ਸੁਖਬੀਰ ਬਾਦਲ ਦਾ ਸਿੱਖਾਂ ਨੂੰ ਦਿਤਾ ਮੇਹਣਾ ਕਿੰਨਾ ਕੁ ਜਾਇਜ਼ ਹੈ?

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਸੁਖਬੀਰ ਬਾਦਲ ਨੇ ਹਾਲ ਹੀ ਵਿਚ ਇਕ ਬਿਆਨ ਦਿਤਾ ਹੈ ਜਿਸ ਬਾਰੇ ਗ਼ੌਰ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਆਖਿਆ ਕਿ ਨਿਆਂ ਉਨ੍ਹਾਂ ਕੌਮਾਂ ਨੂੰ ਮਿਲਦਾ ਹੈ ਜੋ ਇਕੱਠੀਆਂ ਰਹਿੰਦੀਆ...

Sukhbir Singh Badal

ਸੁਖਬੀਰ ਬਾਦਲ ਨੇ ਹਾਲ ਹੀ ਵਿਚ ਇਕ ਬਿਆਨ ਦਿਤਾ ਹੈ ਜਿਸ ਬਾਰੇ ਗ਼ੌਰ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਆਖਿਆ ਕਿ ਨਿਆਂ ਉਨ੍ਹਾਂ ਕੌਮਾਂ ਨੂੰ ਮਿਲਦਾ ਹੈ ਜੋ ਇਕੱਠੀਆਂ ਰਹਿੰਦੀਆ ਹਨ। ਕਾਂਗਰਸ ਦੀ ਸਰਕਾਰ ਵਲ ਇਸ਼ਾਰਾ ਕਰਦੇ ਹੋਏ ਉਨ੍ਹਾਂ ਨੇ ਬਾਬਰੀ ਮਸਜਿਦ ਨੂੰ ਢਾਹ ਦੇਣ ਦੀ ਉਦਾਹਰਣ ਦਿਤੀ ਤੇ ਪੁਛਿਆ ਕਿ ਉਸ ਇਕ ਮੁਸਲਿਮ ਘਲੂਘਾਰੇ ਕਾਰਨ ਕਦੇ ਕੋਈ ਮੁਸਲਮਾਨ ਭਾਜਪਾ ਨੂੰ ਵੋਟ ਨਹੀਂ ਪਾਵੇਗਾ ਜਦਕਿ ਸਿੱਖਾਂ ਨੇ ਦਰਬਾਰ ਸਾਹਿਬ ਉਤੇ ਹਮਲੇ ਦੀ ਕਸੂਰਵਾਰ ਕਾਂਗਰਸ ਨੂੰ ਸਮਰਥਨ ਅਤੇ ਵੋਟ ਦੇ ਕੇ ਅਪਣੇ ਆਪ ਨੂੰ ਕਮਜ਼ੋਰ ਕੀਤਾ ਹੈ। ਉਨ੍ਹਾਂ ਨੇ ਅਪਣੇ ਹੀ ਭਾਈਵਾਲ ਉਤੇ ਬਾਬਰੀ ਮਸਜਿਦ ਨੂੰ ਤੋੜਨ ਦਾ ਇਲਜ਼ਾਮ ਦੁਹਰਾ ਕੇ ਤੇ ਅਕਾਲੀ-ਭਾਜਪਾ ਦੀ ਅੰਦਰੂਨੀ ਕਸ਼ਮਕਸ਼ ਨੂੰ ਲੈ ਕੇ ਇਕ ਹੋਰ ਨਿਸ਼ਾਨਾ ਸਾਧਿਆ ਹੈ ਪਰ ਉਨ੍ਹਾਂ ਦਾ ਇਹ ਕਹਿਣਾ ਤਾਂ ਠੀਕ ਹੈ ਕਿ ਬਾਬਰੀ ਦਾ ਦਰਦ ਮਹਿਸੂਸ ਕਰਨ ਵਾਲੇ ਕਦੇ ਉਸ ਨੂੰ ਢਾਹੁਣ ਵਾਲੇ ਨੂੰ ਵੋਟ ਨਹੀਂ ਪਾਉਣਗੇ। 

ਪਰ ਕੀ ਬਾਬਰੀ ਮਸਜਿਦ ਤੇ ਗੁਜਰਾਤ ਦੰਗਿਆਂ ਦਾ ਨਿਆਂ ਮੁਸਲਮਾਨਾਂ ਨੂੰ ਮਿਲਿਆ ਹੈ? ਨਹੀਂ? ਉਵੇਸੀ ਨੇ ਹਾਲ ਵਿਚ ਹੀ ਆਖਿਆ ਹੈ ਕਿ ਧਰਮ ਨਿਰਪੱਖਤਾ ਦੇ ਨਾਂ ਤੇ ਮੁਸਲਮਾਨ ਵੋਟ ਨੂੰ ਅਪਣੀ ਜਾਗੀਰ ਨਹੀਂ ਸਮਝਿਆ ਜਾਣਾ ਚਾਹੀਦਾ। ਉਹ ਕਾਂਗਰਸ ਵਲ ਇਸ਼ਾਰਾ ਕਰ ਰਹੇ ਸਨ ਕਿਉਂਕਿ ਕਾਂਗਰਸ ਨੇ ਭਾਵੇਂ ਬਾਬਰੀ ਤੇ ਹਮਲਾ ਨਹੀਂ ਕੀਤਾ ਤੇ ਨਾ ਹੀ ਗੁਜਰਾਤ ਵਿਚ ਦੰਗੇ ਕਰਵਾਏ ਪਰ ਮੁਸਲਮਾਨਾਂ ਨੂੰ ਨਾ ਨਿਆਂ ਦਿਵਆਇਆ ਗਿਆ ਤੇ ਨਾ ਹੀ ਦੇਸ਼ ਦੀ ਮੁੱਖ ਧਾਰਾ  ਵਿਚ ਪੂਰੀ ਤਰ੍ਹਾਂ ਸ਼ਾਮਲ ਹੀ ਕੀਤਾ ਗਿਆ। ਜਿਸ ਤਰ੍ਹਾਂ ਅੱਜ ਉਵੇਸੀ ਮੁਸਲਮਾਨ ਵੋਟਰ ਨੂੰ ਕਾਂਗਰਸ ਤੋਂ ਦੂਰ ਕਰ ਰਹੇ ਹਨ, ਉਸੇ ਤਰ੍ਹਾਂ ਸਿੱਖਾਂ ਦੀ ਪੰਥਕ ਵੋਟ ਅਕਾਲੀਆਂ ਤੋਂ ਦੁਖੀ ਅਤੇ ਨਿਰਾਸ਼ ਹੋ ਕੇ ਕਾਂਗਰਸ ਤੇ ਵਿਸ਼ਵਾਸ ਕਰ ਰਹੀ ਹੈ ਤੇ ’84 ਦੇ ਦਰਦ ਨੂੰ ਭੁਲਾ ਤਾਂ ਨਹੀਂ ਰਹੀ ਪਰ ਅਕਾਲੀ ਦਲ ਤੋਂ ਨਿਆਂ ਦੀ ਆਸ ਵੀ ਰਖਣਾ ਛੱਡ ਚੁੱਕੀ ਹੈ।

ਜੇ ਪਿਛਲੇ 35 ਸਾਲਾਂ ਵਿਚ ਅਕਾਲੀ ਦਲ ਨੇ ਸਿੱਖ ਵੋਟਰਾਂ ਦਾ ਸਤਿਕਾਰ ਕਦੇ ਪੰਥਕ ਪਾਰਟੀ ਵਜੋਂ ਕੀਤਾ ਹੁੰਦਾ ਤਾਂ ਅੱਜ ਅਕਾਲੀ ਦਲ ਦੇ ਪ੍ਰਧਾਨ ਨੂੰ ਇਹ ਨਿਰਾਸ਼ਾ ਨਾ ਵੇਖਣੀ ਪੈਂਦੀ। ਸੱਚ ਇਹ ਹੈ ਕਿ ਸਿੱਖ, ਅਕਾਲੀ ਦਲ ਨੂੰ ਛੱਡ ਕੇ ਕਾਂਗਰਸ ਵਲ ਨਹੀਂ ਗਏ ਸਗੋਂ ਅਕਾਲੀ-ਭਾਜਪਾ ਨੇ ਪਤੀ-ਪਤਨੀ ਵਾਲੇ ਰਿਸ਼ਤੇ ਵਿਚ ਬੱਝ ਕੇ ਸਿੱਖਾਂ ਨਾਲ ਜੋ ਦੂਜਾ ਵਿਆਹ ਕਰਨ ਵਾਲੀ ਮਾਂ ਵਾਲਾ ਸਲੂਕ ਕੀਤਾ, ਉਸ ਨੇ ਅਥਰੂ ਕੇਰਦੇ ਸਿੱਖਾਂ ਨੂੰ ਮਤਰੇਈ ਮਾਂ ਅਕਾਲੀ ਦਲ ਕੋਲੋਂ ਦੂਰ ਕਰ ਦਿਤਾ। ਇਸ ਭਾਜਪਾ ਨਾਲ ਵਿਆਹੀ ਅਕਾਲੀ ਪਾਰਟੀ ਨੂੰ ਸਿੱਖਾਂ ਦੇ ਹੱਕ ਵਿਚ ਹਾਅ ਦਾ ਨਾਹਰਾ ਮਾਰਨ ਵਾਲਾ ਅਖ਼ਬਾਰ ਪਸੰਦ ਨਹੀਂ, ਸਿੱਖਾਂ ਲਈ ਜੂਝਣ ਵਾਲਾ ਅਕਾਲ ਤਖ਼ਤ ਦਾ ਸਾਬਕਾ ਜਥੇਦਾਰ ਪਸੰਦ ਨਹੀਂ, ਸਿੱਖੀ ਦੇ ਹੱਕ ਵਿਚ ਲਿਖਣ ਵਾਲੇ ਵਿਦਵਾਨ ਪਸੰਦ ਨਹੀਂ ਤਾਂ ਸਿੱਖ ਇਸ ਨੂੰ ਕਿਵੇਂ ਪਸੰਦ ਕਰਦੇ ਰਹਿਣਗੇ? ਅਖ਼ੀਰ ਕਦੋਂ ਤਕ ਜ਼ਰੂਰਤ ਪੈਣ ਉਤੇ ’84 ਨੂੰ ਯਾਦ ਕਰਵਾਇਆ ਜਾਂਦਾ ਰਹੇਗਾ? ਜੇ ’84 ਦੇ ਪੀੜਤਾਂ ਨੂੰ ਨਿਆਂ ਨਾ ਵੀ ਮਿਲਿਆ ਹੁੰਦਾ ਪਰ ਉਨ੍ਹਾਂ ਦੇ ਨਾਲ ਖੜੇ ਰਹਿ ਕੇ ਅਕਾਲੀ ਦਲ ਦਾ ਪੰਥਕ ਸਰੂਪ ਭਗਵੇਂ ਬਰੀਗੇਡ ਦੇ ਪੈਰਾਂ ਹੇਠ ਨਾ ਰੋਲਿਆ ਹੁੰਦਾ ਤਾਂ ਵੀ ਅੱਜ ਤਸਵੀਰ ਕੁੱਝ ਹੋਰ ਹੀ ਹੋਣੀ ਸੀ। 

ਸੁਖਬੀਰ ਬਾਦਲ ਦਾ ਇਹ ਬਿਆਨ ਇਕ ਸਿਆਸੀ ਨੇਤਾ ਵਲੋਂ ਲਗਾਏ ਵੋਟਾਂ ਦੇ ਅਰਬੇ ਖਰਬੇ ਵਿਚੋਂ ਉਪਜਿਆ ਹੈ ਕਿਉਂਕਿ ਉਹ ਸੰਸਦ ਮੈਂਬਰ ਹਨ, ਐਮ.ਐਲ.ਏ ਵੀ ਹਨ ਪਰ ਉਹ ਭੁੱਲ ਗਏ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸ਼੍ਰੋਮਣੀ ਕਮੇਟੀ ਦੇ ਸਰਵੇ ਸਰਵਾ ਵੀ ਹਨ। ਉਨ੍ਹਾਂ ਕੋਲ ਪੋਪ ਵਰਗੀ ਤਾਕਤ ਸੀ ਜਿਸ ਨਾਲ ਉਹ ਸਾਰੀ ਦੁਨੀਆਂ ਦੇ ਸਿੱਖਾਂ ਦਾ ਸਾਥ, ਹਮੇਸ਼ਾ ਲਈ ਪ੍ਰਾਪਤ ਕਰ ਸਕਦੇ ਸਨ ਪਰ ਉਨ੍ਹਾਂ ਸਿਆਸਤ ਤੇ ਧਰਮ ਵਿਚਕਾਰ ਦੇ ਫ਼ਰਕ ਨੂੰ ਨਹੀਂ ਸਮਝਿਆ। ਅੱਜ ਦੇ ਹੜ੍ਹਾਂ ਦੇ ਸੰਕਟ ਨੂੰ ਹੀ ਵੇਖ ਲਉ। ਪੰਜਾਬ ਵਿਚ ਆਮ ਲੋਕ ਤੇ ਕਿਸਾਨ ਬਰਬਾਦ ਹੋ ਰਹੇ ਹਨ ਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਪੁਰਬ ਤੇ ਪੰਜਾਬ ਨਾਲ ਖੜੇ ਹੋਣ ਦਾ ਮੌਕਾ ਵੀ ਗਵਾ ਲਿਆ ਹੈ।

ਸਿੱਖ ਸਿਧਾਂਤਾਂ ਨੂੰ ਦੁਨੀਆਂ ਵਿਚ ਉਜਾਗਰ ਕਰਦੀ ਖ਼ਾਲਸਾ ਏਡ ਜਥੇਬੰਦੀ ਨੇ ਅੱਜ ਤਕ ਤਕਰੀਬਨ 600 ਕਰੋੜ ਪੰਜਾਬ ਦੇ ਹੜ੍ਹ ਪੀੜਤਾਂ ਵਾਸਤੇ ਇਕੱਠੇ ਕੀਤੇ ਹਨ ਤੇ ਸੁਖਬੀਰ ਬਾਦਲ ਦੀ ਅਗਵਾਈ ਹੇਠ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਇਕ ਰਾਤ ਵਿਚ ਕਰੋੜਾਂ ਦੇ ਫੁੱਲ ਲਗਾ ਕੇ ਪੈਸੇ ਦੀ ਬਰਬਾਦੀ ਕੀਤੀ ਹੈ। ਭਾਵੇਂ ਇਹ ਸਿੱਖਾਂ ਵਲੋਂ ਭੇਟ ਕੀਤੇ ਗਏ ਸਨ ਜਾਂ ਕਮੇਟੀ ਨੇ ਅਪਣੇ ਪੈਸਿਆਂ ਨਾਲ ਖ਼ਰੀਦੇ ਸਨ, ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਫ਼ਰਜ਼ ਬਣਦਾ ਸੀ ਕਿ ਉਹ ਪੰਜਾਬ ਦੇ ਹੜ੍ਹ ਪੀੜਤਾਂ ਨੂੰ ਹਰ ਪੈਸਾ ਬਚਾ ਕੇ  ਪਹੁੰਚਾਉਂਦੀ। ਪ੍ਰਕਾਸ਼ ਪੁਰਬ ਨੂੰ ਕੀ ਸੋਭਾ ਦਿੰਦਾ, ਇਹ ਕਿ ਇਹ ਪੈਸਾ ਬਚਾਅ ਕੇ ਗ਼ਰੀਬਾਂ ਦੇ ਘਰ ਬਣਾਏ ਜਾਣ ਜਾਂ ਫੁੱਲਾਂ ਦੇ ਹਾਰ ਸਜਾਏ ਜਾਣ? ਦਰਬਾਰ ਸਾਹਿਬ ਦੀ ਖ਼ੂਬਸੂਰਤੀ ਤੇ ਸੋਚ ਸਾਹਮਣੇ ਤਾਂ ਦੁਨੀਆਂ ਭਰ ਦੇ ਸਾਰੇ ਫੁੱਲ ਮਿਲ ਕੇ ਵੀ ਫਿੱਕੇ ਪੈ ਜਾਂਦੇ ਹਨ ਤੇ ਫਿਰ ਕੁੱਝ ਲੱਖਾਂ-ਕਰੋੜਾਂ ਦੇ ਫੁੱਲ ਕੀ ਸੋਭਾ ਵਧਾ ਸਕਦੇ ਹਨ?

ਅਕਾਲੀ ਦਲ ਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਅੱਜ ਅਪਣੇ ਹੀ ਬਿਆਨ ਨੂੰ ਟਟੋਲਣ ਦੀ ਜ਼ਰੂਰਤ ਹੈ। ਸਿੱਖ ਉਨ੍ਹਾਂ ਤੋਂ ਦੂਰ ਹੋ ਰਹੇ ਹਨ ਜਾਂ ਉਹ ਕੌਮ ਤੋਂ ਦੂਰ ਹੋ ਰਹੇ ਹਨ। ਜੇ ਉਹ ਪੰਜਾਬ ਦੇ ਸਿੱਖਾਂ ਨਾਲ ਨਹੀਂ ਖੜੇ ਹੋ ਸਕਦੇ ਤਾਂ ਉਹ ਦੁਨੀਆਂ ਦੇ ਸਿੱਖਾਂ ਦੀ ਨੁਮਾਇੰਦਗੀ ਕਿਸ ਤਰ੍ਹਾਂ ਕਰਨਗੇ? ਪਾਕਿਸਤਾਨ, ਮੇਘਾਲਿਆ, ਕਸ਼ਮੀਰ ਦੇ ਸਿੱਖਾਂ ਵਾਸਤੇ ਕੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਇਕ ਢਾਲ ਬਣ ਸਕੀ ਹੈ? ਕੀ ਬਾਬਾ ਨਾਨਕ ਦੀ ਸੋਚ ਵਿਚੋਂ ਜਨਮਿਆ ਸਿੱਖ ਧਰਮ ਸਿਰਫ਼ ਨਗਰ ਕੀਰਤਨਾਂ ਤੇ ਫੁੱਲਾਂ ਲੱਦੇ ਵਿਖਾਵਿਆਂ ਵਾਸਤੇ ਹੀ ਪ੍ਰੇਰਦਾ ਹੈ? ਕੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਤੇ ਅਕਾਲੀ ਦਲ ਆਪ ਅੱਜ ਪੰਥਕ ਸੋਚ ਨਾਲ ਜੁੜੇ ਹੋਏ ਦਿਸਦੇ ਹਨ?  -ਨਿਮਰਤ ਕੌਰ