ਚੀਨ ਨੇ ਭਾਰਤੀ ਵਿਦੇਸ਼ ਨੀਤੀ ਨੂੰ ਪੁੱਠਾ ਗੇੜਾ ਦਿਵਾ ਦਿਤਾ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਚੀਨ ਦਾ ਵਿਸ਼ਵਾਸਪਾਤਰ ਹੋਵੇ ਅਤੇ ਦੋਹਾਂ ਆਗੂਆਂ ਵਿਚ ਦੋਭਾਸ਼ੀਏ ਦਾ ਕੰਮ ਕਰ ਸਕਦਾ ਹੋਵੇ।

Narendra Modi & jinping

ਹੁਣ ਜਦੋਂ ਉਹ ਚੀਨ 'ਚ ਰਾਸ਼ਟਰਪਤੀ ਜਿਨਪਿੰਗ ਨੂੰ ਮਿਲਣ ਗਏ ਤਾਂ ਚੀਨ ਨੇ ਮਿਲਣੀ ਦੀਆਂ ਸ਼ਰਤਾਂ ਇਹ ਰਖੀਆਂ ਕਿ ਪ੍ਰਧਾਨ ਮੰਤਰੀ ਨਾਲ ਸਿਰਫ਼ ਇਕ ਹੋਰ ਭਾਰਤੀ ਅਫ਼ਸਰ ਮੌਜੂਦ ਹੋਵੇਗਾ, ਉਹ ਵੀ ਉਹ ਜੋ ਕਾਫ਼ੀ ਦੇਰ ਤੋਂ ਚੀਨ ਵਿਚ ਹੀ ਭਾਰਤੀ ਕੂਟਨੀਤਕ ਵਿਭਾਗ ਨਾਲ ਜੁੜਿਆ ਰਿਹਾ ਹੋਵੇ, ਚੀਨ ਦਾ ਵਿਸ਼ਵਾਸਪਾਤਰ ਹੋਵੇ ਅਤੇ ਦੋਹਾਂ ਆਗੂਆਂ ਵਿਚ ਦੋਭਾਸ਼ੀਏ ਦਾ ਕੰਮ ਕਰ ਸਕਦਾ ਹੋਵੇ। 2014 ਵਿਚ ਰਾਸ਼ਟਰਪਤੀ ਜਿਨਪਿੰਗ ਭਾਰਤ ਵਿਚ ਆਏ ਸਨ ਤਾਂ ਭਾਰਤ ਲਈ ਅਰਬਾਂ ਦੇ ਤੋਹਫ਼ੇ ਲਿਆਏ ਸਨ ਜੋ ਬਾਅਦ ਵਿਚ ਜੁਮਲੇ ਹੀ ਸਾਬਤ ਹੋਏ।
ਚੀਨ ਅਤੇ ਭਾਰਤ ਵਿਚਕਾਰ ਰਿਸ਼ਤੇ ਸੁਧਾਰੇ ਜਾ ਰਹੇ ਹਨ ਜਾਂ ਹੁਣ ਭਾਰਤ ਸਰਕਾਰ ਨੂੰ 2019 ਦੀਆਂ ਚੋਣਾਂ ਵਿਚ ਅਪਣੀਆਂ ਕਮਜ਼ੋਰੀਆਂ ਦੀ ਦਿਨ-ਬ-ਦਿਨ ਵਧਦੀ ਸੂਚੀ ਛੋਟੀ ਕਰਨ ਦੀ ਲੋੜ ਮਹਿਸੂਸ ਹੋ ਰਹੀ ਹੈ? ਜਦੋਂ ਮੋਦੀ ਸਰਕਾਰ ਬਣੀ ਸੀ ਤਾਂ ਮੋਦੀ ਜੀ ਨੇ ਇਕ ਕੋਮਾਂਤਰੀ ਆਗੂ ਵਾਲਾ ਅਕਸ ਬਣਾਉਣ ਦੀ ਸੋਚ ਨਾਲ ਬੜੇ ਵੱਡੇ ਕਦਮ ਪੁੱਟੇ ਸਨ। ਮੋਦੀ ਜੀ ਜਿਥੇ ਕਿਤੇ ਵਿਦੇਸ਼ ਵਿਚ ਜਾਂਦੇ, ਉਥੇ ਉਹ ਰਾਕਸਟਾਰ ਵਾਂਗ ਪੇਸ਼ ਕੀਤੇ ਜਾਂਦੇ। ਪਰ ਇਸ ਤੋਂ ਬਾਅਦ ਕੁਟਨੀਤੀ ਏਨੀ ਹੇਠਾਂ ਡਿੱਗ ਗਈ ਕਿ ਹੁਣ ਜਦੋਂ ਪ੍ਰਧਾਨ ਮੰਤਰੀ ਇੰਗਲੈਂਡ ਗਏ ਤਾਂ ਉਨ੍ਹਾਂ ਦਾ ਹੋਇਆ ਵਿਰੋਧ, ਸੁਰਖ਼ੀਆਂ 'ਚ ਛਾਇਆ ਰਿਹਾ। ਹੁਣ ਜਦੋਂ ਉਹ ਚੀਨ 'ਚ ਰਾਸ਼ਟਰਪਤੀ ਜਿਨਪਿੰਗ ਨੂੰ ਮਿਲਣ ਗਏ ਤਾਂ ਚੀਨ ਨੇ ਮਿਲਣੀ ਦੀਆਂ ਸ਼ਰਤਾਂ ਇਹ ਰਖੀਆਂ ਕਿ ਪ੍ਰਧਾਨ ਮੰਤਰੀ ਨਾਲ ਸਿਰਫ਼ ਇਕ ਹੋਰ ਭਾਰਤੀ ਅਫ਼ਸਰ ਮੌਜੂਦ ਹੋਵੇਗਾ, ਉਹ ਵੀ ਉਹ ਜੋ ਕਾਫ਼ੀ ਦੇਰ ਤੋਂ ਚੀਨ ਵਿਚ ਹੀ ਭਾਰਤੀ ਕੂਟਨੀਤਕ ਵਿਭਾਗ ਨਾਲ ਜੁੜਿਆ ਰਿਹਾ ਹੋਵੇ, ਚੀਨ ਦਾ ਵਿਸ਼ਵਾਸਪਾਤਰ ਹੋਵੇ ਅਤੇ ਦੋਹਾਂ ਆਗੂਆਂ ਵਿਚ ਦੋਭਾਸ਼ੀਏ ਦਾ ਕੰਮ ਕਰ ਸਕਦਾ ਹੋਵੇ। 2014 ਵਿਚ ਰਾਸ਼ਟਰਪਤੀ ਜਿਨਪਿੰਗ ਭਾਰਤ ਵਿਚ ਆਏ ਸਨ ਤਾਂ ਭਾਰਤ ਲਈ ਅਰਬਾਂ ਦੇ ਤੋਹਫ਼ੇ ਲਿਆਏ ਸਨ ਜੋ ਬਾਅਦ ਵਿਚ ਜੁਮਲੇ ਹੀ ਸਾਬਤ ਹੋਏ ਕਿਉਂਕਿ ਚਾਰ ਸਾਲਾਂ ਅੰਦਰ ਭਾਰਤ ਨੇ ਚੀਨ ਨਾਲ ਸੀਨਾ ਤਾਣ ਕੇ ਬਿਆਨਬਾਜ਼ੀ ਤਾਂ ਬੜੀ ਕੀਤੀ ਅਤੇ ਅਮਰੀਕਾ ਨਾਲ ਮਿਲ ਕੇ ਚੀਨ ਨਾਲ ਸਾਂਝਾ ਮੋਰਚਾ ਸਥਾਪਤ ਕਰਨ ਦੀ ਤਿਆਰੀ ਵੀ ਕੀਤੀ ਤੇ ਅਪਣੇ ਆਪ ਨੂੰ ਦੁਨੀਆਂ ਦੀ ਤਾਕਤ ਵਜੋਂ ਸਥਾਪਤ ਕਰਨ ਦੀ ਕੋਸ਼ਿਸ਼ ਵੀ ਕੀਤੀ ਪਰ ਅੱਜ ਚੋਣਾਂ ਤੋਂ ਪਹਿਲਾਂ ਉਨ੍ਹਾਂ ਅਤੇ ਉਨ੍ਹਾਂ ਦੀ ਸਰਕਾਰ ਨੂੰ ਅਪਣੀਆਂ ਕਮਜ਼ੋਰੀਆਂ ਦਾ ਅਹਿਸਾਸ ਜ਼ਿਆਦਾ ਹੋ ਗਿਆ ਲਗਦਾ ਹੈ। ਅਸੀ ਚੀਨ ਵਿਰੁਧ ਜੋ ਮਰਜ਼ੀ ਬਿਆਨਬਾਜ਼ੀ ਕਰ ਲਈਏ, ਸੱਚ ਤਾਂ ਇਹੀ ਹੈ ਕਿ ਭਾਰਤ ਚੀਨ ਤੋਂ 4 ਲੱਖ ਕਰੋੜ ਤੋਂ ਵੱਧ ਸਮਾਨ ਖ਼ਰੀਦਦਾ ਹੈ ਅਤੇ ਚੀਨ ਭਾਰਤ ਤੋਂ ਸਿਰਫ਼ 1 ਲੱਖ ਕਰੋੜ ਦਾ। ਜੇ ਅਸੀ ਅਪਣੇ ਵਪਾਰ ਨੂੰ ਵਧਾਉਣਾ ਹੈ ਤਾਂ ਸਾਨੂੰ ਚੀਨ ਦੇ ਬਾਜ਼ਾਰ ਦੀ ਬੇਹੱਦ ਜ਼ਰੂਰਤ ਹੈ। ਅਮਰੀਕਾ ਨੂੰ, ਚੀਨ ਵਲੋਂ ਹਟਾ ਕੇ ਅਪਣੇ ਵਲ ਖਿੱਚਣ ਦੀ ਸੋਚ ਬਹੁਤ ਹੀ ਨਾਸਮਝੀ ਵਾਲੀ ਸੋਚ ਸੀ ਕਿਉਂਕਿ ਚੀਨ ਨੇ ਅਮਰੀਕਾ ਨੂੰ ਅਪਣੇ ਉਤੇ ਨਿਰਭਰ ਕਰ ਲਿਆ ਹੈ।

ਅਮਰੀਕਾ ਵਾਸਤੇ ਚੀਨ ਨਾਲ ਜੰਗ ਛੇੜਨਾ, ਉਸ ਦੇਸ਼ ਲਈ ਆਰਥਕ ਸੰਕਟ ਨੂੰ ਸੱਦਾ ਦੇਣ ਦਾ ਕਾਰਨ ਬਣ ਸਕਦਾ ਹੈ। ਭਾਜਪਾ ਸਰਕਾਰ ਤੇ ਮੋਦੀ ਜੀ ਦੀ ਜੱਫੀ ਕੂਟਨੀਤੀ ਨਾਲ ਦੇਸ਼ ਨੂੰ ਏਨਾ ਨੁਕਸਾਨ ਹੋਇਆ ਹੈ ਕਿ ਅੱਜ ਸਾਰੇ ਗੁਆਂਢੀ ਦੇਸ਼ਾਂ ਨਾਲ ਰਿਸ਼ਤੇ ਵਿਗੜ ਚੁੱਕੇ ਹਨ ਪਰ ਸਾਰੇ ਦੇਸ਼, ਨੇਪਾਲ ਸਮੇਤ, ਚੀਨ ਦੇ ਆਰਥਕ ਗਲਿਆਰੇ ਨੂੰ ਵੇਖ ਕੇ ਚੀਨ ਵਲ ਝੁਕਾਅ ਰੱਖਣ ਲੱਗ ਪਏ ਹਨ। ਪਾਕਿਸਤਾਨ ਨੂੰ ਇਸ ਆਰਥਕ ਗਲਿਆਰੇ ਨਾਲ ਆਰਥਕ ਸਥਿਰਤਾ ਮਿਲ ਸਕਦੀ ਹੈ। ਚੀਨ ਸੋਚਦਾ ਹੈ ਕਿ ਜੇ ਪਾਕਿਸਤਾਨ ਨੂੰ ਆਰਥਕ ਮਜ਼ਬੂਤੀ ਮਿਲ ਗਈ ਤਾਂ ਉਸ ਨੂੰ ਅਤਿਵਾਦ ਤੋਂ ਦੂਰ ਕੀਤਾ ਜਾ ਸਕਦਾ ਹੈ ਅਤੇ ਉਸ ਦੀ ਅਮਰੀਕਾ ਉਤੇ ਨਿਰਭਰਤਾ ਵੀ ਖ਼ਤਮ ਹੋ ਸਕਦੀ ਹੈ।ਜਿਨਪਿੰਗ ਇਕ ਤਜਰਬੇਕਾਰ ਸਿਆਸਤਦਾਨ ਹਨ ਜਿਨ੍ਹਾਂ ਨੇ ਚੀਨ ਨੂੰ ਏਸ਼ੀਆ ਵਿਚ ਸੱਭ ਤੋਂ ਵੱਡੀ ਤਾਕਤ ਬਣਾਉਣ ਦੀ ਸੋਚ ਨਾਲ ਪਹਿਲਾਂ ਅਪਣੀ ਆਰਥਕਤਾ ਨੂੰ ਮਜ਼ਬੂਤ ਕੀਤਾ, ਅਪਣੇ ਉਦਯੋਗਾਂ ਨੂੰ ਸ਼ਕਤੀਸ਼ਾਲੀ ਬਣਾਇਆ ਤੇ ਫਿਰ ਉਨ੍ਹਾਂ ਅਪਣੇ ਗੁਆਂਢੀਆਂ ਨੂੰ ਅਪਣੇ ਨਾਲ ਜੋੜਿਆ। ਭਾਰਤ ਜੋ ਕਦੇ ਅਪਣੇ ਗੁਆਂਢੀ ਦੇਸ਼ਾਂ ਦਾ ਰਾਖਾ ਤੇ ਮਦਦਗਾਰ ਸੀ, ਅੱਜ ਹਾਲਾਤ ਏਨੇ ਮਾੜੇ ਹਨ ਕਿ ਜਿਹੜੇ ਮੋਦੀ ਜੀ ਚੀਨ ਦੀ ਯੂ.ਪੀ.ਏ. ਸਰਕਾਰ ਦੇ ਮੂੰਹੋਂ ਨਿਕਲੀ ਛੋਟੀ ਜਹੀ ਤਾਰੀਫ਼ ਤੋਂ ਵੀ ਚਿੜਦੇ ਸਨ, ਅੱਜ ਚੀਨ ਜਾ ਕੇ ਡੋਕਲਾਮ ਦਾ ਨਾਂ ਵੀ ਬੋਲ ਕੇ ਨਹੀਂ ਆਏ ਸਗੋਂ ਚੀਨ ਨੂੰ ਖ਼ੁਸ਼ ਕਰਨ ਵਾਸਤੇ ਜਾਂ ਸ਼ਾਇਦ ਕਿਸੇ ਗੁਪਤ ਸਮਝੌਤੇ ਕਰ ਕੇ, ਦਲਾਈ ਲਾਮਾ ਤੋਂ ਵੀ ਦੂਰੀ ਬਣਾ ਬੈਠੇ ਹਨ। ਕੇਂਦਰ ਸਰਕਾਰ ਵਲੋਂ ਅਪਣੇ ਅਫ਼ਸਰਾਂ ਨੂੰ ਖ਼ੁਫ਼ੀਆ ਹਦਾਇਤਾਂ ਦਿਤੀਆਂ ਗਈਆਂ ਹਨ ਕਿ ਕੋਈ ਦਲਾਈ ਲਾਮਾ ਦੇ ਪ੍ਰੋਗਰਾਮ 'ਚ ਨਹੀਂ ਜਾਵੇਗਾ। ਚਿੱਠੀ ਲੀਕ ਹੋ ਗਈ ਅਤੇ ਸਰਕਾਰ ਦਾ ਸੱਚ ਸਾਹਮਣੇ ਆ ਗਿਆ। ਭਾਰਤ ਦੇ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਵਲੋਂ ਭਾਰਤ ਦੀ ਕੂਟਨੀਤੀ ਤਿਆਰ ਕੀਤੀ ਗਈ ਸੀ ਅਤੇ ਹੁਣ ਉਹ ਪੂਰੀ ਤਰ੍ਹਾਂ ਫ਼ੇਲ੍ਹ ਹੋ ਚੁੱਕੀ ਹੈ ਅਤੇ ਹੁਣ ਗਰਦਨ ਝੁਕਾਈ, ਭਾਰਤ ਚੀਨ ਦੀ ਹਰ ਗੱਲ ਮੰਨ ਰਿਹਾ ਹੈ। ਚੀਨ ਛੱਡੋ, ਭਾਰਤ ਨੇ ਦੁਬਈ ਦੀ ਹਕੂਮਤ ਵਲੋਂ ਸਤਾਈ ਰਾਜਕੁਮਾਰੀ, ਜੋ ਕਿ ਲੁਕ ਕੇ ਅਮਰੀਕਾ 'ਚ ਸ਼ਰਮ ਦੀ ਮਾਰੀ ਦੌੜ ਰਹੀ ਸੀ, ਕੋਮਾਂਤਰੀ ਅਤੇ ਭਾਰਤੀ ਕਾਨੂੰਨ ਦੀ ਉਲੰਘਣਾ ਕਰਦਿਆਂ, ਅਜੀਤ ਡੋਵਾਲ ਨੇ ਹਿੰਦ ਮਹਾਂਸਾਗਰ ਵਿਚ ਇਕ ਖ਼ੁਫ਼ੀਆ ਛਾਪਾ ਮਰਵਾ ਕੇ ਉਸ ਪੀੜਤ ਕੁੜੀ ਨੂੰ ਲੱਭ ਕੇ ਵਾਪਸ ਦੁਬਈ ਭੇਜ ਦਿਤਾ ਹੈ।ਮੀਡੀਆ ਵਲੋਂ ਕਿਰਾਏ ਦੇ ਲੋਕਾਂ ਕੋਲੋਂ ਬਾਕੀ ਦੇਸ਼ਾਂ ਵਿਰੁਧ ਬੁਲਵਾਉਣਾ ਅਤੇ ਅਖ਼ਬਾਰਾਂ ਵਿਚ ਗ਼ਲਤ ਬਿਆਨਬਾਜ਼ੀ ਕਰਨ ਦਾ ਨਤੀਜਾ ਅੱਜ ਸਾਹਮਣੇ ਆ ਗਿਆ ਹੈ। ਭਾਰਤ ਅਪਣੇ ਦਰ ਤੇ ਆਏ ਸ਼ਰਨਾਰਥੀਆਂ ਨੂੰ ਆਸਰਾ ਦੇਣ ਦੀ ਕਾਬਲੀਅਤ ਵੀ ਗੁਆ ਬੈਠਾ ਹੈ। -ਨਿਮਰਤ ਕੌਰ