ਵਜ਼ੀਰ ਅਗਰ ਗ਼ਰੀਬ ਤੇ ਲਾਚਾਰ ਮਰੀਜ਼ ਪ੍ਰਤੀ ਚਿੰਤਿਤ ਹੋ ਕੇ ‘ਵੱਡੇ ਡਾਕਟਰ’ ਨੂੰ ਕੁੱਝ ਕਹਿ ਦੇਵੇ ਤਾਂ ਨਾਰਾਜ਼ ਨਹੀਂ ਹੋਈਦਾ....

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਪੰਜਾਬ ਦੇ ਸਿਹਤ ਮੰਤਰੀ ਤੇ ਬਾਬਾ ਫ਼ਰੀਦ ਯੂਨੀਵਰਸਟੀ ਦੇ ਵੀਸੀ ਵਿਚਕਾਰ ਇਕ ‘ਝੜਪ’ ਪੰਜਾਬ ਦੀ ਰਾਜਨੀਤੀ ਵਿਚ ਚਰਚਾਵਾਂ ਦਾ ਵਿਸ਼ਾ ਬਣ ਗਈ ਹੈ।

Chetan Singh Jauramajra

 

ਪੰਜਾਬ ਦੇ ਸਿਹਤ ਮੰਤਰੀ ਤੇ ਬਾਬਾ ਫ਼ਰੀਦ ਯੂਨੀਵਰਸਟੀ ਦੇ ਵੀਸੀ ਵਿਚਕਾਰ ਇਕ ‘ਝੜਪ’ ਪੰਜਾਬ ਦੀ ਰਾਜਨੀਤੀ ਵਿਚ ਚਰਚਾਵਾਂ ਦਾ ਵਿਸ਼ਾ ਬਣ ਗਈ ਹੈ। ਸਿਹਤ ਮੰਤਰੀ ਬਾਬਾ ਫ਼ਰੀਦ ਕਾਲਜ ਗਏ। ਉਥੇ ਉਨ੍ਹਾਂ ਨੇ ਮਰੀਜ਼ਾਂ ਵਾਸਤੇ ਰੱਖੇ ਗੱਦੇ ਦੀ ਹਾਲਤ ਵੇਖੀ ਤਾਂ ਉਨ੍ਹਾਂ ਵੀ.ਸੀ. ਨੂੰ ਪੁਛਿਆ ਕਿ ਕੀ ਤੁਸੀਂ ਇਸ ’ਤੇ ਲੇਟ ਸਕਦੇ ਹੋ? ਵੀ.ਸੀ. ਨੇ ਆਖਿਆ ‘ਜੀ ਹਾਂ’ ਤੇ ਉਹ ਲੇਟ ਗਏ। ਹੁਣ ਇਸ ’ਤੇ ਵਿਵਾਦ ਸ਼ੁਰੂ ਹੋ ਗਿਆ ਹੈ ਕਿ ਇਸ ਤਰ੍ਹਾਂ ਅੰਤਰ-ਰਾਸ਼ਟਰੀ ਪ੍ਰਸਿੱਧੀ ਵਾਲੇ ਇਕ ਵੱਡੇ ਡਾਕਟਰ ਦਾ ਅਪਮਾਨ ਕਰ ਦਿਤਾ ਗਿਆ। ਪਰ ਜਿਸ ਬੈੱਡ ’ਤੇ ਮਰੀਜ਼ਾਂ ਨੂੰ ਲਿਟਾਇਆ ਜਾਂਦਾ ਹੈ, ਉਸ ਉਤੇ ਵੱਡੇ ਡਾਕਟਰ ਨੂੰ ਵੀ ਲੇਟਣ ਲਈ ਕਹਿ ਦਿਤਾ ਗਿਆ ਤਾਂ ਇਸ ਨਾਲ ਵੀ.ਸੀ. ਦਾ ਅਪਮਾਨ ਕਿਵੇਂ ਹੋ ਗਿਆ?

 

 

ਅਸੀ ਡਾਕਟਰ ਨੂੰ ਰੱਬ ਦਾ ਰੂਪ ਮੰਨਦੇ ਹਾਂ ਕਿਉਂਕਿ ਉਹ ਮਰੀਜ਼ ਵਾਸਤੇ ਅਪਣੀ ਜਾਨ ਲਗਾ ਦੇਂਦੇ ਹਨ ਪਰ ਇਸ ਨਾਲ ਡਾਕਟਰਾਂ ਨੂੰ ਵੀ ਚਾਹੀਦਾ ਹੈ ਕਿ ਉਹ ਸਚਮੁਚ ਹੀ ਅਪਣੇ ਆਪ ਨੂੰ ਰੱਬ ਮੰਨਣ ਦੀ ਗ਼ਲਤ-ਫ਼ਹਿਮੀ ਨਾ ਪਾਲ ਲੈਣ ਕਿਉਂਕਿ ਹਨ ਤਾਂ ਉਹ ਵੀ ਇਨਸਾਨ ਹੀ। ਜੇਕਰ ਤੁਹਾਡੇ ਸਾਰੇ ਸਫ਼ਾਈ ਕਰਮਚਾਰੀ ਕੰਮ ਕਰਨ ਤੋਂ ਨਾਂਹ ਕਰ ਦੇਣ, ਸ਼ਹਿਰ ਵਿਚ ਅਜਿਹੀਆਂ ਬੀਮਾਰੀਆਂ ਫੈਲ ਜਾਣ ਕਿ ਕੋਈ ਡਾਕਟਰ ਵੀ ਉਨ੍ਹਾਂ ਤੋਂ ਨਾ ਬਚਾ ਸਕੇ ਤਾਂ ਡਾਕਟਰਾਂ ਸਮੇਤ, ਹਰ ਇਕ ਨੂੰ ਬੀਮਾਰੀ ਦੇ ਫੈਲਾਅ ਨੂੰ ਰੋਕਣ ਤੇ ਗੰਦਗੀ ਨੂੰ ਤਬਾਹੀ ਮਚਾਉਣ ਤੋਂ ਰੋਕਣ ਲਈ ਝਾੜੂ ਫੜਨ ਲਈ ਕਹਿ ਦਿਤਾ ਜਾਵੇ ਤਾਂ ਕੀ ਇਸ ਨਾਲ ਕਿਸੇ ਦਾ ਅਪਮਾਨ ਹੋ ਜਾਏਗਾ? ਗੰਦਗੀ ਰੋਕਣ ਲਈ ਤਾਂ ਪ੍ਰਧਾਨ ਮੰਤਰੀ ਨੇ ਵੀ ਕਈ ਵਾਰ ਝਾੜੂ ਫੜ ਕੇ ਸਫ਼ਾਈ ਕੀਤੀ ਹੈ। ਇਕ ਡਾਕਟਰ ਨੂੰ ਹਸਪਤਾਲ ਦੇ ਬੈੱਡ ਦੇ ਗੱਦੇ ਉਤੇ ਲੇਟਣ ਲਈ ਕਹਿਣਾ ਵੀ ਹਸਪਤਾਲ ਵਿਚ ਸਫ਼ਾਈ ਲਿਆਉਣ ਦਾ ਯਤਨ ਹੀ ਸਮਝਿਆ ਜਾਣਾ ਚਾਹੀਦਾ ਹੈ।

 

 

ਹੁਣ ਇਸ ਕਹਾਣੀ ਦਾ ਅਣਗੌਲਿਆ ਪੱਖ ਇਹ ਸੀ ਕਿ ਇਹ ਵਾਰਡ ਚਮੜੀ ਦੇ ਮਰੀਜ਼ਾਂ ਵਾਸਤੇ ਸੀ ਤੇ ਇਸ ਦੇ ਗੱਦੇ ਪਿਛਲੇ 15 ਸਾਲ ਤੋਂ ਬਦਲੇ ਹੀ ਨਹੀਂ ਗਏ ਸਨ। ਸਿਹਤ ਮੰਤਰੀ ਨੇ ਇਸ ਸ਼ਿਕਾਇਤ ਤੇ ਵੀ.ਸੀ. ਨੂੰ ਸਵਾਲ ਪੁਛਿਆ ਜਿਸ ਨੂੰ ਮੀਡੀਆ ਦੀ ਮੌਜੂਦਗੀ ਵਿਚ ਪੁੱਛੇ ਜਾਣਾ ਵੀ.ਸੀ. ਨੂੰ ਸ਼ਾਇਦ ਬੁਰਾ ਲੱਗ ਗਿਆ। ਪਰ ਜਦ ਇਕ ਮਰੀਜ਼ ਉਸ ਪੁਰਾਣੇ ਗੱਦੇ ’ਤੇ ਬੈਠਦਾ ਹੈ ਤਾਂ ਉਹ ਪਹਿਲਾਂ ਹੀ ਬੀਮਾਰੀ ਕਾਰਨ ਕਮਜ਼ੋਰ ਹੁੰਦਾ ਹੈ ਤੇ ਫਿਰ ਇਕ ਗੰਦੇ ਗੱਦੇ ’ਤੇ ਉਸ ਨੂੰ ਬਿਠਾ ਕੇ ਉਸ ਦੀਆਂ ਤਕਲੀਫ਼ਾਂ ਹੋਰ ਵੀ ਵੱਧ ਜਾਂਦੀਆਂ ਹਨ।  ਸਿਹਤ ਮੰਤਰੀ ਦੇ ਰਵਈਏ ਨੂੰ ਹੰਕਾਰੀ ਆਖਿਆ ਜਾ ਰਿਹਾ ਹੈ। ਪਰ ਜਦ ਪਿਛਲੇ 10 ਸਾਲਾਂ ਵਿਚ ਮਰੀਜ਼ਾਂ ਨੂੰ ਗੰਦੇ ਬੈੱਡ ’ਤੇ ਲਿਟਾਇਆ ਜਾ ਰਿਹਾ ਸੀ ਤਾਂ ਕੀ ਉਹ ਲਾਪ੍ਰਵਾਹੀ ਤੇ ਹੰਕਾਰ ਦਾ ਰਲਿਆ ਮਿਲਿਆ ਰੂਪ ਨਹੀਂ ਸੀ? ਸਾਰੇ ਸਿਆਸਤਦਾਨਾਂ ਤੇ ਵੀ.ਸੀ. ਦਾ, ਬਾਕੀ ਦੇ ਸਟਾਫ਼ ਦੀਆਂ ਮੁਸ਼ਕਲਾਂ ਨੂੰ ਨਜ਼ਰ ਅੰਦਾਜ਼ ਕਰਨਾ ਹੰਕਾਰ ਨਹੀਂ ਸੀ? ਸਿਆਸਤਦਾਨ ਤੇ ਅਫ਼ਸਰਸ਼ਾਹੀ ਅਪਣੇ ਲੋਕਾਂ ਨੂੰ ਤਾਂ ਕਦੇ ਟਾਲਦੇ ਨਹੀਂ ਪਰ ਗ਼ਰੀਬਾਂ ਦੀਆਂ ਤਕਲੀਫ਼ਾਂ ਨੂੰ ਅਣਸੁਣਿਆ ਕਰਨਾ ਵੀ ਤਾਂ ਗ਼ਲਤ ਕਿਸਮ ਦਾ ਹੰਕਾਰ ਹੀ ਹੈ।

 

ਜਿਹੜੀ ਆਮ ਆਦਮੀ ਪਾਰਟੀ ਦੀ ਜਿੱਤ ਹੋਈ ਸੀ, ਉਹ ਅਸਲ ਵਿਚ ਆਮ ਪੰਜਾਬੀ ਦੀ ਜਿੱਤ ਸੀ ਜੋ ਪੁਰਾਣੀਆਂ ਪੈ ਚੁਕੀਆਂ ਰਵਾਇਤਾਂ ਨੂੰ ਟੁੱਟੀਆਂ ਵੇਖਣਾ ਚਾਹੁੰਦਾ ਹੈ। ਉਸ ਦੀ ਮੰਗ ਸੀ ਕਿ ਹਰ ਨਾਗਰਿਕ ਨੂੰ ਬਰਾਬਰੀ ਮਿਲੇ। ਇਸੇ ਸੋਚ ਕਾਰਨ ਇਸ ਸਰਕਾਰ ਵਿਚ ਅਜਿਹੇ ਲੋਕ ਅੱਗੇ ਆਏ ਹਨ ਜੋ ਕਿ ਅਸਲ ਵਿਚ ਆਮ ਆਦਮੀ ਸਨ। ਇਸ ਵਾਰ ਇਕ ਮੁੱਖ ਮੰਤਰੀ ਦੇ ਅਹੁਦੇ ਦੇ ਦਾਅਵੇਦਾਰ ਦੇ ਸਾਹਮਣੇ ਇਕ ਮੋਬਾਈਲ ਰੀਪੇਅਰ ਦੀ ਦੁਕਾਨ ਚਲਾਉਣ ਵਾਲਾ ਲਾਭ ਸਿੰਘ ਉਗੋਕੇ ਇਸੇ ਕਾਰਨ ਜਿਤਿਆ ਸੀ। ਲੋਕ ਖ਼ਾਸਮ ਖ਼ਾਸ ਬਨਾਮ ਆਮ ਲੋਕਾਂ ਪ੍ਰਤੀ ਵੱਡੀਆਂ ਤਨਖ਼ਾਹਾਂ ਲੈਣ ਵਾਲਿਆਂ ਦੇ ਵਿਤਕਰੇ ਤੇ ਲਾਪ੍ਰਵਾਹੀ ਤੋਂ ਪ੍ਰੇਸ਼ਾਨ ਸਨ। ਅੱਜ ਬੜੇ ਚਿਰਾਂ ਬਾਅਦ ਇਕ ਨਵੀਂ ਤਬਦੀਲੀ ਦੀ ਸ਼ੁਰੂਆਤ ਹੋਈ ਹੈ ਜਿਥੇ ਇਕ ਮੰਤਰੀ ਨੂੰ ਆਮ ਇਨਸਾਨ ਨਾਲ ਕੀਤੇ ਜਾਂਦੇ ਵਿਤਕਰੇ ਤੇ ਤਕਲੀਫ਼ ਹੋ ਰਹੀ ਹੈ। ਗੁੱਸਾ ਆਉਂਦਾ ਹੈ ਜਦ ਲੋਕਾਂ ਦੀ ਸੇਵਾ ਦਾ ਦਮ ਭਰਨ ਵਾਲੇ ਅਪਣੇ ਆਪ ਨੂੰ ਰਾਜੇ ਸਮਝ ਲੈਂਦੇ ਹਨ। ਇਸ ਨਵੀਂ ਆਮ ਆਦਮੀ ਕ੍ਰਾਂਤੀ ਵਿਚ ਕੁੱਝ ਗ਼ਲਤੀਆਂ ਵੀ ਹੋ ਗਈਆਂ ਤੇ ਅੱਗੋਂ ਵੀ ਹੋਣਗੀਆਂ ਜਿਨ੍ਹਾਂ ਤੋਂ ਬਚਣ ਲਈ ਸੋਚਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ। ਕੁੱਝ ਲੋਕ ਨਵੀਂ ਤਾਕਤ ਦਾ ਨਾਜਾਇਜ਼ ਫ਼ਾਇਦਾ ਵੀ ਉਠਾ ਸਕਦੇ ਹਨ ਪਰ ਜ਼ਿਆਦਾਤਰ ਲੋਕ ਆਮ ਆਦਮੀ ਦੇ ਗੁੱਸੇ ਦਾ ਸਹੀ ਮਤਲਬ ਸਮਝਦੇ ਹਨ ਤੇ ਉਸ ਤੋਂ ਜ਼ਿਆਦਾ ਉਹ ਕਿਸੇ ਵਜ਼ੀਰ ਵਲੋਂ ਆਮ ਆਦਮੀ ਦੇ ਹੱਕ ਵਿਚ ਬੋਲਣ ਦੀ ਮਜਬੂਰੀ ਨੂੰ ਵੀ ਸਮਝਦੇ ਹਨ। ਇਸ ਤਰ੍ਹਾਂ ਦੇ ਭੂਚਾਲ ਚੰਗੇ ਵੀ ਹੁੰਦੇ ਹਨ। 
- ਨਿਮਰਤ ਕੌਰ