ਕਸ਼ਮੀਰ ਦੇ ਕੁੱਝ ਹਿੱਸੇ ਉਤੇ ਅਪਣਾ ਹੱਕ ਜਤਾਉਣ ਦਾ ਮਤਲਬ,ਚੀਨ ਵਲੋਂ ਖ਼ਤਰੇ ਦੀ ਘੰਟੀ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਚੀਨ ਕਿਸੇ ਵੀ ਹਾਲਤ ਵਿਚ ਇਹ ਬਰਦਾਸ਼ਤ ਨਹੀਂ ਕਰੇਗਾ ਕਿ ਜਾਪਾਨ ਮਗਰੋਂ, ਏਸ਼ੀਆ ਵਿਚ ਕੋਈ ਹੋਰ ਦੇਸ਼ ਉਸ ਨੂੰ ਚੁਨੌਤੀ ਦੇਣ ਵਾਲਾ ਪੈਦਾ ਹੋ ਜਾਏ।

Narendra Modi-Xi Jinping

ਚੀਨ ਕਿਸੇ ਵੀ ਹਾਲਤ ਵਿਚ ਇਹ ਬਰਦਾਸ਼ਤ ਨਹੀਂ ਕਰੇਗਾ ਕਿ ਜਾਪਾਨ ਮਗਰੋਂ, ਏਸ਼ੀਆ ਵਿਚ ਕੋਈ ਹੋਰ ਦੇਸ਼ ਉਸ ਨੂੰ ਚੁਨੌਤੀ ਦੇਣ ਵਾਲਾ ਪੈਦਾ ਹੋ ਜਾਏ। ਉਹ ਹਿੰਦੁਸਤਾਨ ਨੂੰ ਤਾਂ ਕਦੇ ਵੀ ਅਪਣੇ ਬਰਾਬਰ ਦੀ ਤਾਕਤ ਬਣੀ ਨਹੀਂ ਵੇਖ ਸਕਦਾ। ਇਹ ਸਾਰਾ ਕੁੱਝ ਇਸ ਲਈ ਹੋਇਆ ਹੈ ਕਿਉਂਕਿ ਆਜ਼ਾਦ ਭਾਰਤ ਦੀ ਪਾਕਿਸਤਾਨ-ਨੀਤੀ, ਹਿੰਦੁਸਤਾਨ ਨੂੰ 'ਅਖੰਡ ਭਾਰਤ' ਬਣਾਉਣ ਵਾਲੀ ਨਹੀਂ ਸੀ ਸਗੋਂ ਪਾਕਿਸਤਾਨ ਦਾ ਨਾਂ ਲੈ ਕੇ ਭਾਰਤੀ ਵੋਟਰਾਂ ਦਾ ਸਮਰਥਨ ਹਾਸਲ ਕਰਨਾ ਚਾਹੁਣ ਵਾਲੀ ਸੀ। ਇਹ ਵੋਟ-ਨੀਤੀ, ਸਿਆਣਪ ਵਾਲੀ ਨੀਤੀ ਨਹੀਂ ਸੀ ਤੇ ਹੌਲੀ ਹੌਲੀ ਇਸ ਦੇ ਮਾੜੇ ਨਤੀਜੇ ਸਾਹਮਣੇ ਆਉਣ ਲੱਗ ਪਏ ਹਨ।

ਹਿੰਦੁਸਤਾਨ ਦੀ ਪਾਕਿਸਤਾਨ-ਨੀਤੀ, ਸ਼ੁਰੂ ਤੋਂ ਹੀ ਇਸ ਤਰ੍ਹਾਂ ਦੀ ਰਹੀ ਸੀ ਜਿਸ ਨਾਲ ਕਦੇ ਅਮਰੀਕਾ ਨੂੰ ਤੇ ਕਦੇ ਚੀਨ ਨੂੰ ਖ਼ਿੱਤੇ ਵਿਚ ਅਪਣੀ ਸਰਦਾਰੀ ਕਾਇਮ ਕਰਨ ਦਾ ਮੌਕਾ ਮਿਲ ਜਾਂਦਾ ਰਿਹਾ। 1947 ਵਿਚ ਹਿੰਦੁਸਤਾਨ ਨੂੰ ਦੋ ਹਿੱਸਿਆਂ ਵਿਚ ਵੰਡਣ ਨੂੰ ਉਦੋਂ ਸਿਆਣੇ ਲੋਕਾਂ ਨੇ ਥੋੜੇ ਸਮੇਂ ਦੀ ਮਜਬੂਰੀ ਸਮਝ ਕੇ ਮੰਨ ਲਿਆ ਸੀ ਪਰ ਦੋਹਾਂ ਦੇਸ਼ਾਂ ਵਿਚ ਸਿਆਣੇ ਲੋਕ ਇਹੀ ਸਮਝਦੇ ਸਨ ਕਿ ਛੇਤੀ ਹੀ ਇਸ ਗ਼ੈਰ-ਕੁਦਰਤੀ ਵੰਡ ਦਾ ਭੋਗ ਪੈ ਜਾਏਗਾ ਤੇ ਹਿੰਦੁਸਤਾਨ ਫਿਰ ਤੋਂ 'ਇਕ' ਹੋ ਜਾਏਗਾ। ਬਹੁਤ ਸਾਰੇ ਭਾਰਤੀ ਤੇ ਪਾਕਿਸਤਾਨੀ ਨਾਗਰਿਕ ਅਪਣੇ ਘਰਾਂ ਦੇ ਤਾਲੇ ਅਪਣੇ ਗਵਾਂਢੀਆਂ ਦੇ ਹੱਥ ਇਹ ਕਹਿ ਕੇ ਫੜਾ ਆਏ ਸਨ ਕਿ ''ਛੇਤੀ ਹੀ ਵਾਪਸ ਆ ਕੇ, ਤੁਹਾਡੇ ਤੋਂ ਚਾਬੀਆਂ ਲੈ ਲਵਾਂਗੇ।''

ਪਰ ਦੋਵੇਂ ਪਾਸੇ ਸਰਕਾਰਾਂ ਦਾ ਰੁਖ਼ ਇਕ ਦੂਜੇ ਪ੍ਰਤੀ ਏਨਾ ਕਰੜਾ ਹੁੰਦਾ ਗਿਆ ਕਿ ਸਿਆਣੇ ਲੋਕਾਂ ਦੀ ਆਵਾਜ਼ ਦੱਬ ਕੇ ਰਹਿ ਗਈ। ਪਾਕਿਸਤਾਨ, ਅਮਰੀਕਾ ਵਲ ਝੁਕਦਾ ਗਿਆ ਤੇ ਭਾਰਤ ਨੇ ਪਹਿਲਾਂ ਚੀਨ ਨਾਲ 'ਭਾਈ ਭਾਈ' ਦਾ ਰਿਸ਼ਤਾ ਗੰਢਿਆ ਤੇ ਉਸ ਤੋਂ ਨਿਰਾਸ਼ ਹੋ ਕੇ, ਫਿਰ ਰੂਸ ਦਾ ਪੱਲਾ ਫੜ ਲਿਆ। ਰੂਸ ਦੀ ਮਦਦ ਕਈ ਖੇਤਰਾਂ ਵਿਚ ਬਹੁਤ ਕੰਮ ਆਈ ਪਰ ਪਾਕਿਸਤਾਨ ਨੂੰ ਭਾਰਤ ਤੋਂ ਹੋਰ ਦੂਰ ਕਰਨ ਵਿਚ ਹੀ ਸਹਾਈ ਹੋਈ। ਅਮਰੀਕਾ ਨੂੰ ਜਦੋਂ ਮੁਰਾਰਜੀ ਡੇਸਾਈ ਨੇ ਸ਼ਿਕਾਇਤ ਕੀਤੀ ਕਿ 'ਤੁਸੀ ਪਾਕਿਸਤਾਨ ਦੀ ਬਹੁਤ ਮਦਦ ਕਰਦੇ ਹੋ' ਤਾਂ ਅਮਰੀਕਾ ਦਾ ਜਵਾਬ ਇਹੀ ਸੀ ਕਿ, ''ਸੱਭ ਤੋਂ ਵੱਧ ਪੈਸਾ ਤਾਂ ਤੁਹਾਨੂੰ ਹੀ ਦੇਂਦੇ ਹਾਂ।''

ਅਮਰੀਕਾ ਦੀ ਨੀਤੀ, ਪਾਕਿਸਤਾਨ ਅਤੇ ਭਾਰਤ ਨੂੰ ਤਕੜੀ ਦੇ ਦੋਹਾਂ ਪਲੜਿਆਂ ਵਿਚ ਤੋਲ ਕੇ ਬਰਾਬਰ ਬਰਾਬਰ ਰੱਖਣ ਵਾਲੀ ਸਾਬਤ ਹੋਈ ਭਾਵੇਂ ਕਿ ਰੂਸ ਦੀ ਖੁਲ੍ਹੀ ਹਮਾਇਤ ਪ੍ਰਾਪਤ ਕਰ ਲੈਣ ਮਗਰੋਂ, ਭਾਰਤ ਨੂੰ ਇਹ ਸ਼ਿਕਾਇਤ ਸਦਾ ਹੀ ਰਹੀ ਕਿ ਅਮਰੀਕਾ ਵਾਲੇ, ਹਿੰਦੁਸਤਾਨ ਨੂੰ ਦੂਜੇ ਦਰਜੇ ਤੇ ਰਖਦੇ ਹਨ ਤੇ ਪਹਿਲੇ ਦਰਜੇ ਤੇ ਪਾਕਿਸਤਾਨ ਨੂੰ। ਪਾਕਿਸਤਾਨ ਵੀ ਅਮਰੀਕਾ ਦੀ ਦੋਹਾਂ ਦੇਸ਼ਾਂ ਨੂੰ ਬਰਾਬਰ ਰੱਖਣ ਦੀ ਨੀਤੀ ਤੋਂ ਖ਼ੁਸ਼ ਨਹੀਂ ਸੀ, ਇਸ ਲਈ ਉਸ ਨੇ ਪਰਦੇ ਪਿੱਛੇ ਰਹਿ ਕੇ ਭਾਰਤ ਵਿਰੁਧ ਚੀਨ ਨਾਲ ਗਠਜੋੜ ਕਰ ਲਿਆ। ਇਸ ਦਾ ਪਹਿਲਾ ਫ਼ਾਇਦਾ ਉਸ ਨੂੰ ਇਹ ਹੋਇਆ ਕਿ ਚੀਨ ਨੇ ਉਸ ਨੂੰ 'ਐਟਮੀ ਤਾਕਤ' ਬਣਾ ਜਾਂ ਬਣਵਾ ਦਿਤਾ। ਇਸ ਨਾਲ ਉਸ ਦਾ ਹੌਸਲਾ ਬਹੁਤ ਵੱਧ ਗਿਆ ਤੇ ਉਹ ਅਮਰੀਕਾ ਨਾਲ ਵੀ, ਚੀਨੀਆਂ ਦੀਆਂ ਹਦਾਇਤਾਂ ਅਨੁਸਾਰ ਗੱਲ ਕਰਨ ਲੱਗ ਪਿਆ ਤੇ ਭਾਰਤ ਵਿਚ ਅਤਿਵਾਦੀ ਕਾਰਵਾਈਆਂ ਬੜੇ ਹੌਸਲੇ ਨਾਲ ਕਰਨ ਲੱਗ ਪਿਆ। ਉਸ ਦੇ ਲੀਡਰਾਂ ਦੀ ਜ਼ਬਾਨ 'ਚੋਂ ਹਲੀਮੀ ਨਾਮ ਦੀ ਚੀਜ਼ ਖ਼ਤਮ ਹੀ ਹੋ ਗਈ ਕਿਉਂਕਿ ਚੀਨ ਹਰ ਮੌਕੇ ਉਸ ਦੀ ਪਿਠ ਤੇ ਆ ਖੜਾ ਹੁੰਦਾ ਹੈ।

ਕਸ਼ਮੀਰ ਵਿਚ ਆਰਟੀਕਲ 370 ਦੇ ਖ਼ਾਤਮੇ ਮਗਰੋਂ ਪਾਕਿਸਤਾਨ ਨੂੰ ਦੁਨੀਆਂ ਵਿਚੋਂ ਕੋਈ ਸਮਰਥਨ ਨਾ ਮਿਲਿਆ ਤੇ ਇਸ ਨਾਲ ਉਸ ਨੂੰ ਭਾਰੀ ਨਿਰਾਸ਼ਾ ਹੋਈ। ਪਰ ਚੀਨ ਨੇ ਹੁਣ ਇਸ ਮਾਮਲੇ ਵਿਚ ਇਹ ਕਹਿ ਕੇ ਇਕ ਨਵਾਂ ਅਧਿਆਏ ਖੋਲ੍ਹ ਦਿਤਾ ਹੈ ਕਿ ਕਸ਼ਮੀਰ ਵਿਚ ਭਾਰਤ ਵਲੋਂ ਚੁਕਿਆ ਕਦਮ 'ਗ਼ੈਰ-ਕਾਨੂੰਨੀ' ਹੈ ਕਿਉਂਕਿ ਕਸ਼ਮੀਰ ਵਿਚ ਚੀਨ ਦਾ ਵੀ ਹਿੱਸਾ ਮੌਜੂਦ ਹੈ। ਹਿੰਦੁਸਤਾਨ ਜਦੋਂ 'ਮਹਾਂ ਤਾਕਤ' ਬਣਨ ਦੀ ਗੱਲ ਕਰਦਾ ਹੈ ਤਾਂ ਚੀਨ ਕਚੀਚੀਆਂ ਵੱਟਣ ਲਗਦਾ ਹੈ। ਉਸ ਨੇ ਪਹਿਲਾਂ ਅਰੁਨਾਂਚਲ ਉਤੇ ਅਪਣਾ 'ਹੱਕ' ਜਤਾਇਆ ਹੋਇਆ ਹੈ ਤੇ ਭਾਰਤ ਉਸ ਮਾਮਲੇ ਵਿਚ ਚੀਨ ਨੂੰ ਕੁੱਝ ਨਹੀਂ ਕਹਿ ਸਕਦਾ।  ਹੁਣ ਕਸ਼ਮੀਰ ਦੇ ਇਕ ਹਿੱਸੇ ਉਤੇ ਵੀ ਅਪਣਾ ਅਧਿਕਾਰ ਜਮਾਉਣ ਦਾ ਮਤਲਬ ਹੈ ਕਿ ਜਦ ਵੀ ਉਸ ਨੂੰ ਲੋੜ ਪਈ, ਇਕ ਪਾਸਿਉਂ ਅਰੁਨਾਂਚਲ ਤੇ ਦੂਜੇ ਪਾਸੇ ਕਸ਼ਮੀਰ ਉਤੇ ਅਪਣੇ ਹੱਕ ਦਾ ਬਹਾਨਾ ਬਣਾ ਕੇ, ਭਾਰਤ ਨੂੰ ਜੰਗ ਵਿਚ ਘੇਰ ਲਵੇਗਾ।

ਚੀਨ ਕਿਸੇ ਵੀ ਹਾਲਤ ਵਿਚ ਇਹ ਬਰਦਾਸ਼ਤ ਨਹੀਂ ਕਰੇਗਾ ਕਿ ਜਾਪਾਨ ਮਗਰੋਂ, ਏਸ਼ੀਆ ਵਿਚ ਕੋਈ ਹੋਰ ਦੇਸ਼ ਉਸ ਨੂੰ ਚੁਨੌਤੀ ਦੇਣ ਵਾਲਾ ਪੈਦਾ ਹੋ ਜਾਏ। ਉਹ ਹਿੰਦੁਸਤਾਨ ਨੂੰ ਤਾਂ ਕਦੇ ਵੀ ਅਪਣੇ ਬਰਾਬਰ ਦੀ ਤਾਕਤ ਬਣੀ ਨਹੀਂ ਵੇਖ ਸਕਦਾ। ਇਹ ਸਾਰਾ ਕੁੱਝ ਇਸ ਲਈ ਹੋਇਆ ਹੈ ਕਿਉਂਕਿ ਆਜ਼ਾਦ ਭਾਰਤ ਦੀ ਪਾਕਿਸਤਾਨ-ਨੀਤੀ, ਹਿੰਦੁਸਤਾਨ ਨੂੰ 'ਅਖੰਡ ਭਾਰਤ' ਬਣਾਉਣ ਵਾਲੀ ਨਹੀਂ ਸੀ ਸਗੋਂ ਪਾਕਿਸਤਾਨ ਦਾ ਨਾਂ ਲੈ ਕੇ ਭਾਰਤੀ ਵੋਟਰਾਂ ਦਾ ਸਮਰਥਨ ਹਾਸਲ ਕਰਨਾ ਚਾਹੁਣ ਵਾਲੀ ਸੀ। ਇਹ ਵੋਟ-ਨੀਤੀ, ਸਿਆਣਪ ਵਾਲੀ ਨੀਤੀ ਨਹੀਂ ਸੀ ਤੇ ਹੌਲੀ ਹੌਲੀ ਇਸ ਦੇ ਮਾੜੇ ਨਤੀਜੇ ਸਾਹਮਣੇ ਆਉਣ ਲੱਗ ਪਏ ਹਨ।