ਇਕ ਕਾਲੇ ਬੰਦੇ ਦੀ ਨਾਜਾਇਜ਼ ਮੌਤ ਨੇ ਸਾਰੇ ਕਾਲੇ-ਗੋਰੇ ਅਮਰੀਕਨਾਂ ਦੀ ਏਕਤਾ ਵਿਖਾ ਦਿਤੀ...

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਅਮਰੀਕਾ ਵਿਚ ਅੱਜ ਅੱਗ ਲੱਗੀ ਹੋਈ ਹੈ। 40 ਸ਼ਹਿਰਾਂ 'ਚ ਕਰਫ਼ੀਊ ਲਾ ਦਿਤਾ ਗਿਆ ਹੈ ਅਤੇ ਅਮਰੀਕਾ ਦੇ ਬੜਬੋਲੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਫ਼ੌਜ ਬੁਲਾਉਣ ਦੀ ਧਮਕੀ ਦੇ ਦਿਤੀ

George Floyd

ਅਮਰੀਕਾ ਵਿਚ ਅੱਜ ਅੱਗ ਲੱਗੀ ਹੋਈ ਹੈ। 40 ਸ਼ਹਿਰਾਂ 'ਚ ਕਰਫ਼ੀਊ ਲਾ ਦਿਤਾ ਗਿਆ ਹੈ ਅਤੇ ਅਮਰੀਕਾ ਦੇ ਬੜਬੋਲੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਫ਼ੌਜ ਬੁਲਾਉਣ ਦੀ ਧਮਕੀ ਦੇ ਦਿਤੀ ਹੈ। ਅਮਰੀਕਾ ਵਿਚ ਇਸ ਅੱਗ ਦਾ ਕਾਰਨ ਅਮਰੀਕੀ ਪੁਲਿਸ ਵਲੋਂ ਇਕ ਕਾਲੇ ਉਤੇ ਢਾਹਿਆ ਗਿਆ ਤਸ਼ੱਦਦ ਹੈ ਜਿਸ ਨਾਲ ਉਸ ਦੀ ਮੌਤ ਹੋ ਗਈ। ਉਸ ਤੋਂ ਬਾਅਦ ਵੀ ਪੁਲਿਸ ਵਲੋਂ ਅਪਣੀ ਤਾਕਤ ਦਾ ਪ੍ਰਦਰਸ਼ਨ ਕਰਨਾ ਲੋਕਾਂ ਕੋਲੋਂ ਬਰਦਾਸ਼ਤ ਨਾ ਹੋਇਆ। ਵਾਰਦਾਤ ਮਿਨੀਆਪੋਲਿਸ ਸੂਬੇ ਦੀ ਸੀ ਅਤੇ ਕਸੂਰਵਾਰ ਉਥੋਂ ਦੀ ਪੁਲਿਸ ਸੀ।

ਪਰ ਇਕ ਇਨਸਾਨ ਦੀ ਮੌਤ ਦੀ ਕੀਮਤ ਏਨੀ ਜ਼ਿਆਦਾ ਸਮਝੀ ਗਈ ਕਿ ਸਾਰਾ ਅਮਰੀਕਾ ਜਾਗ ਪਿਆ। ਅੱਜ ਅਮਰੀਕਾ ਦੀਆਂ ਕਈ ਤਸਵੀਰਾਂ ਸਾਹਮਣੇ ਆ ਰਹੀਆਂ ਹਨ। ਕਈ ਥਾਵਾਂ ਤੇ ਲੁੱਟਮਾਰ ਹੋ ਰਹੀ ਹੈ। ਕਈ ਲੋਕ ਇਸ ਮੌਕੇ ਦਾ ਫ਼ਾਇਦਾ ਉਠਾ ਕੇ ਵੱਡੀਆਂ ਵੱਡੀਆਂ ਦੁਕਾਨਾਂ 'ਚੋਂ ਸਮਾਨ ਲੁੱਟ ਰਹੇ ਹਨ। ਇਕ ਵੀਡੀਉ ਸਾਹਮਣੇ ਆਈ ਹੈ ਜਿਸ 'ਚ ਇਕ ਔਰਤ ਇਕ ਵਧੀਆ ਗੱਡੀ ਨੂੰ ਸੜਕ ਵਿਚ ਰੋਕ ਕੇ ਭੀੜ ਦਾ ਹਿੱਸਾ ਬਣਦੀ ਹੈ ਅਤੇ ਦੁਕਾਨ ਵਿਚ ਜਾ ਕੇ ਨਾਇਕੀ ਦੇ ਮਹਿੰਗੇ ਜੁੱਤੇ ਚੁਕ ਲਿਆਉਂਦੀ ਹੈ।

ਇਸੇ ਤਰ੍ਹਾਂ ਕਈ ਹੋਰ ਵੀਡੀਉ ਸਾਹਮਣੇ ਆ ਰਹੇ ਹਨ ਜਿਨ੍ਹਾਂ ਵਿਚ ਵੱਡੇ ਬਰਾਂਡ ਜਿਵੇਂ ਲੂਈ ਵਿਟਨ, ਗੂਚੀ ਆਦਿ ਦੀਆਂ ਦੁਕਾਨਾਂ ਲੁੱਟੀਆਂ ਜਾ ਰਹੀਆਂ ਹਨ। ਅਮਰੀਕਾ ਦੇ ਰਾਸ਼ਟਰਪਤੀ ਅਤੇ ਉੱਚ ਪੁਲਿਸ ਅਫ਼ਸਰਾਂ ਨੇ ਵੀ ਇਨ੍ਹਾਂ ਲੋਕਾਂ ਨੂੰ ਅੱਗ ਲਾ ਕੇ ਵਿਰੋਧ ਕਰਨ ਵਾਲਿਆਂ ਨੂੰ ਲੁਟੇਰੇ ਆਖਿਆ ਹੈ। ਪਰ ਇਹ ਸੱਭ ਝਲਕੀਆਂ ਅਤੇ ਇਹ ਸ਼ਬਦ ਦੁਨੀਆਂ ਕੋਲੋਂ ਅਮਰੀਕਾ ਦੀ ਅਸਲ ਸਚਾਈ ਲੁਕਾ ਨਹੀਂ ਸਕਦੇ। ਅਸਲ ਸਚਾਈ ਇਹ ਹੈ ਕਿ ਅੱਜ ਭਾਵੇਂ ਅਮਰੀਕੀ ਲੋਕਾਂ ਦਾ ਇਕ ਵਰਗ ਚਮੜੀ ਦੇ ਰੰਗ ਕਰ ਕੇ ਵਿਤਕਰਾ ਕਰਦਾ ਹੋਵੇ, ਜ਼ਿਆਦਾਤਰ ਅਮਰੀਕਾ ਇਸ ਵਿਤਕਰੇ ਦੇ ਵਿਰੁਧ ਹੈ।

ਜੇ ਭਾਰਤ ਵਰਗੇ ਦੇਸ਼ ਵਿਚ ਇਕ-ਇਕ ਦਲਿਤ ਦੀ ਮੌਤ ਦਾ ਹਿਸਾਬ ਮੰਗਣ ਵਾਸਤੇ ਕੁੱਝ ਮੁੱਠੀ ਭਰ ਲੋਕ ਹੀ ਸੜਕਾਂ ਤੇ ਆਉਣਾ ਸ਼ੁਰੂ ਕਰ ਦੇਣ ਤਾਂ ਸੜਕਾਂ ਕਦੇ ਭੀੜਾਂ ਤੋਂ ਖ਼ਾਲੀ ਨਹੀਂ ਹੋਣਗੀਆਂ। ਇਹੀ ਖ਼ਾਸੀਅਤ ਹੈ ਅਮਰੀਕਾ ਦੇ ਇਸ ਵਿਰੋਧ ਦੀ, ਜਿਥੇ ਇਕ ਜ਼ਿੰਦਗੀ ਦੀ ਵੀ ਕੀਮਤ ਸਮਝੀ ਜਾਂਦੀ ਹੈ। ਸਾਡੇ ਦੇਸ਼ ਵਿਚ ਲੱਖਾਂ ਮਰ ਜਾਂਦੇ ਹਨ, ਦਰਬਾਰ ਸਾਹਿਬ ਉਤੇ ਟੈਂਕ ਚੜ੍ਹਾ ਦਿਤੇ ਜਾਂਦੇ ਹਨ, ਸਰੋਵਰ ਖ਼ੂਨ ਨਾਲ ਭਰ ਜਾਂਦਾ ਹੈ ਅਤੇ ਅੱਜ 36 ਸਾਲਾਂ ਬਾਅਦ ਵੀ ਅਮਰੀਕਾ ਵਰਗਾ ਰੋਸ ਕਿਧਰੇ ਨਹੀਂ ਨਜ਼ਰ ਆਉਂਦਾ

ਕਿਉਂਕਿ ਉਥੇ ਜਾਨ ਦੀ ਕੀਮਤ ਹੈ ਤੇ ਇਥੇ ਘੱਟਗਿਣਤੀਆਂ ਤੇ ਦਲਿਤਾਂ ਦੀ ਜਾਨ ਦੀ ਤਾਂ ਕੀਮਤ ਹੀ ਕੋਈ ਨਹੀਂ¸ਮਾਰ ਦਿਉ ਤੇ ਭੁਲ ਜਾਉ। ਜਾਨ ਭਾਵੇਂ ਕਾਲੇ ਦੀ ਹੋਵੇ, ਭਾਵੇਂ ਸਿੱਖ ਦੀ, ਜਾਨ ਦੀ ਕੀਮਤ ਉਥੇ ਹੀ ਪੈਂਦੀ ਹੈ, ਸਾਡੇ ਦੇਸ਼ ਵਿਚ ਨਹੀਂ। ਕੁੱਝ ਲੋਕ ਲੁਟਮਾਰ ਜ਼ਰੂਰ ਕਰ ਰਹੇ ਹਨ ਪਰ ਸਨਸਨੀਖੇਜ਼ ਨਜ਼ਾਰੇ ਵੇਖ ਕੇ ਬਹਿਕ ਨਾ ਜਾਇਉ। ਅਮਰੀਕਾ ਦੀ ਅਸਲ ਝਲਕੀ ਵੇਖਣੀ ਹੈ ਤਾਂ ਉਸ ਗੋਰੀ ਪੁਲਿਸ ਟੋਲੀ ਦੀ ਵੇਖੋ ਜੋ ਗੋਡਿਆਂ ਭਾਰ ਹੋ ਕੇ, ਗੁੱਸੇ ਨਾਲ ਭਰੀ, ਭੀੜ ਸਾਹਮਣੇ ਸਿਰ ਝੁਕਾ ਕੇ ਬੈਠ ਜਾਂਦੀ ਹੈ ਅਤੇ ਇਸ ਤਰ੍ਹਾਂ ਕਰ ਕੇ ਮੰਨ ਲੈਂਦੀ ਹੈ ਕਿ ਸਾਡੀ ਵਰਦੀ ਦਾਗ਼ਦਾਰ ਹੈ ਅਤੇ ਅਸੀਂ ਸਾਰੇ ਸ਼ਰਮਿੰਦਾ ਹਾਂ।

ਤਸਵੀਰਾਂ ਫਿਰ ਉਸ ਭੀੜ ਦੀਆਂ ਵੇਖੋ ਜੋ ਪੁਲਿਸ ਦੀ ਸ਼ਰਮਿੰਦਗੀ ਸਾਹਮਣੇ ਠੰਢੀਆਂ ਪੈ ਜਾਂਦੀਆਂ ਹਨ। ਝਲਕੀਆਂ ਉਨ੍ਹਾਂ ਦ੍ਰਿਸ਼ਾਂ ਦੀਆਂ ਵੀ ਵੇਖੋ ਜਿਥੇ ਅਮੀਰ-ਗ਼ਰੀਬ, ਕਾਲੇ-ਗੋਰੇ ਇਕੱਠੇ ਹੋ ਕੇ ਇਕ ਕਾਲੇ ਵਿਅਕਤੀ ਦੀ ਮੌਤ ਤੇ ਰੋਸ ਪ੍ਰਗਟ ਕਰ ਰਹੇ ਨੇ ਜਿਵੇਂ ਮਰਨ ਵਾਲਾ, ਸਾਰੇ ਕਾਲੇ ਗੋਰਿਆਂ ਦਾ ਕੋਈ ਭਾਈਬੰਦ ਰਿਹਾ ਹੋਵੇ। ਕਾਲੇ-ਗੋਰੇ ਦੀ ਇਸ ਏਕਤਾ ਨੂੰ ਵੇਖ ਕੇ ਅੱਜ ਉਨ੍ਹਾਂ ਦਾ ਰਾਸ਼ਟਰਪਤੀ ਬੌਂਦਲ ਗਿਆ ਹੈ ਅਤੇ ਕਦੇ ਅਪਣੇ ਵਿਰੋਧੀਆਂ ਨੂੰ ਅਤੇ ਕਦੇ ਅਮਰੀਕੀ ਆਜ਼ਾਦੀ ਤੇ ਮਨੁੱਖੀ ਅਧਿਕਾਰਾਂ ਦੇ ਸੰਗਠਨਾਂ ਨੂੰ ਅਤਿਵਾਦੀ ਐਲਾਨ ਦੇਣ ਦੀਆਂ ਧਮਕੀਆਂ ਦੇਣ ਲਗਦਾ ਹੈ,

ਸਿਰਫ਼ ਇਸ ਕਰ ਕੇ ਕਿ ਉਥੇ ਉਹ ਸੱਭ, ਮਨੁੱਖ ਦਾ ਰੰਗ ਰੂਪ, ਧਰਮ ਆਦਿ ਵੇਖੇ ਬਿਨਾਂ, ਉਸ ਦੀ ਜਾਨ ਦੀ ਕੀਮਤ ਪਾ ਰਹੇ ਹਨ। ਕੀ ਕਦੇ ਇਹ ਦਿਨ ਭਾਰਤ ਨੂੰ ਵੀ ਨਸੀਬ ਹੋਵੇਗਾ? ਇਸ ਕਰੋੜਾਂ ਦੀ ਆਬਾਦੀ ਵਿਚ ਕਦੇ ਇਕ ਆਮ ਇਨਸਾਨ ਦੀ ਕੀਮਤ ਪੈਣੀ ਮੁਮਕਿਨ ਵੀ ਹੈ? ਕੀ ਕਦੇ ਇਕ ਦਲਿਤ ਜਾਂ ਇਕ ਘੱਟ ਗਿਣਤੀ ਦੇ ਬੰਦੇ ਉਤੇ ਤਸ਼ੱਦਦ ਵਿਰੁਧ ਸਾਰੇ ਛੋਟੇ-ਵੱਡੇ ਧਰਮਾਂ, ਵੱਖ-ਵੱਖ ਗੋਤਾਂ ਵਾਲੇ ਲੋਕ, ਨਿਆਂ ਵਾਸਤੇ ਇਕੱਠੇ ਹੋ ਸਕਣਗੇ?  -ਨਿਮਰਤ ਕੌਰ