ਗ਼ਰੀਬ ਔਰਤ ਲਈ ਤਾਂ ਭਾਰਤ ਹੀ ਨਰਕ-ਸਮਾਨ ਹੈ!

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਜੇ ਕੁਦਰਤ ਨੇ ਅਪਣੀ ਨਾਰਾਜ਼ਗੀ ਵਿਖਾਉਣੀ ਹੈ ਤਾਂ ਫਿਰ ਉਸ ਨੂੰ ਇਕ ਗ਼ਰੀਬ ਦਲਿਤ ਪਰਵਾਰ ਦੀ ਧੀ ਬਣਾ ਦਿੰਦੀ ਹੈ।

Poor Women

ਆਮ ਮੰਨਿਆ ਜਾਂਦਾ ਹੈ ਕਿ ਨਰਕ ਤੇ ਸਵਰਗ ਵਿਚ ਜਾਣਾ ਸਾਡੇ ਕਰਮਾਂ 'ਤੇ ਨਿਰਭਰ ਕਰਦਾ ਹੈ ਪਰ ਜ਼ਿੰਦਗੀ ਵਾਰ-ਵਾਰ ਅਹਿਸਾਸ ਕਰਵਾਉਂਦੀ ਹੈ ਕਿ ਸਵਰਗ-ਨਰਕ ਤਾਂ ਇਸ ਧਰਤੀ 'ਤੇ ਹੀ ਹਨ। ਇਕ ਐਸੇ ਦੇਸ਼ ਵਿਚ ਜਿਥੇ ਔਰਤ ਸਿਰਫ਼ ਇਕ ਵਸਤੂ ਹੋਵੇ, ਉਹ ਦੇਸ਼ ਨਰਕ ਤੋਂ ਘੱਟ ਕਿਵੇਂ ਕਿਹਾ ਜਾ ਸਕਦਾ ਹੈ? ਲੜਕੀ ਦਾ ਇਕ ਗ਼ਰੀਬ ਪ੍ਰਵਾਰ ਵਿਚ ਜੰਮਣਾ ਹੀ ਉਸ ਦਾ ਵੱਡਾ ਗੁਨਾਹ ਬਣ ਜਾਂਦਾ ਹੈ।

ਜੇ ਕੁਦਰਤ ਨੇ ਅਪਣੀ ਨਾਰਾਜ਼ਗੀ ਵਿਖਾਉਣੀ ਹੈ ਤਾਂ ਫਿਰ ਉਸ ਨੂੰ ਇਕ ਗ਼ਰੀਬ ਦਲਿਤ ਪਰਵਾਰ ਦੀ ਧੀ ਬਣਾ ਦਿੰਦੀ ਹੈ। ਜੋਬਨ ਹਰ ਕੁੜੀ 'ਤੇ ਆਉਂਦਾ ਹੈ ਪਰ ਜਦ ਗ਼ਰੀਬ ਦਲਿਤ ਕੁੜੀ 'ਤੇ ਆਉਂਦਾ ਹੈ ਤਾਂ ਸਮਾਜ ਵਲੋਂ ਬਣਾਈ 'ਉੱਚ ਜਾਤ' ਵਾਲੇ ਬਘਿਆੜ ਬਣ ਜਾਂਦੇ ਹਨ ਅਤੇ ਬੱਚੀਆਂ ਭੇਡਾਂ, ਜਿਨ੍ਹਾਂ ਨੂੰ ਨੋਚਣਾ ਉਹ ਅਪਣਾ ਹੱਕ ਸਮਝਦੇ ਹਨ।

ਇਹ ਕੁਦਰਤ ਦੀ ਤੈਅ ਕੀਤੀ ਰੀਤ ਤਾਂ ਨਹੀਂ ਪਰ ਅੱਜ ਜਿਸ ਤਰ੍ਹਾਂ ਸਾਡੇ ਸਮਾਜ ਵਿਚ ਨਿਭਾਈ ਜਾ ਰਹੀ ਹੈ, ਇਸ ਤੋਂ ਜਾਪਦਾ ਹੈ ਕਿ ਕੁਦਰਤ ਨੇ ਇਸ ਧਰਤੀ ਨੂੰ ਨਰਕ ਬਣਾ ਕੇ ਹੀ ਸਮਾਜ ਦੀਆਂ ਇਨ੍ਹਾਂ ਰੀਤਾਂ ਨੂੰ ਪੈਦਾ ਕੀਤਾ ਹੈ। ਉੱਤਰ ਪ੍ਰਦੇਸ਼ ਦੀ ਇਕ ਐਸੀ ਦਲਿਤ ਬੇਟੀ ਦੀ ਉੱਚ ਜਾਤੀ ਵਾਲਿਆਂ ਨੇ ਨਾ ਸਿਰਫ਼ ਪੱਤ ਲੁੱਟੀ ਬਲਕਿ ਉਸ ਦੇ ਜਿਸਮ ਨੂੰ ਇਸ ਤਰ੍ਹਾਂ ਤੋੜਿਆ ਮਰੋੜਿਆ ਕਿ ਉਸ ਦੀ ਰੀੜ੍ਹ ਦੀ ਹੱਡੀ ਵੀ ਟੁੱਟ ਗਈ ਅਤੇ ਫਿਰ ਉਸ ਦੀ ਜ਼ੁਬਾਨ ਵੀ ਕਟ ਦਿਤੀ ਗਈ ਤਾਕਿ ਉਹ ਕਦੇ ਵੀ ਉਨ੍ਹਾਂ ਬਾਰੇ ਬੋਲ ਨਾ ਸਕੇ (ਜੇ ਜ਼ਿੰਦਾ ਰਹਿ ਵੀ ਜਾਏ)।

 

15 ਦਿਨ ਤਕ ਯੂ.ਪੀ. ਸਰਕਾਰ ਨੇ ਇਸ ਬੱਚੀ ਨੂੰ ਬਚਾਉਣ ਦਾ ਜਾਂ ਉੱਚ ਜਾਤੀਆਂ ਦੇ ਦਰਿੰਦਿਆਂ ਨੂੰ ਫੜਨ ਦਾ ਕੋਈ ਖ਼ਾਸ ਯਤਨ ਨਾ ਕੀਤਾ ਸਗੋਂ ਮਾਮਲੇ ਨੂੰ ਦਬਾਉਣ ਦਾ ਹੀ ਯਤਨ ਕੀਤਾ। ਇਸ ਬੱਚੀ ਦਾ ਨਰਕ ਵਿਚ ਵਾਸ ਉਸ ਦੀ ਮੌਤ ਨਾਲ ਵੀ ਖ਼ਤਮ ਨਾ ਹੋਇਆ। ਮੌਤ ਤੋਂ ਬਾਅਦ ਉਸ ਦੇ ਪਰਵਾਰ ਨੂੰ ਆਖ਼ਰੀ ਵਾਰੀ ਉਸ ਨੂੰ ਇਕ ਜੱਫੀ ਪਾਉਣ ਦਾ ਵੀ ਸਮਾਂ ਨਾ ਦਿਤਾ ਗਿਆ ਸਗੋਂ ਉਸ ਦੇ ਪ੍ਰਵਾਰ ਨੂੰ ਮਾਰਿਆ-ਕੁਟਿਆ ਗਿਆ ਅਤੇ ਧਮਕਾ ਕੇ ਘਰ ਵਿਚ ਬੰਦ ਕਰ ਦਿਤਾ ਗਿਆ।

ਬੱਚੀ ਨੂੰ ਇਕ ਕੂੜੇ ਦੇ ਢੇਰ ਵਾਂਗ ਰਾਤ ਦੇ ਹਨੇਰੇ ਵਿਚ ਸਾੜ ਦਿਤਾ ਗਿਆ। ਉਸ ਦੀ ਮਾਂ ਕੁਰਲਾ ਰਹੀ ਹੈ ਕਿ 'ਹੁਣ ਮੈਂ ਅਪਣੀ ਬੱਚੀ ਨੂੰ ਕਦੇ ਨਹੀਂ ਮਿਲ ਸਕਾਂਗੀ।' ਕੀ ਇਸ ਨਰਕ ਦੇ ਰਾਖੇ ਉਸ ਨੂੰ ਜਵਾਬ ਦੇ ਸਕਦੇ ਹਨ? ਪ੍ਰਧਾਨ ਮੰਤਰੀ ਦਫ਼ਤਰ ਵਲੋਂ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਨੂੰ ਨੀਂਦ ਤੋਂ ਜਗਾਇਆ ਗਿਆ ਅਤੇ ਜਾਂਚ ਕਰਨ ਦਾ ਹੁਕਮ ਹੋਇਆ। ਉੱਤਰ ਪ੍ਰਦੇਸ਼ ਪੁਲਿਸ ਨੇ ਬੱਚੀ ਦੀ ਲਾਸ਼ ਦਾ ਮਾਤਾ-ਪਿਤਾ ਤੋਂ ਬਗ਼ੈਰ ਹੀ ਸਸਕਾਰ ਕਰ ਦਿਤਾ। ਇਹ ਨਿਆਂ ਹੈ ਜਾਂ ਨਿਆਂ ਨੂੰ ਛੁਪਾਉਣ ਲਈ ਸਬੂਤਾਂ ਨੂੰ ਮਿਟਾਉਣ ਦਾ ਦੁਸ਼-ਕਰਮ?

ਹੁਣ ਇਹ ਦੇਸ਼ ਇਹ ਨਾ ਆਖੇ ਕਿ ਇਕ ਹੋਰ ਨਿਰਭਿਆ ਆ ਗਈ ਹੈ। ਅੱਜ ਕੋਈ ਲੜਕੀ ਡਰ-ਭੈਅ ਤੋਂ ਬਿਨਾਂ ਨਹੀਂ ਜਿਊਂਦੀ। ਚਾਰ ਦੀਵਾਰੀ ਤੋਂ ਬਾਹਰ ਨਿਕਲਦੇ ਹੀ ਮਨੁੱਖੀ ਲਿਬਾਸ ਵਿਚ ਬੈਠੇ ਭੇੜੀਏ ਉਸ ਨੂੰ ਭੈੜੀਆਂ ਨਜ਼ਰਾਂ ਨਾਲ ਵੇਖਣ ਲਗਦੇ ਹਨ। ਹਰ ਸਮੇਂ ਕਿਸੇ ਨਾ ਕਿਸੇ ਦਰਿੰਦੇ ਭੇੜੀਏ ਦੇ ਦਿਮਾਗ਼ ਵਿਚ ਉਸ ਨੂੰ ਨੋਚਣ ਦੀ ਸਾਜ਼ਿਸ਼ ਚਲਦੀ ਰਹਿੰਦੀ ਹੈ। ਜਿੰਨੀ ਤਾਕਤ ਇਸ ਸਮਾਜ ਵਿਚ ਜਾਤ ਅਤੇ ਪੈਸੇ ਨੂੰ ਮਿਲਦੀ ਜਾਂਦੀ ਹੈ, ਉਨੀ ਹੀ ਦਰਿੰਦਗੀ ਵਧਦੀ ਜਾਂਦੀ ਹੈ।

ਇਸ ਸਮਾਜ ਵਿਚ ਭੈਅ ਤੋਂ ਮੁਕਤ ਹੋਣਾ ਮੁਮਕਿਨ ਹੀ ਨਹੀਂ ਕਿਉਂਕਿ ਇਸ ਦੇਸ਼ ਵਿਚ ਕਾਨੂੰਨ ਬਣਾਉਣ ਵਾਲੇ ਵੀ ਬਲਾਤਕਾਰੀ ਅਤੇ ਕਾਤਲ ਹਨ। ਇਸ ਦੇਸ਼ ਦੀ ਉੱਚ ਅਦਾਲਤ ਦੇ ਇਕ ਰਾਖੇ ਜੱਜ ਵਿਰੁਧ ਜਦ ਇਕ ਲੜਕੀ ਨੇ ਬਦਸਲੂਕੀ ਦਾ ਮਾਮਲਾ ਚੁਕਿਆ ਤਾਂ ਉਹ ਜੱਜ ਅਪਣੇ ਕੇਸ ਦੀ ਸੁਣਵਾਈ ਕਰਨ ਆਪ ਹੀ ਬੈਠ ਗਿਆ  ਅਤੇ ਮਾਮਲਾ ਖ਼ਤਮ ਹੋ ਗਿਆ।

ਕਾਨੂੰਨ ਵਿਚ ਔਰਤ ਦੀ ਰਾਖੀ ਦਾ ਪ੍ਰਬੰਧ ਕੀਤਾ ਗਿਆ ਹੈ, ਧਰਮ ਵਿਚ ਕਦੇ ਉਸ ਨੂੰ ਦੇਵੀ ਆਖਿਆ ਜਾਂਦਾ ਹੈ ਅਤੇ ਕਦੇ ਇਹ ਕਿ ਔਰਤ ਨੂੰ ਬਰਾਬਰੀ ਦਾ ਦਰਜਾ ਦਿਤਾ ਗਿਆ ਹੈ ਪਰ ਮਰਦ ਨੇ ਸਦਾ ਅਪਣੀ ਮਰਜ਼ੀ ਹੀ ਕੀਤੀ ਹੈ। ਮਰਦ ਤਾਂ ਇਸ ਕਦਰ ਬੇਦਰਦ ਹੋ ਗਏ ਹਨ ਕਿ ਭੈਣਾਂ ਦੇ ਭਰਾ, ਬੱਚੀਆਂ ਦੇ ਪਿਤਾ ਬਣਨ ਤੋਂ ਬਾਅਦ ਵੀ ਉਹ ਇਸ ਦਰਦ ਨੂੰ ਨਹੀਂ ਸਮਝਦੇ।

ਜਿਸ ਕੁੱਖ 'ਚੋਂ ਉਹ ਖ਼ੁਦ ਜੰਮਦੇ ਹਨ, ਉਸ ਦੀ ਬੇਅਦਬੀ ਕਰਨ ਸਮੇਂ ਇਕ ਪਲ ਵੀ ਨਹੀਂ ਲਗਾਉਂਦੇ। ਕੁਦਰਤ ਮਰਦਾਂ ਦੇ ਇਸ ਸਲੂਕ ਸਾਹਮਣੇ ਹਾਰ ਗਈ ਹੈ। ਸੋ ਨਰਕ ਇਥੇ ਹੀ ਹੈ। ਭੈਅ ਨੂੰ ਅਪਣੇ ਜ਼ਿਹਨ 'ਚੋਂ ਨਾ ਕੱਢੋ, ਪਰ ਸੁਚੇਤ ਹੋ ਕੇ ਅਪਣੇ ਸਮਾਜ ਦੀ ਦਰਿੰਦਗੀ ਨੂੰ ਪਛਾਣੋ ਜ਼ਰੂਰ।   - ਨਿਮਰਤ ਕੌਰ