ਬਰਗਾੜੀ ਕਾਂਡ ਸੁਲਝਦਾ ਸੁਲਝਦਾ ਉਲਝ ਗਿਆ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਕਿਉਂਕਿ ਸੱਚ ਨੂੰ ਪ੍ਰਗਟ ਕਰਨ ਦੇ ਇਰਾਦਿਆਂ ਉਤੇ ਦਾਗ਼ੀ ਸਿਆਸਤਦਾਨਾਂ ਨੂੰ ਬਚਾਣਾ ਜ਼ਰੂਰੀ ਸਮਝਿਆ ਜਾਣ ਲੱਗਾ ਹੈ............

Bargari Kand

'ਬਰਗਾੜੀ ਕਾਂਡ' ਦਾ ਮਾਮਲਾ ਸੁਲਝਦਾ ਸੁਲਝਦਾ ਮੁੜ ਤੋਂ ਉਲਝ ਗਿਆ ਜਾਪਦਾ ਹੈ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਤੋਂ ਸ਼ੁਰੂ ਹੋ ਕੇ ਇਹ ਪੰਜਾਬ ਪੁਲਿਸ ਵਲੋਂ ਨਿਹੱਥੇ, ਸ਼ਾਂਤਮਈ ਢੰਗ ਨਾਲ ਰੋਸ ਪ੍ਰਗਟ ਕਰਦੀ ਭੀੜ ਉਤੇ ਲਾਠੀਆਂ ਅਤੇ ਗੋਲੀਆਂ ਚਲਾਉਣ ਨਾਲ ਖ਼ਤਮ ਹੋਇਆ, ਜਿਸ ਵਿਚ ਦੋ ਸਿੱਖ ਮਾਰੇ ਵੀ ਗਏ ਅਤੇ ਕਈ ਬੁਰੀ ਤਰ੍ਹਾਂ ਜ਼ਖ਼ਮੀ ਵੀ ਹੋਏ। ਇਸ ਕਾਂਡ ਵਿਚ ਜਿਸ ਤਰ੍ਹਾਂ ਗੋਲੀਆਂ ਚਲਾਈਆਂ ਗਈਆਂ, ਉਸ ਨੇ ਜਨਰਲ ਡਾਇਰ ਵਲੋਂ ਜਲ੍ਹਿਆਂ ਵਾਲੇ ਬਾਗ਼ ਵਾਲੀ ਗੋਲੀਬਾਰੀ ਦੀ ਯਾਦ ਕਰਵਾ ਦਿਤੀ। ਸਵਾਲਾਂ ਦੇ ਜਵਾਬ ਬੜੇ ਸਾਫ਼ ਸਨ, ਪਰ ਤਿੰਨ ਸਾਲ ਲੱਗ ਗਏ ਇਨ੍ਹਾਂ ਦੇ ਪ੍ਰਗਟ ਹੋਣ ਨੂੰ ਭਾਵੇਂ ਕਿ ਸੰਗੀਨਾਂ ਦੇ ਜ਼ੋਰ ਨਾਲ,

ਇਸ ਸੱਚ ਦੇ, ਕਦੇ ਪ੍ਰਗਟ ਨਾ ਹੋਣ ਦਾ ਪੂਰਾ ਪ੍ਰਬੰਧ ਕੀਤਾ ਗਿਆ ਸੀ। ਅਕਾਲੀ-ਭਾਜਪਾ ਸਰਕਾਰ ਦੀ ਵੱਡੀ ਹਾਰ ਪਿੱਛੇ ਕੰਮ ਕਰਦਾ ਇਹ ਵੀ ਇਕ ਵੱਡਾ ਕਾਰਨ ਸੀ। ਪਰ ਸੱਚ, ਸਾਹਮਣੇ ਨਹੀਂ ਸੀ ਆ ਰਿਹਾ। ਇਹ ਤਾਂ ਸਾਫ਼ ਸੀ ਕਿ ਗੋਲੀ ਪੰਜਾਬ ਪੁਲਿਸ ਨੇ ਚਲਾਈ ਸੀ, ਪਰ ਅਸਲ ਕਸੂਰਵਾਰ ਕੌਣ ਸੀ? ਨਵੀਂ ਕਾਂਗਰਸ ਸਰਕਾਰ ਵਲੋਂ ਸਥਾਪਤ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਉਨ੍ਹਾਂ ਗੱਲਾਂ ਦੀ ਤਸਦੀਕ ਕੀਤੀ ਹੈ ਜਿਨ੍ਹਾਂ ਬਾਰੇ ਲੋਕਾਂ ਵਲੋਂ ਸਥਾਪਤ ਜਸਟਿਸ ਕਾਟਜੂ ਕਮਿਸ਼ਨ ਵਲੋਂ ਪ੍ਰਗਟਾਵੇ ਕੀਤੇ ਗਏ ਸਨ ਤੇ ਨਵਾਂ ਕਮਿਸ਼ਨ ਸਗੋਂ ਕਈ ਹੋਰ ਸੱਚ ਵੀ ਬਾਹਰ ਲੈ ਆਇਆ। ਜਸਟਿਸ ਰਣਜੀਤ ਸਿੰਘ ਕਮਿਸ਼ਨ ਕੋਲ, ਜਸਟਿਸ ਕਾਟਜੂ ਤੋਂ

ਕਿਤੇ ਵੱਧ ਤਾਕਤਾਂ ਸਨ ਅਤੇ ਉਨ੍ਹਾਂ ਦੀ ਕਾਮਯਾਬੀ ਦਾ ਸੱਭ ਤੋਂ ਵੱਡਾ ਰਾਜ਼ ਇਹ ਸੀ ਕਿ ਉਨ੍ਹਾਂ ਨੇ ਇਸ ਸਾਰੇ ਮਾਮਲੇ ਪਿੱਛੇ ਕੰਮ ਕਰਦੀ ਕੜੀ ਨੂੰ ਪਛਾਣ ਲਿਆ ਸੀ। ਸਿਰਸਾ ਡੇਰੇ ਦੀ ਪੰਜਾਬ ਵਿਚ ਸਿੱਖਾਂ ਦੀਆਂ ਭਾਵਨਾਵਾਂ ਨੂੰ ਪੈਰਾਂ ਹੇਠ ਰੋਲਣ ਦੀ ਯੋਜਨਾ ਦਾ ਸਾਹਮਣੇ ਆਉਣਾ, ਇਕ ਵੱਡਾ ਪ੍ਰਗਟਾਵਾ ਹੈ।ਪਰ ਅਗਲੀਆਂ ਸਾਰੀਆਂ ਕੜੀਆਂ ਨੂੰ ਜੋੜਨ ਨਾਲ ਜੋ ਤੱਥ ਸਾਹਮਣੇ ਆਉਂਦੇ ਹਨ, ਉਹ ਸਿੱਖਾਂ ਦੇ ਦਿਲਾਂ ਨੂੰ ਬਹੁਤ ਤਕਲੀਫ਼ ਦੇਣ ਵਾਲੇ ਹਨ। ਅੱਜ ਹਰ ਕੋਈ ਇਸ ਸੱਚ ਨੂੰ ਜਾਣਦਾ ਹੈ ਕਿ ਅਕਾਲ ਤਖ਼ਤ, ਬਾਦਲ ਪ੍ਰਵਾਰ ਦੇ ਕਹਿਣ ਤੇ ਚਲਦਾ ਹੈ ਪਰ ਹੁਣ ਇਹ ਸੱਚ ਵੀ ਸਾਹਮਣੇ ਆ ਗਿਆ ਹੈ ਕਿ ਸੌਦਾ ਸਾਧ ਨੂੰ ਅਕਾਲ ਤਖ਼ਤ ਤੋਂ ਮਾਫ਼ੀ ਦਿਵਾਉਣ ਪਿੱਛੇ

ਸਰਾਸਰ ਸਿਆਸਤ ਖੇਡੀ ਜਾ ਰਹੀ ਸੀ, ਜਿਥੇ ਬਾਦਲ ਪ੍ਰਵਾਰ ਨੇ ਵੋਟਾਂ ਪ੍ਰਾਪਤ ਕਰਨ ਦੇ ਲਾਲਚ ਵਿਚ ਅਕਾਲ ਤਖ਼ਤ ਨੂੰ ਇਸ ਹੱਦ ਤਕ ਅਪਣਾ ਮੋਹਰਾ ਬਣਾਉਣ ਬਾਰੇ ਪਹਿਲਾਂ ਕਦੇ ਨਹੀਂ ਸੀ ਸੋਚਿਆ। ਜੇ ਤੱਥਾਂ ਵਲ ਵੇਖਿਆ ਜਾਵੇ ਤਾਂ ਇਹ ਵੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਪੰਜਾਬ ਵਿਚ ਸਿੱਖਾਂ ਨੂੰ ਡਰਾਉਣ ਵਾਸਤੇ ਡੇਰਾ ਪ੍ਰੇਮੀਆਂ ਨਾਲ ਮਿਲ ਕੇ ਸਾਡੇ ਅਪਣੇ ਮੁਹਾਫ਼ਜ਼ (ਰਾਖੇ) ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਾਂਡ ਦੀ ਸਾਜ਼ਸ਼ ਵਿਚ ਸੌਦਾ ਸਾਧ ਨਾਲ ਸ਼ਾਮਲ ਸਨ। ਪੁਲਿਸ ਨੂੰ ਡਰ ਅਤੇ ਦਹਿਸ਼ਤ ਫੈਲਾਉਣ ਵਾਸਤੇ ਇਸਤੇਮਾਲ ਕੀਤਾ ਗਿਆ। ਡੀ.ਜੀ.ਪੀ. ਸੈਣੀ ਦੇ ਹੱਥ ਵਿਚ ਸਿੱਖ ਨੌਜਵਾਨਾਂ ਦੇ ਖ਼ੂਨ ਨਾਲ ਰੰਗੇ ਹੋਣ ਦੇ ਬਾਵਜੂਦ

ਉਸ ਨੂੰ ਪੰਜਾਬ ਦਾ ਸੱਭ ਤੋਂ ਤਾਕਤਵਰ ਅਹੁਦਾ ਨੀਲੀਆਂ ਪੰਥਕ ਪੱਗਾਂ ਵਾਲਿਆਂ ਨੇ ਹੀ ਸੌਂਪਿਆ। ਜ਼ਾਹਰ ਹੈ ਕਿ ਜੇ ਪਰਕਾਸ਼ ਸਿੰਘ ਬਾਦਲ ਅਤੇ ਡੀ.ਜੀ.ਪੀ. ਸੈਣੀ ਵਿਚਕਾਰ ਗੋਲੀ ਚਲਾਉਣ ਤੋਂ ਪਹਿਲਾਂ ਗੱਲ ਹੋਈ ਹੈ ਤਾਂ ਗੋਲੀ ਇਕ ਸੋਚੀ ਸਮਝੀ ਸਾਜ਼ਸ਼ ਅਧੀਨ ਹੀ ਚਲਾਈ ਗਈ। ਇਸ ਵਿਚ ਗੋਲੀ ਚਲਾਉਣ ਵਾਲੇ ਛੋਟੇ ਕਾਂਸਟੇਬਲ ਜਾਂ ਐਸ.ਐਸ.ਪੀ. ਉਤੇ ਇਲਜ਼ਾਮ ਜ਼ਰੂਰ ਲਗਦਾ ਹੈ ਪਰ ਜਦੋਂ ਸੂਬੇ ਦੇ ਮੁੱਖ ਮੰਤਰੀ ਅਤੇ ਡੀ.ਜੀ.ਪੀ. ਦੇ ਹੁਕਮ ਹੋਣ ਤਾਂ ਛੋਟਾ ਜਿਹਾ ਕਾਂਸਟੇਬਲ ਕਰ ਵੀ ਕੀ ਸਕਦਾ ਹੈ? ਸਾਫ਼ ਹੈ ਕਿ ਫ਼ਰੀਦਕੋਟ ਦੇ ਜ਼ਿਲ੍ਹਾ ਅਫ਼ਸਰਾਂ ਵਲੋਂ ਰੋਕਣ ਦੇ ਬਾਵਜੂਦ ਪਹਿਲਾਂ ਪੰਜਾਬ ਪੁਲਿਸ ਨੇ ਲਾਠੀਆਂ ਚਲਾਈਆਂ ਅਤੇ ਫਿਰ ਗੋਲੀਆਂ।

ਇਸ ਲਈ ਅੱਜ ਹੁਕਮ ਦੇਣ ਵਾਲੇ ਅਸਲ ਲੋਕਾਂ ਨੂੰ ਫੜਨ ਦੀ ਜ਼ਰੂਰਤ ਹੈ।ਕੈਪਟਨ ਅਮਰਿੰਦਰ ਸਿੰਘ ਨੇ ਇਨ੍ਹਾਂ ਤੱਥਾਂ ਨੂੰ ਵੇਖਦਿਆਂ ਸੀ.ਬੀ.ਆਈ. ਨੂੰ ਜਾਂਚ ਸੌਂਪ ਕੇ, ਇਸ ਮਾਮਲੇ ਵਿਚ ਨਿਜੀ ਸਿਆਸੀ ਰੰਜਿਸ਼ ਦੇ ਸੰਭਾਵੀ ਇਲਜ਼ਾਮਾਂ ਤੋਂ ਬਚਣ ਦੀ ਕੋਸ਼ਿਸ਼ ਵੀ ਕੀਤੀ ਹੈ ਅਤੇ ਅਕਾਲ ਤਖ਼ਤ ਦੇ ਮਾਮਲੇ ਵਿਚ ਵੀ ਪੰਜਾਬ ਦੀ ਕਾਂਗਰਸ ਸਰਕਾਰ, ਆਪ ਹੱਥ ਪਾਉਣ ਤੋਂ ਝਿਜਕਦੀ ਵਿਖਾਈ ਦੇਂਦੀ ਹੈ।

ਅਸਲ ਵਿਚ ਇਹ ਸਿੱਖ ਕੌਮ ਦੇ ਸਰਬ ਉੱਚ ਸਥਾਨ ਕਰ ਕੇ ਪ੍ਰਚਾਰੇ ਜਾਂਦੇ ਅਕਾਲ ਤਖ਼ਤ ਅਤੇ ਉਸ ਨੂੰ ਸਿਆਸਤ ਵਿਚ ਘਸੀਟਣ ਵਾਲੀ ਪੰਥਕ ਪਾਰਟੀ ਦਾ ਖੇਤਰ ਮੰਨਿਆ ਜਾਂਦਾ ਹੈ।  ਸੀ.ਬੀ.ਆਈ. ਹੈ ਤਾਂ ਸਰਕਾਰ ਦਾ ਤੋਤਾ, ਪਰ ਜੇ ਸਿੱਖ ਕੌਮ ਇਕਜੁਟ ਹੋ ਕੇ ਇਸ ਮਾਮਲੇ ਵਿਚ ਪੈਰਵੀ ਕਰੇ ਤਾਂ ਸੱਚ ਸਾਹਮਣੇ ਆਉਣ ਤੋਂ ਰੋਕਿਆ ਨਹੀਂ ਜਾ ਸਕਦਾ। ਪਰ ਕੀ ਸਿੱਖ ਕੌਮ ਵਿਚ ਸੱਚ ਨੂੰ ਕਬੂਲ ਕਰ ਲੈਣ ਦੀ ਤਾਕਤ ਹੈ?             -ਨਿਮਰਤ ਕੌਰ