2020-21 ਦਾ ਬਜਟ 'ਅਗਰ ਮਗਰ' ਨਾਲ ਲੋੜ ਤੋਂ ਵੱਧ ਬੱਝਾ ਹੋਇਆ ਹੈ!

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਇਸ ਵਹੀ-ਖਾਤੇ ਦਾ ਅਸਲ ਮੰਤਵ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਖ਼ੁਸ਼ ਕਰਨਾ ਹੈ ਨਾਕਿ ਗ਼ਰੀਬ ਭਾਰਤੀ ਜਨਤਾ ਨੂੰ।

Photo

ਨਿਰਮਲਾ ਸੀਤਾਰਮਨ ਇਕ ਵਾਰੀ ਫਿਰ ਅਪਣਾ ਵਹੀ ਖਾਤਾ ਚੁੱਕੀ ਭਾਰਤ ਦੀ ਆਰਥਕ ਖ਼ੁਸ਼ਹਾਲੀ ਦੀ ਚਾਬੀ ਲੈ ਕੇ ਸੰਸਦ ਵਿਚ ਪੁੱਜੇ ਅਤੇ ਇਕ ਵਾਰੀ ਫਿਰ ਤੋਂ ਅਹਿਸਾਸ ਹੋਇਆ ਕਿ ਇਸ ਵਹੀ-ਖਾਤੇ ਦਾ ਅਸਲ ਮੰਤਵ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਖ਼ੁਸ਼ ਕਰਨਾ ਹੈ ਨਾਕਿ ਗ਼ਰੀਬ ਭਾਰਤੀ ਜਨਤਾ ਨੂੰ। ਬਜਟ ਤੋਂ ਬਾਅਦ ਸ਼ੇਅਰ ਬਾਜ਼ਾਰ ਵੀ ਭਾਰਤ ਦੀ ਜਨਤਾ ਦੇ ਹੌਸਲੇ ਵਾਂਗ ਹੀ ਡਿਗ ਪਿਆ ਅਤੇ ਸੋਮਵਾਰ ਨੂੰ ਕਈ ਕੋਸ਼ਿਸ਼ਾਂ ਤੋਂ ਬਾਅਦ, ਧੱਕਾ ਸਟਾਰਟ ਵਰਗੀ ਪੁਰਾਣੀ ਫ਼ੀਅਟ ਗੱਡੀ ਦੀ ਚਾਲ ਚਲ ਰਿਹਾ ਹੈ।

ਪਹਿਲਾਂ ਇਹ ਆਖਿਆ ਜਾਂਦਾ ਸੀ ਕਿ ਭਾਵੇਂ ਸਾਰੇ ਮਾਹਰ ਭਾਰਤ ਦੀ ਜੀ.ਡੀ.ਪੀ. ਬਾਰੇ ਮਾੜੀ ਭਵਿਖਬਾਣੀ ਕਰ ਰਹੇ ਸਨ ਪਰ ਸ਼ੇਅਰ ਬਾਜ਼ਾਰ ਯਾਨੀ ਕਿ ਕਾਰਪੋਰੇਟ ਕੰਪਨੀਆਂ ਤਾਂ ਠੀਕ ਚਲ ਰਹੀਆਂ ਹਨ ਅਤੇ ਉਨ੍ਹਾਂ ਨੂੰ ਅਜੇ ਵੀ ਚੰਗੇ ਭਵਿੱਖ ਦੀ ਆਸ ਅਜੇ ਬਾਕੀ ਹੈ। ਪਰ ਅੱਜ ਉਨ੍ਹਾਂ ਕੀ ਵੇਖ ਲਿਆ ਇਸ ਬਜਟ 'ਚ ਕਿ ਘਬਰਾਹਟ ਫੈਲ ਗਈ?

ਜਦ ਨਿਰਮਲਾ ਸੀਤਾਰਮਨ ਨੇ ਬੋਲਣਾ ਸ਼ੁਰੂ ਕੀਤਾ ਸੀ ਤਾਂ ਜਾਪਦਾ ਸੀ ਕਿ ਸਰਕਾਰ ਨੇ ਅਪਣੀ ਜਨਤਾ ਦੇ ਦਰਦ ਨੂੰ ਸਮਝ ਲਿਆ ਹੈ। ਰੁਜ਼ਗਾਰ, ਪਛੜੇ ਵਰਗਾਂ, ਔਰਤਾਂ ਪ੍ਰਤੀ ਚਿੰਤਾ ਕਰਨ ਵਾਲੀ ਉਸਾਰੂ ਸੋਚ। ਪਰ ਜਿਉਂ ਜਿਉਂ ਅੰਕੜੇ ਆਉਂਦੇ ਗਏ, ਤਿਉਂ ਤਿਉਂ ਸਮਝ ਆਉਂਦਾ ਗਿਆ ਕਿ ਇਕ ਸਰਦੀ ਦੀ ਰਾਤ ਵਿਚ, ਵਿਖਾਵੇ ਲਈ, ਜਨਤਾ ਤੇ ਨਰਮ ਮਲਮਲ ਦੀ ਇਕ ਚਾਦਰ ਪਾਈ ਜਾ ਰਹੀ ਹੈ।

ਕਈ ਥਾਂ ਤਾਂ ਚਾਦਰ ਵਿਛਾਉਣ ਦੀ ਕੋਸ਼ਿਸ਼ ਵੀ ਨਹੀਂ ਕੀਤੀ ਜਾ ਰਹੀ। ਮਨਰੇਗਾ ਲਈ ਰਖਿਆ ਪੈਸਾ ਘਟਾ ਕੇ, ਉਨ੍ਹਾਂ ਅਪਣੀ ਸਿਆਸੀ ਰੰਜਿਸ਼ ਪੂਰੀ ਕੀਤੀ, ਭਾਵੇਂ ਨੁਕਸਾਨ ਉਨ੍ਹਾਂ ਨੂੰ ਚੁਣਨ ਵਾਲੀ ਜਨਤਾ ਦਾ ਹੀ ਹੋਇਆ ਹੋਵੇ। ਜਨਤਾ ਪ੍ਰਤੀ ਜਿਸ ਚਿੰਤਾ ਦਾ ਵਾਰ ਵਾਰ ਹੋਕਾ ਦਿਤਾ ਗਿਆ ਸੀ, ਉਹ ਤਾਂ ਸਰਕਾਰ ਦੀ ਕਾਰਗੁਜ਼ਾਰੀ ਵਿਚ ਨਜ਼ਰ ਨਹੀਂ ਆ ਰਹੀ।

ਅੱਜ ਸਾਰਾ ਦੇਸ਼ ਵੰਡਿਆ ਬੈਠਾ ਹੈ। ਇਕ ਤਬਕਾ ਘਬਰਾਇਆ ਤੇ ਡਰਿਆ ਬੈਠਾ ਹੈ ਅਤੇ ਜੇ ਅਪਣੀ ਹੀ ਜਨਤਾ ਨੂੰ ਬਜਟ ਵਿਚ ਕੋਈ ਚਾਹਤ ਨਹੀਂ ਦੇ ਸਕਦੇ ਤਾਂ ਫਿਰ ਜ਼ੁਬਾਨੀ ਚਿੰਤਾ ਜਨਤਾ ਦੇ ਕਿਸ ਕੰਮ ਆਵੇਗੀ? ਚਲੋ, ਜੇ ਮੰਨ ਵੀ ਲਈਏ ਕਿ ਸਰਕਾਰ ਸਾਰਿਆਂ ਵਾਸਤੇ ਕੁੱਝ ਨਾ ਕੁੱਝ ਲੈ ਕੇ ਆਈ ਹੈ ਤਾਂ ਇਹ ਗੱਲ ਦਸਣੀ ਪਵੇਗੀ ਕਿ ਕਿਥੋਂ ਆਵੇਗਾ ਇਹ ਸਾਰਾ ਖ਼ਰਚਾ?

ਹਰ ਕਦਮ ਨਾਲ ਸਰਕਾਰ ਨੇ ਇਕ ਲਫ਼ਜ਼ ਜੋੜਿਆ ਹੈ 'ਅਗਰ'। ਅਗਰ ਏਅਰ ਇੰਡੀਆ ਵਿਕੇਗਾ, ਅਗਰ ਐਲ.ਆਈ.ਸੀ. ਦਾ ਆਈ.ਪੀ.ਓ. ਕਾਮਯਾਬ ਹੋਵੇਗਾ, ਅਗਰ ਸੂਬੇ ਅੱਗੇ ਆਉਣਗੇ, ਅਗਰ ਨਿਜੀ ਕੰਪਨੀਆਂ ਸਰਕਾਰ ਨਾਲ ਮਿਲ ਕੇ ਹਸਪਤਾਲ ਖੋਲ੍ਹਣਗੀਆਂ, ਅਗਰ ਤੁਸੀਂ ਅਪਣੀ ਸਬਸਿਡੀ ਛੱਡੋਗੇ ਆਦਿ।

ਇਸ ਅਗਰ ਮਗਰ ਵਿਚ ਇਹ ਗੱਲ ਸਮਝ ਵਿਚ ਆਉਂਦੀ ਹੈ ਕਿ ਇਸ ਸਰਕਾਰ ਕੋਲ ਅਪਣੇ ਕੋਲ ਖ਼ਰਚੇ ਵਾਸਤੇ ਕੁੱਝ ਵੀ ਨਹੀਂ ਅਤੇ ਉਹ ਅਪਣੇ ਬਜਟ ਲਈ ਨਿਜੀ ਦੌਲਤ ਉਤੇ ਨਿਰਭਰ ਹੈ। ਪਰ ਇਹੀ ਤਾਂ ਕਾਰਨ ਹੈ ਕਿ ਭਾਰਤ ਵਿਚ ਪਿਛਲੇ ਕੁੱਝ ਸਾਲਾਂ ਵਿਚ ਗ਼ਰੀਬੀ-ਅਮੀਰੀ ਦਾ ਫ਼ਰਕ ਵਧੀ ਜਾ ਰਿਹਾ ਹੈ ਅਤੇ ਹੁਣ ਵੀ ਜੇ ਤੁਸੀਂ ਨਿਜੀ ਕੰਪਨੀਆਂ ਨੂੰ ਹੀ ਮੌਕਾ ਦਈ ਰੱਖੋਗੇ ਤਾਂ ਫਿਰ ਇਹ ਦੂਰੀ ਹਟੇਗੀ ਕਿਸ ਤਰ੍ਹਾਂ?

ਸਰਕਾਰ ਦੇ ਇਸ ਬਜਟ ਵਿਚਲੀ ਸੋਚ ਚੰਗੀ ਹੈ, ਖ਼ਾਸ ਕਰ ਕੇ ਊਰਜਾ ਉਤਪਾਦ ਵਧਾਉਣ ਵਾਸਤੇ ਪਰ ਸਿਰਫ਼ ਸੋਚ ਨਹੀਂ, ਹੁਣ ਤਾਂ ਠੋਸ ਕਦਮ ਚੁੱਕਣ ਦੀ ਲੋੜ ਹੈ। ਇਹ ਬਜਟ ਉਸ ਹਾਲਤ ਵਿਚ ਅਸਰਦਾਰ ਹੁੰਦਾ ਜੇ ਸਾਡਾ ਅਰਥਚਾਰਾ ਇਕ ਸਥਿਰਤਾ ਵਾਲੀ ਥਾਂ ਉਤੇ ਪਹੁੰਚ ਚੁੱਕਾ ਹੁੰਦਾ ਪਰ ਅੱਜ ਤਾਂ ਇਹ ਸੰਕਟ ਵਿਚ ਘਿਰਿਆ ਬੈਠਾ ਹੈ।

ਸੋ ਕੀ ਇਹ ਬਜਟ ਭਾਰਤ ਨੂੰ ਅੱਜ ਅਤੇ ਆਉਣ ਵਾਲੇ ਕਲ੍ਹ ਦੀਆਂ ਮੁਸੀਬਤਾਂ ਵਾਸਤੇ ਤਿਆਰ ਕਰਦਾ ਹੈ? ਇਸ ਬਜਟ ਭਾਸ਼ਣ ਨੇ ਪਹਿਲੀ ਸਦੀ ਦੇ ਭਾਰਤੀ ਸਮਾਜ ਵਾਂਗ ਭਾਰਤ ਨੂੰ ਉਜਵਲ ਬਣਾਉਣ ਦੀ ਗੱਲ ਕੀਤੀ ਪਰ ਕੀ ਉਸ ਸਦੀ ਦੇ ਸਾਡੇ ਪੂਰਵਜਾਂ ਦੀ ਸੋਚ ਸਾਡੀ ਅੱਜ ਦੀ ਸੋਚ ਵਾਂਗ ਸੀ? ਉਹ ਲੋਕ ਅੱਗੇ ਦੀ ਸੋਚਦੇ ਸਨ, ਤਾਂ ਹੀ ਤਾਂ ਭਾਰਤ ਨੂੰ ਸੋਨੇ ਦੀ ਚਿੜੀ ਬਣਾਉਣ ਵਿਚ ਕਾਮਯਾਬ ਹੋਏ।

ਪਰ ਅਸੀਂ ਉਨ੍ਹਾਂ ਦੇ ਸੁਨਹਿਰੀ ਯੁਗ ਦਾ ਨਾਂ ਲੈ ਲੈ ਕੇ ਪਿੱਛੇ ਵਲ ਵੇਖ ਕੇ, ਭਵਿੱਖ ਦਾ ਅਪਣਾ ਕੰਮ ਚਲਾਉਣਾ ਚਾਹੁੰਦੇ ਹਾਂ। ਬਜਟ ਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਵੇਖੀਏ ਤਾਂ ਇਸ ਬਜਟ ਤੋਂ ਕੋਈ ਉਮੀਦ ਨਹੀਂ ਰੱਖੀ ਜਾ ਸਕਦੀ ਪਰ ਸ਼ਾਇਦ ਇਸ ਦੇ ਲਾਗੂ ਹੋਣ ਵਿਚ ਕੁੱਝ ਅਜਿਹੀ ਕਰਾਮਾਤ ਹੋ ਜਾਵੇ ਕਿ ਭਾਰਤ ਉਤੇ ਲਟਕਦਾ ਸੰਕਟ ਟਲ ਜਾਵੇ।  -ਨਿਮਰਤ ਕੌਰ