ਦਿੱਲੀ 'ਚ ਕਿਸਾਨਾਂ ਵਿਰੁੱਧ ਸਰਕਾਰੀ ਧੱਕਾ ਸਿਖਰਾਂ ਤੇ ਪਰ ਗੋਦੀ ਮੀਡੀਆ ਮਗਰੋਂ,ਜਨਤਾ ਵੀ ਚੁੱਪ...
ਅਮਰੀਕਾ ਦੀ ਜਨਤਾ ਸੀ ਜਿਸ ਨੇ ਡੋਨਲਡ ਟਰੰਪ ਵਰਗੇ ਪੱਖਪਾਤੀ ਤੇ ਅੜੀਅਲ ਇਨਸਾਨ ਤੋਂ ਮਨੁੱਖੀ ਅਧਿਕਾਰਾਂ ਦੇ ਮੁੱਦੇ ’ਤੇ ਜਵਾਬਦੇਹੀ ਮੰਗੀ ਸੀ।
ਜਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਤਵਾਰ ਨੂੰ ਅਪਣੇ ‘ਮਨ ਕੀ ਬਾਤ’ ਕਰਨ ਲੱਗੇ ਤਾਂ ਉਨ੍ਹਾਂ ਨੇ ਤਿਰੰਗੇ ਦੀ ਕਥਿਤ ਬੇਅਦਬੀ ਹੋਣ ’ਤੇ ਦੁਖ ਦਾ ਪ੍ਰਗਟਾਵਾ ਕੀਤਾ। ਪ੍ਰਧਾਨ ਮੰਤਰੀ ਨੇ ਕਿਸਾਨਾਂ ਨੂੰ ਆਖਿਆ ਕਿ ਉਹ ਸਿਰਫ਼ ਇਕ ਫ਼ੋਨ ਕਾਲ ਦੀ ਦੂਰੀ ’ਤੇ ਹਨ ਅਤੇ ਜਦੋਂ ਵੀ ਕਿਸਾਨ ਚਾਹੁਣ, ਸਰਕਾਰ ਉਨ੍ਹਾਂ ਨਾਲ ਗੱਲਬਾਤ ਕਰਨ ਲਈ ਤਿਆਰ ਮਿਲੇਗੀ। ਪਰ ਕੀ ਉਸ ਮਾਹੌਲ ਵਿਚ ਗੱਲਬਾਤ ਹੋ ਸਕਦੀ ਹੈ ਜਿਸ ਵਿਚ ਮੂੰਹ ਵਿਚ ਕੁੱਝ ਹੋਰ ਅਤੇ ਦਿਲ ਵਿਚ ਕੁੱਝ ਹੋਰ ਹੋਵੇ? 26 ਜਨਵਰੀ ਨੂੰ ਜੋ ਕੁੱਝ ਬਾਗ਼ੀ ਨੌਜਵਾਨਾਂ ਅਤੇ ਉਨ੍ਹਾਂ ਦੇ ਆਗੂਆਂ ਨੇ ਕੀਤਾ, ਉਹ ਗ਼ਲਤ ਸੀ ਤੇ ਨਹੀਂ ਹੋਣਾ ਚਾਹੀਦਾ ਸੀ ਪਰ ਇਕ ਗੱਲ ਇਹ ਵੀ ਕਹਿਣੀ ਬਣਦੀ ਹੈ ਕਿ ਉਨ੍ਹਾਂ ਨੌਜਵਾਨਾਂ ਵਲੋਂ ਤਿਰੰਗੇ ਦੀ ਜ਼ਰਾ ਵੀ ਬੇਅਦਬੀ ਨਹੀਂ ਕੀਤੀ ਗਈ। ਉਨ੍ਹਾਂ ਵਲੋਂ ਕੇਸਰੀ ਝੰਡੇ ਨੂੰ ਰਾਸ਼ਟਰੀ ਝੰਡੇ ਤੋਂ ਹੇਠਾਂ ਹੀ ਰਖਿਆ ਗਿਆ ਸੀ ਅਤੇ ਅਪਣੇ ਦੇਸ਼ ਦੇ ਝੰਡੇ ਦੀ ਸ਼ਾਨ ਬਰਕਰਾਰ ਰੱਖੀ ਸੀ।
ਉਨ੍ਹਾਂ ਲਾਲ ਕਿਲ੍ਹੇ ਦੀ ਇਤਿਹਾਸਕ ਇਮਾਰਤ ’ਤੇ ਬਾਂਦਰਾਂ ਵਾਂਗ ਚੜ੍ਹ ਕੇ ਗ਼ਲਤੀ ਕੀਤੀ ਅਤੇ ਕਿਸਾਨ ਜਥੇਬੰਦੀਆਂ ਦੇ ਸਾਂਝੇ ਫ਼ੈਸਲੇ ਦੀ ਵੀ ਉਲੰਘਣਾ ਕੀਤੀ ਪਰ ਉਨ੍ਹਾਂ ਨੇ ਦੇਸ਼ ਦੀ ਸ਼ਾਨ ਵਿਰੁਧ ਕੁੱਝ ਨਹੀਂ ਕੀਤਾ। ਪ੍ਰਧਾਨ ਮੰਤਰੀ ਵੀ ਗੋਦੀ ਮੀਡੀਆ ਦੀਆਂ ਗੱਲਾਂ ਵਿਚ ਆ ਗਏ ਜਾਂ ਉਨ੍ਹਾਂ ਨੂੰ ਅਪਣੀ ਦਿੱਲੀ ਪੁਲਿਸ ਤੋਂ ਸਹੀ ਜਾਣਕਾਰੀ ਹੀ ਨਹੀਂ ਮਿਲੀ। ਸੋ ਉਨ੍ਹਾਂ ਨੇ ਵੀ ਗ਼ਲਤ ਗੱਲ ਆਖ ਦਿਤੀ। ਪਰ ਹੈਰਾਨੀ ਇਸ ਗੱਲ ਦੀ ਹੈ ਕਿ ਜਿਹੜਾ ਪ੍ਰਧਾਨ ਮੰਤਰੀ ਡਿਜੀਟਲ ਭਾਰਤ ਦਾ ਸੁਪਨਾ ਸਾਕਾਰ ਕਰ ਰਿਹਾ ਹੋਵੇ, ਕੀ ਉਸ ਨੇ ਡਿਜੀਟਲ ਭਾਰਤ ’ਤੇ ਹਰਪ੍ਰੀਤ ਸਿੰਘ ਨਾਲ ਦਿੱਲੀ ਪੁਲਿਸ ਵਲੋਂ ਕੀਤੀ ਗਈ ਬਦਸਲੂਕੀ ਨਹੀਂ ਵੇਖੀ?
ਜੇ ਉਨ੍ਹਾਂ ਨੇ ਇਹ ਵੇਖਿਆ ਹੁੰਦਾ ਤਾਂ ਉਹ ਅਪਣੀ ਪੁਲਿਸ ਨੂੰ ਪੁਛਦੇ ਜ਼ਰੂਰ ਕਿ ਤੁਸੀ ਅਮਰੀਕਾ ਦੇ ਜਾਰਜ ਫਲਾਈਡ ਵਾਂਗ ਮੇਰੇ ਨਾਗਰਿਕਾਂ ਨੂੰ ਮਾਰਨ ਦਾ ਯਤਨ ਕਿਉਂ ਕਰ ਰਹੇ ਹੋ? ਇਹ ਤਾਂ ਡੋਨਲਡ ਟਰੰਪ ਵੀ ਪੁੱਛਣ ਨੂੰ ਮਜਬੂਰ ਹੋ ਗਏ ਸਨ ਭਾਵੇਂ ਉਹ ਅਮਰੀਕਾ ਵਿਚਲੀ ਅਫ਼ਰੀਕਨ ਨਸਲ ਦੇ ਖ਼ਾਸ ਪ੍ਰੇਮੀ ਨਹੀਂ ਹਨ ਪਰ ਉਸ ਪਿਛੇ ਕਾਰਨ ਸਿਰਫ਼ ਮੀਡੀਆ ਨਹੀਂ ਬਲਕਿ ਅਮਰੀਕਾ ਦੀ ਜਨਤਾ ਸੀ ਜਿਸ ਨੇ ਡੋਨਲਡ ਟਰੰਪ ਵਰਗੇ ਪੱਖਪਾਤੀ ਤੇ ਅੜੀਅਲ ਇਨਸਾਨ ਤੋਂ ਮਨੁੱਖੀ ਅਧਿਕਾਰਾਂ ਦੇ ਮੁੱਦੇ ’ਤੇ ਜਵਾਬਦੇਹੀ ਮੰਗੀ ਸੀ।
ਸਾਡੇ ਭਾਰਤੀ ਲੋਕ ਇਸ ਕਦਰ ਕਠੋਰ ਬਣ ਚੁੱਕੇ ਹਨ ਕਿ ਉਹ ਕੂੜ ਪ੍ਰਚਾਰ ਉਤੇ ਤਾਂ ਯਕੀਨ ਕਰ ਲੈਂਦੇ ਹਨ ਪਰ ਕਿਸੇ ਧੱਕੇਸ਼ਾਹੀ ਦੇ ਸ਼ਿਕਾਰ ਵਿਅਕਤੀ ਨਾਲ ਹਮਦਰਦੀ ਨਹੀਂ ਵਿਖਾ ਸਕਦੇ ਜਿਵੇਂ ਨੋਟਬੰਦੀ ਵਿਚ ਗ਼ਰੀਬ ਅਪਣੇ ਪੈਸੇ ਗੁਆ ਕੇ ਦੁਖੀ ਨਹੀਂ ਸੀ ਕਿਉਂਕਿ ਨੁਕਸਾਨ ਜ਼ਿਆਦਾ ਅਮੀਰਾਂ ਦਾ ਹੋ ਰਿਹਾ ਸੀ, ਉਹ ਅੱਜ ਕਿਸਾਨ ਦਾ ਦੁੱਖ ਵੇਖ ਕੇ ਵੀ ਖ਼ੁਸ਼ ਹੈ। ਉਸ ਨੂੰ ਮੌਕਾ ਚਾਹੀਦਾ ਸੀ ਕਿ ਉਹ ਕਿਸਾਨਾਂ ਵਿਰੁਧ ਕੁੱਝ ਗ਼ਲਤ ਬੋਲਣ ਦਾ ਝੱਸ ਪੂਰਾ ਕਰ ਸਕੇ ਅਤੇ ਜੇ ਪ੍ਰਧਾਨ ਮੰਤਰੀ ਗੋਦੀ ਮੀਡੀਆ ਦੇ ਝੂਠ ਦੇ ਪ੍ਰਚਾਰ ਵਿਚ ਆ ਗਏ ਹਨ ਤਾਂ ਫਿਰ ਆਮ ਭਾਰਤੀ ਕਿਉਂ ਨਹੀਂ ਆਵੇਗਾ? ਆਖ਼ਰ ਕਿਸਾਨ ਤੋਂ ਇਹ ਲੋਕ ਇੰਨਾ ਚਿੜ੍ਹਦੇ ਕਿਉਂ ਹਨ? ਇਨ੍ਹਾਂ ਦੇ ਦਿਮਾਗ਼ ਵਿਚ ਕਿਸਾਨਾਂ ਨੂੰ ਦੇਸ਼ ਉਤੇ ਭਾਰ ਵਜੋਂ ਵਿਖਾਇਆ ਜਾ ਰਿਹਾ ਹੈ ਕਿ ਇਹ ਸਬਸਿਡੀ ਲੈ ਰਹੇ ਹਨ ਅਤੇ ਟੈਕਸ ਖਾ ਰਹੇ ਹਨ।
ਇਨ੍ਹਾਂ ਲੋਕਾਂ ਵਿਚ ਕਿਸਾਨਾਂ ਪ੍ਰਤੀ ਨਫ਼ਰਤ ਇਸ ਹੱਦ ਤਕ ਘਰ ਕਰ ਚੁੱਕੀ ਹੈ ਕਿ ਇਨ੍ਹਾਂ ਨੂੰ ਇਹ ਵਿਖਾਈ ਹੀ ਨਹੀਂ ਦੇ ਰਿਹਾ ਕਿ ਕਿਸਾਨ ਸੜਕਾਂ ਉਤੇ ਮਖ਼ਮਲ ਦੇ ਗੱਦਿਆਂ ’ਤੇ ਨਹੀਂ ਸੌਂ ਰਿਹਾ। ਪਰ ਇਨ੍ਹਾਂ ਨੂੰ ਕਿਸਾਨ ਦਾ ਸੜਕਾਂ ’ਤੇ ਬੈਠ ਕੇ ਲੰਗਰ ਖਾਣਾ, ਖੀਰ ਖਾਣਾ, ਪੰਜੀਰੀ ਖਾਣਾ ਅਤੇ ਕਸਰਤ ਕਰ ਕੇ ਅਪਣੇ ਆਪ ਨੂੰ ਚੜ੍ਹਦੀ ਕਲਾ ਵਿਚ ਰਖਣ ਦੀ ਕੋਸ਼ਿਸ਼ ਕਰਨਾ ਵੀ ਚੁਭ ਰਿਹਾ ਹੈ ਅਤੇ ਕਿਸਾਨਾਂ ਦੀ ਚੜ੍ਹਦੀ ਕਲਾ ਤੋਂ ਸੜ ਬਲ ਰਹੇ ਹਨ। ਇਹ ਉਹ ਲੋਕ ਹਨ ਜਿਨ੍ਹਾਂ ਨੂੰ ਅੰਗਰੇਜ਼ਾਂ ਦੀ ਗ਼ੁਲਾਮੀ ਵੀ ਜਚਦੀ ਸੀ ਅਤੇ ਅੱਜ ਦੀ ਦੌੜ ਵਿਚ ਇਨ੍ਹਾਂ ਨੂੰ ਪੈਸੇ ਦੀ ਗੁਲਾਮੀ ਵੀ ਸਹੀ ਜਾਪਦੀ ਹੈ। ਇਹ ਕੁਰਬਾਨੀ, ਫਲਸਫ਼ੇ ਜਾਂ ਸਹੀ ਗ਼ਲਤ ਅਰਥਾਂ ਨੂੰ ਨਹੀਂ ਸਮਝਦੇ।
ਸੋ ਹੁਣ ਇਹ ਭੀੜ ਤੰਗ ਤੰਤਰ ਵਾਲੀ ਸੌੜੀ, ਤਿਰੰਗੇ ਦੀ ਸ਼ਾਨ ਵਿਚ ਗੁਸਤਾਖ਼ੀ ਦਾ ਬਹਾਨਾ ਬਣਾ ਕੇ, ਕਿਸਾਨ ਨਾਲ ਦਿੱਲੀ ਪੁਲਿਸ ਵਲੋਂ ਵਰਤਿਆ ਜਾ ਰਿਹਾ ਸਖ਼ਤ ਰਵਈਆ ਜਾਇਜ਼ ਕਰਾਰ ਦੇ ਰਹੀ ਹੈ। ਇਹ ਉਹੀ ਲੋਕ ਹਨ ਜੋ 1984 ਵਿਚ ਸਿੱਖਾਂ ਦੀਆਂ ਚੀਕਾਂ ਸੁਣ ਕੇ ਅਪਣੇ ਬੂਹੇ ਬੰਦ ਕਰ ਗਏ ਸਨ। ਸੋ ਅੱਜ ਉਹੀ ਲੋਕ ਇਕ ਸਿੱਖ ਕਿਸਾਨ ਦੀ 20 ਪੁਲਿਸ ਵਾਲਿਆਂ ਵਲੋਂ ਮਾਰ ਕੁੱਟ ਕਰਨ ਨੂੰ ਵੇਖ ਕੇ ਭਾਵੁਕ ਕਿਉਂ ਹੋਣਗੇ?
ਇਸੇ ਕਠੋਰਤਾ ਦਾ ਫ਼ਾਇਦਾ ਉਠਾ ਕੇ ਦਿੱਲੀ, ਹਰਿਆਣਾ, ਉਤਰ ਪ੍ਰਦੇਸ਼ ਦੀ ਪੁਲਿਸ ਅਤੇ ਕੇਂਦਰ ਦੇ ਸੁਰੱਖਿਆ ਬਲ, ਕਿਸਾਨਾਂ ’ਤੇ ਭਾਰੂ ਪੈਣ ਦਾ ਹੌਸਲਾ ਵਿਖਾ ਰਹੇ ਹਨ। ਜਦ ਇਕ ਭਾਵੁਕ ਭੀੜ ਤਿਰੰਗੇ ਦੀ ਸ਼ਾਨ ’ਤੇ ਚੋਟ ਦਾ ਬਦਲਾ ਲੈਣ ਲਈ ਕਿਸਾਨਾਂ ’ਤੇ ਹਮਲਾ ਕਰਦੀ ਹੈ, ਭਾਵੇਂ ਉਸ ਵਿਚ ਕੁੱਝ ਪੇਸ਼ਾਵਰ ਗੁੰਡੇ ਵੀ ਸ਼ਾਮਲ ਸਨ ਤਾਂ ਪੁਲਿਸ ਨੂੰ ਕਿਸਾਨਾਂ ’ਤੇ ਸ਼ਿਕੰਜਾ ਕਸਣ ਦਾ ਇਕ ਮੌਕਾ ਮਿਲ ਗਿਆ। ਅੰਦੋਲਨ ’ਤੇ ਬੈਠੇ ਕਿਸਾਨਾਂ ਦੇ ਆਸ ਪਾਸ ਇਕ ਸੀਮਿੰਟ ਅਤੇ ਸਰੀਏ ਦੀ ਦੀਵਾਰ ਉਸਾਰੀ ਜਾ ਰਹੀ ਹੈ ਤੇ ਇਸ ਬਾਰੇ ਕੋਈ ਕੁੱਝ ਨਹੀਂ ਬੋਲ ਰਿਹਾ। ਜੋ ਦੇਸ਼ ਦੇ ਅੰਨਦਾਤਾ ਹਨ, ਅੱਜ ਉਨ੍ਹਾਂ ਨੂੰ ਦੇਸ਼ ਸਾਹਮਣੇ ਹਰ ਸਹੂਲਤ ਤੋਂ ਵਾਂਝੇ ਕੀਤਾ ਜਾ ਰਿਹਾ ਹੈ। ਇੰਟਰਨੈਟ, ਪਾਣੀ, ਖਾਣ ਪੀਣ ਅਤੇ ਦੇਸ਼ ਦੀ ਹਮਦਰਦੀ ਤੋਂ ਵਿਰਵੇ ਕੀਤਾ ਜਾ ਰਿਹਾ ਹੈ। ਉਲਟਾ ਅਪਣੇ ਹੱਕਾਂ ਲਈ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਕਦੇ ਅਤਿਵਾਦੀ, ਕਦੇ ਖ਼ਾਲਿਸਤਾਨੀ, ਕਦੇ ਕਾਂਗਰਸੀ, ਕਦੇ ਕਾਮਰੇਡ ਅਤੇ ਕਦੇ ਪਾਕਿਸਤਾਨੀ ਆਖ ਕੇ ਇਨ੍ਹਾਂ ਨੂੰ ਬਦਨਾਮ ਕੀਤਾ ਜਾ ਰਿਹਾ ਹੈ।
ਇਸ ਦਾ ਅੰਜਾਮ ਕੀ ਹੋਵੇਗਾ? ਇਸ ਬਾਰੇ ਕੁੱਝ ਵੀ ਨਹੀਂ ਆਖਿਆ ਜਾ ਸਕਦਾ ਪਰ ਜਿਵੇਂ ਜਿਵੇਂ ਦਿੱਲੀ ਵਿਚ ਕਿਸਾਨਾਂ ਨੂੰ ਇਕ ਡੱਬੇ ਵਿਚ ਬੰਦ ਕਰਨ ਦੀ ਤਿਆਰੀ ਹੋ ਰਹੀ ਹੈ, ਉਸ ਨਾਲ ਘਬਰਾਹਟ ਵਧ ਰਹੀ ਹੈ। ਮੋਦੀ ਜੀ ਨੂੰ ਅਸਲ ਤਸਵੀਰ ਸਮਝਣੀ ਚਾਹੀਦੀ ਹੈ ਕਿਉਂਕਿ ਅੱਜ 200 ਤੋਂ ਜ਼ਿਆਦਾ ਕਿਸਾਨ ਅਪਣੇ ਹੱਕਾਂ ਲਈ ਲੜਦਿਆਂ ਸ਼ਹੀਦ ਹੋ ਚੁਕੇ ਹਨ ਪਰ ਪ੍ਰਧਾਨ ਮੰਤਰੀ ਵਲੋਂ ਉਨ੍ਹਾਂ ਬਾਰੇ ਕੁੱਝ ਨਹੀਂ ਆਖਿਆ ਗਿਆ। ਉਹ ਅਪਣੇ ਨੱਕ ਹੇਠ ਇਸ ਤਰ੍ਹਾਂ ਦੀ ਹਰਕਤ ਤੋਂ ਅਣਜਾਣ ਕਿਸ ਤਰ੍ਹਾਂ ਰਹਿ ਸਕਦੇ ਹਨ? ਕੀ ਭਾਰਤ ਦੀ ਜਨਤਾ ਅਪਣੀ ਸੌੜੀ ਸੋਚ ਨੂੰ ਪਾਸੇ ਰੱਖ ਕੇ ਅਪਣੇ ਦੇਸ਼ ਦੇ ਨਾਗਰਿਕਾਂ ਦੇ ਪੱਖ ਵਿਚ ਮੋਦੀ ਜੀ ਦਾ ‘ਮਨ’ ਜਗਾ ਸਕਦੇ ਹਨ?
(ਨਿਮਰਤ ਕੌਰ)