ਛਾਪਿਆਂ ਰਾਹੀਂ ਵੀ ਕਾਲਾ ਧਨ ਪੈਦਾ ਹੁੰਦਾ ਹੈ ਕਿਉਂਕਿ ਫੜੇ ਗਏ ਧਨ ਦੇ ਮਾਲਕ ਆਪੇ ਹੀ ਇਸ...

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਛਾਪਿਆਂ ਰਾਹੀਂ ਵੀ ਕਾਲਾ ਧਨ ਪੈਦਾ ਹੁੰਦਾ ਹੈ ਕਿਉਂਕਿ ਫੜੇ ਗਏ ਧਨ ਦੇ ਮਾਲਕ ਆਪੇ ਹੀ ਇਸ ਉਤੇ ਅਪਣਾ ਹੱਕ ਛੱਡ ਦੇਂਦੇ ਹਨ

Two ASIs, missing with over Rs 6cr seized during raid

ਪੰਜਾਬ ਪੁਲਿਸ ਦੇ ਦੋ ਏ.ਐਸ.ਆਈ., ਜੋ ਇਕ ਪਾਦਰੀ ਦੇ ਘਰ 'ਚੋਂ ਛਾਪੇ ਮਗਰੋਂ ਮਿਲਿਆ ਪੈਸਾ ਲੈ ਕੇ ਫ਼ਰਾਰ ਹੋ ਗਏ ਸਨ, ਦੋ ਹਫ਼ਤਿਆਂ ਬਾਅਦ ਪਟਿਆਲਾ ਪੁਲਿਸ ਵਲੋਂ ਫੜ ਲਏ ਗਏ ਹਨ। ਐਸ.ਆਈ.ਟੀ. ਅਤੇ ਇਨਕਮ ਟੈਕਸ ਵਿਭਾਗ ਦੀ ਛਾਪੇਮਾਰੀ ਦੌਰਾਨ ਫੜੇ ਗਏ 16.64 ਕਰੋੜ ਰੁਪਏ 'ਚੋਂ 7 ਕਰੋੜ ਰੁਪਏ ਲੈ ਕੇ ਫ਼ਰਾਰ ਹੋ ਗਏ ਇਹ ਮੁਲਾਜ਼ਮ ਭਾਰਤੀ ਛਾਪਾ ਸਿਸਟਮ ਦੀ ਅਸਲ ਤਸਵੀਰ ਵੀ ਵਿਖਾ ਗਏ ਹਨ। ਅੱਜ ਭਾਵੇਂ ਇਹ ਭਗੌੜੇ ਅਫ਼ਸਰ ਫੜੇ ਤਾਂ ਪਟਿਆਲਾ ਪੁਲਿਸ ਦੀ ਫੁਰਤੀ ਕਾਰਨ ਗਏ ਹਨ ਪਰ ਕੀ ਇਹ ਲੋਕ ਫੜੇ ਜਾਂਦੇ ਜੇ ਪਾਦਰੀ ਅਪਣੇ ਪੈਸੇ ਬਾਰੇ ਸੱਚ ਨਾ ਦਸਦਾ?

ਕਈ ਵਾਰੀ ਸੁਣਨ ਨੂੰ ਮਿਲਦਾ ਹੈ ਕਿ ਕਿਸੇ ਉਦਯੋਗਪਤੀ ਦੇ ਟਿਕਾਣੇ ਤੇ ਛਾਪਾ ਪਿਆ ਪਰ ਇਨ੍ਹਾਂ ਛਾਪਿਆਂ ਵਿਚ ਮਿਲਦਾ ਕੁੱਝ ਹੋਰ ਹੁੰਦਾ ਹੈ ਅਤੇ ਦਸਿਆ ਕੁੱਝ ਹੋਰ ਜਾਂਦਾ ਹੈ। ਇਹ ਤਾਂ ਉਸ ਪਾਦਰੀ ਦੀ ਚੰਗੀ ਕਿਸਮਤ ਸੀ ਕਿ ਅਪਣੇ ਘਰ ਵਿਚ ਪਏ 16.65 ਕਰੋੜ ਰੁਪਏ ਦਾ ਹਿਸਾਬ ਦੇ ਕੇ ਇਸ ਪੈਸੇ ਨੂੰ ਚਿੱਟਾ ਸਾਬਤ ਕਰ ਸਕਦਾ ਸੀ। ਪਰ ਅਕਸਰ ਜੋ ਲੋਕ ਘਰ ਵਿਚ ਏਨਾ ਪੈਸਾ ਰਖਦੇ ਹਨ, ਉਸ ਦਾ ਹਿਸਾਬ ਨਹੀਂ ਦੇ ਸਕਦੇ ਅਤੇ ਭਾਰਤ ਦਾ ਸਿਸਟਮ ਇਸ ਇਕ ਸੱਚ ਕਾਰਨ, ਅੱਜ ਤਕ ਭ੍ਰਿਸ਼ਟਾਚਾਰ ਵਿਚ ਡੁਬਿਆ ਹੋਇਆ ਹੈ। 

ਹਾਲ ਹੀ ਵਿਚ ਟਰਾਂਸਪੇਰੈਂਸੀ ਇੰਟਰਨੈਸ਼ਨਲ ਨਾਮ ਦੀ ਇਕ ਸੰਸਥਾ ਨੇ ਸਾਰੇ ਦੇਸ਼ਾਂ ਵਿਚ ਫੈਲੇ ਭ੍ਰਿਸ਼ਟਾਚਾਰ ਬਾਰੇ ਸਰਵੇਖਣ ਵਿਚ ਭਾਰਤ ਨੂੰ ਵੀ ਰਖਿਆ। ਭਾਰਤ ਅਜੇ ਵੀ ਭ੍ਰਿਸ਼ਟਾਚਾਰ ਵਿਚ ਕਈ ਦੇਸ਼ਾਂ ਤੋਂ ਪਿੱਛੇ ਹੈ ਜਿਸ ਦਾ ਕਾਰਨ ਭਾਰਤ ਦੇ ਗੁੰਝਲਦਾਰ ਕਾਨੂੰਨ ਅਤੇ ਸਰਕਾਰ ਦੇ ਲੋੜੋਂ ਵੱਧ ਟੈਕਸ ਹਨ, ਜਿਨ੍ਹਾਂ ਤੋਂ ਬਚਣ ਲਈ ਹਰ ਭਾਰਤੀ, ਕਾਲੇ ਧਨ ਦੇ ਸਹਾਰੇ ਕਾਰੋਬਾਰ ਚਲਾਉਣਾ ਪਸੰਦ ਕਰਦਾ ਹੈ। ਭਾਰਤ ਨੂੰ ਹਮੇਸ਼ਾ ਇਹ ਜਾਪਦਾ ਹੈ ਕਿ ਕਾਲਾ ਧਨ ਬਾਹਰ ਵਿਦੇਸ਼ਾਂ ਵਿਚ ਪਿਆ ਹੈ ਅਤੇ ਉਸ ਨੂੰ ਵਾਪਸ ਲਿਆਉਣਾ ਹੀ ਸੱਭ ਮੁਸੀਬਤਾਂ ਦਾ ਇਲਾਜ ਹੈ।

ਪਰ ਅਸਲ ਵਿਚ ਜਿੰਨੇ ਵੀ ਉਦਯੋਗਪਤੀਆਂ ਜਾਂ ਸਿਆਸਤਦਾਨਾਂ ਦਾ ਪੈਸਾ ਸਵਿੱਸ ਬੈਂਕਾਂ ਵਿਚ ਪਿਆ ਹੋਵੇਗਾ, ਉਹ ਪੈਦਾ ਤਾਂ ਭਾਰਤੀ ਸਿਸਟਮ 'ਚੋਂ ਹੀ ਹੋਇਆ ਸੀ ਅਤੇ ਇਹ ਸਿਸਟਮ ਹੁਣ ਵੀ ਨਾ ਬਦਲਿਆ ਗਿਆ ਤਾਂ ਕੀ ਆਉਣ ਵਾਲੇ ਸਮੇਂ ਵਿਚ ਇਨਸਾਨ ਕਾਲਾਬਾਜ਼ਾਰੀ ਬੰਦ ਕਰ ਦੇਵੇਗਾ? ਨੋਟਬੰਦੀ, ਜੀ.ਐਸ.ਟੀ. ਦੇ ਆਉਣ ਨਾਲ ਮੰਨਿਆ ਜਾਂਦਾ ਸੀ ਕਿ ਇਸ ਨਾਲ ਟੈਕਸ ਚੋਰੀ ਵਿਚ ਕਮੀ ਆਵੇਗੀ। ਪਰ ਜਿਸ ਤਰ੍ਹਾਂ ਨੋਟਬੰਦੀ ਵਿਚ ਕਾਲੇ ਧਨ ਨੂੰ ਸਫ਼ੈਦ ਬਣਾਇਆ ਗਿਆ, ਉਹ ਅਪਣੇ ਆਪ ਵਿਚ ਹੀ ਇਕ ਵੱਡਾ ਘਪਲਾ ਬਣ ਗਿਆ ਜਾਪਦਾ ਸੀ ਜਿਸ ਵਿਚ ਫਿਰ ਉਹੀ ਕਾਲਾ ਬਾਜ਼ਾਰੀ ਵਪਾਰੀ ਤੇ ਉਸ ਦਾ ਰਖਵਾਲਾ ਸਿਆਸੀ ਆਗੂ ਪੈਸਾ ਬਣਾ ਗਿਆ। 

18%-20% ਜੀ.ਐਸ.ਟੀ. ਨੇ ਵੀ ਕਾਲਾ ਬਾਜ਼ਾਰੀ ਨੂੰ ਵਧਾ ਦਿਤਾ ਹੈ। ਜੇ ਇਕ ਪਾਦਰੀ ਅਪਣੇ ਕਾਰੋਬਾਰ ਰਾਹੀਂ 16.65 ਕਰੋੜ ਰੁਪਏ ਅਪਣੇ ਘਰ ਵਿਚ ਇਕੱਠੇ ਕਰ ਸਕਦਾ ਹੈ, ਇਸ ਤੋਂ ਸਾਫ਼ ਹੈ ਕਿ ਭਾਰਤੀ ਸਿਸਟਮ ਉਤੇ ਜੋ ਸਰਕਾਰ ਨੇ ਸਰਜੀਕਲ ਸਟਰਾਈਕ ਕੀਤੀ ਸੀ, ਉਹ ਬਿਲਕੁਲ ਬੇਅਸਰ ਸੀ। ਸਿਸਟਮ ਵੀ ਇਹ ਜਾਣਦਾ ਹੈ ਕਿ ਇਸੇ ਤਰ੍ਹਾਂ ਹੀ ਛਾਪਿਆਂ ਰਾਹੀਂ ਕਾਲਾ ਬਾਜ਼ਾਰੀਏ ਅਪਣੀ ਕਾਲੀ ਆਮਦਨ ਦੇ ਰਸਤੇ ਖੋਲ੍ਹ ਲੈਂਦੇ ਹਨ।  -ਨਿਮਰਤ ਕੌਰ