ਰੈਫ਼ਰੈਂਡਮ 2020 ਵਾਲਿਉ! ਵੇਖਿਉ ਕਿਤੇ ਕੇਂਦਰ ਨੂੰ ਸਿੱਖ ਨੌਜਵਾਨਾਂ ਦੇ ਘਾਣ ਦਾ ਬਹਾਨਾ ਨਾ ਦੇ ਦਿਓ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਸਿੱਖ ਰੈਫ਼ਰੰਡਮ 2020 ਸਬੰਧੀ ਪੂਰੀ ਜਾਣਕਾਰੀ ਲੈਣ ਲਈ ਹਰ ਸਿੱਖ ਹਿਰਦਾ ਉਤਾਵਲਾ ਹੈ...........

Sikh Gathering

ਸਿੱਖ ਰੈਫ਼ਰੰਡਮ 2020 ਸਬੰਧੀ ਪੂਰੀ ਜਾਣਕਾਰੀ ਲੈਣ ਲਈ ਹਰ ਸਿੱਖ ਹਿਰਦਾ ਉਤਾਵਲਾ ਹੈ। ਅਜੇ ਤਕ ਸਿੱਖਜ਼ ਫਾਰ ਜਸਟਿਸ ਵਾਲੇ ਇਸ ਸਬੰਧੀ ਆਮ ਸਿੱਖਾਂ ਨੂੰ ਜਾਣੂ ਨਹੀਂ ਕਰਵਾ ਸਕੇ। ਦਲ ਖ਼ਾਲਸਾ ਲੀਡਰ ਸਾਹਿਬਾਨ ਅਤੇ ਸ. ਸਿਮਰਨਜੀਤ ਸਿੰਘ ਮਾਨ ਨੇ ਅਖ਼ਬਾਰਾਂ ਰਾਹੀਂ ਵਿਦੇਸ਼ਾਂ ਵਿਚ ਬੈਠੇ ਸਿੱਖ ਭਰਾਵਾਂ ਨੂੰ ਬੇਨਤੀ ਵੀ ਕੀਤੀ ਕਿ ਦਸਿਆ ਜਾਵੇ ਕਿ ਇਸ ਸਬੰਧੀ ਇਥੇ ਭਾਰਤ ਵਿਚ ਕਿਵੇਂ ਤੇ ਕੀ ਹੋਵੇਗਾ ਪਰ ਕੋਈ ਪਤਾ ਨਹੀਂ ਚਲ ਰਿਹਾ।  ਭਰਾਉ, 1984 ਜੂਨ ਤੇ ਨਵੰਬਰ ਦੇ ਹਮਲੇ ਤੇ ਨਸਲਕੁਸ਼ੀ, ਸਿੱਖਾਂ ਉਪਰ ਹੋ ਰਹੇ 1947 ਤੋਂ ਬਾਅਦ ਦੇ ਜ਼ੁਲਮਾਂ ਦੀ ਸਿਖਰ ਸੀ।

ਜਾਗਦੀ ਜ਼ਮੀਰ ਵਾਲੇ ਸਿੱਖ ਹਿਰਦਿਆਂ ਨੂੰ ਆਸਾਂ ਲੱਗ ਗਈਆਂ ਸਨ ਕਿ ਇਸ ਸੱਟ ਤੋਂ ਬਾਅਦ ਸਿੱਖ ਲੀਡਰ ਜਾਗਣਗੇ ਪਰ ਹੋਇਆ ਬਿਲਕੁਲ ਹੀ ਉਲਟ ਹੈ। ਪੰਥਕ ਧਿਰਾਂ ਤੇ ਰਵਾਇਤੀ ਸਿੱਖ ਆਗੂਆਂ ਵਿਚ ਆਪਸੀ ਤਾਲਮੇਲ ਖ਼ਤਮ ਹੁੰਦਾ ਹੁੰਦਾ ਹੁਣ ਖ਼ਤਮ ਹੀ ਹੋ ਗਿਆ ਹੈ। ਇਸ ਨਾਲ ਅੱਜ ਪੰਜਾਬ ਜੋ ਸਿੱਖਾਂ ਦੀ ਜਨਮ ਭੂਮੀ ਹੈ, ਇਥੇ ਪੰਥ ਖੇਰੂੰ-ਖੇਰੂੰ ਹੈ। ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਸਿੱਖਾਂ ਦੇ ਧਰਮ ਅਤੇ ਸਿਆਸਤ ਦੇ ਸੁਮੇਲ ਦੀ ਮਿਸਾਲ ਹਨ ਪਰ ਆਮ ਸਿੱਖ ਇਨ੍ਹਾਂ ਤੋਂ ਵੀ ਨਿਰਾਸ਼ ਹੈ। 1984 ਤੋਂ ਬਾਅਦ 18 ਸਾਲਾਂ ਦੇ ਲਗਭਗ ਅਕਾਲੀ ਦਲ ਨੇ ਰਾਜਭਾਗ ਹੰਢਾਇਆ ਪਰ ਪ੍ਰਵਾਰਵਾਦ, ਮਾਇਆਵਾਦ ਤੇ ਕੁਰਸੀਵਾਦ ਦੀ ਭੇਟ ਚੜ੍ਹਿਆ ਅਕਾਲੀ ਦਲ

ਕੌਮ ਪ੍ਰਤੀ ਉਹ ਕੰਮ ਵੀ ਨਹੀਂ ਕਰ ਸਕਿਆ ਜਿਹੜੇ ਸੱਭ ਤੋਂ ਪਹਿਲਾਂ ਕਰਨੇ ਜ਼ਰੂਰੀ ਸਨ। ਸਿੱਖ ਨਸਲਕੁਸ਼ੀ ਦੇ ਦੋਸ਼ੀਆਂ ਨੂੰ ਸਜ਼ਾ, ਪੀੜਤਾਂ ਨੂੰ ਇਨਸਾਫ਼, ਜੇਲਾਂ ਵਿਚ ਬੈਠੇ ਸਿੰਘ ਸੂਰਮਿਆਂ ਦੀ ਰਿਹਾਈ, ਸ਼ਹੀਦਾਂ ਦੇ ਪ੍ਰਵਾਰਾਂ ਦਾ ਮਾਣ ਸਤਿਕਾਰ, ਧਰਮੀ ਫ਼ੌਜੀਆਂ ਦੀ ਸਾਰ ਲੈਣੀ, ਕੋਈ ਇਕ ਵੀ ਮਸਲਾ ਹੱਲ ਨਹੀਂ ਕਰਵਾ ਸਕਿਆ। ਕੁੱਝ ਪੰਥਕ ਦਲ ਹਨ ਜੋ ਆਪੋ ਅਪਣੇ ਰਾਹਾਂ ਤੇ ਚੱਲ ਰਹੇ ਹਨ। ਹੁਣ ਬਾਣੀ ਦੀ ਬੇਅਦਬੀ ਤੇ ਜੋ ਕੁੱਝ ਸਿੱਖ ਲੀਡਰਾਂ ਨੇ ਕੀਤਾ ਹੈ, ਉਹ ਵੀ ਨਿਰਾਸ਼ਾਜਨਕ ਹੀ ਹੈ। 
ਵਿਦੇਸ਼ਾਂ ਵਿਚ ਬੈਠੇ ਸਿੱਖ ਭਰਾਉ, ਉਪਰ ਵਰਣਤ ਹਾਲਤ ਬਾਰੇ ਤੁਸੀ ਜਾਣੂ ਹੀ ਹੋ।

ਦਿੱਲੀ ਦਰਬਾਰ ਭਾਵ ਕੇਂਦਰ ਸਰਕਾਰਾਂ ਹਰ ਸਮੇਂ ਅਜਿਹੇ ਮੌਕਿਆਂ ਦੀ ਭਾਲ ਵਿਚ ਰਹਿੰਦੀਆਂ ਹਨ ਜਿਸ ਨਾਲ ਸਿੱਖਾਂ ਤੇ ਸਿੱਖੀ ਦਾ ਘਾਣ ਹੋ ਸਕੇ। ਉਨ੍ਹਾਂ ਹਾਲਾਤ ਕਰ ਕੇ ਹੀ 2019 ਨੂੰ ਨੇੜੇ ਆਉਂਦਿਆਂ ਵੇਖ ਮੋਦੀ ਕੋਈ ਨਾ ਕੋਈ ਪੱਤਾ ਪੰਜਾਬ ਵਿਚ ਖੇਡਣ ਦੀ ਤਾਕ ਵਿਚ ਹੈ। ਇਸੇ ਕਰ ਕੇ ਸੂਝਵਾਨ ਸਿੱਖਾਂ ਨੂੰ ਵੀ ਸਮਝ ਨਹੀਂ ਪੈ ਰਹੀ।

ਸੋ ਵਿਦੇਸ਼ ਵਿਚ ਬੈਠੇ ਕੌਮ ਹਿਤੈਸ਼ੀ ਭਰਾਉ, ਪੰਜਾਬ ਦਰਦੀਉ ਅਤੇ ਸਿੱਖ ਕੌਮ ਲਈ ਹਰ ਸਮੇਂ ਸੋਚਣ ਤੇ ਸਰਬੱਤ ਤੇ ਭਲੇ ਲਈ ਆਸਵੰਦ ਵੀਰੋ, ਅਰਜ਼ ਹੈ ਕਿ ਪਹਿਲਾਂ ਇਹ ਜ਼ਰੂਰ ਦੱਸੋ ਕਿ ਕਿਵੇਂ ਅਤੇ ਕਿਸ ਤਰ੍ਹਾਂ ਰੈਫ਼ਰੰਡਮ 2020 ਦਾ ਸਾਰਾ ਤਾਣਾ ਬਾਣਾ ਪੰਜਾਬ ਵਿਚ ਬਣੇਗਾ, ਕਿਸ ਤਰ੍ਹਾਂ ਅਧਿਕਾਰ ਮਿਲੇਗਾ? ਕੀ ਸਰਕਾਰ ਕੋਈ ਗ਼ਲਤ ਚਾਲ ਚਲ ਕੇ ਸਾਡੀ ਜਵਾਨੀ ਅਤੇ ਭਾਵਨਾਵਾਂ ਦਾ ਘਾਣ ਤਾਂ ਨਹੀਂ ਕਰ ਸਕੇਗੀ? 

-ਤੇਜਵੰਤ ਸਿੰਘ ਭੰਡਾਲ, ਦੋਰਾਹਾ (ਲੁਧਿਆਣਾ), ਸੰਪਰਕ : 98152-67963