ਸਬ ਤਾਜ ਉਛਾਲੇ ਜਾਏਂਗੇ¸ਸਬ ਤਖ਼ਤ ਗਿਰਾਏ ਜਾਏਂਗੇ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਇਸ ਦਾ ਮਤਲਬ ਹੈ ਕਿ ਜਦ ਖ਼ੁਦਾ ਦੇ ਘਰ 'ਚੋਂ ਖ਼ੁਦਾ ਦੀ ਮਰਜ਼ੀ ਨਾਲ 'ਬੁਤ' ਯਾਨੀ ਕਿ ਝੂਠ ਦੇ ਪੁਤਲੇ ਚੁੱਕੇ ਜਾਣਗੇ ਤਾਂ ਅਸੀਂ ਜੋ ਖ਼ੁਦਾ ਦੇ ਵਫ਼ਾਦਾਰ ਹਾਂ

Pic

ਲਾਜ਼ਿਮ ਹੈ ਕਿ ਹਮ ਭੀ ਦੇਖੇਂਗੇ
ਵੋ ਦਿਨ ਜਿਸ ਕਾ ਵਾਅਦਾ ਹੈ
ਜੋ ਲੌਹ-ਏ-ਅਜ਼ਲ ਮੇਂ ਲਿਖਾ ਹੈ

ਜਦ ਨਾਗਰਿਕਤਾ ਕਾਨੂੰਨ ਵਿਰੁਧ ਮੁਜ਼ਾਹਰੇ ਕਰ ਰਹੇ ਨੌਜੁਆਨ ਫ਼ੈਜ਼ ਅਹਿਮਦ ਫ਼ੈਜ਼ ਦੀ ਇਹ ਕਵਿਤਾ ਗਾਉਂਦੇ ਹੋਏ ਜਲੂਸ ਕਢਦੇ ਹਨ ਤਾਂ ਇਨ੍ਹਾਂ ਨੂੰ ਲੈ ਕੇ ਜੋ ਫ਼ਿਰਕੂ ਵਿਵਾਦ ਛੇੜ ਦਿਤਾ ਗਿਆ ਹੈ, ਉਸ ਬਾਰੇ ਕੁੱਝ ਕਹਿਣਾ ਕਲਮ ਦੀ ਸਿਆਹੀ ਦੀ ਬਰਬਾਦੀ ਹੀ ਤਾਂ ਹੈ ਪਰ ਜਦੋਂ ਭਾਰਤ ਦੇ ਇਕ ਉੱਚ ਵਿਦਿਆਲੇ ਦਾ ਪ੍ਰੋਫ਼ੈਸਰ, ਫ਼ੈਜ਼ ਦੀ ਇਸ ਕਵਿਤਾ ਤੇ ਇਤਰਾਜ਼ ਜਤਾਉਂਦਾ ਹੈ ਤਾਂ ਦੋ ਗੱਲਾਂ ਸਾਫ਼ ਹੋ ਜਾਂਦੀਆਂ ਹਨ।

ਅੱਜ ਦੇ ਹੁਕਮਰਾਨ ਆਮ ਇਨਸਾਨ ਦੀ ਆਵਾਜ਼ ਤਾਂ ਦਬਾ ਹੀ ਰਹੇ ਹਨ ਪਰ ਇਹ ਵੀ ਕਿ ਅੱਜ ਦਾ ਸੱਤਾਧਾਰੀ ਵਰਗ ਅੱਖਾਂ ਤੋਂ ਅੰਨ੍ਹਾ ਤਾਂ ਨਹੀਂ ਪਰ ਉਸ ਦੀ ਸੋਚ ਉਤੇ ਪੱਟੀ ਜ਼ਰੂਰ ਬੱਝ ਚੁੱਕੀ ਹੈ। ਜੇ ਉਸ ਨੂੰ ਸਿਰਫ਼ ਇਸ ਕਵਿਤਾ ਵਿਚ ਦਿਤੇ ਸੁਨੇਹੇ ਜਾਂ ਆਮ ਇਨਸਾਨ ਦੀ ਕੁਦਰਤੀ ਨਿਆਂ ਲਈ ਪੁਕਾਰ ਤੇ ਇਤਰਾਜ਼ ਹੁੰਦਾ ਤਾਂ ਵੀ ਉਸ ਦੀ ਗੱਲ ਸਮਝ ਵਿਚ ਆ ਸਕਦੀ ਸੀ।

ਇਸ ਕਦਰ ਇਕਤਰਫ਼ਾ ਹੋ ਚੁੱਕਾ ਹੈ ਮੀਡੀਆ ਕਿ ਹੁਣ ਬੱਚੇ ਖ਼ੁਦ ਹੀ ਟੀ.ਵੀ. ਚੈਨਲ ਵੇਖਣ ਤੋਂ ਇਨਕਾਰ ਕਰ ਰਹੇ ਹਨ। ਉਨ੍ਹਾਂ ਨੂੰ ਸੱਭ ਸਮਝ ਆਉਂਦਾ ਹੈ ਕਿ ਭਾਰਤੀ ਹਕੂਮਤ ਨੂੰ ਜੇ ਫ਼ੈਜ਼ ਦੀ ਇਸ ਕਵਿਤਾ ਤੇ ਇਤਰਾਜ਼ ਹੈ ਤਾਂ ਕੋਈ ਵੱਡੀ ਗੱਲ ਨਹੀਂ ਕਿਉਂਕਿ ਪਾਕਿਸਤਾਨੀ ਤਾਨਾਸ਼ਾਹ ਜ਼ਿਆ ਉਲ ਹੱਕ ਨੇ ਵੀ ਇਸ ਕਵਿਤਾ ਉਤੇ ਪਾਬੰਦੀ ਲਾ ਦਿਤੀ ਸੀ। ਜ਼ਿਆ ਉਲ ਹੱਕ ਕਵਿਤਾ ਦੇ ਸ਼ਬਦਾਂ ਤੋਂ ਡਰਦਾ ਸੀ ਕਿਉਂਕਿ ਉਹ ਜਾਣਦਾ ਸੀ ਕਿ ਉਹ ਆਪ ਵੀ ਕੁਦਰਤ ਦੇ ਨਿਆਂ ਤੋਂ ਉੱਤੇ ਨਹੀਂ ਸੀ ਅਤੇ ਅਪਣੇ ਭਵਿੱਖ ਤੋਂ ਵੀ ਡਰਦਾ ਸੀ।

ਪਰ ਜਿਸ ਗੱਲ ਨੂੰ ਲੈ ਕੇ ਇਤਰਾਜ਼ ਕੀਤਾ ਗਿਆ, ਉਸ ਕਾਰਨ ਤੇ ਟਿਪਣੀ ਕਰਦਿਆਂ ਵੀ ਕਲਮ ਸ਼ਰਮਾਉਂਦੀ ਜ਼ਰੂਰ ਹੈ। ਕਵਿਤਾ ਦੀ ਇਕ ਪੰਕਤੀ ਆਖਦੀ ਹੈ,
ਜਬ ਅਰਜ਼-ਏ-ਖ਼ੁਦਾ ਕੇ ਕਾਬੇ ਸੇ
ਸਬ ਬੁਤ ਉਠਵਾਏ ਜਾਏਂਗੇ

ਹਮ ਅੱਲਾਹ-ਏ-ਸਾਫ਼ਾ ਮਰਦੂਦ-ਏ-ਹਰਮ
ਮਸਨਦ ਪੇ ਬਿਠਾਏ ਜਾਏਂਗੇ
ਸਬ ਤਾਜ ਉਛਾਲੇ ਜਾਏਂਗੇ
ਸਬ ਤਖ਼ਤ ਗਿਰਾਏ ਜਾਏਂਗੇ।

ਇਸ ਦਾ ਮਤਲਬ ਹੈ ਕਿ ਜਦ ਖ਼ੁਦਾ ਦੇ ਘਰ 'ਚੋਂ ਖ਼ੁਦਾ ਦੀ ਮਰਜ਼ੀ ਨਾਲ 'ਬੁਤ' ਯਾਨੀ ਕਿ ਝੂਠ ਦੇ ਪੁਤਲੇ ਚੁੱਕੇ ਜਾਣਗੇ ਤਾਂ ਅਸੀਂ ਜੋ ਖ਼ੁਦਾ ਦੇ ਵਫ਼ਾਦਾਰ ਹਾਂ, ਜਿਨ੍ਹਾਂ ਨੂੰ ਸੱਭ ਪਵਿੱਤਰ ਥਾਵਾਂ ਤੋਂ ਬਾਹਰ ਕਢਿਆ ਗਿਆ ਹੈ, ਨੂੰ ਤਖ਼ਤਾਂ ਉਤੇ ਬਿਠਾਇਆ ਜਾਵੇਗਾ ... ਸਿਰਫ਼ ਅੱਲਾਹ (ਯਾਨੀ ਕਿ ਰੱਬ, ਖ਼ੁਦਾ, ਭਗਵਾਨ, ਇਕੋ ਇਕ ਤਾਕਤ) ਦਾ ਨਾਮ ਰਹੇਗਾ।

ਪਰ ਇਕ ਆਈ.ਆਈ.ਟੀ. ਯੂ.ਪੀ. ਦੇ ਪ੍ਰੋਫ਼ੈਸਰ ਨੂੰ ਇਸ ਸ਼ਾਇਰੀ 'ਚੋਂ 'ਬੁਤ' ਦਾ ਮਤਲਬ ਹਿੰਦੂ ਭਗਵਾਨ ਦੀਆਂ ਮੂਰਤੀਆਂ ਸਮਝ ਆਉਂਦਾ ਹੈ ਅਤੇ 'ਅੱਲਾਹ' ਵਿਚੋਂ ਇਕ ਮੁਸਲਮਾਨ ਭਗਵਾਨ। ਇਕ ਇਨਸਾਨ ਦੀ ਛੋਟੀ ਸਮਝ ਨੂੰ ਦੇਸ਼ ਵਿਚ ਵਿਵਾਦ ਬਣਾ ਕੇ ਇਸ ਬਾਰੇ ਚਰਚਾ ਕੀਤੀ ਜਾ ਰਹੀ ਹੈ ਅਤੇ ਜਿਨ੍ਹਾਂ ਬੱਚਿਆਂ ਨੇ ਸੀ.ਏ.ਏ. ਦੇ ਵਿਰੋਧ ਵਿਚ ਇਹ ਕਵਿਤਾ ਗਾਈ, ਉਨ੍ਹਾਂ ਨੂੰ ਦੇਸ਼ਧ੍ਰੋਹੀ ਆਖਿਆ ਜਾ ਰਿਹਾ ਹੈ।

ਇਸ ਕਵਿਤਾ ਉਤੇ ਪਾਬੰਦੀ ਲਾਉਣ ਦੀ ਮੰਗ ਉਠ ਰਹੀ ਹੈ ਕਿਉਂਕਿ ਅਖੌਤੀ 'ਦੇਸ਼ ਭਗਤਾਂ' ਨੂੰ ਇਸ ਵਿਚ ਵਿਦਿਆਰਥੀਆਂ ਵਲੋਂ ਪਾਕਿਸਤਾਨ ਵਰਗੇ ਰਾਜ ਦੀ ਮੰਗ ਨਜ਼ਰ ਆ ਰਹੀ ਹੈ। ਇਹ ਚਿੰਤਾ ਦੀ ਗੱਲ ਹੈ ਕਿਉਂਕਿ ਇਸ ਨਫ਼ਰਤ ਦੀ ਸਿਆਸਤ ਨੇ ਸਾਨੂੰ ਏਨਾ ਛੋਟਾ ਬਣਾ ਦਿਤਾ ਹੈ ਕਿ ਅੱਜ ਅਸੀਂ ਉਸ ਦੇਸ਼ ਨਾਲ ਜੰਗ ਲੜਨ ਤੇ ਉਤਰ ਆਏ ਹਾਂ ਜੋ ਕਿਸੇ ਸਮੇਂ ਸਾਡਾ ਛੋਟਾ ਭਰਾ ਸੀ, ਨਾ ਸਿਰਫ਼ ਜਨਮ ਵਿਚ ਬਲਕਿ ਹੈਸੀਅਤ ਵਿਚ ਵੀ।

ਜਿਹੜਾ ਭਾਰਤ ਕੁੱਝ ਸਾਲ ਪਹਿਲਾਂ ਅੰਤਰਰਾਸ਼ਟਰੀ ਤਾਕਤ ਬਣ ਰਿਹਾ ਸੀ, ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਵਿਚ ਬੈਠਣ ਦੀ ਆਸ ਰਖਦਾ ਸੀ, ਅੱਜ ਇਕ ਪਿਛੜੇ ਗ਼ਰੀਬ ਦੇਸ਼ ਦੇ ਇਕ 50 ਸਾਲ ਪੁਰਾਣੇ ਤਾਨਾਸ਼ਾਹ ਦੀ ਸੋਚ ਤੋਂ ਵੀ ਪਿੱਛੇ ਦੀ ਸੋਚ ਦਾ ਪ੍ਰਦਰਸ਼ਨ ਕਰ ਰਿਹਾ ਹੈ।
ਬਸ ਨਾਮ ਰਹੇਗਾ ਅੱਲਾਹ ਕਾ
ਜੋ ਗ਼ਾਇਬ ਭੀ ਹੈ ਹਾਜ਼ਿਰ ਭੀ

ਜੋ ਮੰਜ਼ਰ ਭੀ ਹੈ ਨਾਜ਼ਿਰ ਭੀ
ਉਠੇਗਾ ਅਨ-ਅਲ-ਹੱਕ ਕਾ ਨਾਰਾ
ਜੋ ਮੈਂ ਭੀ ਹੂੰ ਤੁਮ ਭੀ ਹੋ
ਔਰ ਰਾਜ ਕਰੇਗੀ ਖ਼ਲਕ-ਏ-ਖ਼ੁਦਾ

ਜੋ ਮੈਂ ਭੀ ਹੂੰ ਔਰ ਤੁਮ ਭੀ ਹੋ
ਹਮ ਦੇਖੇਂਗੇ, ਲਾਜ਼ਿਮ ਹੈ ਕਿ ਹਮ ਭੀ ਦੇਖੇਂਗੇ।
ਇਨਸ਼ਾ ਅੱਲਾਹ, ਸਤਿ ਸ੍ਰੀ ਅਕਾਲ, ਆਮੀਨ, ਜੈ ਸ੍ਰੀ ਕ੍ਰਿਸ਼ਣ...। ਸਬ ਦੇਖੇਗਾ... ਹੁਣ ਤਾਂ ਕੁਦਰਤ ਦਾ ਲੇਖਾ ਹੀ ਸੱਭ ਕੁੱਝ ਵਿਖਾਏਗਾ।  -ਨਿਮਰਤ ਕੌਰ