ਪਾਕਿਸਤਾਨ ਨਾਲ ਲੜਾਈ ਤੇਜ਼ ਕਰਨ ਦੀਆਂ ਚਾਹਵਾਨ ਤਾਕਤਾਂ ਪੰਜਾਬ ਨੂੰ 'ਅਤਿਵਾਦ ਦਾ ਅੱਡਾ' ਦੱਸਣ....
ਪਾਕਿਸਤਾਨ ਨਾਲ ਲੜਾਈ ਤੇਜ਼ ਕਰਨ ਦੀਆਂ ਚਾਹਵਾਨ ਤਾਕਤਾਂ ਪੰਜਾਬ ਨੂੰ 'ਅਤਿਵਾਦ ਦਾ ਅੱਡਾ' ਦੱਸਣ ਤੋਂ ਗੁਰੇਜ਼ ਕਰਨ
ਜਿਉਂ ਜਿਉਂ ਕਰਤਾਰਪੁਰ ਲਾਂਘੇ ਦੇ ਖੁਲ੍ਹਣ ਦੀ ਘੜੀ ਨੇੜੇ ਆਉਂਦੀ ਜਾ ਰਹੀ ਹੈ, ਕੁੱਝ ਅਜਿਹੀਆਂ ਘਟਨਾਵਾਂ ਅਤੇ ਵਾਰਦਾਤਾਂ ਹੋ ਰਹੀਆਂ ਹਨ ਜਿਨ੍ਹਾਂ ਨਾਲ ਪੰਜਾਬ ਵਿਚ ਡਰ ਦਾ ਮਾਹੌਲ ਬਣਾਇਆ ਜਾ ਰਿਹਾ ਹੈ। ਕੁੱਝ ਦਿਨ ਪਹਿਲਾਂ ਇਕ ਡਰੋਨ ਰਾਹੀਂ ਪਾਕਿਸਤਾਨ ਤੋਂ ਬੰਦੂਕਾਂ ਅਤੇ ਨਸ਼ੇ ਭੇਜਣ ਦੀ ਸਾਜ਼ਸ਼ ਵਿਚ ਇਕ ਸਿੱਖ ਨੌਜੁਆਨ ਫੜਿਆ ਗਿਆ ਅਤੇ ਅੱਜ ਮੁੱਖ ਮੰਤਰੀ ਨੂੰ ਦਿੱਲੀ ਵਿਚ ਇਨ੍ਹਾਂ ਦੋਹਾਂ ਘਟਨਾਵਾਂ ਵਿਚ ਸਬੰਧ ਹੋਣ ਬਾਰੇ ਘੇਰ ਲਿਆ ਗਿਆ। ਕੈਪਟਨ ਅਮਰਿੰਦਰ ਸਿੰਘ ਨੇ ਤਾਂ ਆਖ ਦਿਤਾ ਕਿ ਪੰਜਾਬ ਕਿਸੇ ਵੀ ਸਥਿਤੀ ਨਾਲ ਨਿਪਟਣ ਵਾਸਤੇ ਤਿਆਰ ਹੈ ਪਰ ਅੱਜ ਇਕ ਅੰਗਰੇਜ਼ੀ ਅਖ਼ਬਾਰ ਨੇ ਪੰਜਾਬ ਅੰਦਰ ਪਾਕਿਸਤਾਨ ਤੋਂ ਆਉਂਦੇ ਨਸ਼ੇ ਬਾਰੇ ਸਰਕਾਰ ਦੇ ਚਿੰਤਤ ਹੋਣ ਦੀ ਖ਼ਬਰ ਦਿਤੀ ਹੈ। ਨਾਲ ਇਹ ਵੀ ਲਿਖ ਦਿਤਾ ਹੈ ਕਿ ਧਾਰਾ 370 'ਚ ਸੋਧ ਤੋਂ ਬਾਅਦ ਪਾਕਿਸਤਾਨ, ਭਾਰਤ ਤੋਂ ਖ਼ਫ਼ਾ ਹੈ ਅਤੇ ਪੰਜਾਬ ਨੂੰ ਭਾਰਤ ਵਿਚ ਦਾਖ਼ਲ ਹੋਣ ਦੇ ਰਾਹ ਵਜੋਂ ਵਰਤ ਰਿਹਾ ਹੈ।
ਸੱਭ ਤੋਂ ਚਿੰਤਾਜਨਕ ਗੱਲ ਇਹ ਲਿਖੀ ਗਈ ਹੈ ਕਿ 'ਅਤਿਵਾਦ' ਦੇ ਖ਼ਾਤਮੇ ਤੋਂ ਬਾਅਦ ਹੁਣ ਪਹਿਲੀ ਵਾਰ ਪੰਜਾਬ ਦੀ ਸਰਹੱਦ ਤੋਂ ਏ.ਕੇ.-47 ਮਿਲ ਰਹੀਆਂ ਹਨ। ਇਕ ਅੰਗਰੇਜ਼ੀ ਅਖ਼ਬਾਰ ਵਿਚ ਪੰਜਾਬ ਅੰਦਰ ਅਤਿਵਾਦ ਦੇ ਕਥਿਤ ਵਧਦੇ ਕਦਮਾਂ ਬਾਰੇ ਲਿਖਣਾ ਬੜਾ ਆਸਾਨ ਹੈ ਅਤੇ ਉਹ ਵੀ ਖ਼ੁਫ਼ੀਆ ਸੂਤਰਾਂ ਦਾ ਨਾਂ ਲੈ ਕੇ ਅਤੇ ਇਸ ਗੱਲ ਨੂੰ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਦੇ ਬਿਆਨ ਹਵਾ ਦੇ ਰਹੇ ਹਨ ਕਿ ਰਾਜੋਆਣਾ ਦੀ ਫਾਂਸੀ ਤੇ ਰੋਕ ਨਾਲ ਪੰਜਾਬ ਵਿਚ ਅਤਿਵਾਦ ਦਾ ਦੌਰ ਸ਼ੁਰੂ ਹੋ ਰਿਹਾ ਹੈ। ਰਵਨੀਤ ਬਿੱਟੂ ਨੂੰ ਅਪਣੇ ਦਾਦਾ ਦੇ ਇਕ ਕਤਲ ਦਾ ਅਫ਼ਸੋਸ ਹੈ ਪਰ ਸ਼ਾਇਦ ਉਹ ਭੁਲ ਰਹੇ ਹਨ ਕਿ ਬੇਅੰਤ ਸਿੰਘ ਦੇ ਰਾਜ ਵਿਚ ਕਿੰਨੇ ਮਾਸੂਮ ਸਿੱਖ ਨੌਜੁਆਨ ਮਾਰੇ ਗਏ ਸਨ ਅਤੇ ਉਨ੍ਹਾਂ 'ਚ ਕਿੰਨੇ ਪ੍ਰਵਾਰ ਹਨ ਜਿਨ੍ਹਾਂ ਨੂੰ ਅਪਣੇ ਮੁੰਡਿਆਂ ਦੀਆਂ ਲਾਸ਼ਾਂ ਵੀ ਨਸੀਬ ਨਹੀਂ ਸਨ ਹੋਈਆਂ, ਨਿਆਂ ਦੀ ਤਾਂ ਗੱਲ ਕਰਨਾ ਵੀ ਦੂਰ ਦੀ ਗੱਲ ਹੈ।
ਅੱਜ ਅਸੀਂ ਵੇਖ ਰਹੇ ਹਾਂ ਕਿ ਉਸ ਦੌਰ ਵਿਚ 'ਅਤਿਵਾਦ' ਦਾ ਠੱਪਾ ਲਾ ਕੇ ਝੂਠੇ ਮੁਕਾਬਲਿਆਂ ਵਿਚ ਮਾਰਨ ਵਾਲੇ ਇੱਕਾ-ਦੁੱਕਾ ਅਫ਼ਸਰ ਹੀ ਫੜੇ ਗਏ ਹਨ। ਉਸ ਸਮੇਂ ਮਾਰੇ ਗਏ ਸੈਂਕੜੇ ਬੇਦੋਸ਼ਿਆਂ ਬਾਰੇ ਰਵਨੀਤ ਬਿੱਟੂ ਨੇ ਕਦੇ ਸੋਚਿਆ ਵੀ ਨਹੀਂ ਹੋਵੇਗਾ। ਕਈ ਅਜਿਹੇ ਪ੍ਰਵਾਰ ਸਨ ਜਿਨ੍ਹਾਂ ਅਪਣੇ ਮੁੰਡਿਆਂ ਬਾਰੇ ਨਿਆਂ ਪ੍ਰਾਪਤ ਕਰਨ ਦੀ ਕੋਸ਼ਿਸ਼ ਹੀ ਛੱਡ ਦਿਤੀ ਤਾਕਿ ਪੁਲਿਸ ਉਨ੍ਹਾਂ ਦੇ ਬਾਕੀ ਪ੍ਰਵਾਰ ਨੂੰ ਤਾਂ ਬਖ਼ਸ਼ ਦੇਵੇ। ਰਾਜੋਆਣਾ ਤੇ ਹੋਰ ਬਹੁਤ ਸਾਰੇ ਖਾੜਕੂ ਅਪਣੇ ਹਾਣ ਦੇ ਨੌਜੁਆਨਾਂ ਦੀ ਪੀੜ ਵੇਖ ਕੇ ਅਤੇ ਜ਼ੁਲਮ ਹੁੰਦਾ ਵੇਖ ਕੇ ਚੁਪ ਨਾ ਰਹਿ ਸਕਣ ਦੀ ਕੁਦਰਤੀ ਪ੍ਰਕਿਰਿਆ ਵਿਚੋਂ ਨਿਕਲ ਕੇ ਕਾਤਲ ਬਣੇ ਸਨ।
ਜੇ ਅੱਜ ਸੱਚ ਦਾ ਸਾਹਮਣਾ ਕੀਤਾ ਜਾਵੇ ਤਾਂ ਇਹ ਸਾਰੇ ਜੋ ਅੱਜ ਜੇਲਾਂ ਵਿਚ 35 ਸਾਲ ਤੋਂ ਡੱਕੇ ਹੋਏ ਹਨ, ਉਹ ਅਤਿਵਾਦੀ ਨਹੀਂ ਸਨ, ਉਹ ਅਪਣੀ ਸਰਕਾਰ ਦੀ ਭੂਤਰੀ ਹੋਈ ਤਾਕਤ ਦੇ ਸਤਾਏ ਹੋਏ ਲੋਕਾਂ ਦੇ ਦੁਖੜੇ ਵੇਖ ਕੇ ਉਬਲ ਪਏ ਸਨ ਜਿਨ੍ਹਾਂ ਨੂੰ ਸਰਕਾਰਾਂ ਨੇ ਹਥਿਆਰ ਚੁੱਕਣ ਵਾਸਤੇ ਮਜਬੂਰ ਕਰ ਦਿਤਾ। ਸੱਚ ਦਾ ਸਾਹਮਣਾ ਕਰਨ ਤਾਂ ਬੇਗੁਨਾਹ ਨੌਜੁਆਨਾਂ ਦੇ ਕਤਲਾਂ ਦਾ ਸਿਲਸਿਲਾ ਸ਼ੁਰੂ ਕਰਨ ਵਾਲੇ ਹਾਕਮਾਂ ਨੂੰ ਅਪਣੇ ਬਜ਼ੁਰਗਾਂ ਵਲੋਂ ਵੇਖਣਾ ਹੀ ਗ਼ਲਤ ਹੁੰਦਾ ਹੈ। ਸਟਾਲਨ ਦੇ ਜ਼ੁਲਮ ਨੂੰ ਵੇਖ ਕੇ ਉਸ ਦੀ ਅਪਣੀ ਬੇਟੀ ਸ਼ਵੇਤਲਾਨਾ ਨੇ ਵੀ ਪਿਤਾ ਵਿਰੁਧ ਬਗ਼ਾਵਤ ਦਾ ਝੰਡਾ ਚੁਕ ਲਿਆ ਸੀ। ਅਜਿਹੀਆਂ ਸੈਂਕੜੇ ਹੋਰ ਮਿਸਾਲਾਂ ਦਿਤੀਆਂ ਜਾ ਸਕਦੀਆਂ। ਹਾਕਮਾਂ ਨੂੰ ਉਸ ਦੇ ਕਰਮਾਂ ਨੂੰ ਵੇਖ ਕੇ, ਚੰਗਾ ਮਾੜਾ ਕਹਿਣਾ ਚਾਹੀਦਾ ਹੈ, ਪਿਤਾ ਜਾਂ ਪੁਰਖੇ ਮੰਨ ਕੇ ਨਹੀਂ। ਇੰਦਰਾ ਗਾਂਧੀ, ਰਾਜੀਵ ਗਾਂਧੀ, ਬੇਅੰਤ ਸਿੰਘ ਇਤਿਹਾਸ ਵਿਚ ਬੇਕਸੂਰ ਸਿੱਖ ਨੌਜੁਆਨਾਂ ਦੇ ਕਾਤਲਾਂ ਵਜੋਂ ਯਾਦ ਕੀਤੇ ਜਾਣਗੇ ਅਤੇ ਰਾਜੋਆਣਾ ਤੇ ਉਸ ਦੇ ਸਾਥੀ ਬਹਾਦਰਾਂ ਉਨ੍ਹਾਂ ਵਾਂਗ ਜਿਨ੍ਹਾਂ ਕਤਲ ਕੀਤੇ ਜਾ ਰਹੇ ਬੇਕਸੂਰਾਂ ਨੂੰ ਬਚਾਉਣ ਲਈ ਅਪਣਾ ਆਪਾ ਖ਼ਤਰੇ ਵਿਚ ਪਾ ਦਿਤਾ।
ਇਹ ਤਾਂ ਸਿਆਸਤ ਦੀ ਚਾਲ ਸੀ ਕਿ ਅਪਣੇ ਤਸ਼ੱਦਦਾਂ ਨੂੰ ਲੁਕਾਉਣ ਲਈ ਉਨ੍ਹਾਂ ਸਿੱਖਾਂ ਨੂੰ ਅਤਿਵਾਦੀ ਬਣਾ ਦਿਤਾ। ਜੇ ਪੂਰੇ ਦੇਸ਼ (ਜੰਮੂ-ਕਸ਼ਮੀਰ ਨੂੰ ਛੱਡ ਕੇ) ਵਿਚ ਕੋਈ ਨੌਜੁਆਨ ਬੰਦੂਕ ਨਾਲ ਫੜਿਆ ਜਾਵੇ ਤਾਂ ਉਸ ਨੂੰ ਗੁੰਡਾ ਆਖਦੇ ਹਨ। ਪੰਜਾਬ ਦਾ ਸਿੱਖ ਹੋਵੇ ਤਾਂ ਅਤਿਵਾਦੀ ਆਖਦੇ ਹਨ। ਅਤੇ ਹੁਣ ਪਾਕਿਸਤਾਨ ਨਾਲ ਲੜਾਈ ਵਧਾਉਣ ਦੀ ਚਾਹਤ ਵਿਚ ਕਿਸੇ ਨਾ ਕਿਸੇ ਤਰੀਕੇ ਅਤਿਵਾਦ ਦਾ ਧੱਬਾ, ਮੁੜ ਤੋਂ ਪੰਜਾਬ ਉਤੇ ਲਾ ਕੇ ਲਾਂਘੇ ਨੂੰ ਰੋਕਣ ਦੀ ਸਾਜ਼ਸ਼ ਕੀਤੀ ਜਾ ਸਕਦੀ ਹੈ ਅਤੇ ਇਸ ਵਿਚ ਕੁਰਬਾਨੀ ਦਾ ਬਕਰਾ ਪੰਜਾਬ ਦੇ ਨੌਜੁਆਨਾਂ ਨੂੰ ਮੁੜ ਤੋਂ ਅਤਿਵਾਦ ਦਾ ਧੱਬਾ ਮੜ੍ਹ ਕੇ ਬਣਾਇਆ ਜਾਵੇਗਾ। ਰਾਸ਼ਟਰੀ ਮੀਡੀਆ ਦੇ ਸਵਾਲਾਂ ਤੋਂ ਸਾਫ਼ ਹੈ ਕਿ ਉਹ ਪੰਜਾਬ ਨੂੰ ਅਤਿਵਾਦ ਦੇ ਘਰ ਵਜੋਂ ਵੇਖਦੇ ਹਨ। ਹੁਣ ਸਮਾਂ ਆ ਗਿਆ ਹੈ ਜਦ ਸੰਸਦ ਮੈਂਬਰ ਬਿੱਟੂ ਉਸ ਪੰਜਾਬ ਦੇ ਹੱਕ ਵਿਚ ਬੋਲਣ ਦੀ ਵੀ ਸੋਚਣ ਜਿਸ ਨੇ ਉਨ੍ਹਾਂ ਨੂੰ ਸੰਸਦ ਵਿਚ ਵਾਰ ਵਾਰ ਭੇਜਿਆ ਹੈ। -ਨਿਮਰਤ ਕੌਰ