ਮੂੰਹ ਤੋਂ ਪੰਜਾਬ, ਪੰਜਾਬੀਅਤ ਤੇ ਪੰਥ ਦਾ ਨਾਂ ਲੈਣ ਵਾਲਿਆਂ ਦੇ ਦਿਲਾਂ ਵਿਚ ਕੁੱਝ ਹੋਰ ਹੀ ਹੁੰਦਾ ਹੈ
ਬਰਗਾੜੀ ਇਨਸਾਫ਼ ਮੋਰਚਾ ਚੁੱਕੇ ਜਾਣ ਦੇ ਬਾਅਦ ਵੀ ਅੱਜ ਤਕਰੀਬਨ ਤਿੰਨ ਸਾਲ ਹੋ ਚੁੱਕੇ ਹਨ, ਤੇ ਕਿਸੇ ਨੂੰ ਇਨਸਾਫ਼ ਦਾ ਖ਼ਿਆਲ ਨਹੀਂ ਆਇਆ
ਪੰਜਾਬ, ਚੋਣਾਂ ਤੋਂ ਕੁੱਝ ਮਹੀਨੇ ਹੀ ਦੂਰ ਰਹਿ ਗਿਆ ਹੈ ਤੇ ਇਸ ਦੀ ਸਾਰੀ ਸਿਆਸਤ ਇਸ ਪ੍ਰਸ਼ਨ ਨੂੰ ਲੈ ਕੇ ਗਰਮਾਈ ਹੋਈ ਹੈ ਕਿ ਜਿਹੜੇ ਲੀਡਰਾਂ ਨੂੰ ਠਿੱਬੀ ਮਾਰ ਕੇ, ਕੈਪਟਨ ਅਮਰਿੰਦਰ ਸਿੰਘ ਨੇ, ਰਾਜ-ਭਾਗ ਤੋਂ ਦੂਰ ਕਰ ਦਿਤਾ ਸੀ,ਉਹ ਹੁਣ ਰਾਜ-ਭਾਗ ਤੋਂ ਵਿਰਵੇ ਨਹੀਂ ਰਹਿਣਾ ਚਾਹੁੰਦੇ ਤੇ ਕੈਪਟਨ ਅਮਰਿੰਦਰ ਸਿੰਘ ਕੋਲੋਂ ਕੁੱਝ ਲਏ ਬਿਨਾਂ ਦੁਬਾਰਾ ਉਨ੍ਹਾਂ ਨੂੰ ਰਾਜ-ਗੱਦੀ ਤੇ ਨਹੀਂ ਬੈਠਣ ਦੇਣਾ ਚਾਹੁੰਦੇ।
ਉਨ੍ਹਾਂ ਨਾਲ ਕੁੱਝ ਉਹ ਵੀ ਸ਼ਾਮਲ ਹੋ ਗਏ ਹਨ ਜਿਨ੍ਹਾਂ ਨੂੰ ਪਤਾ ਲੱਗ ਗਿਆ ਸੀ ਕਿ ਇਸ ਵਾਰ ਉਨ੍ਹਾਂ ਦਾ ਝਟਕਾ ਹੋਣਾ ਹੀ ਹੋਣਾ ਹੈ, ਇਸ ਲਈ ਉੱਚੀ ਬਾਂਗ ਦਿਤਿਆਂ, ਸ਼ਾਇਦ ਬਚਾਅ ਹੋ ਹੀ ਜਾਏ। ਕੋਟਕਪੂਰਾ ਵਿਚ ‘ਪੰਥਕ ਆਗੂਆਂ’ ਨੇ ਬੇਅਦਬੀ ਕਾਂਡ ਅਤੇ ਬਹਿਬਲ ਗੋਲੀ ਕਾਂਡ ਵਿਚ ਸਾਬਕਾ ਡੀ.ਜੀ.ਪੀ. ਤੇ ਬਾਦਲ ਪ੍ਰਵਾਰ ਦੇ ਆਗੂਆਂ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਸਰਕਾਰ ਨੂੰ ਇਕ ਮਹੀਨੇ ਦੀ ਮੋਹਲਤ ਦੇ ਦਿਤੀ ਹੈ। ਇਹੀ ਚੇਤਾਵਨੀ ਕਾਂਗਰਸ ਸਰਕਾਰ ਦੇ ਨਰਾਜ਼ ਆਗੂਆਂ ਨੇ ਅਪਣੀ ਹੀ ਸਰਕਾਰ ਨੂੰ ਦੋ ਹਫ਼ਤੇ ਪਹਿਲਾਂ ਹੀ ਦਿਤੀ ਸੀ ਜਿਸ ਸਦਕਾ ਦਿੱਲੀ ਦਰਬਾਰ ਦਾ ਹੁਣ ਪੰਜਾਬ ਦੇ ਵਿਧਾਇਕਾਂ ਨਾਲ ਮੰਥਨ ਚਲ ਰਿਹਾ ਹੈ।
ਪੰਥਕ ਆਗੂਆਂ ਦਾ ਇਸ ਮਾਮਲੇ ਵਿਚ ਅੱਜ ਚੋਣਾਂ ਦੇ ਨੇੜੇ ਆਉਣ ਸਮੇਂ ਬੋਲਣਾ ਬੜਾ ਦੁਖਦਾਈ ਹੈ ਕਿਉਂਕਿ ਇਹ ਸਿੱਧ ਕਰਦਾ ਹੈ ਕਿ ਅਸਲ ਵਿਚ ਅਪਣੇ ਆਪ ਨੂੰ ‘ਪੰਥਕ’ ਅਖਵਾਉਣ ਵਾਲੇ ਵੀ ਇਸ ਮਾਮਲੇ ਨੂੰ ਵੋਟਾਂ ਦੀ ਖੇਡ ਹੀ ਸਮਝਦੇ ਹਨ। ਇਸ ਦੌੜ ਵਿਚ ਕਈ ਨਵੇਂ ਗਰਮ ਖ਼ਿਆਲੀ ਆਗੂ ਇਸ ਵੋਟ ਚੱਕਰ ਵਿਚ ਵੀ ਅੱਗੇ ਆ ਕੇ ਪੰਥ ਦੀ ਰਾਖੀ ਕਰਨ ਦੀਆਂ ਗੱਲਾਂ ਕਰ ਰਹੇ ਹਨ ਪਰ ਇਹ ਵੇਖਣ ਵਾਲੀ ਗੱਲ ਹੋਵੇਗੀ ਕਿ ਚੋਣਾਂ ਮਗਰੋਂ ਕਿਸ ਕਿਸ ਨੂੰ ਪੰਥ ਦੀ ਰਾਖੀ ਦੀ ਗੱਲ ਯਾਦ ਰਹਿੰਦੀ ਹੈ। ਬੀਤੇ ਵਰਿ੍ਹਆਂ ਵਿਚ ਕਿੰਨਿਆਂ ਨੂੰ ਯਾਦ ਰਹਿ ਗਈ ਸੀ?
ਮੋਰਚਾ ਬੰਦ ਕਰਨ ਵਾਲਿਆਂ ਨੂੰ ਰਹਿ ਗਈ ਸੀ ਜਾਂ ਉਹ ਮੋਰਚੇ ਵਿਚ ਇਕੱਤਰ ਹੋਇਆ ਪੈਸਾ ਸੰਭਾਲਣ ਤੋਂ ਹੀ ਵਿਹਲੇ ਨਹੀਂ ਸਨ ਹੋ ਸਕੇ? ਬਰਗਾੜੀ ਇਨਸਾਫ਼ ਮੋਰਚਾ ਚੁੱਕੇ ਜਾਣ ਦੇ ਬਾਅਦ ਵੀ ਅੱਜ ਤਕਰੀਬਨ ਤਿੰਨ ਸਾਲ ਹੋ ਚੁੱਕੇ ਹਨ, ਤੇ ਕਿਸੇ ਨੂੰ ਇਨਸਾਫ਼ ਦਾ ਖ਼ਿਆਲ ਨਹੀਂ ਆਇਆ। ਇਹੀ ਗੱਲ ਕਾਂਗਰਸੀ ਆਗੂਆਂ ਬਾਰੇ ਵੀ ਆਖੀ ਜਾ ਸਕਦੀ ਹੈ ਜਿਨ੍ਹਾਂ ਨੂੰ ਪਤਾ ਹੈ ਕਿ ਹੁਣ ਲੋਕਾਂ ਦੀ ਕਚਹਿਰੀ ਵਿਚ ਪੇਸ਼ ਹੋਣ ਵੇਲੇ ਕੋਈ ਨਵੀਂ ਗੱਲ ਕਹਿਣੀ ਹੀ ਪਵੇਗੀ। ਪਰ ਕਾਂਗਰਸੀ ਆਗੂਆਂ ਵਿਚੋਂ ਕੁੱਝ ਇਮਾਨਦਾਰ ਆਗੂਆਂ ਨੂੰ ਛੱਡ ਕੇ ਜੋ ਲਗਾਤਾਰ ਅਪਣੀ ਆਵਾਜ਼ ਚੁਕਦੇ ਆਏ ਹਨ, ਬਾਕੀ ਇਸ ਮੌਕੇ ਨੂੰ ਅਪਣੇ ਨਿਜੀ ਸਵਾਰਥਾਂ ਵਾਸਤੇ ਇਸਤੇਮਾਲ ਕਰਨ ਦੀ ਖੇਡ ਵਿਚ ਹੀ ਮਸਤ ਹਨ।
ਕਾਂਗਰਸ ਵਿਚ ਕੁੱਝ ਆਵਾਜ਼ਾਂ ਹਨ ਜਿਨ੍ਹਾਂ ਸਦਾ ਹੀ ਨਸ਼ਿਆਂ, ਕੁਸ਼ਾਸਨ, ਬਰਗਾੜੀ ਬਾਰੇ ਆਵਾਜ਼ ਚੁਕੀ ਹੈ ਤੇ ਲਗਾਤਾਰ ਚੁੱਕ ਵੀ ਰਹੇ ਹਨ। ਪਰ ਬਾਕੀ ਦੇ ਕਾਂਗਰਸੀ ਸਿਰਫ਼ ਇਸ ਕਮਜ਼ੋਰੀ ਦੇ ਮੌਕੇ ਨੂੰ ਅਪਣੇ ਹੱਕ ਵਿਚ ਇਸਤੇਮਾਲ ਹੀ ਕਰਨਾ ਚਾਹੁੰਦੇ ਹਨ। ਕਈ ਆਗੂ ਆਖ ਰਹੇ ਹਨ ਕਿ ਇਹ ਪੰਜਾਬ ਪੰਜਾਬੀਅਤ ਨੂੰ ਬਚਾਉਣ ਦਾ ਮੌਕਾ ਹੈ। ਕੋਈ ਅਪਣੀ ਜ਼ਾਤ ਬਰਾਦਰੀ ਦੀਆਂ ਬਹੁਤੀਆਂ ਵੋਟਾਂ ਹੋਣ ਦਾ ਦਾਅਵਾ ਕਰ ਕੇ ਅਪਣੇ ਲਈ ਵੱਡੀ ਕੁਰਸੀ ਰਾਖਵੀਂ ਕਰਨਾ ਚਾਹੁੰਦਾ ਹੈ ਤੇ ਕੋਈ ਅਪਣੀ ਦਿੱਲੀ ਵਿਚ ਬਣੀ ਪਹੁੰਚ ਦੇ ਓਟ ਆਸਰੇ, ਵੱਡੀ ਕੁਰਸੀ ਅਪਣੇ ਲਈ ਯਕੀਨੀ ਬਣਾਉਣਾ ਚਾਹੁੰਦਾ ਹੈ। ਕਈ ਆਗੂ ਕਾਂਗਰਸ ਸਰਕਾਰ ਤੇ ਖ਼ਾਸ ਕਰ ਕੇ ਮੁੱਖ ਮੰਤਰੀ ਦਫ਼ਤਰ ਵਿਚੋਂ ਇਕ ਤਾਕਤਵਰ ਧੜੇ ਨੂੰ ਹਟਾਉਣ ਤਕ ਹੀ ਸੀਮਤ ਹਨ।
ਨਾ ਪੰਥਕ ਪਾਰਟੀਆਂ ਦੇ ਮੰਚਾਂ ਤੋਂ ਚੇਤਾਵਨੀ ਦੇਣ ਨਾਲ ਅਤੇ ਨਾ ਕਾਂਗਰਸੀ ਆਗੂਆਂ ਦੇ ਇਸ ਮੰਥਨ ਨਾਲ ਹੀ ਪੰਜਾਬ ਤੇ ਪੰਜਾਬੀਅਤ ਬਚਣੇ ਹਨ। ਪੰਜਾਬ ਉਤੇ ਮੰਡਰਾਉਂਦਾ ਖ਼ਤਰਾ ਬਹੁਤ ਵੱਡਾ ਹੈ ਪਰ ਇਹ ਖ਼ਤਰਾ ਸਿਰਫ਼ ਸਰਹੱਦ ਪਾਰ ਦਾ ਖ਼ਤਰਾ ਨਹੀਂ ਜਦਕਿ ਸਿਰੜੀ ਤੇ ਸਵਾਰਥ-ਰਹਿਤ ਲੀਡਰਸ਼ਿਪ ਦੀ ਪੈਦਾ ਹੋ ਚੁੱਕੀ ਅਣਹੋਂਦ ਦਾ ਉਸ ਤੋਂ ਵੱਡਾ ਖ਼ਤਰਾ ਵੀ ਮੰਡਰਾ ਰਿਹਾ ਹੈ। ਸਰਹੱਦ ਪਾਰ ਦੇ ਖ਼ਤਰੇ ਲਈ ਪਾਕਿਸਤਾਨ ਨੂੰ ਦੋਸ਼ੀ ਗਰਦਾਨਿਆ ਜਾ ਸਕਦਾ ਹੈ ਪਰ ਇਕ ਸਵਾਰਥੀ ਤੇ ਪੰਜਾਬ, ਪੰਥ ਦੇ ਹਿਤਾਂ ਨੂੰ ਛੋਟੇ ਜਹੇ ਲਾਭ ਖ਼ਾਤਰ, ਵਿਸਾਰ ਦੇਣ ਵਾਲੀ ਲੀਡਰਸ਼ਿਪ ਲਈ ਤਾਂ ਹੋਰ ਕਿਸੇ ਨੂੰ ਦੋਸ਼ੀ ਨਹੀਂ ਕਿਹਾ ਜਾ ਸਕਦਾ। ਪੰਜਾਬ ਵਿਚ ਸਮਾਜਕ ਤੌਰ ਤੇ ਲਗਾਤਾਰ ਗਿਰਾਵਟ ਚਲਦੀ ਆ ਰਹੀ ਹੈ ਜਿਸ ਦੀ ਝਲਕ ਅਸੀ ਅਪਣੇ ਆਗੂਆਂ ਵਿਚ ਵੇਖਦੇ ਹਾਂ।
ਪੰਜਾਬ ਵਿਚ ਅਸਲ ਮੁੱਦੇ ਸ਼ਰਾਬ, ਨਸ਼ੇ, ਰੇਤਾ, ਟਰਾਂਸਪੋਰਟ, ਮਾਈਨਿੰਗ ਤੋਂ ਲੈ ਕੇ ਪੰਥਕ ਹਿਤਾਂ ਦੀ ਗੱਲ ਕਰਨ ਵਾਲਿਆਂ ਦੀ ਅਤਿ ਦੀ ਗਿਰਾਵਟ ਦੇ ਮੁੱਦੇ ਹਨ। ਪ੍ਰਸ਼ਾਸਨ ਕਮਜ਼ੋਰ ਪੈ ਰਿਹਾ ਹੈ ਪਰ ਨਾਲ ਨਾਲ ਕਿਰਦਾਰ ਵੀ ਕਮਜ਼ੋਰ ਹੋਇਆ ਹੈ। ਇਹ ਗੱਲ ਇਸ ਸਰਕਾਰ ਜਾਂ ਉਸ ਸਰਕਾਰ ਦੀ ਨਹੀਂ ਬਲਕਿ ਕਈ ਦਹਾਕਿਆਂ ਦੀ ਕਹਾਣੀ ਹੈ ਜਿਥੇ ਸਮਾਜ ਦੀ ਕਮਜ਼ੋਰੀ ਕਾਰਨ ਇਨ੍ਹਾਂ ਸਾਰੀਆਂ ਕਮਜ਼ੋਰੀਆਂ ਨੂੰ ਪੈਰ ਠੋਕਣ ਦਾ ਮੌਕਾ ਮਿਲਿਆ ਹੈ। ਪੰਜਾਬ ਵਿਚ ਉਚ ਅਹੁਦਿਆਂ ਤੇ ਬੈਠੇ ਪੰਥਕ ਆਗੂਆਂ ਉਤੇ ਕਤਲ ਦੇ ਮਾਮਲੇ ਤਕ ਦਰਜ ਹਨ ਪਰ ਕਿਸੇ ਨੇ ਕਦੇ ਉਫ਼ ਤਕ ਨਹੀਂ ਕੀਤੀ। ਪੰਜਾਬ ਵਿਚ ਧਰਮ ਦੀ ਦੌਲਤ, ਜਾਤ-ਪਾਤ ਦੀ ਵੰਡ ਨੂੰ ਤੇਜ਼ ਕਰਨ ਵਾਸਤੇ ਇਸਤੇਮਾਲ ਕੀਤੀ ਗਈ, ਡੇਰੇਵਾਦ ਨੂੰ ਤਾਕਤਵਰ ਬਣਾਇਆ ਗਿਆ ਪਰ ਸੱਭ ਮੂਕ ਦਰਸ਼ਕ ਹੀ ਬਣੇ ਰਹੇ।
ਅਸਲ ਵਿਚ ਜਿਹੜੇ ਪੰਜਾਬੀ ਦੂਜਿਆਂ ਦੇ ਹੱਕਾਂ ਵਾਸਤੇ ਆਵਾਜ਼ ਚੁਕਣ ਵਾਲੇ ਮੰਨੇ ਜਾਂਦੇ ਸਨ, ਉਹ ਅੱਜ ਅਪਣੇ ਹੱਕਾਂ ਵਾਸਤੇ ਆਵਾਜ਼ ਚੁਕਣ ਤੋਂ ਵੀ ਕਤਰਾਉਂਦੇ ਹਨ। ਦਿੱਲੀ ਵਿਚ ਕਾਂਗਰਸੀ ਅਪਣੀ ਪਾਰਟੀ ਨੂੰ ਬਚਾਉਣ ਵਾਸਤੇ ਬੈਠੇ ਹਨ, ਕੋਟਕਪੂਰਾ ਵਿਚ ਵੀ ਉਹ ਅਪਣੀ ਹੋਂਦ ਨੂੰ ਬਚਾਉਣ ਵਾਸਤੇ ਅੱਜ ਬਰਗਾੜੀ ਨੂੰ ਯਾਦ ਕਰ ਰਹੇ ਹਨ। ਪੰਜਾਬ ਤੇ ਪੰਜਾਬੀਅਤ ਨੂੰ ਬਚਾਉਣਾ ਹੈ ਤਾਂ ਜ਼ਿੰਮੇਵਾਰੀ ਪੰਜਾਬ ਦੀ ਆਮ ਜਨਤਾ ਨੂੰ ਲੈਣੀ ਪਵੇਗੀ। - ਨਿਮਰਤ ਕੌਰ