾਦਸਾ ਜਿਸ ਵਿਚ 11 ਬੰਦੇ ਜਾਨ ਗਵਾ ਗਏ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਸਾਡਾ ਸਮਾਜ ਏਨਾ ਕਠੋਰ ਹੋ ਗਿਆ ਹੈ ਕਿ ਉਸ ਨੂੰ 11 ਲੋਕਾਂ ਦੇ ਤੜਫ਼ ਤੜਫ਼ ਕੇ ਮਰਨ ਦਾ ਅਫ਼ਸੋਸ ਨਹੀਂ ਹੋਵੇਗਾ

photo

 

ਗਿਆਸਪੁਰਾ, ਲੁਧਿਆਣਾ ਵਿਖੇ 11 ਮੌਤਾਂ ਦਾ ਦਰਦਨਾਕ ਅੰਤ ਟਾਲਿਆ ਜਾ ਸਕਦਾ ਸੀ ਪਰ ਇਹ ਲੋਕ ਤੜਫ਼ ਤੜਫ਼ ਕੇ ਜ਼ਹਿਰੀਲੀ ਗੈਸ ਕਾਰਨ ਮਰਦੇ ਗਏ। ਇਹਨਾਂ ਮਰਨ ਵਾਲਿਆਂ ਵਿਚ ਛੋਟੇ ਬੱਚੇ ਵੀ ਸਨ। ਸਾਡਾ ਸਮਾਜ ਏਨਾ ਕਠੋਰ ਹੋ ਗਿਆ ਹੈ ਕਿ ਉਸ ਨੂੰ 11 ਲੋਕਾਂ ਦੇ ਤੜਫ਼ ਤੜਫ਼ ਕੇ ਮਰਨ ਦਾ ਅਫ਼ਸੋਸ ਨਹੀਂ ਹੋਵੇਗਾ ਪਰ ਹੁਣੇ ਜੇ ਕੋਈ ਸੋਸ਼ਲ ਮੀਡੀਆ ਉਤੇ ਤਸਵੀਰ ਸਾਂਝੀ ਕਰ ਦੇਵੇ ਤਾਂ ਹਜ਼ਾਰਾਂ ਲੋਕਾਂ ਨੂੰ ਫ਼ਰਕ ਪੈ ਜਾਵੇਗਾ। 

‘ਫ਼ਰਕ ਨਹੀਂ ਪੈਂਦਾ’ ਇਸ ਲਈ ਕਹਿ ਰਹੇ ਹਾਂ ਕਿਉਂਕਿ ਇਹ ਹਾਦਸਾ ਕਿਸੇ ਹੋਰ ਦੇ ਸਿਰ ਨਹੀਂ ਬਲਕਿ ਸਿਰਫ਼ ਤੇ ਸਿਰਫ਼ ਲੁਧਿਆਣਾ ਵਾਸੀਆਂ ਅਤੇ ਪ੍ਰਦੂਸ਼ਣ ਬੋਰਡ ਸਿਰ ਪੈਂਦਾ ਹੈ। ਲੁਧਿਆਣਾ ਵਾਸਤੇ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਵਲੋਂ ਹਜ਼ਾਰਾਂ ਰੁਪਏ ਆਏ ਹਨ। ਇਸ ਸ਼ਹਿਰ ਨੂੰ ਸਮਾਰਟ ਸਿਟੀ ਬਣਾਉਣ ਲਈ ਕੇਂਦਰ ਵਲੋਂ 1000 ਕਰੋੜ ਦੀ ਮਦਦ ਦਿਤੀ ਜਾ ਰਹੀ ਹੈ। ਇਸ ਸ਼ਹਿਰ ਵਿਚ ਜਾ ਕੇ ਵੇਖਿਆ ਤੇ ਇਕ ਸਿਆਸਤਦਾਨ ਤੋਂ ਸਵਾਲ ਪੁਛਿਆ ਤਾਂ ਉਨ੍ਹਾਂ ਨੇ ਅਪਣੀਆਂ ਕੋਸ਼ਿਸ਼ਾਂ ਦਾ ਵੇਰਵਾ ਦੇ ਦਿਤਾ। ਸ਼ਹਿਰ ਨੂੰ ਪ੍ਰਦੂਸ਼ਣ ਤੋਂ ਬਚਾਉਣ ਵਾਸਤੇ ਵਖਰਾ ਉਦਯੋਗਿਕ ਇਲਾਕਾ ਬਣਾਉਣ ਦੀ ਕੋਸ਼ਿਸ਼ ਵਿਅਰਥ ਗਈ ਕਿਉਂਕਿ ਲੋਕਾਂ ਨੇ ਸਾਥ ਨਾ ਦਿਤਾ। ਦਰਿਆ ਦਾ ਪਾਣੀ ਸਾਫ਼ ਕਰਨ ਵਿਚ ਅਰਬਾਂ ਰੁਪਏ ਲੱਗ ਗਏ ਪਰ ਸਫ਼ਾਈ ਕਿਵੇਂ ਹੋਵੇਗੀ ਜਦ ਲੋਕ ਲਗਾਤਾਰ ਨਦੀ ਵਿਚ ਅਪਣੇ ਘਰਾਂ ਤੇ ਫ਼ੈਕਟਰੀਆਂ ਦਾ ਗੰਦ ਪਾਉਣ ਦੀ ਆਦਤ ਨੂੰ ਬੰਦ ਨਹੀਂ ਕਰਦੇ।

ਇਸ ਹਾਦਸੇ ਦੇ ਜਿਹੜੇ ਕਾਰਨ ਨਜ਼ਰ ਆ ਰਹੇ ਹਨ, ਉਹ ਇਹ ਹਨ ਕਿ ਸੀਵਰੇਜ ਦੀਆਂ ਨਾਲੀਆਂ ਵਿਚ ਸਫ਼ਾਈ ਪੂਰੀ ਤਰ੍ਹਾਂ ਨਹੀਂ ਸੀ ਕੀਤੀ ਗਈ ਤੇ ਇਸ ਗੰਦਗੀ ਵਿਚ ਸ਼ਾਇਦ ਕਿਸੇ ਫ਼ੈਕਟਰੀ ਦਾ ਕੈਮੀਕਲ ਸੁਟ ਦਿਤਾ ਗਿਆ। ਨਾਲਿਆਂ ਲਈ ਸਫ਼ਾਈ ਦੀਆਂ ਮਸ਼ੀਨਾਂ ਹੋਣ ਦੇ ਬਾਵਜੂਦ ਉਹਨਾਂ ਨੂੰ ਵਰਤਿਆ ਨਹੀਂ ਜਾ ਰਿਹਾ ਕਿਉਂਕਿ ਕੰਟਰੈਕਟਰਾਂ ਦਾ ਆਰਥਕ ਨੁਕਸਾਨ ਹੁੰਦਾ ਹੈ। 

ਪ੍ਰਦੂਸ਼ਣ ਬੋਰਡ ਬਾਰੇ ਸਚਾਈ ਤਾਂ ਇਹ ਹੈ ਕਿ ਉਹਨਾਂ ਨੇ ਜ਼ੀਰਾ ਸ਼ਰਾਬ ਫ਼ੈਕਟਰੀ ਬਾਰੇ ਜਾਂਚ ਹੋਣ ਤੋਂ ਬਾਅਦ ਵੀ ਉਸ ਨੂੰ ਸਹੀ ਹੋਣ ਦਾ ਸਰਟੀਫ਼ੀਕੇਟ ਦੇ ਦਿਤਾ ਸੀ। ਜੇ ਕਿਸਾਨਾਂ ਨੇ ਧਰਨਾ ਲਗਾ ਕੇ ਨੇੜੇ ਦੇ ਪਿੰਡਾਂ ਵਿਚ ਫੈਲਦੀਆਂ ਕੈਂਸਰ ਤੇ ਹੋਰ ਬਿਮਾਰੀਆਂ ਬਾਰੇ ਸ਼ੋਰ ਨਾ ਪਾਇਆ ਹੁੰਦਾ ਤਾਂ ਅੱਜ ਵੀ ਜ਼ੀਰਾ ਸ਼ਰਾਬ ਫ਼ੈਕਟਰੀ ਚਲ ਰਹੀ ਹੁੰਦੀ।

ਪਰ ਕੀ ਲੁਧਿਆਣਾ ਅਪਣੇ ਵਾਸਤੇ ਹੀ ਜਾਗੇਗਾ? ਇਸ ਹਾਦਸੇ ਤੇ ਇਸ ਤਰ੍ਹਾਂ ਦੀਆਂ ਹੋਰ ਤਕਲੀਫ਼ਾਂ ਦਾ ਸੱਭ ਤੋਂ ਵੱਡਾ ਕਾਰਨ ਇਥੋਂ ਦੇ ਵਾਸੀ ਆਪ ਹੀ ਹਨ। ਜਦ ਤਕ ਲੋਕ ਅਪਣੇ ਆਪ ਸਿਆਣੇ ਨਹੀਂ ਹੁੰਦੇ, ਨਿਰੀਆਂ ਮਸ਼ੀਨਾਂ ਲਗਾ ਦੇਣ ਨਾਲ ਸ਼ਹਿਰ ਸਮਾਰਟ ਨਹੀਂ ਬਣ ਸਕਦਾ। ਸੱਭ ਤੋਂ ਵੱਡਾ ਕਾਰਨ ਉਦਯੋਗਪਤੀਆਂ ਦਾ ਲਾਲਚ ਹੈ ਜਿਸ ਸਦਕਾ ਉਹ ਅਪਣੇ ਮੁਨਾਫ਼ੇ ਨੂੰ ਸੌ ਗੁਣਾਂ ਕਰਨਾ ਚਾਹੁੰਦੇ ਹਨ। ਉਹ ਰਿਸ਼ਵਤ ਦੇ ਕੇ ਅਪਣੇ ਗ਼ਲਤ ਕੰਮਾਂ ’ਤੇ ਪਰਦਾ ਪਾ ਲਵੇਗਾ ਪਰ ਸਹੀ ਰਸਤਾ ਨਹੀਂ ਚੁਣੇਗਾ। ਫ਼ੈਕਟਰੀਆਂ ਦੀ ਰਹਿੰਦ ਖੂੰਹਦ ਨੂੰ ਸਹੀ ਤਰੀਕੇ ਨਾਲ ਬਿੱਲੇ ਨਹੀਂ ਲਾਇਆ ਜਾਂਦਾ ਤੇ ਸ਼ਹਿਰ ਦੇ ਨਾਲਿਆਂ ਵਿਚ ਸੁੱਟ ਦਿਤਾ ਜਾਂਦਾ ਹੈ। ਲੋਕ ਸਮਝਦੇ ਹਨ ਕਿ ਉਹ ਅਪਣੇ ਘਰ ਵਿਚ ਮਹਿੰਗੀਆਂ ਮਸ਼ੀਨਾਂ ਨਾਲ ਅਪਣੇ ਆਪ ਨੂੰ ਬਚਾ ਲੈਣਗੇ ਪਰ ਹਵਾ ਤੇ ਪਾਣੀ ਤਾਂ ਉਹੀ ਹਨ। ਲੁਧਿਆਣੇ ਨੂੰ ਅਪਣੇ ਆਪ ਨੂੰ ਬਚਾਉਣ ਵਾਸਤੇ ਕਦਮ ਚੁਕਣੇ ਪੈਣਗੇ। ਸਰਕਾਰ ਦਾ ਅਸਲ ਡਬਲ ਇੰਜਣ ਜਨਤਾ ਹੁੰਦੀ ਹੈ ਤੇ ਜਦੋਂ ਉਹ ਬਦਲਣਾ ਚਾਹੇ ਤਾਂ ਹੀ ਅਸਲ ਬਦਲਾਅ ਆ ਸਕਦਾ ਹੈ।                  - ਨਿਮਰਤ ਕੌਰ