ਪੰਜਾਬ ਦੇ ਕਾਂਗਰਸੀ ਕਦੇ ਵੀ ਪ੍ਰੈਸ ਦੀ ਆਜ਼ਾਦੀ ਲਈ ਲੜਨ ਵਾਲਿਆਂ ਦੇ ਹੱਕ ਵਿਚ ਨਹੀਂ ਨਿਤਰੇ

ਏਜੰਸੀ

ਵਿਚਾਰ, ਸੰਪਾਦਕੀ

ਪ੍ਰੈਸ ਦੀ ਆਜ਼ਾਦੀ ਨੂੰ ਪੈਰਾਂ ਹੇਠ ਰੋਂਦਣ ਵਾਲੇ ਅਮੀਰਾਂ ਦੇ ਹੱਕ ਵਿਚ ਹੀ ਨਿਤਰਦੇ ਹਨ

photo

 

ਜਲੰਧਰ ਦੇ ਇਕ ਸੰਪਾਦਕ ਦੇ ਘਰ ਇਕ ਅਜੀਬੋ-ਗ਼ਰੀਬ ਇਕੱਠ ਵੇਖਿਆ ਤਾਂ ਨਵਜੋਤ ਸਿੰਘ ਸਿੱਧੂ ਦੀ ਇਕ ਗੱਲ ਯਾਦ ਆ ਗਈ ਕਿ ‘‘75-25 ਦੀ ਸਾਂਝ ਚਲਦੀ ਹੈ ਪੰਜਾਬ ਵਿਚ’’। ਉਹ ਚੋਣਾਂ ਤੋਂ ਪਹਿਲਾਂ ਪੁਛਦੇ ਸਨ ਕਿ 75-25 ਦੀ ਸਾਂਝ ਕਿਸ ਦੀ ਹੈ? ਉਹ ਕਾਂਗਰਸ ਅਤੇ ਅਕਾਲੀ ਦਲ ਦੀ ਸਾਂਝ ਬਾਰੇ ਆਖਦੇ ਸਨ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਬਾਦਲ ਪ੍ਰਵਾਰ ਵਿਚ ਇਹ ਸਮਝੌਤਾ ਹੋਇਆ ਹੈ। ਅੱਜ 1 ਜੂਨ (’84 ਨੂੰ ਆਪਰੇਸ਼ਨ ਬਲੂ ਸਟਾਰ ਸ਼ੁਰੂ ਹੋਣ) ਵਾਲੇ ਦਿਨ ਪੰਜਾਬ ਕਾਂਗਰਸ ਦੇ ਕਈ ਆਗੂ ਅਤੇ ਅਕਾਲੀ ਦਲ ਦੇ ਸੁਪਰੀਮੋ ਸੁਖਬੀਰ ਸਿੰਘ ਬਾਦਲ ਇਕੱਠੇ ਹੋ ਕੇ ਬੈਠੇ ਅਤੇ ਇਸ ਇਕੱਠ ਨੂੰ ਪ੍ਰੈੱਸ ਦੀ ਆਜ਼ਾਦੀ ਦਾ ਨਾਮ ਦੇ ਰਹੇ ਸਨ। 

ਸਾਂਝ ਕਿਸ ਦੀ ਕਿਸ ਨਾਲ ਹੈ, ਇਹ ਤਾਂ ਨਵਜੋਤ ਸਿੰਘ ਸਿੱਧੂ ਹੀ ਜਾਣਦੇ ਹੋਣਗੇ ਪਰ ਪ੍ਰੈੱਸ ਦੀ ਆਜ਼ਾਦੀ ਦਾ ਨਾਅਰਾ ਮੌਜੂਦਾ ਹਾਲਾਤ ਵਿਚ ਪੂਰੀ ਤਰ੍ਹਾਂ ਝੂਠਾ ਨਾਹਰਾ ਹੈ। ਇਕ ਸਰਕਾਰੀ ਸੰਸਥਾ ਦੇ ਮੁਖੀ ਰਹਿ ਚੁਕੇ ਵਿਅਕਤੀ ਕੋਲੋਂ ਖ਼ਰਚੇ ਗਏ ਸਰਕਾਰੀ ਧਨ ਬਾਰੇ ਪੁਛ ਪੜਤਾਲ ਦਾ ਨਾ ਹੀ ਉਸ ਦੇ ਅਖ਼ਬਾਰ ਨਾਲ ਕੋਈ ਵਾਸਤਾ ਹੈ, ਨਾ ਪ੍ਰੈਸ ਦੀ ਆਜ਼ਾਦੀ ਨਾਲ ਇਸ ਦਾ ਕੋਈ ਲੈਣਾ ਦੇਣਾ ਹੈ। ਇਹ ਕੇਵਲ ਸਰਕਾਰੀ ਖ਼ਜ਼ਾਨੇ ਦੀ ਵਰਤੋਂ ਦੀ ਪੜਤਾਲ ਦਾ ਮਾਮਲਾ ਹੈ। ਕੀ ਕਾਨੂੰਨ ਇਹ ਕਹਿੰਦਾ ਹੈ ਕਿ ਖ਼ਜ਼ਾਨੇ ਦੀ ਦੁਰਵਰਤੋਂ ਭਾਵੇਂ ਕਿੰਨੀ ਵੀ ਹੋਈ ਹੋਵੇ, ਜੇ ਬੰਦਾ ਅਖ਼ਬਾਰ ਦਾ ਐਡੀਟਰ ਵੀ ਹੈ, ਤਾਂ ਉਸ ਨੂੰ ਜਾਂਚ ਵਿਚ ਸ਼ਾਮਲ ਨਹੀਂ ਕੀਤਾ ਜਾ ਸਕਦਾ?
ਅਕਾਲੀ ਦਲ ਦੀ ਪੰਜਾਬ ਵਿਚ ਸਰਕਾਰ ਬਣਦੇ ਸਾਰ ਹੀ ਪਹਿਲੇ ਕੰਮਾਂ ਵਿਚੋਂ ਇਕ ਕੰਮ ਸੀ ਬਰਜਿੰਦਰ ਹਮਦਰਦ ਦੇ ਜ਼ੋਰ ਦੇਣ ਤੇ ਰੋਜ਼ਾਨਾ ਸਪੋਕਸਮੈਨ ਅਖ਼ਬਾਰ ਦੇ ਇਸ਼ਤਿਹਾਰ ਬੰਦ ਕਰਨਾ (ਤਾਕਿ ਉਸ ਦੇ ਅਖ਼ਬਾਰ ਦਾ ਮੁਕਾਬਲਾ ਕਰਨ ਵਾਲਾ ਕੋਈ ਹੋਰ ਨਾ ਪੈਦਾ ਹੋ ਸਕੇ) ਅਤੇ ਉਨ੍ਹਾਂ ਦੇ ਰਾਜ ਦੇ 10 ਸਾਲਾਂ ਵਿਚ ਇਹ ਇਸ਼ਤਿਹਾਰ ਬੰਦ ਹੀ ਰਹੇ।

25% ਸਮਰਥਨ ਕਾਂਗਰਸ ਸਰਕਾਰ ਨੇ ਵੀ ਨਿਭਾਇਆ ਜਦੋਂ 2017 ਵਿਚ ਸਰਕਾਰ ਬਣਾਉਣ ਤੋਂ ਬਾਅਦ ਉਨ੍ਹਾਂ ਨੇ ਇਕ ਸਾਲ ਰੋਜ਼ਾਨਾ ਸਪੋਕਸਮੈਨ ਅਖ਼ਬਾਰ ਦੇ ਇਸ਼ਤਿਹਾਰ ਰੋਕੀ ਰੱਖੇ। ਸੁਖਬੀਰ ਸਿੰਘ ਬਾਦਲ ਨੇ ਹਾਲ ਹੀ ਵਿਚ ਰੋਜ਼ਾਨਾ ਸਪੋਕਸਮੈਨ ਅਦਾਰੇ ’ਤੇ 25 ਕਰੋੜ ਰੁਪਏ ‘ਆਪ’ ਸਰਕਾਰ ਤੋਂ ਲੈਣ ਦੇ ਬੇਬੁਨਿਆਦ ਇਲਜ਼ਾਮ ਲਾ ਕੇ ਅਦਾਰੇ ਨੂੰ ਬਦਨਾਮ ਕਰਨ ਦਾ ਕੰਮ ਕੀਤਾ ਅਤੇ ਇਕ ਵੀ ਕਾਂਗਰਸੀ ਆਗੂ ਨੇ ਉਫ਼ ਤਕ ਨਾ ਕੀਤੀ। ਕਾਂਗਰਸ ਸਰਕਾਰ ਨੇ ਹਜ਼ਾਰਾਂ ਬਦਲਾਖ਼ੋਰੀ ਦੇ ਕੇਸ ਰੱਦ ਕੀਤੇ ਪਰ ਸ. ਜੋਗਿੰਦਰ ਸਿੰਘ ਦੀ (ਅਕਾਲੀਆਂ ਵਲੋਂ 295 ਏ ਦੇ ਕੇਸ ਦੀ) ਫਾਈਲ ਖੋਲ੍ਹਣ ਤੋਂ ਇਨਕਾਰ ਕਰ ਦਿਤਾ (75-25?)। ਕਿਸੇ ਕਾਂਗਰਸੀ ਨੇ ਉਫ਼ ਤਕ ਨਾ ਕੀਤੀ। ਰੋਜ਼ਾਨਾ ਸਪੋਕਸਮੈਨ ਅਦਾਰੇ ਨੇ ਪੱਤਰਕਾਰੀ ਨਿਭਾਉਂਦੇ ਹੋਏ ਨਾ ਸਿਰਫ਼ ਪੰਜਾਬ ਦੇ ਹਰ ਮੁੱਦੇ ਨੂੰ ਲੈ ਕੇ ਆਵਾਜ਼ ਚੁੱਕੀ ਬਲਕਿ ਰਾਹੁਲ ਗਾਂਧੀ ਨਾਲ ਚਲ ਕੇ ਭਾਰਤ ਜੋੜੋ ਯਾਤਰਾ ਦਾ ਸਮਰਥਨ ਵੀ ਕੀਤਾ (ਜੋ ਕਿਸੇ ਹੋਰ ਪੰਜਾਬੀ ਅਦਾਰੇ ਨੇ ਨਹੀਂ ਕੀਤਾ) ਜਿਸ ਕਰ ਕੇ ਅਦਾਰੇ ’ਤੇ ਆਈ.ਟੀ. ਰੇਡ ਕੀਤੀ ਗਈ, ਪਰ ਕਿਸੇ ਪੰਜਾਬ ਦੇ ਕਾਂਗਰਸੀ ਆਗੂ ਨੇ ਹਾਲ ਤਕ ਨਾ ਪੁਛਿਆ। 

ਸੋ ਅੱਜ ਜਦ ਇਹ ਹਮਦਰਦ ਜੀ ’ਤੇ ਇਕ ਸਰਕਾਰੀ ਟਰੱਸਟ ਦੀ ਜਾਂਚ ਵਿਰੁਧ ਖੜੇ ਹੋ ਕੇ ਪ੍ਰੈੱਸ ਦੀ ਆਜ਼ਾਦੀ ਦਾ ਝੂਠਾ ਰੌਲਾ ਪਾ ਰਹੇ ਹਨ ਤਾਂ ਇਹ ਪੂਰੀ ਤਰ੍ਹਾਂ ਗ਼ਲਤ ਹੈ। ਪ੍ਰੈੱਸ ਦੀ ਆਜ਼ਾਦੀ ਖ਼ਤਰੇ ਵਿਚ ਹੈ, ਇਸ ਬਾਰੇ ਕੋਈ ਦੋ ਰਾਏ ਨਹੀਂ, ਪਰ ਇਸ ਮਾਮਲੇ ਵਿਚ ਗੱਲ ਪ੍ਰੈੱਸ ਦੀ ਜ਼ਿੰਮੇਵਾਰੀ ਦੀ ਹੈ। ਜੇ ਕਿਸੇ ਕਾਰਨ ਹਮਦਰਦ ਸਾਹਿਬ ਤੋਂ ਪੈਸਿਆਂ ਦੇ ਮਾਮਲੇ ਵਿਚ ਵਿਜੀਲੈਂਸ ਜਵਾਬ ਪੁੱਛ ਰਹੀ ਹੈ ਤਾਂ ਉਨ੍ਹਾਂ ਨੂੰ ਨਿਡਰ ਹੋ ਕੇ ਜਵਾਬ ਦੇਣਾ ਚਾਹੀਦਾ ਹੈ, ਖ਼ਾਸ ਕਰ ਕੇ ਜੇ ਉਨ੍ਹਾਂ ਕੁਝ ਗ਼ਲਤ ਨਹੀਂ ਕੀਤਾ। ਰੋਜ਼ਾਨਾ ਸਪੋਕਸਮੈਨ ਅਦਾਰੇ ਉਤੇ ਬੇਨਾਮੀ ਚਿੱਠੀਆਂ ਲਿਖ ਕੇ ਝੂਠੇ ਇਲਜ਼ਾਮ ਲਾਏ ਗਏ। ਕਾਨੂੰਨ ਮੁਤਾਬਕ ਬੇਨਾਮੀ ਚਿੱਠੀਆਂ ਵਿਚ ਲਗਾਏ ਗਏ ਇਲਜ਼ਾਮਾਂ ਦੇ ਆਧਾਰ ’ਤੇ ਕਿਸੇ ਵਿਰੁਧ ਜਾਂਚ ਨਹੀਂ ਹੋ ਸਕਦੀ ਪਰ ਸ: ਜੋਗਿੰਦਰ ਸਿੰਘ ਨੇ ਕੋਈ ਇਤਰਾਜ਼ ਨਾ ਕੀਤਾ ਤੇ ਹੱਸ ਕੇ ਕਿਹਾ, ‘‘ਇਕ ਪੈਸੇ ਦੀ ਵੀ ਗ਼ਲਤੀ ਲੱਭੋ ਤਾਂ ਕੋਈ ਲਿਹਾਜ਼ ਨਾ ਕਰਨਾ।’’

ਉਨ੍ਹਾਂ ਕੋਈ ਸ਼ੋਰ ਨਾ ਕੀਤਾ, ਕੋਈ ਪ੍ਰੈਸ ਦੀ ਆਜ਼ਾਦੀ ਦੀ ਗੱਲ ਨਾ ਕੀਤੀ। ਇਹੀ ਕੁੱਝ ਹਮਦਰਦ ਨੂੰ ਵੀ ਕਰਨਾ ਚਾਹੀਦਾ ਸੀ ਤੇ ਕਾਂਗਰਸੀਆਂ ਨੂੰ ਵੀ ਇਹੀ ਕਹਿਣਾ ਚਾਹੀਦਾ ਸੀ।

ਸਰਕਾਰੀ ਇਸ਼ਤਿਹਾਰਾਂ ਦੇ ਬੰਦ ਹੋਣ ਨਾਲ ਪੱਤਰਕਾਰੀ ਨਹੀਂ ਰੁਕਦੀ, ਸਪੋਕਸਮੈਨ ਨੇ 11 ਸਾਲ ਇਕ ਨਵਾਂ ਰੋਜ਼ਾਨਾ ਅਖ਼ਬਾਰ, ਬਿਨਾ ਇਸ਼ਤਿਹਾਰਾਂ ਦੇ, ਚਲਾ ਕੇ ਅਤੇ ਸ਼ਾਨ ਨਾਲ ਚਲਾ ਕੇ ਇਤਿਹਾਸ ਸਿਰਜ ਦਿਤਾ ਹੈ ਅਤੇ ਅਜੀਤ ਕੋਲ ਤਾਂ ਕੇਂਦਰ ਸਰਕਾਰ, ਯੂ.ਪੀ., ਹਰਿਆਣਾ ਅਤੇ ਵੱਡੇ ਕਾਰਪੋਰੇਟ ਘਰਾਣਿਆਂ ਦੇ ਇਸ਼ਤਿਹਾਰ ਵੀ ਹਨ। ਪੱਤਰਕਾਰੀ ਤਾਂ ਫਿਰ ਵੀ ਚਲ ਸਕਦੀ ਹੈ ਪਰ ਪੱਤਰਕਾਰੀ ਅਤੇ ਨਿਜੀ ਰੰਜਿਸ਼ਾਂ ਵਿਚ ਅੰਤਰ ਹੈ। ਇਕ ਮੁੱਖ ਮੰਤਰੀ ਨੂੰ ਨਿਸ਼ਾਨਾ ਬਣਾਈ ਰਖਣਾ ਪੱਤਰਕਾਰੀ ਨਹੀਂ ਬਲਕਿ ਹਾਕਮਾਂ ਵਲੋਂ ਸੁੱਟੀ ਚੋਪੜੀ ਰੋਟੀ ਵਲੋਂ ਬੇਪ੍ਰਵਾਹ ਹੋ ਕੇ, ਮਿਹਨਤ ਨਾਲ ਕਮਾਈ ਰੁੱਖੀ ਮਿੱਸੀ ਖਾਣ ਮਗਰੋਂ ਕਿਸਾਨੀ ਮੋਰਚਾ, ਰਾਮ ਰਹੀਮ, ਨਸ਼ਾ ਤਸਕਰੀ ਅਤੇ ਲੋਕਾਂ ਦੀ ਆਵਾਜ਼ ਸੁਣ ਕੇ ਸੱਚ ਲਿਖਣਾ ਪੱਤਰਕਾਰੀ ਹੁੰਦੀ ਹੈ। ਅੱਜ ਪੱਤਰਕਾਰੀ ਦੀ ਆਜ਼ਾਦੀ ਦਾ ਰੌਲਾ ਪਾਉਣ ਵਾਲਿਆਂ ਨੇ ਤਾਂ ਬੇਅਦਬੀਆਂ ਸਮੇਤ ਹਰ ਸੱਚ ਉਤੇ ਪਰਦਾ ਹੀ ਪਾਇਆ ਹੈ। 

‘ਆਪ’ ਸਰਕਾਰ ’ਤੇ ਵਾਰ-ਵਾਰ ਟਿਪਣੀ ਕਰਨ ਨਾਲ ਅਗਲੇ ਚਾਰ ਸਾਲ ਵਾਸਤੇ ਮਾਹੌਲ ਖ਼ਰਾਬ ਕਰਨਾ ਪੱਤਰਕਾਰੀ ਨਹੀਂ ਹੁੰਦੀ। ਪਰ ਸਿਆਸਤਦਾਨਾਂ ਦੇ ਚਿਹਰਿਆਂ ਦੀ ਇਬਾਰਤ ਵੀ ਸਪੱਸ਼ਟ ਹੋ ਗਈ ਕਿ ਇਹ ਅਮੀਰਾਂ ਅੱਗੇ ਝੁਕਦੇ ਹਨ, ਅਮੀਰਾਂ ਨਾਲ ਰਲ ਕੇ ਉਨ੍ਹਾਂ ਦੀਆਂ ਗ਼ਲਤੀਆਂ ਨੂੰ ਢਕਣ ਵਾਸਤੇ ਬਹਾਨੇ ਘੜਦੇ ਹਨ। ਸ਼ਾਇਦ ਅਮੀਰਾਂ ਦੀ ਅਮੀਰੀ ਦਾ ਇਨ੍ਹਾਂ ਨੂੰ ਵੀ ਕੋਈ ਫ਼ਾਇਦਾ ਹੋਇਆ ਹੋਵੇਗਾ। ਜਿਸ ਕਾਰਨ ਇਹ ਅੱਜ ਸਾਰੇ ਇਕੱਠੇ ਹਨ ਪਰ ਪ੍ਰੈੱਸ ਦੀ ਆਜ਼ਾਦੀ ਵਾਸਤੇ ਨਹੀਂ, ਸਿਰਫ਼ ਅਪਣੇ ਨਿਜੀ ਸਵਾਰਥਾਂ ਵਾਸਤੇ।                                 

- ਨਿਮਰਤ ਕੌਰ