ਘਰੇਲੂ ਕੰਮਾਂ ਵਿਚ ਤੁਹਾਡਾ ਹੱਥ ਵਟਾਉਣ ਵਾਲੇ ਨੌਕਰ/ਨੌਕਰਾਣੀਆਂ ਵੀ ਤੁਹਾਡੇ ਪਿਆਰ ਦੇ ਹੱਕਦਾਰ ਹਨ
ਸਮਾਜ ਵਿਚ ਪਿਆਰ, ਹਮਦਰਦੀ, ਆਪਸੀ ਮੇਲ-ਜੋਲ, ਬਰਾਬਰੀ, ਸਤਿਕਾਰ ਮੁੜ ਵਾਪਸ ਲਿਆਉਣ ਲਈ ਹਰ ਇਕ ਨੂੰ ਯਤਨ ਸ਼ੁਰੂ ਕਰਨੇ ਚਾਹੀਦੇ ਹਨ।
‘ਸੀਮਾ ਪਾਤਰਾ’ ਇਕ ਅਜਿਹਾ ਚਿਹਰਾ ਹੈ ਜੋ ਭਾਰਤ ਦੇ ਘਰਾਂ ਵਿਚ ਕੰਮ ਕਰਨ ਵਾਲੀਆਂ ਘਰੇਲੂ ਨੌਕਰਾਣੀਆਂ ਦੇ ਜੀਵਨ ਦਾ ਕੌੜਾ ਸੱਚ ਪੇਸ਼ ਕਰਦਾ ਹੈ। ਸੀਮਾ ਪਾਤਰਾ ਭਾਵੇਂ ਇਕ ਸਿਆਸੀ ਪਾਰਟੀ ਨਾਲ ਸਬੰਧਤ ਬੀਬੀ ਹੈ ਪਰ ਉਸ ਦੇ ਕਰੂਰ ਤੇ ਕੁਰੱਖ਼ਤ ਰਵਈਏ ਦਾ ਉਸ ਦੀ ਪਾਰਟੀ ਨਾਲ ਕੋਈ ਸਬੰਧ ਨਹੀਂ। ਜੇ ਅਸੀ ਅਪਣੇ ਸਾਰੇ ਸਮਾਜ ਵਲ ਨਜ਼ਰ ਮਾਰੀਏ ਤਾਂ ਸੀਮਾ ਪਾਤਰਾ ਦੀ ਝਲਕ ਸਾਨੂੰ ਅਪਣੇ ਹਰ ਘਰ ਵਿਚ ਵੇਖਣ ਨੂੰ ਮਿਲ ਜਾਏਗੀ।
ਇਸ ਔਰਤ ਨੇ ਇਕ ਆਦੀਵਾਸੀ ਜਵਾਨ ਲੜਕੀ ਨੂੰ ਅਪਣੇ ਘਰ ਵਿਚ ਘਰੇਲੂ ਕੰਮ ਅਥਵਾ ਚੌਕੇ-ਚੁਲ੍ਹੇ ਤੇ ਸਫ਼ਾਈ-ਪੋਚੇ ਆਦਿ ਲਈ ਰਖਿਆ ਤੇ ਫਿਰ ਉਸ ਨੂੰ 5-6 ਸਾਲ ਘਰੋਂ ਬਾਹਰ ਹੀ ਨਾ ਨਿਕਲਣ ਦਿਤਾ ਤੇ ਉਸ ’ਤੇ ਰਾਡਾਂ ਨਾਲ ਹਮਲਾ ਕਰ ਕੇ ਉਸ ਦੇ ਦੰਦ ਵੀ ਤੋੜ ਦਿਤੇ। ਸੀਮਾ ਪਾਤਰਾ ਉਸ ਲੜਕੀ ਤੋਂ ਜੀਭ ਨਾਲ ਬਾਥਰੂਮ ਸਾਫ਼ ਕਰਵਾਉਂਦੀ ਸੀ। ਜੋ ਲੜਕੀ ਉਸ ਘਰ ਵਿਚ ਗਈ ਸੀ, ਬਾਹਰ ਨਿਕਲਣ ਵਕਤ ਉਹ ਇਸ ਤਰ੍ਹਾਂ ਲੱਗ ਰਹੀ ਸੀ ਜਿਵੇਂ ਉਹ ਕਿਸੇ ਤਸੀਹਾ ਕੇਂਦਰ ’ਚੋਂ ਨਿਕਲ ਕੇ ਆ ਰਹੀ ਹੋਵੇ।
ਘਰਾਂ ਵਿਚ ਸੇਵਾਦਾਰਾਂ ਨਾਲ, ਫ਼ੈਕਟਰੀਆਂ ਵਿਚ ਵਰਕਰਾਂ ਨਾਲ, ਫ਼ੌਜ ਵਿਚ ਅਫ਼ਸਰਾਂ ਦੀ ਸੇਵਾ ਕਰਨ ਵਾਲਿਆਂ ਨਾਲ, ਜੋ ਹਾਲ ਸਾਡੇ ਸਮਾਜ ਵਿਚ ਹੁੰਦਾ ਹੈ, ਕਦੇ ਘੱਟ ਹੀ ਉਸ ਦੀ ਆਵਾਜ਼ ਬਾਹਰ ਨਿਕਲਣ ਦਿਤੀ ਜਾਂਦੀ ਹੈ। ਸੀਮਾ ਪਾਤਰਾ ਦੇ ਇਸ ਤਸ਼ੱਦਦ ਦੀ ਆਵਾਜ਼ ਉਸ ਦੇ ਬੇਟੇ ਨੇ ਹੀ ਬਾਹਰ ਕੱਢੀ ਕਿਉਂਕਿ ਉਸ ਤੋਂ ਬਰਦਾਸ਼ਤ ਨਹੀਂ ਹੋ ਰਿਹਾ ਸੀ ਕਿ ਇਕ ਬੱਚੀ ਨਾਲ ਉਸ ਦੀ ਮਾਂ ਹੈਵਾਨੀਅਤ ਵਾਲਾ ਸਲੂਕ ਕਰ ਰਹੀ ਹੈ। ਅਫ਼ਸੋਸ ਇਹ ਹੈ ਕਿ ਜਿਥੇ ਸੀਮਾ ਪਾਤਰਾ ਵਰਗੇ ਕਈ ਸਾਨੂੰ ਅਪਣੇ ਘਰਾਂ ਵਿਚ ਦਿਸ ਜਾਣਗੇ, ਉਸ ਦੇ ਬੇਟੇ ਅਸ਼ੀਸ਼ ਵਰਗੇ ਲੋਕ ਸਾਨੂੰ ਸਮਾਜ ਵਿਚ ਘੱਟ ਹੀ ਦਿਸਣਗੇ।
‘ਗ਼ਰੀਬ ਨੂੰ ਉਸ ਦੀ ਥਾਂ ’ਤੇ ਰੱਖੋ।’ ਇਹ ਫਿਕਰਾ ਅਸੀ ਭਾਰਤ ਦੇ ਤਾਕਤਵਰ ਤੇ ਅਮੀਰ ਲੋਕਾਂ ਦੇ ਮੂੰਹੋਂ ਬਹੁਤ ਵਾਰੀ ਸੁਣਿਆ ਹੈ ਪਰ ਮਨੁੱਖੀ ਅਧਿਕਾਰਾਂ ਬਾਰੇ ਅਸੀ ਕਦੇ ਸੋਚਦੇ ਹੀ ਨਹੀਂ। ਅਸੀ ਅੰਗਰੇਜ਼ਾਂ ਨੂੰ ਤਾਂ ਬੁਰਾ ਭਲਾ ਕਹਿੰਦੇ ਰਹਿੰਦੇ ਹਾਂ ਪਰ ਕੀ ਅੱਜ ਦੇ ਅਮੀਰ ਤੇ ਤਾਕਤਵਰ ਭਾਰਤੀ ‘ਕਾਲੇ ਅੰਗਰੇਜ਼ਾਂ’ ਵਾਂਗ ਨਹੀਂ ਹਨ? ਆਜ਼ਾਦੀ ਸਿਰਫ਼ ਗਿਣਿਆਂ ਚੁਣਿਆਂ ਵਾਸਤੇ ਆਈ ਹੈ ਪਰ ਜ਼ਿਆਦਾਤਰ ਦੇਸ਼ ਵਾਸੀ ਅਜੇ ਅਪਣਿਆਂ ਦੇ ਹੀ ਗ਼ੁਲਾਮ ਹਨ। ਇਸੇ ਹਫ਼ਤੇ ਸੋਸ਼ਲ ਮੀਡੀਆ ਰਾਹੀਂ ਦੋ ਹੋਰ ਅਜਿਹੇ ਕੇਸਾਂ ’ਤੇ ਨਜ਼ਰ ਪਈ ਜਿਥੇ ਇਕ ਵਿਚ ਇਕ ਆਦਮੀ ਅਪਣੀ ਬਿਲਡਿੰਗ ਦੇ ਗਾਰਡ ਨੂੰ ਕਿਸੇ ਕਾਰਨ ਥੱਪੜ ਮਾਰ ਦੇਂਦਾ ਹੈ ਤੇ ਦੂਜੇ ਵਿਚ ਇਕ ਅਮੀਰ ਮਹਿਲਾ ਵਕੀਲ, ਗੇਟ ਜਲਦੀ ਨਾਲ ਖੁਲ੍ਹਵਾਉਣ ਵਾਸਤੇ ਗਾਰਡ ਨੂੰ ਬੁਰੀ ਤਰ੍ਹਾਂ ਫਟਕਾਰਦੀ ਹੋਈ ਵਿਖਾਈ ਦੇਂਦੀ ਹੈ।
ਭਾਰਤ ਦਾ ਅਮੀਰ ਤੇ ਤਾਕਤਵਰ ਅਪਣੇ ਆਪ ਨੂੰ ਜਿਸ ਤਰ੍ਹਾਂ ਪੇਸ਼ ਕਰ ਰਿਹਾ ਹੈ, ਮਾਹਰ ਉਸ ਨੂੰ ਸਾਡੇ ਸਮਾਜ ਵਿਚ ਅਮੀਰ-ਗ਼ਰੀਬ ਵਿਚ ਅੰਤਰ ਤੇ ਮਰਦ ਦੀ ਦਬਕੇ-ਮਾਰੂ ਤੇ ਗਾਲਾਂ ਕੱਢਣ ਵਾਲੀ ਸੋਚ ਲਈ ਜ਼ਿੰਮੇਵਾਰ ਦਸਦੇ ਹਨ। ਸੀਮਾ ਪਾਤਰਾ ਵਰਗੇ ਕੇਸ ਕਾਨੂੰਨ ਦੀ ਗ੍ਰਿਫ਼ਤ ਵਿਚ ਨਹੀਂ ਆਉਣ ਦਿਤੇ ਜਾਂਦੇ ਤੇ ਲਾਚਾਰ ਅਤੇ ਬੇਬਸ ਗ਼ਰੀਬ ਨੂੰ ਬੇਇਜ਼ਤੀ ਬਰਦਾਸ਼ਤ ਕਰਨੀ ਪੈਂਦੀ ਹੈ। ਭਾਰਤ ਵਿਚ ਖ਼ੁਦਕੁਸ਼ੀਆਂ ਦੇ ਵਧਦੇ ਅੰਕੜੇ ਵੀ ਇਹੀ ਦਰਸਾਉਂਦੇ ਹਨ ਕਿ ਸਾਡੇ ਦੇਸ਼ ਵਿਚ ਹਮਦਰਦੀ ਤੇ ਇਨਸਾਨੀਅਤ ਘਟਦੀ ਜਾਂਦੀ ਹੈ।
ਸਮਾਜ ਵਿਚ ਪਿਆਰ, ਹਮਦਰਦੀ, ਆਪਸੀ ਮੇਲ-ਜੋਲ, ਬਰਾਬਰੀ, ਸਤਿਕਾਰ ਮੁੜ ਵਾਪਸ ਲਿਆਉਣ ਲਈ ਹਰ ਇਕ ਨੂੰ ਯਤਨ ਸ਼ੁਰੂ ਕਰਨੇ ਚਾਹੀਦੇ ਹਨ। ਪਰ ਉਸ ਤੋਂ ਪਹਿਲਾਂ ਜੇ ਅਸੀ ਅਪਣੇ ਘਰ-ਦਫ਼ਤਰ ਵਿਚ ਕੰਮ ਕਰਨ ਵਾਲਿਆਂ ਪ੍ਰਤੀ ਇਹ ਅਹਿਸਾਸ ਅਪਣੇ ਦਿਲ ਵਿਚ ਜਗਾਉਣੇ ਸ਼ੁਰੂ ਕਰ ਦਈਏ ਤਾਂ ਸਿਸਟਮ ਦਾ ਸ਼ੁਭ ਆਰੰਭ ਆਪੇ ਹੋ ਜਾਵੇਗਾ।
- ਨਿਮਰਤ ਕੌਰ