'ਟਕਸਾਲੀ ਅਕਾਲੀ' 'ਕਾਰਪੋਰੇਟ ਅਕਾਲੀਆਂ' ਨਾਲੋਂ ਵਖਰੇ ਨਹੀਂ ਲੱਗੇ ਸਿੱਖਾਂ ਨੂੰ, ਇਸੇ ਲਈ ਸਿੱਖ...

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

'ਟਕਸਾਲੀ ਅਕਾਲੀ' 'ਕਾਰਪੋਰੇਟ ਅਕਾਲੀਆਂ' ਨਾਲੋਂ ਵਖਰੇ ਨਹੀਂ ਲੱਗੇ ਸਿੱਖਾਂ ਨੂੰ, ਇਸੇ ਲਈ ਸਿੱਖ ਉਨ੍ਹਾਂ ਦੇ ਨੇੜੇ ਨਹੀਂ ਆਏ

Taksali Akali Dal

16 ਦਸੰਬਰ ਨੂੰ ਦੋ ਨਵੀਆਂ ਪਾਰਟੀਆਂ ਹੋਂਦ ਵਿਚ ਆਈਆਂ, ਪੰਜਾਬ ਡੈਮੋਕ੍ਰੇਟਿਕ ਅਲਾਇੰਸ ਅਤੇ 'ਸ਼੍ਰੋਮਣੀ ਅਕਾਲੀ ਦਲ ਟਕਸਾਲੀ'। ਹਾਲੀਆ ਚੋਣਾਂ ਵਿਚ ਦੋਵੇਂ ਹੀ ਨਵੀਆਂ ਪਾਰਟੀਆਂ ਸਿਫ਼ਰ ਤੋਂ ਅੱਗੇ ਨਹੀਂ ਵੱਧ ਸਕੀਆਂ। ਕਿਉਂ ਭਲਾ? ਅੱਜ ਗੱਲ ਟਕਸਾਲੀਆਂ ਦੀ ਹੀ ਕਰਾਂਗੇ। ਅਕਾਲੀ ਦਲ ਟਕਸਾਲੀ ਜਿਸ ਨੇ ਅਪਣੀ ਸ਼ੁਰੂਆਤ ਅਕਾਲ ਤਖ਼ਤ ਤੋਂ ਕੀਤੀ, ਨੇ ਅਪਣੇ ਆਪ ਨੂੰ ਪੂਰੀ ਤਰ੍ਹਾਂ ਪੰਥਕ ਚਿਹਰੇ ਵਜੋਂ ਪੇਸ਼ ਕੀਤਾ। ਪਰ ਇਸ ਨੇ ਇਕ ਵੀ ਅਜਿਹੀ ਗੱਲ ਨਾ ਕੀਤੀ ਜੋ ਬਾਦਲ ਅਕਾਲੀ ਦਲ ਨਾਲੋਂ ਵਖਰੀ ਸੋਚ ਵਾਲੀ ਹੋਵੇ। ਬਾਦਲ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਪੰਥ ਨੂੰ ਢਾਹ ਲਗਾਉਣ ਵਾਲੇ ਜਿਹੜੇ ਕੰਮ ਕੀਤੇ, ਸਮੇਤ ਅਕਾਲ ਤਖ਼ਤ ਦੇ ਜਥੇਦਾਰਾਂ ਦੇ, ਉਸ ਵਿਚ ਇਨ੍ਹਾਂ ਦੀ ਪੂਰੀ ਤਰ੍ਹਾਂ ਸ਼ਮੂਲੀਅਤ ਰਹੀ ਜਿਵੇਂ ਕਿ

1. ਨਾਨਕਸ਼ਾਹੀ ਕੈਲਡਰ ਨੂੰ 2010 ਵਿਚ ਰੱਦ ਕਰਨਾ।
2. ਸਿੱਖ ਵਿਦਵਾਨਾਂ ਵਿਰੁਧ ਗ਼ਲਤ ਹੁਕਮਨਾਮੇ ਜਾਰੀ ਕਰਨਾ। ਜੇਕਰ ਬੀਬੀ ਜਗੀਰ ਕੌਰ ਵਿਰੁਧ ਜਥੇਦਾਰ ਪੂਰਨ ਸਿੰਘ ਵਲੋਂ ਲਿਆ ਹੁਕਮਨਾਮਾ ਵਾਪਸ ਹੋ ਸਕਦਾ ਹੈ ਤਾਂ ਜਥੇਦਾਰ ਵੇਦਾਂਤੀ ਵਲੋਂ ਸ. ਜੋਗਿੰਦਰ ਸਿੰਘ ਵਿਰੁਧ ਲਿਆ ਹੁਕਮਨਾਮਾ ਵਾਪਸ ਕਿਉਂ ਨਹੀਂ ਹੋ ਸਕਦਾ ਜਦੋਂ ਕਿ ਗਿਆਨੀ ਗੁਰਬਚਨ ਸਿੰਘ ਨੇ ਖ਼ੁਦ ਮੰਨਿਆ ਹੈ ਕਿ ਸ. ਜੋਗਿੰਦਰ ਸਿੰਘ ਨੇ ਕੋਈ ਭੁੱਲ ਕੀਤੀ ਹੀ ਨਹੀਂ ਸੀ। 
3. ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋਂ ਛਪਾਈਆਂ ਜਾਂਦੀਆਂ ਉਹ ਕਿਤਾਬਾਂ ਜਿਨ੍ਹਾਂ ਵਿਚ ਗੁਰੂ ਸਾਹਿਬਾਨ ਪ੍ਰਤੀ ਗ਼ਲਤ ਸ਼ਬਦਾਵਲੀ ਵਰਤੀ ਗਈ, ਉਸ ਦੀ ਪੜਤਾਲ ਕਰਵਾਉਣਾ। 
4. ਅਕਾਲ ਤਖ਼ਤ ਦੀ ਰਹਿਤ ਮਰਿਆਦਾ ਨੂੰ ਸਾਰੇ ਗੁਰਦਵਾਰਿਆਂ ਵਿਚ ਲਾਗੂ ਕਰਵਾਉਣਾ। 
5. ਅਕਾਲ ਤਖ਼ਤ ਦੇ ਜਥੇਦਾਰ ਵੇਦਾਂਤੀ ਵਲੋਂ '84 ਦੀਆਂ ਵਿਧਵਾਵਾਂ ਨੂੰ ਖੇਖਣ ਹਾਰੀਆਂ ਕਹਿਣਾ ਤੇ ਅਕਾਲੀਆਂ ਵਲੋਂ ਚੁੱਪ ਰਹਿਣਾ। 

6. ਬਾਦਲ ਵਲੋਂ ਜਸਟਿਸ ਕੁਲਦੀਪ ਸਿੰਘ ਦੀ ਅਗਵਾਈ ਵਿਚ ਬਣੇ ਪੀਪਲਜ਼ ਕਮਿਸ਼ਨ ਨੂੰ ਬੰਦ ਕਰਵਾਉਣਾ। ਪੀਪਲਜ਼ ਕਮਿਸ਼ਨ ਨੇ 1979 ਤੋਂ 1995 ਤਕ ਪੰਜਾਬ ਵਿਚ ਮਨੁੱਖੀ ਅਧਿਕਾਰਾਂ ਦੇ ਹਨਨ ਦੇ ਮਾਮਲੇ ਵਿਚਾਰ ਅਧੀਨ ਲਿਆਉਣੇ ਸਨ। ਉਦਾਹਰਣ ਵਜੋਂ ਜਿਵੇਂ ਕਿ ਰੋਪੜ ਦੇ ਵਕੀਲ ਕੁਲਵੰਤ ਸਿੰਘ ਸੈਣੀ ਨੂੰ ਇਕ ਮਾਮੂਲੀ ਤਕਰਾਰ ਕਰ ਕੇ ਮਾਰ ਦੇਣਾ। ਨਾਲ ਹੀ ਉਸ ਦੀ ਘਰਵਾਲੀ ਤੇ ਦੋ ਸਾਲ ਦੀ ਬੱਚੀ ਕਿਰਨਬੀਰ ਕੌਰ ਨੂੰ ਪੁਲਿਸ ਵਲੋਂ ਖ਼ਤਮ ਕਰ ਦੇਣਾ। 1993 ਵਿਚ ਰੇਸ਼ਮ ਕੌਰ ਦੇ ਅੱਠ ਮਹੀਨੇ ਦੇ ਬੱਚੇ ਨੂੰ ਉਸ ਦੀਆਂ ਅੱਖਾਂ ਸਾਹਮਣੇ ਬਰਫ਼ ਤੇ ਪਾ ਕੇ ਮਾਰ ਦੇਣਾ ਤੇ ਉਸ ਤੋਂ ਬਾਅਦ ਉਸ ਨੂੰ ਵੀ ਖ਼ਤਮ ਕਰ ਦੇਣਾ। ਇਸ ਤਰ੍ਹਾਂ ਦੇ ਸੈਂਕੜੇ ਕੇਸ ਸਨ ਪਰ ਇਹ ਟਕਸਾਲੀ ਅਕਾਲੀ ਕਮਿਸ਼ਨ ਕਰਵਾ ਕੇ ਵੀ ਚੁੱਪ ਰਹੇ। 
7. ਜਥੇਦਾਰ ਪੂਰਨ ਸਿੰਘ ਨੇ ਵਿਸ਼ਵ ਸਿੱਖ ਕੌਂਸਲ ਨੂੰ ਖ਼ਤਮ ਕਰ ਦਿਤਾ ਤੇ ਅਕਾਲੀ ਦਲ ਨੇ ਕੋਈ ਉਜ਼ਰ ਨਾ ਕੀਤਾ। 
8. 84 ਤੋਂ ਬਾਅਦ ਪ੍ਰਕਾਸ਼ ਸਿੰਘ ਬਾਦਲ ਦਾ 15 ਸਾਲ ਰਾਜ ਰਿਹਾ ਪਰ ਪੰਜਾਬ ਦੀ ਇਕ ਵੀ ਮੰਗ ਕੇਂਦਰ ਤੋਂ ਨਾ ਮਨਵਾਈ ਗਈ ਪਰ ਇਹ ਟਕਸਾਲੀ ਅਕਾਲੀ ਫਿਰ ਵੀ ਚੁੱਪ ਰਹੇ। 
9. 1986 ਵਿਚ ਨਕੋਦਰ ਵਿਖੇ ਕੁੱਝ ਸਿੱਖ ਵਿਰੋਧੀ ਅਨਸਰਾਂ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਸਾੜ ਦੇਣਾ ਤੇ ਉਸ ਦਾ ਰੋਸ ਕਰ ਰਹੇ ਲੋਕਾਂ ਉਤੇ ਪੁਲਿਸ ਵਲੋਂ ਗੋਲੀ ਚਲਾ ਕੇ ਚਾਰ ਨੌਜੁਆਨਾਂ ਨੂੰ ਮਾਰ ਦੇਣਾ ਜਿਸ ਲਈ ਇਨਸਾਫ਼ ਦੀ ਮੰਗ ਹੁਣ ਕੀਤੀ ਜਾ ਰਹੀ ਹੈ। ਕੀ ਟਕਸਾਲੀ ਅਕਾਲੀਆਂ ਨੂੰ ਇਸ ਬਾਰੇ ਇਲਮ ਨਹੀਂ ਸੀ?
10. ਕੈਨੇਡਾ ਦੀ ਇਕ ਵਿਧਾਨ ਸਭਾ ਵਲੋਂ '84 ਦੇ ਕਤਲੇਆਮ ਨੂੰ ਸਿੱਖ ਨਸਲਕੁਸੀ ਕਰਾਰ ਦੇਣਾ ਤੇ ਮੋਦੀ ਸਰਕਾਰ ਵਲੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਅੱਗੇ ਇਤਰਾਜ਼ ਜਤਾਉਣ ਤੇ ਕਿਸੇ ਵੀ ਟਕਸਾਲੀ ਆਗੂ ਨੇ ਮੋਦੀ ਸਰਕਾਰ ਦਾ ਵਿਰੋਧ ਨਹੀਂ ਕੀਤਾ। 
11. ਕਿਸੇ ਵੀ ਟਕਸਾਲੀ ਆਗੂ ਨੇ ਪਾਰਲੀਮੈਂਟ ਵਿਚ 'ਸਿੱਖ ਇਕ ਵਖਰੀ ਕੌਮ' ਦੇ ਮੁੱਦੇ ਨੂੰ ਨਹੀਂ ਉਠਾਇਆ। 

ਇਸ ਤਰ੍ਹਾਂ ਦੀਆਂ ਕਈ ਹੋਰ ਉਦਾਹਰਣਾਂ ਦਿਤੀਆਂ ਜਾ ਸਕਦੀਆਂ ਹਨ ਜਿਨ੍ਹਾਂ ਤੋਂ ਪਤਾ ਚਲਦਾ ਹੈ ਕਿ ਅਕਾਲੀ ਦਲ ਟਕਸਾਲੀ ਦੀ ਸੋਚ ਕੋਈ ਬਾਦਲ ਅਕਾਲੀ ਦਲ ਤੋਂ ਵਖਰੀ ਨਹੀਂ। ਇਸੇ ਲਈ ਹਾਲੀਆ ਚੋਣਾਂ ਵਿਚ ਸਿੱਖਾਂ ਦਾ ਰੱਤੀ ਭਰ ਵੀ ਸਾਥ ਪ੍ਰਾਪਤ ਨਹੀਂ ਕਰ ਸਕੇ। ਨਿਰਾਸ਼ ਹੋਏ ਸਿੱਖ, 'ਕਾਰਪੋਰੇਟ ਅਕਾਲੀਆਂ' ਤੇ 'ਟਕਸਾਲੀ ਅਕਾਲੀਆਂ' ਦੁਹਾਂ ਨੂੰ ਛੱਡ, ਕਾਂਗਰਸ ਦੇ ਨੇੜੇ ਜਾਣ ਲਈ ਮਜਬੂਰ ਹੋ ਗਏ। ਉਧਰ ਹਿੰਦੂ ਵੋਟਰ ਵੀ, ਮੋਦੀ ਨੂੰ ਜਿਤਾਉਣ ਦੀ ਕਾਹਲ ਵਿਚ, ਅਪਣੀਆਂ ਵੋਟਾਂ ਅਕਾਲੀਆਂ ਨੂੰ ਦੇਣ ਲਈ ਮਜਬੂਰ ਹੋ ਗਏ। ਸੋ ਇਸ ਵਾਰ ਵੋਟਾਂ ਦੇ ਅੰਕੜੇ ਕਿਸੇ ਵੀ ਧਿਰ ਨੂੰ ਸੱਚਾਈ ਜਾਣਨ ਵਿਚ ਕੋਈ ਮਦਦ ਨਹੀਂ ਕਰਦੇ। ਅਸਲੀਅਤ ਇਹ ਹੈ ਕਿ ਪੰਥਕ ਪਾਰਟੀਆਂ ਤਾਂ ਸਾਰੀਆਂ ਹੀ ਸਿੱਖਾਂ ਦਾ ਵਿਸ਼ਵਾਸ ਗਵਾ ਬੈਠੀਆਂ ਹਨ ਤੇ ਨਵੀਂ ਧਿਰ ਜਦ ਤਕ 100 ਫ਼ੀ ਸਦੀ ਸੱਚ ਨੂੰ ਸਵੀਕਾਰ ਨਹੀਂ ਕਰਦੀ, ਜੜ੍ਹ ਨਹੀਂ ਫੜ ਸਕੇਗੀ। 
- ਵਕੀਲ ਸਿੰਘ ਬਰਾੜ ਪਿੰਡ ਮੈਜ਼ਗੜ੍ਹ, ਸੰਪਰਕ :94666-86681