ਸੜਦੀ ਬਲਦੀ ਦਿੱਲੀ ਵਿਚ ਵੀ ਆਪਸੀ ਸਾਂਝ ਦੀਆਂ ਕੁੱਝ ਚੰਗੀਆਂ ਝਲਕਾਂ
ਇਹ ਸਿਆਸਤਦਾਨ ਲੋਕ ਕਦੋਂ ਕੁੱਝ ਸਿਖਣਗੇ? ਪਰ ਇਹ ਸਿਖਣਗੇ ਵੀ ਕਿਉਂ?
ਥੋੜ੍ਹੀ ਜਹੀ ਸ਼ਾਂਤੀ ਸਥਾਪਤ ਹੋ ਜਾਣ ਮਗਰੋਂ ਫ਼ਿਰਕੂ ਅੱਗ ਵਿਚ ਸੜ ਬਲ ਰਹੀ ਦਿੱਲੀ ਵਿਚੋਂ ਹੀ ਹੁਣ ਆਮ ਨਾਗਰਿਕਾਂ ਕੋਲੋਂ ਅਸਲ ਭਾਈਚਾਰੇ ਦੀਆਂ ਕਹਾਣੀਆਂ ਵੀ ਸੁਣਨ ਨੂੰ ਮਿਲ ਰਹੀਆਂ ਹਨ। ਥਾਂ ਥਾਂ ਹਿੰਦੂਆਂ ਅਤੇ ਸਿੱਖਾਂ ਨੇ ਮਿਲ ਕੇ ਮੁਸਲਮਾਨਾਂ ਨੂੰ ਸੁਰੱਖਿਆ ਵੀ ਦਿਤੀ ਤੇ ਅਪਣੇ ਘਰਾਂ ਵਿਚ ਆਸਰਾ ਵੀ ਦਿਤਾ।
ਹਰ ਵਾਰ ਗੁਰੂ ਘਰਾਂ ਵਲੋਂ ਪੀੜਤਾਂ ਵਾਸਤੇ ਅਪਣੇ ਦਿਲ-ਦਵਾਰ ਖੋਲ੍ਹ ਦੇਣ ਦੀਆਂ ਕਹਾਣੀਆਂ ਤਾਂ ਸੁਣਾਈ ਦੇਂਦੀਆਂ ਹੀ ਹਨ, ਪਰ ਇਸ ਵਾਰ ਹਿੰਦੂ ਮੰਦਰਾਂ ਨੇ ਵੀ ਆਸਰਾ ਦੇਣ ਵਾਸਤੇ ਅਪਣੇ ਦਵਾਰ ਖੋਲ੍ਹ ਦਿਤੇ। ਇਕ ਗੱਲ ਤਾਂ ਇਨ੍ਹਾਂ ਕਹਾਣੀਆਂ ਤੋਂ ਸਾਫ਼ ਹੈ ਕਿ ਆਮ ਭਾਰਤੀ, ਭਾਵੇਂ ਉਹ ਹਿੰਦੂ ਹੋਣ, ਮੁਸਲਮਾਨ ਹੋਣ ਜਾਂ ਸਿੱਖ, ਉਨ੍ਹਾਂ ਅੰਦਰ ਵੱਡੀ ਮਾਤਰਾ ਉਨ੍ਹਾਂ ਦੀ ਹੈ ਜੋ ਨਫ਼ਰਤ ਅਤੇ ਫ਼ਿਰਕੂ ਹਿੰਸਾ ਪਿੱਛੇ ਕੰਮ ਕਰਦੀ ਸਿਆਸਤ ਦੀ ਗੰਦੀ ਸੋਚ ਨੂੰ ਸਮਝਦੇ ਹਨ।
ਜੋ ਕੁੱਝ 1984 ਦੀ ਸਿੱਖ ਨਸਲਕੁਸ਼ੀ ਮਗਰੋਂ ਸਿਆਸਤਦਾਨਾਂ ਅਤੇ ਦਿੱਲੀ ਪੁਲਿਸ ਨੇ ਨਹੀਂ ਸੀ ਸਿਖਿਆ, ਉਹ ਆਮ ਲੋਕਾਂ ਨੇ ਸਿਖ ਲਿਆ ਹੈ। ਪਰ ਸਰਕਾਰ ਇਨ੍ਹਾਂ ਚਾਰ ਦਿਨਾਂ ਵਿਚ ਹੋਈਆਂ 46 ਮੌਤਾਂ ਅਤੇ ਆਮ ਨਾਗਰਿਕਾਂ ਦੇ ਰੋਸ ਦੇ ਬਾਵਜੂਦ ਪਿੱਛੇ ਨਹੀਂ ਹਟ ਰਹੀ। ਸਨਿੱਚਰਵਾਰ ਨੂੰ ਫਿਰ ਸ਼ਾਂਤੀ ਮਾਰਚ ਕਢਿਆ ਗਿਆ ਜਿਸ ਵਿਚ ਉਹੀ ਕਪਿਲ ਮਿਸ਼ਰਾ ਮੌਜੂਦ ਸਨ ਜਿਨ੍ਹਾਂ ਦੇ ਭਾਸ਼ਣ ਤੋਂ ਬਾਅਦ ਦਿੱਲੀ ਵਿਚ ਦੰਗੇ ਸ਼ੁਰੂ ਹੋ ਗਏ ਸਨ।
ਇਸ ਸ਼ਾਂਤੀ ਮਾਰਚ ਵਿਚ ਫਿਰ 'ਗੋਲੀ ਮਾਰੋ', 'ਦੇਸ਼ ਕੇ ਗ਼ੱਦਾਰ' ਦੇ ਨਾਹਰੇ ਗੂੰਜਣ ਲੱਗ ਪਏ ਸਨ। ਦਿੱਲੀ ਪੁਲਿਸ ਤੋਂ ਇਜਾਜ਼ਤ ਲਏ ਬਗ਼ੈਰ, ਕੱਢੇ ਗਏ ਇਸ ਮਾਰਚ ਨੂੰ ਦਿੱਲੀ ਪੁਲਿਸ ਦੀ ਸੁਰੱਖਿਆ ਪ੍ਰਾਪਤ ਸੀ, ਇਸ ਲਈ ਕਿਸੇ ਨੂੰ ਹਿਰਾਸਤ ਵਿਚ ਨਾ ਲਿਆ ਗਿਆ। ਹੁਣ ਸੀ.ਏ.ਏ. ਦਾ ਵਿਰੋਧ ਦੇਸ਼ ਦੇ ਕਈ ਸ਼ਹਿਰਾਂ ਵਿਚ ਫੈਲ ਰਿਹਾ ਹੈ ਅਤੇ ਚਿੰਤਾ ਬੰਗਾਲ ਦੀ ਹੈ ਕਿਉਂਕਿ ਅਗਲੀਆਂ ਚੋਣਾਂ ਪਛਮੀ ਬੰਗਾਲ ਵਿਚ ਹੋਣ ਵਾਲੀਆਂ ਹਨ, ਜਿਸ ਕਾਰਨ ਗ੍ਰਹਿ ਮੰਤਰੀ ਕੋਲਕਾਤਾ ਵਿਚ ਸੀ.ਏ.ਏ. ਦੀ ਧਨਵਾਦੀ ਰੈਲੀ ਵਾਸਤੇ ਗਏ।
ਪਹਿਲਾਂ ਤਾਂ ਜਿਸ ਕਾਨੂੰਨ ਨਾਲ ਦੇਸ਼ ਦਾ ਇਕ ਵੱਡਾ ਵਰਗ ਡਰ ਹੇਠ ਸੁਹਿਮਿਆ ਹੋਇਆ ਹੋਣ ਕਰ ਕੇ ਰੋਸ ਪ੍ਰਗਟ ਕਰ ਰਿਹਾ ਹੈ, ਜਿਸ ਨਾਲ ਦੇਸ਼ ਦੇ ਨਾਗਰਿਕ ਸਰਕਾਰ ਤੋਂ ਨਾਰਾਜ਼ ਹਨ, ਜਿਸ ਨੂੰ ਗ਼ੈਰ-ਸੰਵਿਧਾਨਕ ਮੰਨਿਆ ਜਾ ਰਿਹਾ ਹੈ ਅਤੇ ਜਿਸ ਨੂੰ ਦਿਤੀ ਗਈ ਅਦਾਲਤ ਵਿਚ ਚੁਨੌਤੀ ਦਾ ਜਵਾਬ ਕੇਂਦਰ ਸਰਕਾਰ ਨੇ ਨਹੀਂ ਦਿਤਾ ਅਤੇ ਜਿਸ ਵਿਚ ਦਿੱਲੀ ਅੰਦਰ 46 ਲੋਕ ਅਜੇ ਹੁਣੇ ਹੀ ਮਰੇ ਹਨ, ਉਸ ਦਾ ਜਸ਼ਨ ਮਨਾਉਣ ਦੀ ਗ੍ਰਹਿ ਮੰਤਰੀ ਨੂੰ ਕਾਹਲ ਕਿਹੜੀ ਗੱਲੋਂ ਹੈ?
ਆਸਾਮ ਵਿਚ ਲੱਖਾਂ ਲੋਕ ਜੇਲ ਤੋਂ ਵੀ ਬਦਤਰ ਰੀਫ਼ੀਊਜੀ ਕੈਂਪਾਂ ਵਿਚ ਰਹਿ ਰਹੇ ਹਨ ਜੋ ਅਦਾਲਤ ਦੇ ਦਰਵਾਜ਼ੇ ਖਟਖਟਾ ਕੇ ਇਹ ਦਾਅਵਾ ਕਰ ਰਹੇ ਹਨ ਕਿ ਕੇਂਦਰ ਦੀ ਨੀਤੀ ਵਿਚ ਬਹੁਤ ਸਾਰੀਆਂ ਖ਼ਾਮੀਆਂ ਹਨ ਪਰ ਦੂਜੇ ਪਾਸੇ ਗ੍ਰਹਿ ਮੰਤਰੀ ਹਨ ਕਿ ਜਿਨ੍ਹਾਂ ਨੂੰ ਧਨਵਾਦ ਰੈਲੀ ਵਿਚ ਸ਼ਾਮਲ ਹੋਣ ਦੀ ਵੀ ਡਾਢੀ ਕਾਹਲ ਹੈ!
ਗ੍ਰਹਿ ਮੰਤਰੀ ਨੇ ਅਜੇ ਤਕ ਉਨ੍ਹਾਂ 46 ਮੌਤਾਂ ਦੇ ਕਾਰਨਾਂ ਦਾ ਸਪਸ਼ਟੀਕਰਨ ਨਹੀਂ ਦਿਤਾ ਜੋ ਉਨ੍ਹਾਂ ਹੇਠ ਕੰਮ ਕਰਦੀ ਦਿੱਲੀ ਪੁਲਿਸ ਦੇ ਜ਼ਿੰਮੇ ਆਉਂਦੀਆਂ ਹਨ ਪਰ ਉਨ੍ਹਾਂ ਕੋਲ ਸੀ.ਏ.ਏ. ਦੀ ਧਨਵਾਦੀ ਰੈਲੀ ਵਾਸਤੇ ਖੁਲ੍ਹਾ ਸਮਾਂ ਹੈ ਅਤੇ ਉਨ੍ਹਾਂ ਬੰਗਾਲ ਵਿਚ ਜਾ ਕੇ ਉਹੀ ਦਿੱਲੀ ਵਾਲਾ ਮਾਹੌਲ ਸਿਰਜਣ ਦੀ ਕੋਸ਼ਿਸ਼ ਕੀਤੀ ਅਤੇ ਕਈ ਥਾਵਾਂ ਤੇ 'ਗੋਲੀ ਮਾਰੋ' ਵਰਗੇ ਨਾਹਰੇ ਵੀ ਸੁਣਾਈ ਦਿਤੇ ਪਰ ਗ੍ਰਹਿ ਮੰਤਰੀ ਨੂੰ ਫਿਰ ਵੀ ਚਿੰਤਾ ਨਾ ਹੋਈ ਅਤੇ ਉਨ੍ਹਾਂ ਨੇ ਸੀ.ਏ.ਏ. ਬਾਰੇ ਭਾਸ਼ਣ ਦਿਤਾ ਅਤੇ ਮਮਤਾ ਬੈਨਰਜੀ ਵਿਰੁਧ ਜੀਅ ਭਰ ਕੇ ਨਫ਼ਰਤ ਉਗਲੀ।
ਇਹ ਸਿਆਸਤਦਾਨ ਲੋਕ ਕਦੋਂ ਕੁੱਝ ਸਿਖਣਗੇ? ਪਰ ਇਹ ਸਿਖਣਗੇ ਵੀ ਕਿਉਂ? ਜਦ ਉਨ੍ਹਾਂ ਕੋਲ ਤਾਕਤ ਹੈ ਕਿ ਉਹ ਅਪਣੇ ਵਿਰੁਧ ਬੋਲਣ ਵਾਲੇ ਇਕ ਜੱਜ ਨੂੰ ਰਾਤੋ-ਰਾਤ ਹਟਾ ਕੇ ਅਪਣੇ ਆਗੂਆਂ ਵਿਰੁਧ ਪਰਚੇ ਹੋਣ ਤੋਂ ਬਚਾ ਸਕਦੇ ਹਨ, ਜਦ ਉਹ ਦਿੱਲੀ ਪੁਲਿਸ ਤੋਂ ਕਿਸੇ ਵਿਰੁਧ ਪਰਚੇ ਦਰਜ ਕਰਵਾ ਸਕਦੇ ਹਨ ਅਤੇ ਕਿਸੇ ਵਿਰੁਧ ਰੁਕਵਾ ਸਕਦੇ ਹਨ ਤੇ ਦੇਸ਼ ਉਨ੍ਹਾਂ ਨੂੰ ਚੁਪਚਾਪ ਸਹਿ ਲੈਣ ਤੋਂ ਵੱਧ ਕੁੱਝ ਨਹੀਂ ਕਰ ਰਿਹਾ ਤਾਂ ਉਹ ਕਿਉਂ ਬਦਲਣਗੇ?
ਇਹ ਸਿਰਫ਼ ਅੰਕੜਿਆਂ ਦੀ ਖੇਡ ਹੈ ਕਿਉਂਕਿ ਬੰਗਾਲ ਦੀ ਮਮਤਾ ਨੂੰ ਅੱਜ ਦੀ ਤਰੀਕ ਭਾਜਪਾ ਆਰਥਕ ਵਿਕਾਸ ਬਾਰੇ ਚੁਨੌਤੀ ਨਹੀਂ ਦੇ ਸਕਦੀ ਕਿਉਂਕਿ ਬੰਗਲਾਦੇਸ਼ ਦੀ ਮੰਦੀ ਦੇ ਬਾਵਜੂਦ ਮਮਤਾ ਦਾ ਰਾਜ ਚੰਗਾ ਚਲ ਰਿਹਾ ਹੈ, ਫਿਰ ਵੀ ਭਾਜਪਾ ਤਾਂ ਅਪਣੀ ਫ਼ਿਰਕੂ ਸਿਆਸਤ ਖੇਡੇਗੀ ਹੀ ਖੇਡੇਗੀ।
ਦਿੱਲੀ ਵਿਚ ਭਾਵੇਂ ਉਨ੍ਹਾਂ ਦੀ ਸਰਕਾਰ ਨਾ ਬਣੀ ਹੋਵੇ, ਪਰ ਸਮਰਥਨ ਵਧਿਆ ਹੈ। ਪਿਛਲੀ ਵਾਰ ਤੋਂ ਵੱਧ ਸੀਟਾਂ ਲਿਜਾ ਕੇ ਉਨ੍ਹਾਂ ਇਹ ਸਾਬਤ ਕਰ ਦਿਤਾ ਹੈ ਕਿ ਕੰਮ ਕਰਨ ਵਾਲੀ ਪਾਰਟੀ ਵਿਰੁਧ ਉਹ ਨਫ਼ਰਤ ਦੀ ਸਿਆਸਤ ਖੇਡ ਕੇ ਵੀ ਕੁੱਝ ਲੋਕਾਂ ਨੂੰ ਅਪਣੇ ਪਿੱਛੇ ਕਤਾਰਬੰਦ ਕਰ ਸਕਦੇ ਹਨ।
ਸਾਡੇ ਸਿਸਟਮ ਵਿਚ ਇਕ ਦੂਜੇ ਦੇ ਧਰਮ ਵਿਰੁਧ ਨਫ਼ਰਤ ਦੀ ਮਾਨਸਿਕਤਾ ਏਨੀ ਡੂੰਘੀ ਹੈ ਕਿ ਜਿੰਨੇ ਲੋਕ ਨਫ਼ਰਤ ਵਿਰੁਧ ਹਨ ਓਨੇ ਹੀ ਨਫ਼ਰਤ ਦੇ ਨਾਲ ਵੀ ਹਨ। ਜਿਨ੍ਹਾਂ ਆਦਮੀਆਂ ਕੋਲੋਂ ਦਿੱਲੀ ਦੇ ਕੁੱਝ ਪੁਲਿਸ ਵਾਲਿਆਂ ਨੇ ਅੱਧਮਰੀ ਹਾਲਤ ਵਿਚ ਵੀ ਜਨ ਗਨ ਮਨ ਗਵਾਇਆ, ਉਨ੍ਹਾਂ ਵਿਚੋਂ ਇਕ ਦੀ ਮੌਤ ਹੋ ਗਈ। ਕਾਰਨ ਇਹ ਕਿ ਉਸ ਤੋਂ ਬਾਅਦ ਦਿੱਲੀ ਪੁਲਿਸ ਨੇ ਉਨ੍ਹਾਂ ਆਦਮੀਆਂ ਨੂੰ ਜੇਲ ਵਿਚ ਲਿਜਾ ਕੇ ਬੰਦ ਕਰ ਦਿਤਾ ਜਦਕਿ ਇਕ ਨੂੰ ਦੋ ਗੋਲੀਆਂ ਲਗੀਆਂ ਹੋਈਆਂ ਸਨ।
ਉਹ ਦੋ ਦਿਨ ਹਿਰਾਸਤ ਵਿਚ ਮਦਦ ਮੰਗਦਾ ਰਿਹਾ ਪਰ ਜਦੋਂ ਜੇਲ ਪਹੁੰਚਿਆ ਤਾਂ ਉਸ ਦੀ ਮੌਤ ਹੋ ਗਈ। ਸਿਆਸਤਦਾਨਾਂ ਦੇ ਹੁਕਮਾਂ ਦੀ ਏਨੀ ਇਮਾਨਦਾਰੀ ਨਾਲ ਪਾਲਣਾ ਆਮ ਨਾਗਰਿਕ ਦੀ ਮਦਦ ਕਰਨ ਵੇਲੇ ਕਦੇ ਨਹੀਂ ਵਿਖਾਈ ਦੇਂਦੀ। ਸਾਡੇ ਸਮਾਜ ਦੀਆਂ ਦਰਾੜਾਂ ਹਾਕਮ ਧਿਰ ਨੇ ਪਛਾਣ ਲਈਆਂ ਹਨ ਅਤੇ ਹੁਣ ਉਸ ਤੇ ਹੀ ਕੇਂਦਰਿਤ ਰਹੇਗਾ। ਜਿੱਤ ਕਿਸ ਦੀ ਹੋਵੇਗੀ, ਇਹ ਤਾਂ ਸਮਾਂ ਹੀ ਦੱਸੇਗਾ। -ਨਿਮਰਤ ਕੌਰ