ਸੰਨੀ ਦਿਉਲ, ਭਗਵੰਤ ਮਾਨ ਤੇ ਨਵਜੋਤ ਸਿੱਧੂ ਲੋਕ-ਪ੍ਰਿਯਤਾ ਦੇ ਸਿਰ ਤੇ ਸਫ਼ਲ ਹੋਏ ਪਰ ਉਸ ਮਗਰੋਂ...

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਸੰਨੀ ਦਿਉਲ, ਭਗਵੰਤ ਮਾਨ ਤੇ ਨਵਜੋਤ ਸਿੱਧੂ ਲੋਕ-ਪ੍ਰਿਯਤਾ ਦੇ ਸਿਰ ਤੇ ਸਫ਼ਲ ਹੋਏ ਪਰ ਉਸ ਮਗਰੋਂ ਪਾਰਟੀ ਤੇ ਆਮ ਲੋਕਾਂ ਦੀ ਸੇਵਾ ਦਾ ਕੀ?

Sunny Deol, Bhagwant Mann and Navjot Sidhu

ਗੁਰਦਾਸਪੁਰ 'ਚੋਂ ਭਾਜਪਾ ਦੇ ਸੰਸਦ ਮੈਂਬਰ ਸੰਨੀ ਦਿਉਲ ਨੇ ਜਦੋਂ ਚੋਣਾਂ ਵਿਚ ਜਿੱਤ ਹਾਸਲ ਕੀਤੀ ਸੀ ਤਾਂ ਬੜੀ ਹੈਰਾਨੀ ਹੋਈ ਸੀ ਕਿ ਸੁਨੀਲ ਜਾਖੜ ਵਰਗੇ ਸਫ਼ਲ ਨੇਤਾ ਨੂੰ ਇਕ ਫ਼ਿਲਮੀ ਅਦਾਕਾਰ ਨੇ ਏਨੀ ਆਸਾਨੀ ਨਾਲ ਕਿਵੇਂ ਹਰਾ ਦਿਤਾ। ਅਦਾਕਾਰ ਵੀ ਉਹ ਜਿਸ ਨੂੰ ਇਹ ਵੀ ਨਹੀਂ ਸੀ ਪਤਾ ਕਿ 'ਪੁਲਵਾਮਾ' ਵਿਚ ਕੀ ਹੋਇਆ ਸੀ, ਜਿਸ ਨੂੰ ਇਹ ਵੀ ਨਹੀਂ ਸੀ ਪਤਾ ਕਿ ਗੁਰਦਾਸਪੁਰ ਹਲਕੇ ਦੇ ਚੋਣ-ਮੁੱਦੇ ਕੀ ਹਨ। ਉਹ ਆਖਦੇ ਰਹੇ ਸਨ ਕਿ ਮੈਂ ਜਿੱਤਾਂਗਾ ਅਤੇ ਫਿਰ ਸੱਭ ਕੁੱਝ ਸਮਝ ਲਵਾਂਗਾ। ਉਹ ਜਿੱਤ ਵੀ ਗਏ ਅਤੇ ਗੁਰਦਾਸਪੁਰ ਵਿਚ ਲੋਕਾਂ ਦਾ ਸ਼ੁਕਰਾਨਾ ਕਰਨ ਦੀ ਬਜਾਏ ਪਹਾੜਾਂ ਤੇ ਛੁੱਟੀਆਂ ਮਨਾਉਣ ਚਲੇ ਗਏ।

ਹੁਣ ਸੰਨੀ ਦਿਉਲ ਨੇ ਅਪਣੇ ਹਲਕੇ ਵਾਸਤੇ ਅਪਣੇ ਇਕ 'ਮਿੱਤਰ', ਜੋ ਕਿ ਉਨ੍ਹਾਂ ਨਾਲ ਫ਼ਿਲਮਾਂ ਦਾ ਨਿਰਮਾਣ ਕਰਦੇ ਰਹੇ ਹਨ, ਨੂੰ ਗੁਰਦਾਸਪੁਰ ਹਲਕੇ ਵਿਚ ਅਪਣਾ ਪ੍ਰਤੀਨਿਧ ਬਣਾ ਦਿਤਾ ਹੈ ਜੋ ਕਿ ਸੰਨੀ ਦਿਉਲ ਦੀ ਥਾਂ ਸਾਰੇ ਫ਼ੈਸਲੇ ਲੈਣਗੇ। ਪਰ ਇਸ ਫ਼ੈਸਲੇ ਤੇ ਹੈਰਾਨੀ ਨਹੀਂ ਹੋ ਰਹੀ ਕਿਉਂਕਿ ਪਤਾ ਸੀ ਕਿ ਉਹ ਸਿਰਫ਼ ਸੱਤਾ ਦੇ ਦਿੱਲੀ-ਸਥਿਤ ਗਲਿਆਰਿਆਂ ਵਿਚ ਅਪਣੀ ਚੜ੍ਹਤ ਬਣਾਉਣ ਵਾਸਤੇ ਸਿਆਸਤ ਵਿਚ ਆਏ ਹਨ। ਉਹ ਅਪਣਾ ਕੰਮ ਛੱਡ ਕੇ, ਕਰੋੜਾਂ ਦਾ ਕਾਰੋਬਾਰ ਛੱਡ ਕੇ, ਲੱਖਾਂ ਰੁਪਏ ਦੀ ਆਮਦਨ (ਐਮ.ਪੀ. ਨੂੰ ਮਿਲਣ ਵਾਲੇ ਭੱਤੇ ਆਦਿ) ਨਾਲ ਜਨਤਾ ਦੀ ਸੇਵਾ ਕਰਨ ਲੱਗੇ ਹਨ। ਗੱਡੀ, ਸ਼ੋਹਰਤ, ਸੰਸਦ ਮੈਂਬਰ ਦਾ ਰੁਤਬਾ ਹੁਣ ਤਾਂ ਪੰਜ ਸਾਲਾਂ ਵਾਸਤੇ ਉਨ੍ਹਾਂ ਦਾ ਹੀ ਹੈ, ਗੁਰਦਾਸਪੁਰੀਆਂ ਲਈ ਤਾਂ ਉਨ੍ਹਾਂ ਦਾ ਪ੍ਰਤੀਨਿਧ ਹੀ ਕਾਫ਼ੀ ਹੈ।

ਪਰ ਸਿਰਫ਼ ਸੰਨੀ ਦਿਉਲ ਹੀ ਕਿਉਂ, ਪੰਜਾਬ ਦੇ ਕੁੱਝ ਵੱਡੇ ਆਗੂਆਂ ਵਲ ਵੀ ਝਾਤ ਮਾਰਨ ਦੀ ਜ਼ਰੂਰਤ ਹੈ। ਕਾਂਗਰਸ ਦੇ ਨਵਜੋਤ ਸਿੰਘ ਸਿੱਧੂ, ਜੋ ਸੱਭ ਤੋਂ ਤੇਜ਼ ਤਰਾਰ ਨੇਤਾ ਰਹੇ ਹਨ, ਅੱਜ ਰਾਜਸੀ ਪਿੜ 'ਚੋਂ ਗ਼ਾਇਬ ਹਨ। ਉਨ੍ਹਾਂ ਨੂੰ ਇਸ ਗੱਲ ਦੀ ਨਾਰਾਜ਼ਗੀ ਹੈ ਕਿ ਉਨ੍ਹਾਂ ਦਾ ਮਹਿਕਮਾ ਇਹ ਕਹਿ ਕੇ ਬਦਲ ਦਿਤਾ ਗਿਆ ਕਿ ਕਾਂਗਰਸ ਨੂੰ ਸ਼ਹਿਰੀ ਇਲਾਕਿਆਂ ਵਿਚ ਵੋਟ ਘੱਟ ਮਿਲੀ ਹੈ। ਮੁੱਖ ਮੰਤਰੀ ਨੇ ਪਹਿਲਾਂ ਹੀ ਆਖਿਆ ਸੀ ਕਿ ਉਹ ਹਾਰਨ ਵਾਲੇ ਵਿਧਾਇਕਾਂ ਅਤੇ ਮੰਤਰੀਆਂ ਦੇ ਮਹਿਕਮੇ ਬਦਲਣਗੇ। ਚੋਣਾਂ ਦੌਰਾਨ ਸਿੱਧੂ ਰਾਹੁਲ ਗਾਂਧੀ ਦੇ ਬਹੁਤ ਨਜ਼ਦੀਕੀ ਸਨ ਅਤੇ ਉਨ੍ਹਾਂ ਨੇ ਇਸ ਜੋਸ਼ ਵਿਚ ਆ ਕੇ ਅਪਣੇ ਮੁੱਖ ਮੰਤਰੀ ਵਿਰੁਧ ਪੰਜਾਬ ਦੇ ਮੰਚਾਂ ਉਤੋਂ ਕਾਫ਼ੀ ਇਸ਼ਾਰੇ ਸੁੱਟੇ।

ਅਪਣੀ ਸਫ਼ਾਈ ਵਿਚ ਉਹ ਕੁੱਝ ਵੀ ਆਖ ਲੈਣ, ਉਨ੍ਹਾਂ ਦੀ ਪਤਨੀ ਡਾ. ਨਵਜੋਤ ਕੌਰ ਵਲੋਂ ਮੁੱਖ ਮੰਤਰੀ ਦੀ ਕਾਫ਼ੀ ਤਿੱਖੀ ਆਲੋਚਨਾ ਕੀਤੀ ਗਈ ਸੀ। ਕਾਂਗਰਸ ਹਾਰੀ ਪਰ ਕੈਪਟਨ ਅਮਰਿੰਦਰ ਸਿੰਘ ਨਹੀਂ ਹਾਰੇ ਅਤੇ ਉਨ੍ਹਾਂ ਅਪਣੇ ਵਿਰੋਧ ਦਾ ਜਵਾਬ ਬੜੇ ਸਲੀਕੇ ਨਾਲ ਦਿਤਾ। ਮਹਿਕਮਾ ਤਬਦੀਲ ਕੀਤਾ ਪਰ ਅਗਲਾ ਮਹਿਕਮਾ, ਪਹਿਲੇ ਨਾਲੋਂ ਕਿਤੇ ਵੱਡਾ ਤੇ ਅਹਿਮੀਅਤ ਵਾਲਾ ਦੇ ਦਿਤਾ। ਇਸੇ ਨੂੰ ਰਾਜਨੀਤੀ ਕਹਿੰਦੇ ਹਨ। ਪਰ ਨਵਜੋਤ ਸਿੰਘ ਸਿੱਧੂ ਅਜੇ ਤਕ ਕੰਮ ਤੇ ਨਹੀਂ ਆਏ। ਲਾਪਤਾ ਹਨ ਅਤੇ ਦਫ਼ਤਰ ਮੰਤਰੀ ਤੋਂ ਬਗ਼ੈਰ ਕੰਮ ਕਰ ਰਿਹਾ ਹੈ ਯਾਨੀ ਕਿ ਇਕ ਵਿਧਾਇਕ ਨੂੰ ਅਪਣੀ ਕੁਰਸੀ ਦੀ ਜ਼ਿੰਮੇਵਾਰੀ ਦਾ ਅਹਿਸਾਸ ਨਹੀਂ ਪਰ ਕੁਰਸੀ ਨਾਲ ਮਿਲਣ ਵਾਲੀ ਤਾਕਤ ਤੇ ਪੂਰਾ ਕਬਜ਼ਾ ਚਾਹੀਦਾ ਹੈ। 

ਫਿਰ ਆਏ ਆਮ ਆਦਮੀ ਪਾਰਟੀ (ਆਪ) ਦੇ ਇਕਲੌਤੇ ਸੰਸਦ ਮੈਂਬਰ ਭਗਵੰਤ ਮਾਨ, ਜਿਨ੍ਹਾਂ ਨੇ 'ਆਪ' 'ਚੋਂ ਸਾਰੇ ਦੇ ਸਾਰੇ ਆਗੂਆਂ ਨੂੰ ਭਜਾ ਕੇ ਅਪਣਾ ਕਬਜ਼ਾ ਜਮਾ ਲਿਆ ਹੈ। ਲੋਕ ਸਭਾ ਚੋਣਾਂ ਵਿਚ ਪੰਜਾਬ ਦੇ ਪ੍ਰਧਾਨ ਦੀ ਜਿੱਤ ਹੋਈ ਪਰ 'ਆਪ' ਦੇ ਪੰਜਾਬ ਪ੍ਰਧਾਨ ਨੂੰ ਅਪਣੀ ਕਿਸੇ ਹੋਰ ਸੀਟ ਦੀ ਪ੍ਰਵਾਹ ਨਹੀਂ ਸੀ। ਉਨ੍ਹਾਂ ਨੂੰ ਜਿੱਤ ਤਾਂ ਇਤਿਹਾਸਕ ਹੀ ਮਿਲੀ ਪਰ ਅਜਿਹੀ ਜਿਤ ਜਿਸ ਨੂੰ ਵੇਖ ਕੇ ਹੈਰਾਨੀ ਜ਼ਿਆਦਾ ਹੋਈ ਸੀ। ਭਗਵੰਤ ਮਾਨ ਦੀਆਂ ਰੈਲੀਆਂ ਵਿਚ ਲੋਕ ਕਮਲੇ ਹੋ ਰਹੇ ਸਨ।

ਪਾਣੀ ਵਿਚ ਭਿੱਜੇ ਭਗਵੰਤ ਮਾਨ ਦੀ ਸੋਸ਼ਲ ਮੀਡੀਆ ਉਤੇ ਓਨੀ ਹੀ ਟੌਹਰ ਸੀ ਜਿੰਨੀ ਜ਼ਮੀਨ ਉਤੇ ਅਤੇ ਭਗਵੰਤ ਮਾਨ ਨੇ ਲੋਕਾਂ ਦੇ ਇਸ ਪਿਆਰ ਨੂੰ ਉਪਰ ਉਠਣ ਦੇ ਇਕ ਮੌਕੇ ਵਜੋਂ ਖ਼ੂਬ ਵਰਤਿਆ। ਭਗਵੰਤ ਮਾਨ ਨੂੰ ਫ਼ੇਸਬੁੱਕ ਤੋਂ ਇਸ਼ਤਿਹਾਰ ਮਿਲਣੇ ਸ਼ੁਰੂ ਹੋ ਗਏ ਹਨ ਅਤੇ ਹੁਣ ਮਾਨ ਜੀ ਰੋਜ਼ ਸੰਸਦ ਵਿਚ ਕੁੱਝ ਨਾ ਕੁੱਝ ਆਖਦੇ ਜ਼ਰੂਰ ਹਨ ਪਰ ਉਨ੍ਹਾਂ ਨੂੰ ਸੁਣ ਕੇ ਇਹ ਪਤਾ ਨਹੀਂ ਲਗਦਾ ਕਿ ਉਹ ਅਪਣੇ ਵੀਡੀਉ ਨੂੰ ਸਨਸਨੀਖ਼ੇਜ਼ ਬਣਾਉਣ ਵਾਸਤੇ ਬੋਲ ਰਹੇ ਹਨ ਜਾਂ ਅਸਲ ਵਿਚ ਪੰਜਾਬ ਦੇ ਹਿਤ ਵਿਚ ਬੋਲ ਰਹੇ ਹਨ। 

ਇਹ ਉਹ ਤਿੰਨ ਚਿਹਰੇ ਹਨ ਜਿਨ੍ਹਾਂ ਨੂੰ ਪੰਜਾਬ ਦਿਲੋਂ ਮੰਨਦਾ ਹੈ, ਜਿਨ੍ਹਾਂ ਨੂੰ ਦਿਲ ਖੋਲ੍ਹ ਕੇ ਵੋਟ ਮਿਲੀ ਹੈ ਤੇ ਜਿਨ੍ਹਾਂ ਦੇ ਇਕ ਇਕ ਲਫ਼ਜ਼ ਤੇ ਪੰਜਾਬ ਵਿਸ਼ਵਾਸ ਕਰਦਾ ਹੈ। ਸੰਨੀ ਦਿਉਲ ਨੂੰ ਬਾਰਡਰ ਫ਼ਿਲਮ 'ਚ ਪੰਜਾਬ ਦਾ ਪੁੱਤਰ ਮੰਨਦੇ ਹੋਏ ਗੁਰਦਾਸਪੁਰ ਦੀ ਜਨਤਾ ਨੇ ਇਹ ਸਮਝ ਕੇ ਵੋਟ ਪਾਈ ਕਿ ਉਹ ਉਨ੍ਹਾਂ ਦੇ ਮਸਲੇ ਸਮਝੇਗਾ। ਹੁਣ ਉਨ੍ਹਾਂ ਸੱਭ ਲੋਕਾਂ ਦੇ ਦਿਲ ਤਾਂ ਟੁੱਟਣਗੇ ਹੀ ਅਤੇ ਉਹ ਆਖਣਗੇ ਹੀ ਕਿ ਸਾਰੇ ਸਿਆਸਤਦਾਨ ਮਾੜੇ ਹੀ ਹੁੰਦੇ ਹਨ ਪਰ ਕੀ ਇਥੇ ਗ਼ਲਤੀ ਵੋਟਰਾਂ ਦੀ ਨਹੀਂ ਸੀ ਜੋ ਜਨਤਾ ਦੀ ਸੇਵਾ ਕਰਨ ਦਾ ਮੌਕਾ ਲੈਣ ਲਈ ਚੋਣ ਪਿੜ ਵਿਚ ਉਤਰਨ ਵਾਲੇ ਬੰਦੇ ਨੂੰ ਜਿਤਾ ਕੇ ਏਨਾ ਸਿਰ ਤੇ ਚੜ੍ਹਾ ਲੈਂਦੇ ਹਨ ਕਿ ਉਹ ਭੁੱਲ ਜਾਂਦੇ ਹਨ ਕਿ ਉਹ ਜਨਤਾ ਦੇ ਕੰਮ ਕਰਨ ਲਈ ਚੁਣਿਆ ਗਿਆ ਸੀ ਨਾ ਕਿ ਜਨਤਾ ਦੇ ਸਿਰ ਤੇ ਚੜ੍ਹ ਕੇ ਰਾਜ ਕਰਨ ਲਈ।   - ਨਿਮਰਤ ਕੌਰ