ਕੌਮਾਂਤਰੀ ਦਖ਼ਲ ਦੀ ਮੰਗ ਕਰਦੀ ਹੈ ਇਮਰਾਨ ਖ਼ਾਨ ਦੀ ਦੁਰਦਸ਼ਾ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

 ਸਾਬਕਾ ਪਾਕਿਸਤਾਨੀ ਵਜ਼ੀਰੇ-ਆਜ਼ਮ ਇਮਰਾਨ ਖ਼ਾਨ ਦੀ ਦਸ਼ਾ ਨੂੰ ਲੈ ਕੇ ਪਾਕਿਸਤਾਨ ਸਰਕਾਰ ਨੇ ਭੇਤ-ਭਰੀ ਖ਼ਾਮੋਸ਼ੀ ਅਖ਼ਤਿਆਰ ਕੀਤੀ ਹੋਈ ਹੈ।

Imran Khan's plight demands international intervention

 ਸਾਬਕਾ ਪਾਕਿਸਤਾਨੀ ਵਜ਼ੀਰੇ-ਆਜ਼ਮ ਇਮਰਾਨ ਖ਼ਾਨ ਦੀ ਦਸ਼ਾ ਨੂੰ ਲੈ ਕੇ ਪਾਕਿਸਤਾਨ ਸਰਕਾਰ ਨੇ ਭੇਤ-ਭਰੀ ਖ਼ਾਮੋਸ਼ੀ ਅਖ਼ਤਿਆਰ ਕੀਤੀ ਹੋਈ ਹੈ। ਇਮਰਾਨ ਦੇ ਬੇਟਿਆਂ ਸੁਲੇਮਾਨ ਖ਼ਾਨ ਤੇ ਕਾਸਿਮ ਖ਼ਾਨ ਵਲੋਂ ਉਨ੍ਹਾਂ ਦੇ ਪਿਤਾ ਦੇ ਜ਼ਿੰਦਾ ਹੋਣ ਬਾਰੇ ਸਬੂਤ ਵਾਰ-ਵਾਰ ਮੰਗੇ ਜਾ ਰਹੇ ਹਨ, ਪਰ ਪਾਕਿਸਤਾਨ ਸਰਕਾਰ ਅਧਿਕਾਰਤ ਤੌਰ ’ਤੇ ਕੁੱਝ ਵੀ ਨਹੀਂ ਬੋਲ ਰਹੀ। ਮੀਡੀਆ ਵਿਚ ਰਾਵਲਪਿੰਡੀ ਦੀ ਅਡਿਆਲਾ ਜੇਲ੍ਹ ਦੇ ਅਧਿਕਾਰੀਆਂ ਦੇ ਹਵਾਲੇ ਨਾਲ ਇਹ ਖ਼ਬਰਾਂ ਜ਼ਰੂਰ ਛਪੀਆਂ ਹਨ ਕਿ ਪਾਕਿਸਤਾਨ ਤਹਿਰੀਕ-ਇ-ਇਨਸਾਫ਼ (ਪੀ.ਟੀ.ਆਈ.) ਪਾਰਟੀ ਦਾ ਨੇਤਾ ਸਿਹਤਯਾਬ ਹੈ ਅਤੇ ਉਸ ਦੀ ਸਿਹਤ ਬਾਰੇ ਜੋ ਅਫਵਾਹਾਂ ਚੱਲ ਰਹੀਆਂ ਹਨ, ਉਹ ਗ਼ਲਤ ਤੇ ਬੇਬੁਨਿਆਦ ਹਨ। ਜ਼ਿਕਰਯੋਗ ਹੈ ਕਿ ਇਮਰਾਨ ਅਗੱਸਤ 2023 ਤੋਂ ਅਡਿਆਲਾ ਜੇਲ੍ਹ ਵਿਚ ਬੰਦ ਹੈ।

ਇਹ ਉੱਚ ਸੁਰੱਖਿਆ ਜੇਲ੍ਹ ਹੈ। ਉਸ ਨੂੰ ਪਹਿਲਾਂ ਕੌਮੀ ਸੁਰੱਖਿਆ ਐਕਟ ਦੇ ਤਹਿਤ ਨਜ਼ਰਬੰਦ ਕੀਤਾ ਗਿਆ ਸੀ। ਬਾਅਦ ਵਿਚ ਤੋਸ਼ਾਖ਼ਾਨਾ ਕੇਸ ਅਤੇ ਕਥਿਤ ਭ੍ਰਿਸ਼ਟਾਚਾਰ ਦੇ ਦੋ ਹੋਰ ਕੇਸਾਂ ਵਿਚ ਉਸ ਨੂੰ ਅਦਾਲਤਾਂ ਨੇ ਚਾਰ ਤੋਂ 14 ਵਰਿ੍ਹਆਂ ਤਕ ਦੀ ਕੈਦ ਦੀਆਂ ਸਜ਼ਾਵਾਂ ਸੁਣਾਈਆਂ। ਉਸ ਦੀ (ਤੀਜੀ) ਪਤਨੀ ਬੁਸ਼ਰਾ ਬੀਬੀ ਵੀ ਇਸੇ ਜੇਲ੍ਹ ਵਿਚ ਕੈਦ ਹੈ, ਪਰ ਦੋਵਾਂ ਦੀਆਂ ਕੋਠੜੀਆਂ ਵੱਖੋ-ਵੱਖ ਹਨ (ਬੁਸ਼ਰਾ ਇਸਤਰੀ ਕੈਦੀਆਂ ਵਾਲੇ ਅਹਾਤੇ ਵਿਚ ਕੈਦ ਹੈ)। ਇਮਰਾਨ ਨਾਲ ਉਸ ਦੇ ਵਕੀਲਾਂ ਤੇ ਕੁੱਝ ਕਰੀਬੀਆਂ ਦੀ ਆਖ਼ਰੀ ਮੁਲਾਕਾਤ 5 ਨਵੰਬਰ ਨੂੰ ਹੋਈ ਸੀ।

ਉਸ ਮੁਲਾਕਾਾਤ ਦੌਰਾਨ ਇਕ ਐਕਸ (X) ਸੁਨੇਹੇ ਰਾਹੀਂ ਇਮਰਾਨ ਨੇ ਦੋਸ਼ ਲਾਇਆ ਸੀ ਕਿ ਉਹ ‘ਆਸਿਮ’ ਤਸੀਹੇ ਝੱਲਦਾ ਆ ਰਿਹਾ ਹੈ। ‘ਆਸਿਮ’ ਤੋਂ ਉਸ ਦਾ ਇਸ਼ਾਰਾ ਪਾਕਿਸਤਾਨੀ ਫ਼ੌਜਾਂ ਦੇ ਮੌਜੂਦਾ ਮੁਖੀ ਫੀਲਡ ਮਾਰਸ਼ਲ ਆਸਿਮ ਮੁਨੀਰ ਵਲ ਸੀ। ਪਾਕਿਸਤਾਨ ਵਿਚ ਇਹ ਧਾਰਨਾ ਆਮ ਹੀ ਹੈ ਕਿ ਇਮਰਾਨ ਦੀ ਦੁਰਦਸ਼ਾ ਲਈ ਵਜ਼ੀਰੇ-ਆਜ਼ਮ ਸ਼ਹਿਬਾਜ਼ ਸ਼ਰੀਫ਼ ਜਾਂ ਸਦਰ-ਇ-ਮੁਲਕ ਆਸਿਫ਼ ਜ਼ਰਦਾਰੀ ਘੱਟ ਅਤੇ ਫੀਲਡ ਮਾਰਸ਼ਲ ਆਸਿਮ ਮੁਨੀਰ ਵੱਧ ਕਸੂਰਵਾਰ ਹੈ।

ਸਾਲ 2022 ਵਿਚ ਇਮਰਾਨ ਨੂੰ ‘ਪਾਰਲੀਮਾਨੀ ਰਾਜ-ਪਲਟੇ’ ਰਾਹੀਂ ਗੱਦੀਉਂ ਲਾਹੁਣ ਤੇ ਸ਼ਹਿਬਾਜ਼ ਸ਼ਰੀਫ਼ ਨੂੰ ਵਜ਼ੀਰੇ-ਆਜ਼ਮ ਦੀ ਗੱਦੀ ਬਖ਼ਸ਼ਣ ਵਿਚ ਭਾਵੇਂ ਤੱਤਕਾਲੀ ਥਲ ਸੈਨਾ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਦੀ ਮੁੱਖ ਭੂਮਿਕਾ ਰਹੀ, ਪਰ ਇਮਰਾਨ ਖ਼ਿਲਾਫ਼ ਹਰ ਕਿਸਮ ਦੀ ਸਖ਼ਤੀ ਦਾ ਦੌਰ ਆਸਿਮ ਮੁਨੀਰ ਦੇ ਫ਼ੌਜੀ ਸਿਪਾਹਸਾਲਾਰ ਵਜੋਂ ਕਾਰਜਕਾਲ ਦੌਰਾਨ ਸ਼ੁਰੂ ਹੋਇਆ। ਹੁਣ ਆਲਮ ਇਹ ਹੈ ਕਿ ਨਾ ਇਮਰਾਨ ਦੇ ਵਕੀਲਾਂ ਨੂੰ ਉਸ ਨਾਲ ਮਿਲਣ ਦੀ ਇਜਾਜ਼ਤ ਦਿਤੀ ਜਾ ਰਹੀ ਹੈ, ਨਾ ਹੀ ਅਜਿਹੀ ਇਜਾਜ਼ਤ ਬਾਰੇ ਇਸਲਾਮਾਬਾਦ ਹਾਈ ਕੋਰਟ ਦੇ ਹੁਕਮਾਂ ਦੀ ਤਾਮੀਲ ਕੀਤੀ ਜਾ ਰਹੀ ਹੈ। ਉਸ ਦੀਆਂ ਦੋ ਭੈਣਾਂ ਨੇ ਜਦੋਂ ਇਸੇ ਸਬੰਧ ਵਿਚ ਪਿਛਲੇ ਹਫ਼ਤੇ ਅਡਿਆਲਾ ਜੇਲ੍ਹ ਦੇ ਬਾਹਰ ਮੁਜ਼ਾਹਰਾ ਕਰਨਾ ਚਾਹਿਆ ਤਾਂ ਪੁਲੀਸ ਵਲੋਂ ਉਨ੍ਹਾਂ ਨੂੰ ਵਾਲਾਂ ਤੋਂ ਫੜ ਕੇ ਘੜੀਸਣ ਵਰਗਾ ਵਰਤਾਰਾ ਵੀ ਵਾਪਰਿਆ। ਹੁਣ ਜਦੋਂ ਛੋਟਾ ਪੁੱਤਰ ਕਾਸਿਮ ਖ਼ਾਨ ਮੁਲਾਕਾਤ ਲਈ ਲੰਡਨ ਤੋਂ ਪਾਕਿਸਤਾਨ ਪਹੁੰਚਿਆ ਹੋਇਆ ਹੈ ਤਾਂ ਨਾ ਸ਼ਹਿਬਾਜ਼ ਸ਼ਰੀਫ਼ ਦੀ ਅਗਵਾਈ ਵਾਲੀ ਕੌਮੀ ਸਰਕਾਰ ਅਤੇ ਨਾ ਹੀ ਮਰੀਅਮ ਨਵਾਜ਼ ਦੀ ਸਦਾਰਤ ਵਾਲੀ ਪੰਜਾਬ ਸਰਕਾਰ ਕਾਸਿਮ ਖ਼ਾਨ ਦੀਆਂ ਦਰਖ਼ਾਸਤਾਂ ਦੀ ਕੋਈ ਵੁੱਕਤ ਪਾ ਰਹੀਆਂ ਹਨ।

ਇਹ ਇਕ ਅਜੀਬੋਗ਼ਰੀਬ ਵਿਤਫ਼ਾਕ ਹੈ ਕਿ ਪਾਕਿਸਤਾਨ ਅੰਦਰਲੀ ਅਜਿਹੀ ਜੁੱਗਗ਼ਰਦੀ ਬਾਬਤ ਨਾ ਤਾਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਕੁੱਝ ਬੋਲਿਆ ਹੈ ਅਤੇ ਨਾ ਹੀ ਯੂਰੋਪੀਅਨ ਸੰਘ (ਈ.ਯੂ.) ਦੇ ਕਰਤਾ-ਧਰਤਾ। ਫਰਾਂਸ ਤੇ ਬ੍ਰਿਟੇਨ ਦੇ ਰਾਜਨੇਤਾਵਾਂ ਨੇ ਤਾਂ ਇਸ ਨੂੰ ਪਾਕਿਸਤਾਨ ਦਾ ਅੰਦਰੂਨੀ ਮਾਮਲਾ ਦੱਸ ਕੇ ਕੋਈ ਟਿੱਪਣੀ ਕਰਨੋ ਸਿੱਧਾ ਇਨਕਾਰ ਕਰ ਦਿਤਾ। ਦੂਜੇ ਪਾਸੇ, ਚੀਨ ਤਾਂ ਪਾਕਿਸਤਾਨ ਦੇ ਅੰਦਰੂਨੀ ਮਾਮਲਿਆਂ ਬਾਰੇ ਸਿਰਫ਼ ਉਦੋਂ ਮੂੰਹ ਖੋਲ੍ਹਦਾ ਹੈ ਜਦੋਂ ਉਸ ਮੁਲਕ ਵਿਚ ਚੀਨ-ਪਾਕਿ ਆਰਥਿਕ ਗਲਿਆਰੇ (ਸੀ.ਪੀ.ਈ.ਸੀ.) ਜਾਂ ਹੋਰਨਾਂ ਪ੍ਰਾਜੈਕਟਾਂ ਲਈ ਕੰਮ ਕਰਦੇ ਚੀਨੀ ਨਾਗਰਿਕਾਂ ਨਾਲ ਕੁੱਝ ਮਾੜਾ-ਤੀੜਾ ਵਾਪਰ ਜਾਵੇ। ਇਮਰਾਨ ਹੀ ਪਾਰਟੀ ‘ਤਹਿਰੀਕ-ਇ-ਇਨਸਾਫ਼’ (ਪੀ.ਟੀ.ਆਈ.) ਸੂਬਾ ਸਰਹੱਦ, ਰਾਵਲਪਿੰਡੀ ਤੇ ਅਡਿਆਲਾ ਜੇਲ੍ਹ ਨੇੜੇ ਮੁਜ਼ਾਹਰੇ ਅਵੱਸ਼ ਕਰਦੀ ਆਈ ਹੈ।

ਪਹਿਲਾਂ ਇਨ੍ਹਾਂ ਵਿਚ ਹਾਜ਼ਰੀ ਬਹੁਤੀ ਜ਼ਿਆਦਾ ਨਹੀਂ ਸੀ ਹੁੰਦੀ; ਪਰ ਸੋਸ਼ਲ ਮੀਡੀਆ ’ਤੇ ਪੈਂਦੀਆਂ ਲਾਹਨਤਾਂ ਅਤੇ ਸ਼ਨਿਚਰਵਾਰ ਤੇ ਐਤਵਾਰ ਦੇ ਇਕੱਠਾਂ ਨੇ ਹਕੂਮਤ ਨੂੰ ਸਖ਼ਤ ਕਦਮ ਚੁੱਕਣ ਦੇ ਰਾਹ ਪਾ ਦਿਤਾ। ਨਤੀਜਨ, ਕੌਮੀ ਰਾਜਧਾਨੀ ਇਸਲਾਮਾਬਾਦ ਅੰਦਰ ਦਾਖ਼ਲੇ ਵਾਲੇ ਸਾਰੇ ਨਾਕੇ (ਐਂਟਰੀ ਪੁਆਇੰਟਸ) ਵੱਡੇ-ਵੱਡੇ ਕੰਟੇਨਰਾਂ ਨਾਲ ਸੀਲ ਕਰ ਦਿਤੇ ਗਏ। ਇਸ ਦੇ ਨਾਲ ਹੀ ਦੋ ਧਰਨਿਆਂ ਵਿਚ ਸ਼ਰੀਕ ਹੋਣ ਵਾਲੇ ਖ਼ੈਬਰ-ਪਖ਼ਤੂਨਖਵਾ ਦੇ ਵਜ਼ੀਰੇ ਆਲ੍ਹਾ ਸੁਹੇਲ ਅਫ਼ਰੀਦੀ ਨੂੰ ਧਮਕੀ ਦੇ ਦਿਤੀ ਗਈ ਕਿ ਜੇਕਰ ਉਸ ਨੇ ਧਰਨਿਆਂ ਵਿਚ ਹਾਜ਼ਰੀ ਦੇਣੀ ਜਾਰੀ ਰੱਖੀ ਤਾਂ ਉਸ ਦੀ ਸਰਕਾਰ ਬਰਤਰਫ਼ ਕਰ ਕੇ ਰਾਸ਼ਟਰਪਤੀ ਰਾਜ ਲਾਗੂ ਕਰ ਦਿਤਾ ਜਾਵੇਗਾ।

ਇਸ ਕਿਸਮ ਦੇ ਸਰਕਾਰੀ ਦਮਨ ਨੇ ਇਮਰਾਨ ਦੇ ਹਮਾਇਤੀਆਂ ਦੀਆਂ ਸਫ਼ਾਂ ਨੂੰ ਖੋਰਾ ਲਾਉਣ ਦੀ ਥਾਂ ਵੱਧ ਮਜ਼ਬੂਤੀ ਬਖ਼ਸ਼ੀ ਸੀ। ਉਹ ਇਸ ਸਮੇਂ ਮੁਲਕ, ਖ਼ਾਸ ਕਰ ਕੇ ਨੌਜਵਾਨੀ ਤੇ ਔਰਤਾਂ ਲਈ ਸਭ ਤੋਂ ਵੱਧ ਮਕਬੂਲ ਨੇਤਾ ਹੈ। ਉਸ ਨਾਲ ਵਾਪਰਨ ਵਾਲੀ ਕੋਈ ਵੀ ਅਨਹੋਣੀ, ਪਾਕਿਸਤਾਨ ਵਿਚ ਰਾਜਸੀ ਤੇ ਸਮਾਜਿਕ ਉਬਾਲ ਤੇ ਬਲਵੇ ਦੀ ਵਜ੍ਹਾ ਬਣ ਸਕਦੀ ਹੈ। ਇਹ ਸਹੀ ਹੈ ਕਿ ਇਮਰਾਨ, ਸਾਲ 2018 ਦੀਆਂ ਚੋਣਾਂ ਵੇਲੇ ਫ਼ੌਜ ਦੀ ਮਦਦ ਨਾਲ ਸੱਤਾਵਾਨ ਹੋਇਆ ਸੀ। ਇਸੇ ਲਈ ਨਿਰਪੱਖ ਰਾਜਸੀ ਦਰਸ਼ਕ ਉਸ ਦੀ ਮੌਜੂਦਾ ਹੋਣੀ ਨੂੰ ਉਸ ਦੀਆਂ ਆਪਹੁਦਰੀਆਂ ਤੇ ਗ਼ਫ਼ਲਤਾਂ ਦੀ ਉਪਜ ਦਸਦੇ ਹਨ। ਇਸ ਸੋਚ ਦੇ ਬਾਵਜੂਦ ਜਿਸ ਕਿਸਮ ਦਾ ਗ਼ੈਰ-ਜਮਹੂਰੀ ਜਬਰ ਉਸ ਉਪਰ ਢਾਹਿਆ ਜਾ ਰਿਹਾ ਹੈ, ਉਹ ਕੌਮਾਂਤਰੀ ਰਾਜਨੇਤਾਵਾਂ ਦੇ ਦਖ਼ਲ ਦੀ ਮੰਗ ਕਰਦਾ ਹੈ। ਉਸ ਦੀ ਸਿਹਤ ਨਾਲ ਜੁੜੇ ਸਵਾਲਾਂ ਦੇ ਮੱਦੇਨਜ਼ਰ ਅਜਿਹੇ ਦਖ਼ਲ ਵਿਚ ਦੇਰੀ ਵੀ ਨਹੀਂ ਹੋਣੀ ਚਾਹੀਦੀ।