ਕੁੰਡਲੀ ਬਾਰਡਰ ਤੇ ਬਦਲਿਆ ਹੋਇਆ ਪੰਜਾਬ ਦਾ ਨੌਜੁਆਨ ਵੇਖਿਆ

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

19ਵੀਂ ਵਾਰ ਦਿੱਲੀ ਫ਼ਤਿਹ ਕਰਨ ਦਾ ਸਿਹਰਾ ਇਨ੍ਹਾਂ ਨੌਜਵਾਨਾਂ ਤੇ ਕਿਸਾਨਾਂ ਦੇ ਸਿਰ ਹੀ ਬੱਝੇਗਾ।  

Farmers Protest

ਮੁਹਾਲੀ: ਕੇਂਦਰ ਸਰਕਾਰ ਤੇ ਕਿਸਾਨਾਂ ਵਿਚਕਾਰ ਗੱਲਬਾਤ ਕਿਸੇ ਤਣ-ਪੱਤਣ ਨਹੀਂ ਲੱਗੀ ਪਰ ਗੱਡੀ ਚਲ ਜ਼ਰੂਰ ਪਈ ਹੈ ਤੇ ਇਕ ਦਿਨ ਛੱਡ ਕੇ, ਤੀਜੇ ਦਿਨ ਲਗਾਤਾਰ ਮੀਟਿੰਗਾਂ ਹੋਣੀਆਂ ਸ਼ੁਰੂ ਹੋ ਗਈਆਂ ਹਨ। ਜਦ ਗ੍ਰਹਿ ਮੰਤਰੀ ਅਮਿਤ ਸ਼ਾਹ ਵਾਰ-ਵਾਰ ਫ਼ੋਨ ਕਰਦੇ ਹਨ ਤੇ ਰਾਜਨਾਥ ਸਿੰਘ ਨੂੰ ਨਾਲ ਲੈ ਕੇ ਖੇਤੀ ਮੰਤਰੀ ਨਾਲ ਵਿਚਾਰ ਕਰਦੇ ਹਨ ਤਾਂ ਸਾਫ਼ ਹੈ ਕਿ ਉਹ ਹੁਣ ਕਿਸਾਨਾਂ ਨੂੰ ਸੰਜੀਦਗੀ ਨਾਲ ਲੈ ਰਹੇ ਹਨ। ਇਹ ਉਹੀ ਕੇਂਦਰ ਸਰਕਾਰ ਹੈ ਜੋ ਕਿਸਾਨ ਨਾਲ ਬੈਠਣ ਵਾਸਤੇ ਵੀ ਤਿਆਰ ਨਹੀਂ ਸੀ ਹੁੰਦੀ। ਕਿਸਾਨਾਂ ਨੂੰ ਇਕ ਨਾਸਮਝ ਤਬਕਾ ਮੰਨਿਆ ਹੋਇਆ ਸੀ ਜਿਸ ਦੇ ਪੁੱਤਰ ਸ਼ਰਾਬ ਤੇ ਨਸ਼ੇ ਵਿਚ ਧੁੱਤ ਰਹਿੰਦੇ ਹਨ। ਪਰ ਦਿੱਲੀ ਦੇ ਬਾਰਡਰਾਂ ਨੂੰ ਸੀਲ ਕਰ ਕੇ ਕਿਸਾਨਾਂ ਨੇ ਨਾ ਸਿਰਫ਼ ਕੇਂਦਰ ਸਰਕਾਰ ਨੂੰ ਹੀ ਬਲਕਿ ਆਮ ਪੰਜਾਬੀਆਂ ਨੂੰ ਵੀ ਹੈਰਾਨ ਕਰ ਦਿਤਾ ਹੈ ਤੇ ਅਪਣੀ, ਸੂਝ, ਦੂਰ-ਅੰਦੇਸ਼ੀ ਤੇ ਵਿਉਂਤਬੰਦੀ ਦੇ ਡੰਕੇ ਵਜਾ ਦਿਤੇ ਹਨ।

ਅਸੀ ਤਾਂ ਆਪ ਮੰਨ ਬੈਠੇ ਸੀ ਕਿ ਪੰਜਾਬ ਦੀ ਜਵਾਨੀ ਨਸ਼ੇ ਵਿਚ ਰੁਲ ਚੁਕੀ ਹੈ। ਕਿੰਨੀ ਵਾਰ ਪੰਜਾਬ ਦੀਆਂ ਭੀੜਾਂ ਵਿਚ ਜਾਣਾ ਖ਼ਤਰੇ ਵਿਚ ਘਿਰਨਾ ਲਗਦਾ ਸੀ ਕਿਉਂਕਿ ਨੌਜਵਾਨਾਂ ਦੀਆਂ ਅੱਖਾਂ ਵਿਚ ਸ਼ਰਮ ਜਾਂ ਸਤਿਕਾਰ ਨਜ਼ਰ ਹੀ ਨਹੀਂ ਸੀ ਆਉਂਦਾ। ਜਦ ਕਿਸਾਨ ਅੰਦੋਲਨ ਸ਼ੰਭੂ ਬਾਰਡਰ ਤੋਂ ਸ਼ੁਰੂ ਹੋਇਆ ਤਾਂ ਉਥੇ ਮੈਂ ਇਕੱਲੀ ਮਹਿਲਾ ਪੱਤਰਕਾਰ ਸੀ ਤੇ ਮੋਰਚੇ ਵਿਚ ਵੀ 3-4 ਔਰਤਾਂ ਹੀ ਬੈਠੀਆਂ ਸਨ। ਮੁੱਦੇ ਦੀ ਸੰਜੀਦਗੀ ਨੂੰ ਵੇਖਦੇ ਹੋਏ ਉਥੇ ਡਟੇ ਰਹਿਣ ਵਾਸਤੇ ਮਨ ਨੂੰ ਸਮਝਾਉਣਾ ਪਿਆ ਕਿਉਂਕਿ ਮਨ ਵਿਚ ਪੰਜਾਬ ਦੀ ਨੌਜਵਾਨੀ ਦੇ ਸ਼ਰਾਬੀ ਤੇ ਵਿਗੜੇ ਕਿਰਦਾਰ ਦਾ ਡਰ ਵੀ ਬਣਿਆ ਹੋਇਆ ਸੀ। ਫਿਰ ਲਾਲੜੂ ਦੇ ਬਾਰਡਰ ਤੇ ਕਿਸਾਨਾਂ ਉਤੇ ਅਥਰੂ ਗੈਸ ਤੇ ਪਾਣੀ ਦੀਆਂ ਬੌਛਾੜਾਂ ਦਾ ਵਾਰ ਵੇਖਿਆ ਪਰ ਜਦ ਦਿੱਲੀ ਦੇ ਕੁੰਡਲੀ ਬਾਰਡਰ ਵਿਚ ਪਹੁੰਚੇ ਤਾਂ ਮਾਹੌਲ ਬਿਲਕੁਲ ਹੀ ਬਦਲ ਗਿਆ ਦਿਸਿਆ। ਨੌਜਵਾਨਾਂ ਵਿਚ ਇਕ ਤਬਦੀਲੀ ਨਜ਼ਰ ਆਈ।

ਪਹਿਲਾਂ ਸੋਚਿਆ ਕਿ ਸ਼ਾਇਦ ਜੋ ਫੁਕਰੇ ਸਨ, ਉਹ ਪਿਛੇ ਰਹਿ ਗਏ ਹਨ। ਪਰ ਗੱਲਾਂ ਕਰ ਕੇ ਤੇ ਸੱਭ ਨਾਲ ਮਿਲਦਿਆਂ ਸਮਝ ਆਇਆ ਕਿ ਨੌਜਵਾਨ ਤਾਂ ਉਹੀ ਹੈ ਪਰ ਅੱਜ ਉਸ ਨੂੰ ਜੀਵਨ ਦਾ ਇਕ ਨਵਾਂ ਮਕਸਦ ਮਿਲ ਗਿਆ ਹੈ। ਸਾਡੇ ਨੌਜਵਾਨਾਂ ਦੀ ਸੱਭ ਤੋਂ ਵੱਡੀ ਤਰਾਸਦੀ ਇਹ ਹੈ ਕਿ ਪੈਸਾ ਤਾਂ ਹੈ ਪਰ ਕੰਮ ਨਹੀਂ । ਪੜ੍ਹੇ ਲਿਖੇ ਤਾਂ ਹਨ ਪਰ ਵਿਦਿਆਰਥੀ ਵਜੋਂ ਪ੍ਰਾਪਤ ਕੀਤੇ ਗਿਆਨ ਅਤੇ ਜਾਣਕਾਰੀ ਨੂੰ ਕੰਮ ਤੇ ਲੱਗਣ ਦੀ ਥਾਂ ਨਹੀਂ ਲਭਦੀ ਤੇ ਅੱਖਾਂ ਵਿਚ ਜਿਹੜੀ ਬੇਸ਼ਰਮੀ ਨਜ਼ਰ ਆਉਂਦੀ ਸੀ, ਉਹ ਇਕ ਵਿਹਲੇ ਦਿਮਾਗ਼ ਦੀਆਂ ਸ਼ਰਾਰਤਾਂ ਦੀ ਝਲਕ ਮਾਤਰ ਹੀ ਸਨ। ਅੱਜ ਉਹੀ ਨੌਜਵਾਨ ਬਦਲ ਗਿਆ ਹੈ ਤੇ ਕੇਂਦਰ ਨੂੰ ਹਿਲਾ ਰਿਹਾ ਹੈ। ਕਿਸਾਨ ਆਗੂ ਮਜ਼ਬੂਤ ਖੜੇ ਹਨ ਕਿਉਂਕਿ ਉਹ ਜਾਣਦੇ ਹਨ ਉਨ੍ਹਾਂ ਪਿਛੇ ਮਜ਼ਬੂਤ ਨੌਜਵਾਨੀ ਦਾ ਹੜ੍ਹ ਵੀ ਹੈ ਤੇ ਨਿਸ਼ਚਾ ਵੀ।

ਨੌਜਵਾਨ ਕਿਸਾਨ ਜੋ ਕੁੰਡਲੀ ਬਾਰਡਰ ਤੇ ਬੈਠੇ ਹਨ, ਉਹ ਇਕ ਪਲ ਵਾਸਤੇ ਵੀ ਵਿਹਲੇ ਨਹੀਂ ਬੈਠੇ। ਅਪਣੇ ਆਪ ਨੌਜਵਾਨਾਂ ਨੇ ਸੇਵਾ ਦੀ ਜ਼ਿੰਮੇਵਾਰੀ ਸੰਭਾਲ ਲਈ ਹੈ। ਬਜ਼ੁਰਗ ਬੈਠੇ ਹਨ ਤੇ ਜਵਾਨ ਝਾੜੂ ਮਾਰ ਕੇ ਸਫ਼ਾਈ ਰਖਦੇ ਹਨ ਤੇ ਫਿਰ ਚੁਲ੍ਹਾ ਚੌਕਾ ਸੰਭਾਲਣ ਬੈਠ ਜਾਂਦੇ ਹਨ। ਅਪਣੀਆਂ ਰੋਟੀਆਂ ਦੀ ਗੋਲਾਈ ਬਣਾਉਣੀ ਸਿਖ ਰਹੇ ਹਨ। ਦਾਲ ਨੂੰ ਤੜਕਾ ਲਾਉਣਾ ਸਿਖ ਰਹੇ ਹਨ। ਬਜ਼ੁਰਗਾਂ ਦੀ ਸੇਵਾ ਵੀ ਸਿਖ ਰਹੇ ਹਨ। ਸ਼ਰਾਬ ਰਾਤ ਨੂੰ ਪੀਂਦੇ ਹੋਣਗੇ ਪਰ ਨਸ਼ਾ ਤਾਂ ਕਿਤੇ ਵੀ ਨਜ਼ਰ ਨਹੀਂ ਆਉਂਦਾ। ਇਕ ਵਖਰਾ ਹੀ ਨੌਜਵਾਨ ਮਿਲ ਰਿਹਾ ਹੈ। ਸੈਂਕੜਿਆਂ ਨਾਲ ਗੱਲ ਕੀਤੀ ਤੇ ਉਨ੍ਹਾਂ ਦੀ ਜਾਣਕਾਰੀ ਦੇ ਪੱਧਰ ਨੂੰ ਵੇਖ ਕੇ ਹੈਰਾਨ ਹੋ ਗਈ। ਅੱਜ ਕਿਸੇ ਇਕ ਨੂੰ ਵੀ ਖੇਤੀ ਕਾਨੂੰਨ ਬਾਰੇ ਪੁਛ ਲਵੋ, ਉਹ ਕਿਸੇ ਮਾਹਰ ਨੂੰ ਵੀ ਮਾਤ ਦੇ ਸਕਦਾ ਹੈ। ਜਿਹੜੇ ਸਿਆਸਤਦਾਨ ਕਹਿੰਦੇ ਹਨ ਕਿ ਸਾਨੂੰ ਕਾਨੂੰਨ ਸਮਝ ਨਹੀਂ ਸੀ ਆਇਆ, ਅੱਜ ਵੀ ਇਨ੍ਹਾਂ ਨੌਜਵਾਨਾਂ ਨਾਲ ਆ ਬੈਠ ਕੇ ਸੱਭ ਕੁੱਝ ਮਿੰਟਾਂ ਵਿਚ ਸਮਝ ਸਕਦੇ ਹਨ।

ਮਜ਼ਾਕ ਵਿਚ ਗੱਲ ਕਰੀਏ ਤਾਂ ਇਹ ਨੌਜਵਾਨ ਰਸੋਈਏ ਦੇ ਕੰਮ ਸਿਖ ਰਹੇ ਹਨ। ਪਰ ਅਸਲ ਵਿਚ ਇਹ ਅਪਣੀ ਕੀਮਤ ਸਿਖ ਰਹੇ ਹਨ।  ਹਰ ਸਮੇਂ ਬੋਝ ਹੇਠ ਦੱਬੇ ਰਹਿਣ ਵਾਲੇ ਨੌਜਵਾਨ ਅੱਜ ਅਪਣੇ ਮਾਪਿਆਂ, ਅਪਣੇ ਆਗੂਆਂ, ਅਪਣੀ ਜ਼ਮੀਨ ਦੀ ਸ਼ਾਨ ਬਣ ਰਹੇ ਹਨ। ਉਨ੍ਹਾਂ ਨੇ ਅਪਣੀਆਂ ਬਾਹਾਂ ਦੀ ਤਾਕਤ ਵਿਖਾ ਦਿਤੀ ਜਦ 2-3 ਟਨ ਦੇ ਪੱਥਰ ਪਰ੍ਹਾਂ ਸੁੱਟ ਮਾਰੇ। ਉਨ੍ਹਾਂ ਅਪਣੀ ਸਿਆਣਪ ਦਿਖਾ ਦਿਤੀ ਜਦ ਉਨ੍ਹਾਂ ਕਾਨੂੰਨੀ ਦਾਅ ਪੇਚ ਸਮਝ ਕੇ ਸੱਭ ਨੂੰ ਸਮਝਾ ਦਿਤਾ। ਉਨ੍ਹਾਂ ਅਪਣੇ ਜੋਸ਼ ਵਿਚ ਹੋਸ਼ ਪਾ ਕੇ ਅਪਣੇ ਸਬਰ ਦੀ ਤਾਕਤ ਵਿਖਾ ਦਿਤੀ। ਉਨ੍ਹਾਂ ਦਾਲ ਰੋਟੀ, ਸਫ਼ਾਈ, ਬਜ਼ੁਰਗਾਂ ਦੀ ਸੇਵਾ ਕਰ ਕੇ ਇਹ ਵਿਖਾ ਦਿਤਾ ਕਿ ਉਹ ਸਿਰਫ਼ ਬਾਂਹਾਂ ਤੋਂ ਹੀ ਨਹੀਂ, ਦਿਲ ਤੋਂ ਵੀ ਤਾਕਤਵਰ ਹਨ।

ਅੱਜ ਲੱਖਾਂ ਦਾ ਇਕੱਠ ਹੈ ਤੇ ਸਿਰਫ਼ ਮੁੱਠੀ ਭਰ ਲੜਕੀਆਂ ਹੋਣਗੀਆਂ ਪਰ ਰਾਤ ਹੋਵੇ ਜਾਂ ਦਿਨ, ਇਕ ਵੀ ਕੁੜੀ ਅਸੁਰੱਖਿਅਤ ਨਹੀਂ ਮਹਿਸੂਸ ਕਰਦੀ। ਅੱਖਾਂ ਰਾਹੀਂ ਹੈਵਾਨੀਅਤ ਦਾ ਵਿਖਾਵਾ ਕਰਨ ਵਾਲੇ ਨੌਜਵਾਨ ਅੱਜ ਭੈਣੇ ਭੈਣੇ ਕਰਦੇ ਅਪਣੇ ਹੱਥੀਂ ਰੋਟੀ ਬਣਾ ਕੇ ਖਵਾਉਂਦੇ ਹਨ। ਬਚਪਨ ਵਿਚ ਜਿਸ ਤਰ੍ਹਾਂ ਦੇ ਸਿੱਖ ਕਿਰਦਾਰ ਆਮ ਵੇਖਦੀ ਹੁੰਦੀ ਸੀ, ਉਨ੍ਹਾਂ ਵਰਗੇ ਸਵੱਛ ਕਿਰਦਾਰਾਂ ਨਾਲ ਇਸ ਬਾਰਡਰ ਤੇ ਵਸੇ ਪਿੰਡ ਵਿਚ ਮੁਲਾਕਾਤ ਹੋਈ ਤੇ ਇਹ ਹੈ ਅਸਲ ਤਾਕਤ ਇਸ ਅੰਦੋਲਨ ਦੀ। ਇਸ ਵਿਚ ਕਈ ਗੀਤਕਾਰਾਂ ਨੂੰ ਮਾੜਾ ਆਖਦੇ ਹਨ ਕਿਉਂਕਿ ਉਹ ਸਟੇਜ ਤੇ ਚੜ੍ਹਨ ਦੇ ਸ਼ੌਕੀਨ ਹਨ। ਕੁੱਝ ਸਿਆਸਤ ਵਿਚ ਜਾਣ ਦੇ ਵੀ ਇੱਛਾਵਾਨ ਹਨ ਪਰ ਇਸ ਵਿਚ ਗ਼ਲਤ ਗੱਲ ਕੀ ਹੈ? ਅੰਦੋਲਨ ਵਿਚੋਂ ਜੋ ਚੰਗੇ ਨੇਕ ਦਿਲ ਸਿਆਸਤਦਾਨ ਨਿਕਲ ਕੇ ਆਉਂਦੇ ਹਨ ਤਾਂ ਇਹ ਚੰਗੀ ਗੱਲ ਹੀ ਹੋਵੇਗੀ। ਗੀਤਕਾਰਾਂ ਨੇ ਹਰ ਸਟੇਜ ਤੇ ਆ ਕੇ ਸੱਭ ਦਾ ਮਨੋਬਲ ਵਧਾਇਆ ਹੈ ਤੇ ਜੇ ਉਹ ਕੁੱਝ ਪਲ ਸਟੇਜਾਂ ਤੇ ਚੜ੍ਹ ਜਾਂਦੇ ਹਨ ਤਾਂ ਇਸ ਵਿਚ ਖ਼ਰਾਬੀ ਵੀ ਕੀ ਹੈ? ਨੌਜਵਾਨ ਹੀ ਕਿਸੇ ਕੌਮ ਦੀ ਅਸਲ ਤਾਕਤ ਹੁੰਦੇ ਹਨ ਤੇ 19ਵੀਂ ਵਾਰ ਦਿੱਲੀ ਫ਼ਤਿਹ ਕਰਨ ਦਾ ਸਿਹਰਾ ਇਨ੍ਹਾਂ ਨੌਜਵਾਨਾਂ ਤੇ ਕਿਸਾਨਾਂ ਦੇ ਸਿਰ ਹੀ ਬੱਝੇਗਾ।              -ਨਿਮਰਤ ਕੌਰ