ਮਹਾਤਮਾ ਗਾਂਧੀ ਚੰਗਾ ਕਰਦੇ ਜੇ 'ਹਰੀਜਨ' ਬਣਾਉਣ ਦੀ ਥਾਂ ਚੌਥੀ ਜਾਤ ਹੀ ਖ਼ਤਮ ਕਰ ਦੇਂਦੇ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਇਕ ਆਰ.ਟੀ.ਆਈ. ਪੁਛ ਦੌਰਾਨ ਇਹ ਸੱਚ ਸਾਹਮਣੇ ਆਇਆ ਕਿ ਭਾਜਪਾ ਸਰਕਾਰ ਵਲੋਂ ਇਕ ਵੀ ਪੈਸਾ ਹੱਥ ਨਾਲ ਮਲ ਸਾਫ਼ ਕਰਨ ਵਾਲੇ ਮੁਲਾਜ਼ਮਾਂ ਦੀ ਬਿਹਤਰੀ ਵਾਸਤੇ ਨਹੀਂ ਦਿਤਾ ਗਿਆ.....

Mahatma Gandhi

ਇਕ ਆਰ.ਟੀ.ਆਈ. ਪੁਛ ਦੌਰਾਨ ਇਹ ਸੱਚ ਸਾਹਮਣੇ ਆਇਆ ਕਿ ਭਾਜਪਾ ਸਰਕਾਰ ਵਲੋਂ ਇਕ ਵੀ ਪੈਸਾ ਹੱਥ ਨਾਲ ਮਲ ਸਾਫ਼ ਕਰਨ ਵਾਲੇ ਮੁਲਾਜ਼ਮਾਂ ਦੀ ਬਿਹਤਰੀ ਵਾਸਤੇ ਨਹੀਂ ਦਿਤਾ ਗਿਆ। ਹੱਥ ਨਾਲ ਮਲ ਚੁੱਕਣ ਵਾਲਿਆਂ ਨੂੰ ਰੁਜ਼ਗਾਰ ਦੇਣ ਲਈ ਬਣੇ ਮੰਤਰਾਲਾ ਵਲੋਂ 2014 ਤੋਂ ਬਾਅਦ ਯਾਨੀ ਕਿ ਨਵੀਂ ਸਰਕਾਰ ਵਲੋਂ ਇਕ ਵੀ ਨਵਾਂ ਪੈਸਾ ਨਹੀਂ ਦਿਤਾ ਗਿਆ। 2006-07 ਤੋਂ ਲੈ ਕੇ 2013-14 ਵਿਚਕਾਰ 226 ਕਰੋੜ ਰੁਪਏ ਜਾਰੀ ਕੀਤੇ ਗਏ। 2013-14 ਵਿਚ 55 ਕਰੋੜ ਜਾਰੀ ਕੀਤੇ ਗਏ ਸਨ। ਉਸ ਤੋਂ ਬਾਅਦ ਠਨ ਠਨ ਗੋਪਾਲ।

ਅੱਜ ਗਾਂਧੀ ਜੈਯੰਤੀ ਹੈ। ਮਹਾਤਮਾ ਗਾਂਧੀ ਦਾ ਜਨਮ ਦਿਨ। ਭਾਰਤ ਦੇ ਕਈ ਲੋਕ ਹਰ 'ਮਹਾਤਮਾ' ਅਖਵਾਉਣ ਵਾਲੇ ਨੂੰ ਰੱਬ ਮੰਨਦੇ ਹਨ ਅਤੇ ਉਨ੍ਹਾਂ ਦੀ ਜ਼ਿੰਦਗੀ ਦੇ ਕਾਲੇ ਸੱਚ ਨਾਲ ਆਹਮੋ ਸਾਹਮਣੇ ਹੋਣ ਦੀ ਹਿੰਮਤ ਨਹੀਂ ਰਖਦੇ। ਸੋ ਕਾਂਗਰਸ ਪਾਰਟੀ ਦੇ 'ਮਹਾਤਮਾ' ਨੂੰ ਵੀ ਹਰ ਸਿਆਸੀ ਪਾਰਟੀ ਅਪਨਾਉਣਾ ਚਾਹੁੰਦੀ ਹੈ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਤਾਂ ਅਪਣੀ ਸਵੱਛਤਾ ਮੁਹਿੰਮ ਹੀ ਮਹਾਤਮਾ ਦੇ ਨਾਂ ਕਰ ਦਿਤੀ ਹੈ। ਇਸ ਮੁਹਿੰਮ ਦੀ ਚੌਥੀ ਵਰ੍ਹੇਗੰਢ ਮੌਕੇ ਨਵੇਂ ਸਾਫ਼-ਸੁਥਰੇ ਭਾਰਤ ਦੇ ਨਿਰਮਾਣ ਦਾ ਜਸ਼ਨ ਮਨਾਇਆ ਜਾ ਰਿਹਾ ਹੈ।

ਅੱਠ ਕਰੋੜ ਘਰਾਂ ਵਿਚ ਗ਼ੁਸਲਖ਼ਾਨੇ ਬਣਾਉਣਾ ਕੋਈ ਛੋਟੀ ਗੱਲ ਨਹੀਂ ਪਰ ਇਸ ਜਿੱਤ ਪਿੱਛੇ ਦਾ ਸੱਚ ਬੜਾ ਕੌੜਾ ਹੈ। ਸਵੱਛਤਾ ਅਜੇ ਅਧੂਰੀ ਹੈ ਕਿਉਂਕਿ ਇਨ੍ਹਾਂ ਅੱਠ ਕਰੋੜ ਗ਼ੁਸਲਖ਼ਾਨਿਆਂ ਨੂੰ ਅਜੇ ਪੱਕੇ ਸੀਵਰੇਜ ਸਿਸਟਮ ਨਾਲ ਨਹੀਂ ਜੋੜਿਆ ਗਿਆ। ਇਸ ਅਧੂਰੀ ਸਵੱਛਤਾ ਨਾਲ ਦੋ ਵਰਗ ਅਜੇ ਵੀ ਗੰਦਗੀ ਵਿਚ ਲਿਬੜੇ ਹੋਏ ਹਨ¸ਘਰ ਦੀਆਂ ਔਰਤਾਂ ਅਤੇ ਸਦੀਆਂ ਤੋਂ ਮਲ ਦੀ ਸਫ਼ਾਈ ਨਾਲ ਜੁੜੀ ਇਕ 'ਜਾਤ' ਦੇ ਲੋਕ। ਇਸ ਅਧੂਰੀ ਸਫ਼ਲਤਾ ਦੀ ਕੀਮਤ ਜੇ ਅੱਜ ਵੀ 'ਦਲਿਤਾਂ' ਨੂੰ ਚੁਕਾਉਣੀ ਪੈ ਰਹੀ ਹੈ ਤਾਂ ਕੀ ਇਸ ਦਾ ਜਸ਼ਨ ਮਨਾਇਆ ਜਾਣਾ ਚਾਹੀਦਾ ਹੈ?

ਤਾਮਿਲਨਾਡੂ ਵਿਚ ਪਿਛਲੇ ਹਫ਼ਤੇ ਦੋ ਮੌਤਾਂ ਸੀਵਰੇਜ ਦੀ ਸਫ਼ਾਈ ਕਰਨ ਸਮੇਂ ਜ਼ਹਿਰੀਲੀ ਗੈਸ ਚੜ੍ਹਨ ਨਾਲ ਹੋਈਆਂ। ਜ਼ਾਹਰ ਹੈ ਕਿ ਮਰਨ ਵਾਲੇ ਦਲਿਤ ਸਨ। ਪਿਛਲੇ ਹਫ਼ਤੇ ਵਿਚ ਹੀ 11 ਮੌਤਾਂ ਹੋ ਗਈਆਂ ਅਤੇ ਸਾਲ ਦਾ ਅੰਕੜਾ ਹੁਣ 1790 ਤਕ ਪਹੁੰਚ ਗਿਆ ਹੈ। ਪਰ ਅੱਜ ਤਕ ਇਕ ਵੀ ਸਰਕਾਰੀ ਅਫ਼ਸਰ ਜਾਂ ਠੇਕੇਦਾਰ ਨੂੰ ਇਨ੍ਹਾਂ ਦਲਿਤ ਵਰਕਰਾਂ ਕੋਲੋਂ ਹਿਫ਼ਾਜ਼ਤੀ ਸਾਜ਼ੋ-ਸਮਾਨ ਤੋਂ ਬਿਨਾਂ ਸਫ਼ਾਈ ਕਰਵਾਉਣ ਬਦਲੇ ਸਜ਼ਾ ਨਹੀਂ ਮਿਲੀ ਸਗੋਂ ਇਕ ਆਰ.ਟੀ.ਆਈ. ਪੁਛ ਦੌਰਾਨ ਇਹ ਸੱਚ ਸਾਹਮਣੇ ਆਇਆ ਕਿ ਭਾਜਪਾ ਸਰਕਾਰ ਵਲੋਂ ਇਕ ਵੀ ਪੈਸਾ ਹੱਥ ਨਾਲ ਮਲ ਸਾਫ਼ ਕਰਨ ਵਾਲੇ ਮੁਲਾਜ਼ਮਾਂ ਦੀ ਬਿਹਤਰੀ ਵਾਸਤੇ ਨਹੀਂ ਦਿਤਾ ਗਿਆ।

ਹੱਥ ਨਾਲ ਮਲ ਚੁੱਕਣ ਵਾਲਿਆਂ ਨੂੰ ਰੁਜ਼ਗਾਰ ਦੇਣ ਲਈ ਬਣੇ ਮੰਤਰਾਲੇ ਵਲੋਂ 2014 ਤੋਂ ਬਾਅਦ ਯਾਨੀ ਕਿ ਨਵੀਂ ਸਰਕਾਰ ਵਲੋਂ ਇਕ ਵੀ ਨਵਾਂ ਪੈਸਾ ਨਹੀਂ ਦਿਤਾ ਗਿਆ। 2006-07 ਤੋਂ ਲੈ ਕੇ 2013-14 ਵਿਚਕਾਰ 226 ਕਰੋੜ ਰੁਪਏ ਜਾਰੀ ਕੀਤੇ ਗਏ। 2013-14 ਵਿਚ 55 ਕਰੋੜ ਜਾਰੀ ਕੀਤੇ ਗਏ ਸਨ। ਉਸ ਤੋਂ ਬਾਅਦ ਠਨ ਠਨ ਗੋਪਾਲ। ਇਨ੍ਹਾਂ ਅੰਕੜਿਆਂ ਸਾਹਮਣੇ ਸਵੱਛਤਾ ਮੁਹਿਮ ਦੀ ਸਫ਼ਲਤਾ ਦੇ ਜਸ਼ਨ ਕਿਸ ਤਰ੍ਹਾਂ ਮਨਾਏ ਜਾ ਸਕਦੇ ਹਨ? 2017 ਦੇ ਅੰਕੜੇ ਵੇਖੀਏ ਤਾਂ ਹਰ ਪੰਜਵੇਂ ਦਿਨ ਇਕ ਸਫ਼ਾਈ ਮੁਲਾਜ਼ਮ ਦੀ ਮੌਤ ਹੁੰਦੀ ਹੈ। ਕਿਸੇ ਖ਼ਾਸ ਸੂਬੇ ਵਿਚ ਨਹੀਂ ਬਲਕਿ ਹਰ ਸੂਬੇ ਵਿਚ ਹੀ ਅਜਿਹਾ ਹੋ ਰਿਹਾ ਹੈ।

ਪੰਜਾਬ ਵਿਚ ਜਾਤ-ਪਾਤ ਵਿਰੁਧ ਉਠਾਈ ਗਈ ਆਵਾਜ਼ ਕਾਰਨ ਇਕ ਖ਼ਾਸ 'ਜਾਤ' ਨੂੰ ਗੰਦੇ ਕੰਮ ਤੋਂ ਹਮੇਸ਼ਾ ਲਈ ਹਟਾ ਦੇਣਾ ਚਾਹੀਦਾ ਸੀ ਪਰ ਅਜੇ ਵੀ ਮਲ ਚੁੱਕਣ ਵਾਸਤੇ ਅਤੇ ਹਿਫ਼ਾਜ਼ਤੀ ਪ੍ਰਬੰਧਾਂ ਤੋਂ ਬਿਨਾਂ ਸੀਵਰੇਜ ਸਾਫ਼ ਕਰਨ ਵਾਸਤੇ ਦਲਿਤ ਜਾਤੀ ਵਾਲਿਆਂ ਨੂੰ ਹੀ ਇਸਤੇਮਾਲ ਕੀਤਾ ਜਾਂਦਾ ਹੈ। ਜਿੰਨੀਆਂ ਵੀ ਕੋਸ਼ਿਸ਼ਾਂ ਕੀਤੀਆਂ ਗਈਆਂ ਹਨ, ਉਹ ਘੱਟ ਸਾਬਤ ਹੋਈਆਂ ਹਨ। ਸੋਚ ਵਿਚਾਰ ਵਿਚ ਸਵੱਛਤਾ ਨਹੀਂ ਆਈ। ਸੋਚ ਅਜੇ ਵੀ ਜਾਤ-ਪਾਤ ਦੀਆਂ ਲਕੀਰਾਂ ਸਦਕਾ ਦਾਗ਼ੀ ਬਣੀ ਚਲੀ ਆ ਰਹੀ ਹੈ। ਮਹਾਤਮਾ ਗਾਂਧੀ ਕੋਲ ਮੌਕਾ ਸੀ ਕਿ ਉਹ ਜਾਤ-ਪਾਤ ਨੂੰ ਹੀ ਖ਼ਤਮ ਕਰ ਦੇਂਦੇ ਜਾਂ ਇਸ ਚੌਥੀ ਜਾਤ ਨੂੰ ਹੀ ਖ਼ਤਮ ਕਰ ਦੇਂਦੇ।

ਜਿਥੇ ਰਾਜੇ-ਮਹਾਰਾਜਿਆਂ ਨੂੰ ਖ਼ਤਮ ਕੀਤਾ, ਉਥੇ ਸ਼ੂਦਰ ਜਾਤ ਵੀ ਖ਼ਤਮ ਹੋ ਜਾਂਦੀ। ਪਰ ਉਨ੍ਹਾਂ ਇਸ ਵਰਗ ਨੂੰ 'ਹਰੀਜਨ' (ਹਰੀ ਦੇ ਪਿਆਰੇ) ਬਣਾ ਕੇ ਬਰਕਰਾਰ ਰਖਿਆ। ਹਰੀਜਨ ਫਿਰ ਦਲਿਤ ਬਣੇ, ਪਿਛੜੀ ਜਾਤੀ, ਐਸ.ਸੀ./ਐਸ.ਟੀ. ਪਰ ਜਿਵੇਂ ਸ਼ੈਕਸਪੀਅਰ ਨੇ ਕਿਹਾ ਸੀ ਕਿ 'ਨਾਂ ਵਿਚ ਕੀ ਰਖਿਐ, ਗੁਲਾਬ ਕਿਸੇ ਵੀ ਨਾਂ ਤੋਂ ਬੁਲਾਇਆ ਜਾਵੇ, ਉਹ ਹਮੇਸ਼ਾ ਖ਼ੁਸ਼ਬੂਦਾਰ ਹੀ ਰਹੇਗਾ।' ਇਸੇ ਤਰ੍ਹਾਂ ਹੀ ਇਸ ਵਰਗ ਦੇ ਭਾਗਾਂ ਵਿਚ ਵੀ ਜਿਵੇਂ ਮਨੂਵਾਦੀਆਂ ਨੇ ਮਲ ਚੁਕਣਾ ਤੇ ਗੰਦ ਵਿਚ ਰਹਿਣਾ ਲਿਖ ਦਿਤਾ ਹੈ ਅਤੇ ਵਾਰ ਵਾਰ ਨਾਂ ਬਦਲਣ ਤੇ ਵੀ, ਇਹ ਤਬਕਾ ਸਮਾਜ ਦੇ  ਬਦਬੂਦਾਰ ਕੰਮਾਂ ਲਈ ਬ੍ਰਾਹਮਣੀ ਸਮਾਜ ਦਾ ਸੇਵਾਦਾਰ ਬਣਿਆ ਰਹੇਗਾ।

ਅੱਜ ਜਿਸ ਸਵੱਛਤਾ ਦਾ ਜਸ਼ਨ ਮਨਾ ਰਹੇ ਹਾਂ, ਉਹ ਵਿਖਾਵੇ ਦੀ ਸ਼ੋਅਬਾਜ਼ੀ ਤੋਂ ਵੱਧ ਕੁੱਝ ਨਹੀਂ। ਮੰਤਰੀ ਪਹਿਲਾਂ ਸਾਫ਼ ਸੁਥਰਾ ਜਿਹਾ ਕਚਰਾ ਸੁਟਵਾਉਂਦੇ ਹਨ ਅਤੇ ਫਿਰ ਉਸ ਨੂੰ ਸਾਫ਼ ਕਰਨ ਵਾਸਤੇ ਦੋ ਝਾੜੂ ਮਾਰ ਦੇਂਦੇ ਹਨ। ਠੀਕ ਇਸੇ ਤਰ੍ਹਾਂ ਕੁੱਝ ਕਰੋੜ ਰੁਪਏ ਦਾ ਖ਼ਰਚਾ ਕਰ ਕੇ ਗ਼ੁਸਲਖ਼ਾਨੇ ਬਣਾਏ ਗਏ ਪਰ ਸੋਚ ਦੀ ਗੰਦਗੀ ਉਥੇ ਹੀ ਖੜੀ ਹੈ। ਇਹ ਮੌਤਾਂ, ਇਹ ਮਲ ਵਿਚ ਲਿਬੜਿਆ ਜੀਵਨ, ਅਸਲ ਵਿਚ ਕਤਲ ਹਨ। ਆਜ਼ਾਦ ਭਾਰਤ ਵਿਚ ਜਦੋਂ ਤਕ ਇਕ ਵੀ ਮੌਤ ਮਲ ਚੁੱਕਣ, ਸਾਫ਼ ਕਰਨ ਜਾਂ ਢੋਣ ਨਾਲ ਹੋਵੇਗੀ, ਭਾਰਤ ਨੂੰ ਸਵੱਛ ਨਹੀਂ ਮੰਨਿਆ ਜਾ ਸਕੇਗਾ।  -ਨਿਮਰਤ ਕੌਰ