ਸਰਕਾਰਾਂ ਨੇ ਹੱਥ ਖੜੇ ਕੀਤੇ ਅਪਣੀ ਰੋਜ਼ੀ ਰੋਟੀ ਤੇ ਜਾਨ ਦੀ ਚਿੰਤਾ ਆਪ ਕਰੋ!

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

23 ਮਾਰਚ ਤੋਂ ਇਕੋ ਗੱਲ ਸੁਣ ਰਹੇ ਹਾਂ ਕਿ ਜਾਨ ਹੈ ਤਾਂ ਜਹਾਨ ਹੈ, ਬੱਚ ਕੇ ਰਹੋ। ਪਰ ਅੱਜ ਭਾਰਤ ਨੂੰ ਤਕਰੀਬਨ ਤਕਰੀਬਨ ਪੂਰੀ ਆਜ਼ਾਦੀ ਮਿਲ ਗਈ ਹੈ।

Workers

23 ਮਾਰਚ ਤੋਂ ਇਕੋ ਗੱਲ ਸੁਣ ਰਹੇ ਹਾਂ ਕਿ ਜਾਨ ਹੈ ਤਾਂ ਜਹਾਨ ਹੈ, ਬੱਚ ਕੇ ਰਹੋ। ਪਰ ਅੱਜ ਭਾਰਤ ਨੂੰ ਤਕਰੀਬਨ ਤਕਰੀਬਨ ਪੂਰੀ ਆਜ਼ਾਦੀ ਮਿਲ ਗਈ ਹੈ। ਜੋ ਮਰਜ਼ੀ ਕਰੋ ਤੇ ਅਪਣੀ ਜਾਨ ਵੀ ਆਪ ਬਚਾਉ ਤੇ ਜਹਾਨ ਦੇ ਰਾਖੇ ਵੀ ਆਪ ਬਣੋ। ਰੇਲ ਗੱਡੀਆਂ ਉਤੇ ਸਫ਼ਰ ਕਰੋ, ਹਵਾਈ ਜਹਾਜ਼, ਸੜਕਾਂ ਉਤੇ ਜਿਹੜੀ ਮਰਜ਼ੀ ਥਾਂ ਜਾਉ, ਸਾਰਿਆਂ ਨੂੰ ਆਜ਼ਾਦੀ ਮਿਲ ਗਈ ਹੈ। ਇੱਕਾ-ਦੁੱਕਾ ਕਿੱਤਿਆਂ ਵਾਲਿਆਂ ਨੂੰ ਅਜੇ ਬੰਦ ਰਖਿਆ ਜਾ ਰਿਹਾ ਹੈ ਪਰ ਆਉਣ ਵਾਲੇ ਸਮੇਂ ਵਿਚ ਉਹ ਵੀ ਖੋਲ੍ਹ ਦਿਤੇ ਜਾਣਗੇ। ਦਿੱਲੀ ਵਿਚ ਤਾਂ ਕੇਂਦਰ ਦੀਆਂ ਹਦਾਇਤਾਂ ਤੋਂ ਅੱਗੇ ਵੱਧ ਕੇ ਸਕੂਲਾਂ ਨੂੰ ਖੋਲ੍ਹਣ ਦੀ ਗੱਲ ਕੀਤੀ ਜਾ ਰਹੀ ਹੈ।

ਪੰਜਾਬ ਨੇ ਸਨਿਚਰਵਾਰ ਨੂੰ ਜੋ ਸਖ਼ਤੀ ਵਿਖਾਈ ਸੀ, ਉਹ ਐਤਵਾਰ ਨੂੰ ਗ਼ਾਇਬ ਹੋ ਗਈ ਅਤੇ ਸਾਰਾ ਕੁੱਝ ਕੇਂਦਰ ਦੀਆਂ ਹਦਾਇਤਾਂ ਮੁਤਾਬਕ ਹੀ ਕਰ ਦਿਤਾ ਗਿਆ ਹੈ। ਜਿਸ ਦਿਨ ਤਾਲਾਬੰਦੀ ਦੀ ਸ਼ੁਰੂਆਤ ਹੋਈ ਸੀ, ਉਸ ਦਿਨ ਪੂਰੇ ਦੇÎਸ਼ ਅੰਦਰ ਕੋਰੋਨਾ ਦੇ ਕੁਲ 499  ਕੇਸ ਸਨ। ਜਦ ਇਹ ਕੇਸ ਦੋ ਲੱਖ ਤਕ ਪਹੁੰਚ ਗਏ, ਉਦੋਂ ਤਾਲਾਬੰਦੀ ਖੋਲ੍ਹ ਦਿਤੀ ਗਈ ਹੈ।

ਸਰਕਾਰਾਂ ਭਾਵੇਂ ਅਪਣੀ ਪਿੱਠ ਆਪ ਹੀ ਜਿੰਨੀ ਮਰਜ਼ੀ ਥਪਥਪਾ ਲੈਣ, ਇਕ ਗੱਲ ਸਾਫ਼ ਹੈ ਕਿ ਤਾਲਾਬੰਦੀ ਪੂਰੀ ਤਰ੍ਹਾਂ ਫ਼ੇਲ੍ਹ ਹੋਈ ਹੈ। ਤਾਲਾਬੰਦੀ ਕੋਰੋਨਾ ਵਾਇਰਸ ਨੂੰ ਕਾਬੂ ਨਹੀਂ ਕਰ ਸਕੀ ਪਰ ਤਾਲਾਬੰਦੀ ਨੇ ਭਾਰਤ ਦੇ ਅਰਥਚਾਰੇ ਨੂੰ ਅਪਾਹਜ ਬਣਾਉਣ ਵਿਚ ਕੋਈ ਕਸਰ ਨਹੀਂ ਛੱਡੀ। ਅੱਜ 2020 ਦੇ ਪਹਿਲੇ ਤਿੰਨ ਮਹੀਨਿਆਂ ਦੀ ਜੀ.ਡੀ.ਪੀ. ਦੇ ਅੰਕੜੇ 4 ਫ਼ੀ ਸਦੀ ਤੋਂ ਵੀ ਹੇਠਾਂ ਆਏ ਹਨ ਅਤੇ ਹੁਣ ਤਾਂ ਆਖਿਆ ਜਾ ਰਿਹਾ ਹੈ ਕਿ ਤਾਲਾਬੰਦੀ ਤੋਂ ਬਾਅਦ ਇਹ ਦਰ ਪਿੱਛੇ ਨੂੰ ਮੁੜ ਚੁੱਕੀ ਹੋਵੇਗੀ।

ਫਿਰ ਜੇ ਕੋਰੋਨਾ ਨਾ ਵੀ ਰੁਕਿਆ ਅਤੇ ਜਹਾਨ ਵੀ ਬਰਬਾਦ ਹੋਇਆ ਤਾਂ ਅਸੀਂ ਕੀ ਖਟਿਆ? ਅਸੀਂ ਪੰਜਾਬ ਦੇ ਕਰਫ਼ੀਊ ਦੀਆਂ ਸਿਫ਼ਤਾਂ ਕਰਦੇ ਆ ਰਹੇ ਹਾਂ ਕਿ ਸਰਕਾਰ ਨੇ ਪੰਜਾਬ ਨੂੰ ਬਚਾ ਲਿਆ ਪਰ ਪੰਜਾਬ ਤਾਂ ਜਨਵਰੀ-ਫ਼ਰਵਰੀ ਵਿਚ ਹੀ ਚੌਕਸ ਸੀ ਅਤੇ ਬਚਿਆ ਹੋਇਆ ਸੀ। ਪੰਜਾਬ ਨੂੰ ਜੋ ਆਰਥਕ ਨੁਕਸਾਨ ਹੋਇਆ ਹੈ, ਕੀ ਉਸ ਨੂੰ ਪੰਜਾਬ ਉਤੇ ਥੋਪਣ ਦੀ ਕੋਈ ਲੋੜ ਵੀ ਸੀ? ਪੰਜਾਬੀਆਂ ਨੂੰ ਡੰਡੇ ਮਾਰੇ ਗਏ, ਤਾਕਿ ਉਹ ਅੰਦਰ ਰਹਿਣ ਅਤੇ ਇਸ ਨਾਲ ਪੰਜਾਬ ਪੁਲਿਸ ਦੀ ਛਵੀ ਵੀ ਮਾੜੀ ਪੈ ਗਈ। ਅੱਜ ਉਸ ਸਾਰੀ ਮਿਹਨਤ, ਉਸ ਕੁਰਬਾਨੀ ਦਾ ਸਿੱਟਾ ਕੀ ਨਿਕਲਿਆ ਹੈ?

ਜਿਸ ਕੋਰੋਨਾ ਨੇ ਮਾਰਚ ਵਿਚ ਫੈਲਣਾ ਸੀ, ਉਹ ਹੁਣ ਫੈਲਣਾ ਸ਼ੁਰੂ ਹੋਵੇਗਾ। ਹਾਂ, ਇਕ ਫ਼ਰਕ ਜ਼ਰੂਰ ਹੈ ਕਿ ਮਾਰਚ ਵਿਚ ਸਾਰਿਆਂ ਦੇ ਖਾਤਿਆਂ ਵਿਚ ਪੈਸਾ ਸੀ, ਅਪਣੇ ਆਪ ਦਾ ਇਲਾਜ ਕਰਵਾਉਣ ਦੀ ਸਮਰੱਥਾ ਸੀ, ਕਮਾਈ ਦਾ ਸਾਧਨ ਸੀ, ਰਸੋਈਆਂ ਵਿਚ ਰਾਸ਼ਨ ਸੀ, ਪਰ ਅੱਜ ਬਹੁਤੇ ਭਾਰਤੀਆਂ ਕੋਲ ਕੁੱਝ ਵੀ ਨਹੀਂ ਅਤੇ ਮਹਾਂਮਾਰੀ ਨੂੰ ਸਾਡੇ ਉਤੇ ਹਮਲਾ ਕਰਨ ਵਾਸਤੇ ਛੱਡ ਦਿਤਾ ਗਿਆ ਹੈ।

ਅੱਜ ਤੁਹਾਡੀ ਜਾਨ ਵੀ ਖ਼ਤਰੇ ਵਿਚ ਹੈ ਅਤੇ ਜਹਾਨ ਵੀ ਤੁਹਾਡਾ ਡਗਮਗਾਇਆ ਹੋਇਆ ਹੈ। ਇਨ੍ਹਾਂ ਹਾਲਾਤ ਵਿਚ ਸਾਰੀ ਜ਼ਿੰਮੇਵਾਰੀ ਤੁਹਾਡੇ ਉਤੇ ਸੁਟ ਦਿਤੀ ਗਈ ਹੈ, ਜਾਨ ਨੂੰ ਲੈ ਕੇ ਵੀ ਅਤੇ ਜਹਾਨ ਨੂੰ ਲੈ ਕੇ ਵੀ। ਇਸ ਕਰ ਕੇ ਸਰਕਾਰਾਂ ਵਲੋਂ ਦਿਤੀ ਢਿੱਲ ਤੋਂ ਇਹ ਨਾ ਮੰਨ ਲੈਣਾ ਕਿ ਕੋਰੋਨਾ ਵਾਇਰਸ ਦੀ ਜੰਗ ਜਿੱਤੀ ਗਈ ਹੈ। ਜੰਗ ਅਜੇ ਪੂਰੀ ਤਰ੍ਹਾਂ ਚਲ ਰਹੀ ਹੈ।

ਸਿਰਫ਼ ਸਰਕਾਰਾਂ ਨੇ ਹੱਥ ਖੜੇ ਕਰ ਦਿਤੇ ਹਨ। ਤੁਸੀ ਅਪਣੀ ਜ਼ਿੰਮੇਵਾਰੀ ਲੈਂਦੇ ਹੋਏ ਰੋਟੀ ਰੋਜ਼ੀ ਵੀ ਕਮਾਉਣੀ ਹੈ ਤੇ ਸਿਹਤ ਨੂੰ ਵੀ ਬਚਾਉਣਾ ਹੈ। ਬਾਹਰ ਕੰਮਾਂ ਨੂੰ ਵੀ ਜਾਣਾ ਹੈ ਅਤੇ ਸਾਰੀਆਂ ਸਾਵਧਾਨੀਆਂ ਵੀ ਵਰਤਣੀਆਂ ਹਨ। ਮਾਸਕ, ਹੱਥ ਧੋਣਾ ਤੇ ਸਮਾਜਕ ਦੂਰੀ ਕਾਇਮ ਰਖਣੀ ਹੈ। ਪੰਜਾਬ, ਇਸ ਦੀਆਂ ਸਰਕਾਰਾਂ ਕਰ ਕੇ ਨਹੀਂ, ਸਰਕਾਰਾਂ ਦੇ ਬਾਵਜੂਦ, ਅਪਣੇ ਬਲਬੂਤੇ ਤੇ ਅੱਗੇ ਵਧਣ ਵਾਲੇ ਪੰਜਾਬੀਆਂ ਦਾ ਸੂਬਾ ਹੈ ਅਤੇ ਅਪਣੀ ਇਸ ਰਵਾਇਤ ਨੂੰ ਕਾਇਮ ਰੱਖ ਕੇ ਪੰਜਾਬੀ ਅਤੇ ਪੰਜਾਬ ਅੱਜ ਵੀ ਬਚ ਸਕਦੇ ਹਨ।  -ਨਿਮਰਤ ਕੌਰ