ਪ੍ਰਿਯੰਕਾ ਗਾਂਧੀ ਤੋਂ ਕੋਠੀ ਖ਼ਾਲੀ ਕਰਵਾਉਣਾ ਬਦਲੇ ਦੀ ਕਾਰਵਾਈ ਜਾਂ ਸਚਮੁਚ ਵੀ.ਆਈ.ਪੀ. ਕਲਚਰ ਨੂੰ....

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਗਾਂਧੀ ਪ੍ਰਵਾਰ ਭਾਰਤ ਦੇ ਇਤਿਹਾਸ ਨਾਲ ਜੁੜਿਆ ਹੋਇਆ ਜ਼ਰੂਰ ਹੈ ਪਰ ਇਕੱਲਾ ਗਾਂਧੀ ਪ੍ਰਵਾਰ

Priyanka Gandhi

ਗਾਂਧੀ ਪ੍ਰਵਾਰ ਭਾਰਤ ਦੇ ਇਤਿਹਾਸ ਨਾਲ ਜੁੜਿਆ ਹੋਇਆ ਜ਼ਰੂਰ ਹੈ ਪਰ ਇਕੱਲਾ ਗਾਂਧੀ ਪ੍ਰਵਾਰ ਨਹੀਂ ਬਲਕਿ ਦੇਸ਼ ਦੇ ਅਨੇਕਾਂ ਸ਼ਹੀਦ, ਕ੍ਰਾਂਤੀਕਾਰੀ, ਆਜ਼ਾਦੀ ਘੁਲਾਟੀਏ ਆਦਿ ਵੀ ਜੁੜੇ ਹੋਏ ਹਨ ਜਿਨ੍ਹਾਂ ਨੇ ਆਜ਼ਾਦ ਭਾਰਤ ਦੀ ਬਣਤਰ ਵਿਚ ਓਨਾ ਹੀ ਯੋਗਦਾਨ ਪਾਇਆ ਹੈ ਜਿੰਨਾ ਕਿ ਗਾਂਧੀ ਪ੍ਰਵਾਰ ਨੇ। ਸੱਤਾ ਵਿਚ ਰਹਿਣ ਕਾਰਨ ਅੱਜ ਤਕ ਕਾਂਗਰਸ ਉਤੇ ਗਾਂਧੀ ਪ੍ਰਵਾਰ ਦੀ ਕਾਠੀ ਤਾਂ ਪਈ ਰਹੀ ਹੈ ਪਰ ਨਾਲ-ਨਾਲ ਦੇਸ਼ ਵੀ ਉਨ੍ਹਾਂ ਦੀ ਮਲਕੀਅਤ ਬਣਿਆ ਰਿਹਾ ਹੈ ਤੇ ਅੱਜ ਜਦ ਕਾਂਗਰਸ ਦੇਸ਼ ਵਿਚ ਵਿਰੋਧੀ ਧਿਰ ਵਿਚ ਵੀ ਹਾਵੀ ਨਹੀਂ ਰਹੀ, ਜ਼ਾਹਰ ਹੈ ਭਾਜਪਾ ਉਨ੍ਹਾਂ ਦੀ ਮਲਕੀਅਤ ਦੇ ਦਾਅਵੇ 'ਤੇ ਸੱਟ ਮਾਰੇਗੀ ਹੀ ਮਾਰੇਗੀ।

ਪ੍ਰਿਯੰਕਾ ਗਾਂਧੀ ਨੇ ਉਤਰ ਪ੍ਰਦੇਸ਼ ਵਿਚ ਕੇਂਦਰ ਸਰਕਾਰ ਨੂੰ ਚੁਨੌਤੀ ਦੇ ਦਿਤੀ ਜਿਸ ਦਾ ਜਵਾਬ ਸਰਕਾਰ ਵਲੋਂ ਉਨ੍ਹਾਂ ਦਾ ਸਰਕਾਰੀ ਘਰ ਵਾਪਸ ਲੈ ਕੇ ਦਿਤਾ ਜਾ ਰਿਹਾ ਹੈ। ਜਿਸ ਘਰ ਵਿਚ ਪ੍ਰਿਯੰਕਾ ਗਾਂਧੀ ਰਹਿੰਦੇ ਹਨ, ਉਹ ਦਿੱਲੀ ਦਾ ਸੱਭ ਤੋਂ ਮਹਿੰਗਾ ਰਿਹਾਇਸ਼ੀ ਇਲਾਕਾ ਹੈ-ਵੈਸਟਰਨ ਦਿੱਲੀ। ਪਰ ਸਵਾਲ ਇਹ ਉਠਦਾ ਹੈ ਕਿ ਸੁਰੱਖਿਆ ਹਟਾ ਕੇ ਅਤੇ ਸਰਕਾਰੀ ਮਕਾਨ ਵਾਪਸ ਲੈ ਕੇ ਕੀ ਇਹ ਸਿਰਫ਼ ਅਪਣੀ ਸਿਆਸੀ ਰੰਜਸ਼ ਕੱਢੀ ਜਾ ਰਹੀ ਹੈ ਜਾਂ ਦੇਸ਼ ਵਿਚ ਇਕ ਨਵੀਂ ਸੋਚ ਆ ਰਹੀ ਹੈ?

ਜੇ ਇਕ ਨਵੀਂ ਸੋਚ ਹੇਠ ਵੀ.ਆਈ.ਪੀ. ਸੋਚ ਨੂੰ ਹਟਾ ਕੇ ਬਰਾਬਰੀ ਲਿਆਂਦੀ ਜਾ ਰਹੀ ਹੈ ਤਾਂ ਇਹ ਇਕ ਬਹੁਤ ਜ਼ਰੂਰੀ ਤੇ ਲੋੜੀਂਦਾ ਕਦਮ ਹੈ। ਪਰ ਜੇ ਸਿਰਫ਼ ਸਿਆਸੀ ਰੰਜਸ਼ ਹੀ ਹੈ ਤਾਂ ਗਾਂਧੀ ਪ੍ਰਵਾਰ ਦੇ ਬਾਅਦ ਹੁਣ ਹੋਰ ਨਵੇਂ ਸ਼ਹਿਜ਼ਾਦੇ ਤੇ ਸ਼ਹਿਜ਼ਾਦੀਆਂ ਆ ਜਾਣਗੀਆਂ ਜਿਨ੍ਹਾਂ ਦੇ ਹੱਥਾਂ ਵਿਚ ਉਹੀ ਪੁਰਾਣੀ ਤਾਕਤ ਆ ਜਾਵੇਗੀ। ਜਿਵੇਂ ਅਮਿਤ ਸ਼ਾਹ ਦੇ ਸਪੁੱਤਰ ਨੂੰ ਬੀ.ਸੀ.ਸੀ.ਆਈ ਦੀ ਚੇਅਰਮੈਨੀ ਦੇ ਦਿਤੀ ਹੈ, ਇਸੇ ਤਰ੍ਹਾਂ ਇਸ ਘਰ ਦੀ ਚਾਬੀ ਵੀ ਕਿਸੇ ਅਪਣੇ ਨੂੰ ਮਿਲ ਹੀ ਜਾਵੇਗੀ।

ਆਮ ਇਨਸਾਨ ਵਾਸਤੇ ਵੱਡਾ ਬਦਲਾਅ ਬਹੁਤ ਜ਼ਰੂਰੀ ਹੈ ਕਿਉਂਕਿ ਇਕ ਸਰਕਾਰੀ ਵੀ.ਆਈ.ਪੀ. ਸਿਰਫ਼ ਖ਼ਜ਼ਾਨੇ ਵਿਚੋਂ ਤਨਖ਼ਾਹ ਹੀ ਨਹੀਂ ਲੈਂਦਾ ਬਲਕਿ ਉਸ ਦੇ ਰਹਿਣ ਸਹਿਣ, ਉਸ ਦੇ ਘਰ ਦੀ ਦੇਖ ਰੇਖ, ਮੁਰੰਮਤ ਤੇ ਇਸ ਤਰ੍ਹਾਂ ਦੇ ਕਈ ਖ਼ਰਚੇ ਅਸਲ ਵਿਚ ਆਮ ਭਾਰਤੀ ਹੀ ਚੁਕਾਉਂਦਾ ਹੈ ਕਿਉਂਕਿ ਇਹ ਸਾਰਾ ਖ਼ਰਚਾ ਜਨਤਾ ਕੋਲੋਂ ਉਗਰਾਹੇ ਟੈਕਸਾਂ ਵਿਚੋਂ ਹੀ ਕੀਤਾ ਜਾਂਦਾ ਹੈ ਤੇ ਉਹ ਆਮ ਗ਼ਰੀਬ ਭਾਰਤੀ ਜਿਸ ਦੀ ਛੋਟੀ ਜਿਹੀ ਕਮਾਈ ਵਿਚੋਂ ਸਰਕਾਰ ਪੈਸੇ ਲੈਂਦੀ ਹੈ,

ਉਹ ਇਨ੍ਹਾਂ ਖਾਸਮ ਖ਼ਾਸ ਦੇ ਐਸ਼ੋ ਆਰਾਮ ਵਾਸਤੇ ਇਸਤੇਮਾਲ ਕੀਤਾ ਜਾਂਦਾ ਹੈ। ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ ਵਾਸਤੇ ਦੋ ਨਵੇਂ ਜਹਾਜ਼ ਜੁਲਾਈ ਵਿਚ ਆ ਜਾਣਗੇ ਜਿਸ ਦਾ ਖ਼ਰਚਾ 8,458 ਕਰੋੜ ਹੋਵੇਗਾ। ਹੁਣ ਜਿਹੜਾ ਆਮ ਭਾਰਤੀ ਟੈਕਸ ਦੇਣ ਦੇ ਬਾਵਜੂਦ ਅਪਣੇ ਬੱਚਿਆਂ ਨੂੰ ਕਦੇ ਸੈਰ ਸਪਾਟੇ ਤੇ ਨਹੀਂ ਲਿਜਾ ਸਕਿਆ, ਉਸ ਦੇ ਪੈਸਿਆਂ 'ਤੇ ਸਿਆਸਤਦਾਨ ਮਹਿਲਾਂ ਵਿਚ ਰਹਿੰਦੇ ਹਨ ਤੇ ਉਡਨ ਖਟੋਲਿਆਂ 'ਤੇ ਸਫ਼ਰ ਕਰਦੇ ਹਨ। ਕਾਂਗਰਸ ਐਸ.ਪੀ.ਜੀ. ਸੁਰੱਖਿਆ ਹਟਾਉਣ ਤੇ ਰੌਲਾ ਪਾ ਰਹੀ ਹੈ

ਪਰ ਕੀ ਉਹ ਨਹੀਂ ਜਾਣਦੀ ਕਿ ਉਨ੍ਹਾਂ ਨੇ ਜਿਹੜਾ ਵੀ.ਆਈ.ਪੀ. ਸਭਿਆਚਾਰ ਬਣਾਇਆ ਹੈ, ਉਸ ਸਦਕਾ ਅੱਜ ਹਰ ਭਾਰਤੀ ਵੀ.ਆਈ. ਪੀ ਕੋਲ ਤਿੰਨ ਸੁਰੱਖਿਆ ਕਰਮਚਾਰੀ ਹਨ ਜਦਕਿ 663 ਆਮ ਭਾਰਤੀਆਂ ਵਾਸਤੇ 1 ਸੁਰੱਖਿਆ ਕਰਮਚਾਰੀ ਹੈ। ਜ਼ਾਹਰ ਹੈ ਕਿ ਫਿਰ ਜਿਹੜੀ ਕੀਮਤ ਚੁਕਾਉਣੀ ਪੈਂਦੀ ਹੈ, ਉਹ ਆਮ ਭਾਰਤੀ ਹੀ ਚੁਕਾਉਂਦਾ ਹੈ। ਇਨ੍ਹਾਂ ਵਾਸਤੇ ਸੜਕਾਂ ਖ਼ਾਲੀ ਕਰਵਾਈਆਂ ਜਾਂਦੀਆਂ ਹਨ ਤੇ ਸੜਕ ਹਾਦਸਿਆਂ ਵਿਚ ਆਮ ਲੋਕ ਹੀ ਮਰਦੇ ਹਨ ਤੇ ਕਿੰਨੀ ਵਾਰ ਇਨ੍ਹਾਂ ਵੀ ਆਈ ਪੀਜ਼ ਦੇ ਤੇਜ਼ ਰਫ਼ਤਾਰ  ਵਾਹਨ ਹੀ ਸੜਕਾਂ 'ਤੇ ਲੋਕਾਂ ਨੂੰ ਮਾਰ ਜਾਂਦੇ ਹਨ।

ਸੋ ਪ੍ਰਿਯੰਕਾ ਗਾਂਧੀ ਤੋਂ ਘਰ ਖ਼ਾਲੀ ਕਰਵਾਉਣਾ ਤਾਂ ਠੀਕ ਹੈ ਪਰ ਜੇਕਰ ਇਕ ਚਾਹ ਵਾਲੇ ਦੀ ਸਰਕਾਰ ਵਿਚ ਵੀ ਆਮ ਭਾਰਤੀ ਦੇ ਹਿਤ ਵਿਚ ਅਗਲਾ ਕਦਮ ਨਾ ਆਵੇ ਤਾਂ ਫਿਰ ਬਦਲਿਆ ਕੀ? ਸਿਆਸਤਦਾਨ ਆਮ ਆਦਮੀ ਦੀਆਂ ਵੋਟਾਂ ਦੇ ਸਿਰ 'ਤੇ ਜਿੱਤ ਕੇ 'ਖ਼ਾਸ' ਕਿਉਂ ਬਣ ਜਾਂਦੇ ਹਨ ਤੇ ਕਿਉਂ ਅਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰਨ ਲਗਦੇ ਹਨ? ਇਹ ਲੋਕ ਇੰਨੇ ਕਮਜ਼ੋਰ ਕਿਉਂ ਹਨ ਕਿ ਇਨ੍ਹਾਂ ਨੂੰ ਅਪਣੇ ਨਾਲ ਦੋ ਵਰਦੀ ਵਾਲੇ ਨਾ ਚਲਦੇ ਮਿਲਣ ਤਾਂ ਇਹ ਅਪਣੀਆਂ ਹੀ ਅੱਖਾਂ ਵਿਚ ਛੋਟੇ ਹੋ ਜਾਂਦੇ ਹਨ। - ਨਿਮਰਤ ਕੌਰ