3 ਨਵੰਬਰ ਦੇ ਪਾਠ-ਭੋਗ ਮਗਰੋ '84 ਦੇ ਕਤਲੇਆਮ ਦੀ ਗੱਲ ਅਗਲੀ 3 ਨਵੰਬਰ ਤਕ ਖੂਹ ਖਾਤੇ ਪਾ ਦਿਤੀ ਜਾਵੇਗੀ?

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਪਰ ਸਾਡੀ ਕੌਮ ਤਾਂ ਅਪਣਿਆਂ ਨਾਲ ਹੋਏ ਭਿਆਨਕ ਜ਼ੁਲਮ ਨੂੰ ਭੁਲਾਉਣ ਵਿਚ ਹੀ ਲੱਗੀ ਹੋਈ ਹੈ। ਬੱਚਿਆਂ, ਮੁੰਡਿਆਂ, ਆਦਮੀਆਂ ਨੂੰ ਜ਼ਿੰਦਾ ਸਾੜਿਆ ਗਿਆ ਸੀ..........

Anti Sikh Riots

ਪਰ ਸਾਡੀ ਕੌਮ ਤਾਂ ਅਪਣਿਆਂ ਨਾਲ ਹੋਏ ਭਿਆਨਕ ਜ਼ੁਲਮ ਨੂੰ ਭੁਲਾਉਣ ਵਿਚ ਹੀ ਲੱਗੀ ਹੋਈ ਹੈ। ਬੱਚਿਆਂ, ਮੁੰਡਿਆਂ, ਆਦਮੀਆਂ ਨੂੰ ਜ਼ਿੰਦਾ ਸਾੜਿਆ ਗਿਆ ਸੀ। ਕੀ ਇਹ ਦਰਦ ਭੁਲਾਇਆ ਜਾ ਸਕਦਾ ਹੈ? ਕੀ ਉਨ੍ਹਾਂ ਪੀੜਤਾਂ ਤੇ ਸ਼ਹੀਦਾਂ ਦੀਆਂ ਚੀਕਾਂ ਸੁਣਾਈ ਦੇਣੀਆਂ ਬੰਦ ਹੋ ਗਈਆਂ ਹਨ? ਦੁਨੀਆਂ ਦੀ ਗੱਲ ਛੱਡੋ, ਅੱਜ ਤਾਂ ਸਿੱਖਾਂ ਨੂੰ ਵੀ ਇਨ੍ਹਾਂ ਪੀੜਤਾਂ ਬਾਰੇ ਬਹੁਤਾ ਕੁੱਝ ਨਹੀਂ ਪਤਾ

ਕਿਉਂਕਿ ਸਾਰਾ ਜ਼ੋਰ ਤਾਂ 'ਭੁਲ ਜਾਉ, ਭੁਲਾ ਦਿਉ' ਤੇ 'ਛੱਡੋ ਜੀ, ਹੁਣ ਬੀਤੇ ਵਿਚ ਹੀ ਮੰਜਾ ਬਿਸਤਰਾ ਡਾਹ ਕੇ ਬੈਠੇ ਰਹਿਣਾ ਹੈ?'' ਦੀਆਂ ਮਸ਼ਕਾਂ ਕਰਨ ਵਿਚ ਲੱਗਾ ਰਿਹਾ ਹੈ। ਸਿੱਖਾਂ ਨੂੰ ਤਾਂ ਅੱਜ ਅਪਣੇ ਆਪ ਨੂੰ ਹੀ ਦੱਸਣ ਦੀ ਲੋੜ ਪੈ ਗਈ ਹੈ ਕਿ ਉਨ੍ਹਾਂ ਨਾਲ ਹੋਇਆ ਕੀ ਸੀ। ਯਹੂਦੀ ਅਪਣੇ ਨਾਲ ਹੋÂ ਜ਼ੁਲਮ ਨੂੰ ਨਾ ਆਪ ਭੁੱਲੇ, ਨਾ ਦੁਨੀਆਂ ਨੂੰ ਭੁੱਲਣ ਦਿਤਾ। ਉਹ ਸੱਭ ਕੁੱਝ ਲੈ ਗਏ ਤੇ ਸਿੱਖ...?

ਤਿੰਨ ਨਵੰਬਰ ਨੂੰ ਦਿੱਲੀ ਕਤਲੇਆਮ ਦਾ ਰਸਮੀ ਪਾਠ-ਭੋਗ ਪਾ ਦਿਤਾ ਜਾਵੇਗਾ ਅਤੇ ਹੁਣ 35ਵੀਂ ਵਰ੍ਹੇਗੰਢ ਮੌਕੇ ਹੀ ਦਰਦਨਾਕ ਯਾਦਾਂ ਨੂੰ ਯਾਦ ਕੀਤਾ ਜਾਵੇਗਾ। ਉਦੋਂ ਤਕ ਹੋਰ ਕੁੱਝ ਨਹੀਂ ਕੀਤਾ ਜਾਵੇਗਾ। ਹਾਂ, 2019 ਦੀਆਂ ਚੋਣਾਂ ਆ ਰਹੀਆਂ ਹਨ ਤਾਂ ਕਾਂਗਰਸ ਨੂੰ ਘੇਰਨ ਲਈ, ਸਿੱਖ ਵੋਟਰਾਂ ਵਾਲੇ ਹਲਕਿਆਂ ਵਿਚ, ਵਿਰੋਧੀ ਅਪਣੇ ਮੰਚ ਤੋਂ ਯਾਦ ਜ਼ਰੂਰ ਕਰਵਾਉਣਗੇ। ਕਾਂਗਰਸ ਦੇ ਧਰਮਨਿਰਪੱਖ ਫ਼ਲਸਫ਼ੇ ਉਤੇ ਲੱਗਾ ਇਸ ਤੋਂ ਭੱਦਾ ਧੱਬਾ ਕੋਈ ਹੋਰ ਨਹੀਂ ਹੋ ਸਕਦਾ। ਪਰ ਜਿਵੇਂ ਦਿੱਲੀ ਕਤਲੇਆਮ ਦੀ ਇਕ ਵਿਧਵਾ ਦਵਿੰਦਰ ਕੌਰ ਚੀਮਾ ਨੇ ਕਿਹਾ ਹੈ,

ਉਨ੍ਹਾਂ ਵਾਸਤੇ ਕਾਂਗਰਸ, ਭਾਰਤੀ ਜਨਤਾ ਪਾਰਟੀ, ਅਕਾਲੀ ਦਲ ਅਤੇ ਆਮ ਆਦਮੀ ਪਾਰਟੀ 'ਚ ਕੋਈ ਫ਼ਰਕ ਨਹੀਂ ਕਿਉਂਕਿ ਕਿਸੇ ਨੇ ਵੀ ਉਨ੍ਹਾਂ ਤਿੰਨ ਦਿਨਾਂ ਵਿਚ ਅਤੇ ਬਾਅਦ ਦੇ 34 ਸਾਲਾਂ ਵਿਚ ਉਨ੍ਹਾਂ ਦੀ ਕੋਈ ਮਦਦ ਨਹੀਂ ਕੀਤੀ। ਉਨ੍ਹਾਂ ਵਾਸਤੇ ਤਾਂ ਸ਼੍ਰੋਮਣੀ ਕਮੇਟੀ ਵੀ ਸਿਆਸੀ ਪਾਰਟੀਆਂ ਵਰਗੀ ਹੀ ਇਕ ਗ਼ੈਰ-ਸਿੱਖ ਸੰਸਥਾ ਹੈ ਕਿਉਂਕਿ ਉਨ੍ਹਾਂ ਵਲੋਂ ਮਦਦ ਦੀਆਂ ਅਣਗਿਣਤ ਪੁਕਾਰਾਂ ਸ਼੍ਰੋਮਣੀ ਕਮੇਟੀ ਨੇ ਪੂਰੀ ਤਰ੍ਹਾਂ ਅਣਗੌਲੀਆਂ ਕਰ ਦਿਤੀਆਂ। ਉਨ੍ਹਾਂ ਦਾ ਕਹਿਣਾ ਠੀਕ ਵੀ ਹੈ। ਕਾਂਗਰਸ ਦੇ ਸਿਰ ਸਿੱਖ ਕਤਲੇਆਮ ਦਾ ਪਾਪ ਚੜ੍ਹ ਬੋਲਦਾ ਹੈ,

ਭਾਜਪਾ ਦੇ ਸਿਰ ਗੁਜਰਾਤ 2002 ਤੇ ਮੁਜ਼ੱਫ਼ਰਨਗਰ ਦਾ ਪਾਪ, ਅਕਾਲੀ ਦਲ ਦੇ ਸਿਰ ਬਰਗਾੜੀ ਦਾ ਪਾਪ ਤੇ ਸ਼੍ਰੋਮਣੀ ਕਮੇਟੀ ਦੇ ਸਿਰ ਤੇ ਪਾਪਾਂ ਦੇ ਘੜੇ ਹੀ ਮੂਧੇ ਪਏ ਹੋਏ ਹਨ। ਜ਼ਾਹਰ ਹੈ ਕਿ ਇਕ-ਦੂਜੇ ਨੂੰ ਬਚਾਉਣਗੇ ਤਾਂ ਹੀ ਆਪ ਵੀ ਬਚੇ ਰਹਿ ਸਕਣਗੇ। ਇਸੇ ਲਈ ਤਾਂ ਅੱਜ ਤਕ ਕਿਸੇ ਨੂੰ ਨਿਆਂ ਨਹੀਂ ਮਿਲ ਸਕਿਆ। ਜੇ ਨਿਆਂ ਮਿਲਣ ਲਗਦਾ ਵੀ ਹੈ ਤਾਂ ਸੱਤਾ ਵਿਚ ਆਉਂਦੇ ਸਾਰ ਸਬੂਤ ਹੀ ਮਿਟਾ ਦਿਤੇ ਜਾਂਦੇ ਹਨ। ਇਨ੍ਹਾਂ ਗੱਲਾਂ ਕਰ ਕੇ ਹੀ ਕਸ਼ਮੀਰ ਭਾਰਤ ਤੋਂ ਵੱਖ ਹੋਣ ਦੀ ਮੰਗ ਕਰਦਾ ਹੈ ਅਤੇ 2020 ਸਿੱਖਾਂ ਦੇ ਵੱਖ ਹੋਣ ਦੀ ਤਰੀਕ ਮਿਥੀ ਜਾ ਰਹੀ ਹੈ।

ਉਂਜ ਸਿੱਖਾਂ ਦੇ ਮਾਮਲੇ ਵਿਚ ਉਹ ਵੀ ਇਕ ਹੋਰ ਤਰ੍ਹਾਂ ਦੀ ਸਿਆਸਤ ਹੀ ਖੇਡੀ ਜਾ ਰਹੀ ਲਗਦੀ ਹੈ। ਖ਼ਾਸ ਕਰ ਕੇ ਰੈਫ਼ਰੰਡਮ 2020। ਨਾ ਉਸ ਦਾ ਕੋਈ ਕਾਨੂੰਨੀ ਪੱਖ ਹੈ ਅਤੇ ਨਾ ਪੰਜਾਬੀਆਂ ਦੀ ਮਰਜ਼ੀ ਪੁਛ ਕੇ ਉਸ ਨੂੰ ਛੇੜਿਆ ਗਿਆ ਹੈ। ਕਿੰਨੇ ਪੈਸੇ ਖ਼ਰਚ ਕੀਤੇ ਜਾ ਰਹੇ ਹਨ ਇਨ੍ਹਾਂ ਰੈਲੀਆਂ ਵਾਸਤੇ, ਨਵੀਆਂ ਮੁਹਿੰਮਾਂ ਵਾਸਤੇ, ਸੰਯੁਕਤ ਰਾਸ਼ਟਰ ਕੋਲ '84 ਕਤਲੇਆਮ ਦੇ ਨਿਆਂ ਦੀ ਮੰਗ ਲੈ ਕੇ? ਸਿੱਖਾਂ ਵਰਗਾ ਨਸਲਕੁਸ਼ੀ ਵਾਲਾ ਕਤਲੇਆਮ, ਆਧੁਨਿਕ ਇਤਿਹਾਸ ਵਿਚ ਸਿਰਫ਼ ਯਹੂਦੀਆਂ ਨਾਲ ਹੋਇਆ ਹੈ ਅਤੇ ਸਿੱਖ ਉਨ੍ਹਾਂ ਦੇ ਤਜਰਬੇ ਤੋਂ ਕੁੱਝ ਸਿਖ ਲੈਣ ਤੋਂ ਮੂੰਹ ਕਿਉਂ ਫੇਰ ਰਹੇ ਹਨ?

ਯਹੂਦੀਆਂ ਦਾ ਵੀ ਅਪਣਾ ਵਖਰਾ 'ਯਹੂਦੀ' ਦੇਸ਼ ਕੋਈ ਨਹੀਂ ਸੀ ਤੇ ਉਹ ਵੱਖ ਵੱਖ ਦੇਸ਼ਾਂ ਵਿਚ ਰਹਿੰਦੇ ਸਨ। ਪਰ ਉਨ੍ਹਾਂ ਵਿਚ ਅਤੇ ਸਿੱਖਾਂ ਵਿਚ ਕਿੰਨਾ ਫ਼ਰਕ ਹੈ! ਸਾਰੀ ਸਿੱਖ ਕੌਮ ਮਿਲ ਕੇ ਇਕ ਯਾਦਗਾਰ ਨਹੀਂ ਬਣਾ ਸਕੀ। ਜਿਸਮ ਅਤੇ ਰੂਹ ਉਤੇ ਲੱਗੇ ਜ਼ਖ਼ਮਾਂ ਦਾ ਨਿਆਂ ਮਿਲਣਾ ਤਾਂ ਦੂਰ ਦੀ ਗੱਲ ਹੈ, ਇਹ ਤਾਂ ਅਪਣੇ ਪੀੜਤਾਂ ਦੀ ਸਾਰ ਵੀ ਨਹੀਂ ਲੈ ਸਕੇ। ਬੜੀ ਹੈਰਾਨੀ ਹੁੰਦੀ ਹੈ ਇਸ ਘਲੂਘਾਰੇ ਬਾਰੇ ਸੋਚ ਕੇ। ਇਸ ਤੋਂ ਬਾਅਦ ਬੀਤਣ ਵਾਲੇ 34 ਸਾਲਾਂ ਵਿਚ ਇਕ ਵੀ ਸੰਸਥਾ ਇਨ੍ਹਾਂ ਪੀੜਤਾਂ ਦੀ ਸਾਰ ਲੈਣ ਦੀ ਗੱਲ ਸ਼ੁਰੂ ਕਰ ਕੇ, ਕੁੱਝ ਵੀ ਕਰ ਕੇ ਨਹੀਂ ਵਿਖਾ ਸਕੀ। ਦੇਸ਼-ਵਿਦੇਸ਼ ਵਿਚੋਂ ਉਗਰਾਹੀਆਂ ਤਾਂ ਕਰੋੜਾਂ ਨਹੀਂ, ਅਰਬਾਂ ਵਿਚ ਹੋਈਆਂ ਸਨ।

ਅੱਜ ਇਹ ਵੀ ਨਹੀਂ ਪਤਾ ਲਗਦਾ ਕਿ ਕੌਣ ਸੱਚਾ ਹੈ ਅਤੇ ਕੌਣ ਝੂਠਾ? ਇਕ ਵਕੀਲ ਜੋ ਪੀੜਤਾਂ ਦੀ ਲੜਾਈ ਲੜ ਰਿਹਾ ਹੈ, ਉਹ ਇਨ੍ਹਾਂ ਵਿਚੋਂ ਬਹੁਤੇ ਪੀੜਤਾਂ ਨੂੰ ਕਦੇ ਮਿਲਿਆ ਹੀ ਨਹੀਂ। ਯਹੂਦੀਆਂ ਨੇ ਜੋ ਯਾਦਗਾਰ ਬਣਾਈ ਹੈ, ਉਸ ਨੂੰ ਵੇਖ ਕੇ ਆਉਣ ਵਾਲੇ ਇਨਸਾਨ ਨੂੰ ਉਨ੍ਹਾਂ ਤਸ਼ੱਦਦ ਕੈਂਪਾਂ ਦਾ ਹੂਬਹੂ ਤੇ ਸਥਾਰਥਕ ਅਹਿਸਾਸ ਉਥੇ ਹੋਣ ਲਗਦਾ ਹੈ ਕਿ ਕਿਸ ਤਰ੍ਹਾਂ ਉਹ ਲੱਕੜ ਦੇ ਫੱਟਿਆਂ ਉਤੇ ਸੌਂਦੇ ਸਨ, ਕਿਸ ਤਰ੍ਹਾਂ ਉਹ ਕੰਮ ਕਰਦੇ ਸਨ, ਕਿਸ ਤਰ੍ਹਾਂ ਉਹ ਗੈਸ ਚੈਂਬਰਾਂ ਵਿਚ ਜ਼ਿੰਦਾ ਸਾੜੇ ਜਾਂਦੇ ਸਨ। ਉਸ ਯਾਦਗਾਰ ਵਿਚ ਇਕ ਵਾਰੀ ਜਾਣ ਮਗਰੋਂ ਕੋਈ ਸਾਰੀ ਉਮਰ ਉਨ੍ਹਾਂ ਦਾ ਦਰਦ ਨਹੀਂ ਭੁਲਾ ਸਕਦਾ।

ਉਨ੍ਹਾਂ ਨੇ ਇਹ ਯਾਦਗਾਰਾਂ ਦੁਨੀਆਂ ਭਰ ਵਿਚ ਫੈਲਾ ਦਿਤੀਆਂ ਹਨ ਤਾਕਿ ਦੁਨੀਆਂ ਕਦੇ ਯਹਦੀਆਂ ਨਾਲ ਹੋਏ ਜ਼ੁਲਮ ਨੂੰ ਭੁਲਾ ਨਾ ਸਕੇ। ਪਰ ਸਾਡੀ ਕੌਮ ਤਾਂ ਅਪਣਿਆਂ ਨਾਲ ਹੋਏ ਭਿਆਨਕ ਜ਼ੁਲਮ ਨੂੰ ਭੁਲਾਉਣ ਵਿਚ ਹੀ ਲੱਗੀ ਹੋਈ ਹੈ। ਬੱਚਿਆਂ, ਮੁੰਡਿਆਂ, ਆਦਮੀਆਂ ਨੂੰ ਜ਼ਿੰਦਾ ਸਾੜਿਆ ਗਿਆ ਸੀ। ਕੀ ਇਹ ਦਰਦ ਭੁਲਾਇਆ ਜਾ ਸਕਦਾ ਹੈ? ਕੀ ਉਨ੍ਹਾਂ ਪੀੜਤਾਂ ਤੇ ਸ਼ਹੀਦਾਂ ਦੀਆਂ ਚੀਕਾਂ ਸੁਣਾਈ ਦੇਣੀਆਂ ਬੰਦ ਹੋ ਗਈਆਂ ਹਨ?

ਦੁਨੀਆਂ ਦੀ ਗੱਲ ਛੱਡੋ, ਅੱਜ ਤਾਂ ਸਿੱਖਾਂ ਨੂੰ ਵੀ ਇਨ੍ਹਾਂ ਪੀੜਤਾਂ ਬਾਰੇ ਬਹੁਤਾ ਕੁੱਝ ਨਹੀਂ ਪਤਾ ਕਿਉਂਕਿ ਸਾਰਾ ਜ਼ੋਰ ਤਾਂ 'ਭੁਲ ਜਾਉ, ਭੁਲਾ ਦਿਉ' ਤੇ 'ਛੱਡੋ ਜੀ, ਹੁਣ ਬੀਤੇ ਵਿਚ ਹੀ ਮੰਜਾ ਬਿਸਤਰਾ ਡਾਹ ਕੇ ਬੈਠੇ ਰਹਿਣਾ ਹੈ?'' ਦੀਆਂ ਮਸ਼ਕਾਂ ਕਰਨ ਵਿਚ ਲੱਗਾ ਰਿਹਾ ਹੈ। ਸਿੱਖਾਂ ਨੂੰ ਤਾਂ ਅੱਜ ਅਪਣੇ ਆਪ ਨੂੰ ਹੀ ਦੱਸਣ ਦੀ ਲੋੜ ਪੈ ਗਈ ਹੈ ਕਿ ਉਨ੍ਹਾਂ ਨਾਲ ਹੋਇਆ ਕੀ ਸੀ। ਯਹੂਦੀ ਅਪਣੇ ਨਾਲ ਹੋÂ ਜ਼ੁਲਮ ਨੂੰ ਨਾ ਆਪ ਭੁੱਲੇ, ਨਾ ਦੁਨੀਆਂ ਨੂੰ ਭੁੱਲਣ ਦਿਤਾ। ਉਹ ਸੱਭ ਕੁੱਝ ਲੈ ਗਏ ਤੇ ਸਿੱਖ...?
-ਨਿਮਰਤ ਕੌਰ