ਸਿੱਖ ਆਪ ਹੀ 1984 ਕਤਲੇਆਮ ਨੂੰ ਭੁਲਦੇ ਜਾ ਰਹੇ ਹਨ, ਦੂਜੇ ਕੀ ਯਾਦ ਰੱਖਣਗੇ?
ਸੋ ਜਾਪਦਾ ਨਹੀਂ ਕਿ ਇਸ ਤੋਂ ਵੱਧ ਇਨਸਾਫ਼ ਮਿਲੇਗਾ। ਸਿਰਫ਼ ਜਗਦੀਸ਼ ਟਾਈਟਲਰ ਨੂੰ ਜੇਲ ਵਿਚ ਭੇਜਣਾ ਹੀ ਸਿੱਖਾਂ ਦੇ ਦਰਦ ਨੂੰ ਠੰਢਾ ਯਖ਼ ਕਰਨ ਵਾਸਤੇ ਕਾਫ਼ੀ ਜਾਪਦਾ ਹੈ।
ਦਿੱਲੀ ਸਿੱਖ ਨਸਲਕੁਸ਼ੀ ਦੀ 36ਵੀਂ ਵਰ੍ਹੇਗੰਢ ਕੋਰੋਨਾ ਮਹਾਂਮਾਰੀ ਦੌਰ ਵਿਚ ਆਈ ਹੈ। ਕੋਵਿਡ ਕਾਰਨ ਹਰ ਵਿਅਕਤੀ ਨੇ ਜ਼ਿਆਦਾ ਸਮਾਂ ਅਪਣੇ ਘਰ ਅੰਦਰ ਹੀ ਬਿਤਾਇਆ ਹੈ। ਇਸ ਸਮੇਂ ਦੌਰਾਨ ਜ਼ਿਆਦਾਤਰ ਲੋਕਾਂ ਨੇ ਅਪਣਾ ਸਮਾਂ ਕਿਤਾਬਾਂ ਪੜ੍ਹਨ, ਪ੍ਰਵਾਰ ਨਾਲ ਅਤੇ ਪ੍ਰਮਾਤਮਾ ਨੂੰ ਯਾਦ ਕਰ ਕੇ ਗੁਜ਼ਾਰਿਆ ਹੈ ਜਿਸ ਤੋਂ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਹਰ ਕੋਈ ਅਪਣੀਆਂ ਜੜ੍ਹਾਂ ਅਤੇ ਇਤਿਹਾਸ ਨਾਲ ਵੀ ਜੁੜਨ ਦੀ ਕੋਸ਼ਿਸ਼ ਕਰਦਾ ਵੇਖਿਆ ਗਿਆ ਹੋਵੇਗਾ।
ਇਕ ਦੁਖਦ ਸਾਕਾ ਜੋ 1984 ਵਿਚ ਵਾਪਰਿਆ, ਦੇਸ਼ ਭਰ ਵਿਚ ਹੋਈ ਵਿਆਪਕ ਸਿੱਖ ਨਸਲਕੁਸ਼ੀ ਸੀ। ਇਸ ਨਸਲਕੁਸ਼ੀ ਦੀ ਬਰਸੀ ਸਿੱਖਾਂ ਵਲੋਂ ਹਰ ਸਾਲ ਮਨਾਈ ਜਾਂਦੀ ਹੈ। ਪਿਛਲੇ ਸਾਲ ਦੀ ਬਰਸੀ ਅਤੇ ਇਸ ਸਾਲ ਦੀ 36ਵੀਂ ਬਰਸੀ ਵਿਚ ਜ਼ਮੀਨ ਅਸਮਾਨ ਦਾ ਅੰਤਰ ਹੈ। ਅੱਜ ਸਿੱਖਾਂ ਅੰਦਰ ਦਿੱਲੀ ਦੀ ਨਸਲਕੁਸ਼ੀ ਦਾ ਦਰਦ ਵੇਖਣ ਨੂੰ ਨਹੀਂ ਮਿਲ ਰਿਹਾ।
ਸਾਡਾ ਮਕਸਦ ਜ਼ਖ਼ਮ ਹਰੇ ਕਰਨਾ ਨਹੀਂ ਪਰ ਅੱਜ 36 ਸਾਲ ਬੀਤ ਗਏ ਹਨ ਜਦੋਂ ਇਸੇ ਦੇਸ਼ ਵਿਚ ਲੋਕਾਂ ਨੂੰ ਅਪਣੀ ਵਖਰੀ ਧਾਰਮਕ ਦਿੱਖ ਕਾਰਨ ਜ਼ਿੰਦਾ ਸਾੜਿਆ ਗਿਆ ਸੀ। ਅੱਜ ਜੇਕਰ ਸਿੱਖ ਹੀ ਅਪਣਿਆਂ ਦਾ ਦਰਦ ਭੁੱਲ ਗਏ ਹਨ ਤਾਂ ਫਿਰ ਬਾਕੀ ਦੇਸ਼ ਕਿਉਂ ਯਾਦ ਕਰੇਗਾ?
ਪਹਿਲਾਂ ਜਦੋਂ 31 ਅਕਤੂਬਰ ਆਉਂਦੀ ਸੀ ਤਾਂ ਭਾਵੇਂ ਰਸਮੀ ਤੌਰ 'ਤੇ ਹੀ ਸਹੀ ਪਰ ਲੋਕਾਂ ਵਿਚ ਉਨ੍ਹਾਂ ਦਿਨਾਂ ਦਾ ਦਰਦ ਜ਼ਰੂਰ ਜਾਗ ਉਠਦਾ ਸੀ ਪਰ ਇਸ ਸਾਲ ਕੁੱਝ ਵਖਰਾ ਹੀ ਵੇਖਣ ਨੂੰ ਮਿਲ ਰਿਹਾ ਹੈ। ਸਿੱਖਾਂ ਦਾ ਹਰ ਸਾਲ ਨਿਆਂ ਨਾ ਮਿਲਣ ਦਾ ਦਰਦ ਲੈ ਕੇ ਸਾਹਮਣੇ ਆਉਂਦਾ ਸੀ। ਨਿਰਪ੍ਰੀਤ ਕੌਰ ਤੇ ਜਗਦੀਸ਼ ਕੌਰ ਵਲੋਂ ਲੜੀ ਗਈ ਲੜਾਈ ਸਦਕੇ ਉਸ ਦਰਦ ਨੂੰ ਕੁੱਝ ਮੱਲ੍ਹਮ ਲਗਿਆ ਸੀ। ਪਰ ਅੱਜ ਉਨ੍ਹਾਂ ਵਾਂਗ ਹੋਰ ਕੋਈ ਲੜਨ ਵਾਸਤੇ ਤਿਆਰ ਵੀ ਨਹੀਂ ਦਿਸਦਾ।
ਸੋ ਜਾਪਦਾ ਨਹੀਂ ਕਿ ਇਸ ਤੋਂ ਵੱਧ ਇਨਸਾਫ਼ ਮਿਲੇਗਾ। ਸਿਰਫ਼ ਜਗਦੀਸ਼ ਟਾਈਟਲਰ ਨੂੰ ਜੇਲ ਵਿਚ ਭੇਜਣਾ ਹੀ ਸਿੱਖਾਂ ਦੇ ਦਰਦ ਨੂੰ ਠੰਢਾ ਯਖ਼ ਕਰਨ ਵਾਸਤੇ ਕਾਫ਼ੀ ਜਾਪਦਾ ਹੈ। ਪਰ ਕੀ ਉਸ ਦੌਰ ਵਿਚ ਕੁਰਬਾਨੀਆਂ ਦੇਣ ਵਾਲਿਆਂ ਦਾ ਇਕੋ ਦੁਸ਼ਮਣ, ਜਗਦੀਸ਼ ਟਾਈਟਲਰ ਹੀ ਸੀ? ਕੀ ਤੁਹਾਡੀ ਆਜ਼ਾਦੀ, ਤੁਹਾਡੀ ਆਜ਼ਾਦ ਹਸਤੀ, ਤੁਹਾਡੀ ਸੋਚ ਹੁਣ ਮੁਕੰਮਲ ਤੌਰ 'ਤੇ ਆਜ਼ਾਦ ਹੋ ਗਏ ਹਨ?
ਅੱਜ ਕਿਸੇ ਵੀ ਯਹੂਦੀ ਬੱਚੇ ਦੀ ਸਿਖਿਆ ਸੰਪੂਰਨ ਨਹੀਂ ਮੰਨੀ ਜਾਂਦੀ ਜਦ ਤਕ ਉਸ ਨੂੰ ਹਿਟਲਰ ਤੇ ਉਸ ਦੇ ਕਹਿਰ ਬਾਰੇ ਜਾਣਕਾਰੀ ਨਾ ਹੋਵੇ। ਉਨ੍ਹਾਂ ਦੇ ਬੱਚਿਆ ਦੀ ਸਿਖਿਆ ਦਾ ਹਿੱਸਾ ਹੈ ਕਿ ਉਹ ਸਮਝਣ ਤੇ ਜਾਣਨ ਕਿ ਉਨ੍ਹਾਂ ਦੇ ਪੁਰਖਿਆਂ ਨਾਲ ਕੀ ਕੁੱਝ ਬੀਤਿਆ। ਯਹੂਦੀਆਂ ਨੇ ਯਾਦਗਾਰਾਂ ਬਣਾਈਆਂ ਤਾਕਿ ਯਹੂਦੀ ਹੀ ਨਹੀਂ ਬਲਕਿ ਹਰ ਇਨਸਾਨ ਉਨ੍ਹਾਂ ਦੇ ਇਤਿਹਾਸ ਤੋਂ ਵਾਕਫ਼ ਹੋਵੇ। ਮਕਸਦ ਇਹ ਦਸਣਾ ਨਹੀਂ ਕਿ ਹਰ ਜਰਮਨ ਵਾਸੀ ਯਹੂਦੀਆਂ ਦਾ ਦੁਸ਼ਮਣ ਹੈ ਸਗੋਂ ਮਕਸਦ ਇਹ ਜ਼ਰੂਰ ਹੈ ਕਿ ਇਤਿਹਾਸ ਦੇ ਇਸ ਕੌੜੇ ਪਾਠ ਦਾ ਸਬਕ ਉਨ੍ਹਾਂ ਦੇ ਜੀਵਨ ਦਾ ਹਿੱਸਾ ਬਣਿਆ ਰਹੇ।
ਭਾਵੇਂ ਉਸ ਸਬਕ ਦਾ ਭਾਰ ਯਹੂਦੀਆਂ ਤੇ ਜਰਮਨਾਂ ਨੇ ਚੁਕਿਆ, ਉਹ ਸਬਕ ਸਾਰੀ ਇਨਸਾਨੀਅਤ ਵਾਸਤੇ ਸੀ। ਜਦ ਵੀ ਤੁਸੀ ਅਪਣੀ ਹਉਮੈ ਵਿਚ ਅਪਣੇ ਆਪ ਨੂੰ ਸਰਬ-ਸ਼ਕਤੀਮਾਨ ਸਮਝ ਲੈਂਦੇ ਹੋ ਤਾਂ ਹਾਲੋਕੋਸਟ ਵਰਗੀਆਂ ਕਾਲੀਆਂ ਘੜੀਆਂ ਤੁਹਾਨੂੰ ਪਾਤਾਲ ਦੀਆਂ ਗਹਿਰਾਈਆਂ ਵਿਚ ਲੈ ਜਾਂਦੀਆਂ ਹਨ। ਉਸ ਸਬਕ ਦਾ ਅਸਰ ਪੂਰੀ ਪਛਮੀ ਦੁਨੀਆਂ 'ਤੇ ਨਜ਼ਰ ਆਉਂਦਾ ਹੈ।
ਹਰ ਇਨਸਾਨ ਦੀ ਕਦਰ ਕੀਤੀ ਜਾਂਦੀ ਹੈ ਤੇ ਅਸੀ ਅਪਣੇ ਆਪ ਨੂੰ ਉਨ੍ਹਾਂ ਸਾਹਮਣੇ ਕੀੜੇ ਮਕੌੜਿਆਂ ਵਾਂਗ ਮਹਿਸੂਸ ਕਰਦੇ ਹਾਂ ਅਤੇ ਇਹ ਸਾਡੀ ਅਪਣੀ ਗ਼ਲਤੀ ਹੈ ਕਿਉਂਕਿ ਅਸੀ ਅਪਣੇ ਆਪ ਨੂੰ ਕੀੜੀਆਂ ਵਾਂਗ ਕੁਚਲਣ ਦਿੰਦੇ ਹਾਂ। ਅਸੀ ਆਪ ਹੀ ਕੀੜੀਆਂ ਵਾਂਗ ਅਪਣੀ ਹੀ ਨਿਜੀ ਲਾਲਸਾ ਵਿਚ ਰੁਝੇ ਰਹਿੰਦੇ ਹਾਂ। ਅਸੀ ਦਿਲ ਖੋਲ੍ਹ ਕੇ ਕਿਸੇ ਹੋਰ ਦੇ ਦਰਦ ਵਾਸਤੇ ਇਕ ਪਲ ਦਾ ਸਮਾਂ ਵੀ ਦੇਣ ਦੀ ਸਮਰੱਥਾ ਨਹੀਂ ਰਖਦੇ। ਅੱਜ ਜਦ ਸਿੱਖਾਂ ਨੇ ਹੀ ਦਿੱਲੀ ਨਸਲਕੁਸ਼ੀ ਵਿਚ ਮਾਰੇ ਗਏ ਸਿੱਖਾਂ ਨੂੰ ਭੁਲਾ ਕੇ ਅਪਣੀ ਸੋਚ ਵਿਚੋਂ ਦੂਰ ਕਰ ਦਿਤਾ ਹੈ ਤਾਂ ਫਿਰ ਬਾਕੀ ਸੱਭ ਦਾ ਭੁਲਣਾ ਤਾਂ ਬਣਦਾ ਹੀ ਹੈ।
ਅੱਜ ਤਕ ਸਿੱਖਾਂ ਦਾ ਇਤਿਹਾਸ ਵਿਚ ਸਤਿਕਾਰ ਹੈ ਕਿਉਂਕਿ ਉਹ ਹਰ ਦੀਨ ਦੁਖੀ ਦੀ ਮਦਦ ਲਈ ਚਟਾਨ ਵਾਂਗ ਖੜੇ ਹੋ ਜਾਂਦੇ ਰਹੇ। ਪਰ ਹੁਣ ਅਸੀ ਸਿਰਫ਼ ਲੰਗਰ ਵਰਤਾਉਣ ਤਕ ਹੀ ਸੀਮਤ ਰਹਿ ਗਏ ਜਾਪਦੇ ਹਾਂ। ਇਨਸਾਨੀਅਤ ਵਾਸਤੇ ਕਿਸ ਤਰ੍ਹਾਂ ਖੜੇ ਹੋ ਸਕਦੇ ਹਾਂ ਜਦੋਂ ਸਾਡੇ ਕੋਲ ਅਪਣਿਆਂ ਨੂੰ ਯਾਦ ਕਰਨ ਦੀ ਵੀ ਸਮਾਂ ਹੀ ਨਹੀਂ? ਕੋਰੋਨਾ ਵਾਸਤੇ ਪੰਜਾਬ ਨੇ ਦੀਵੇ ਜਗਾਏ, ਜਾਗੋ ਕਢੀਆਂ, ਪਰ ਟਾਵੇਂ ਟਾਵੇਂ ਸਿੱਖਾਂ ਨੇ ਹੀ ਦਿੱਲੀ ਪੀੜਤਾਂ ਵਾਸਤੇ ਵੀ ਮੋਮਬੱਤੀਆਂ ਜਗਾਈਆਂ ਹੋਣਗੀਆਂ। ਜੇਕਰ ਸਾਡੇ ਅੰਦਰ ਅਪਣਿਆਂ ਲਈ ਹੀ ਦਰਦ ਖ਼ਤਮ ਹੋ ਗਿਆ ਹੈ ਤਾਂ ਅਸੀ ਕਿਸੇ ਹੋਰ ਦੀ ਰਾਖੀ ਕਰਨ ਵਾਲੇ ਇਨਸਾਨ ਕਿਵੇਂ ਬਣ ਸਕਾਂਗੇ? ਉਹ ਤਾਂ ਬੀਤੇ ਦੀਆਂ ਗੱਲਾਂ ਬਣ ਕੇ ਰਹਿ ਜਾਣਗੀਆਂ। - ਨਿਮਰਤ ਕੌਰ