‘‘ਇਹ ਕਿਸਾਨ ਨਹੀਂ, ਅਤਿਵਾਦੀ ਹਨ ਜੋ ਚੀਨ ਦੇ ਇਸ਼ਾਰੇ 'ਤੇ, ਸੜਕਾਂ ਤੇ ਆਏ ਬੈਠੇ ਨੇ’’...
ਦੀਵਾਰ ਬਣਾਉਣੀ ਹੀ ਸੀ ਤਾਂ ਚੀਨ ਦੀ ਸਰਹੱਦ ’ਤੇ ਬਣਾਈ ਜਾਂਦੀ ਜਿਥੇ ਚੀਨ ਇਕ ਨਵਾਂ ਪਿੰਡ ਉਸਾਰ ਰਿਹਾ ਹੈ।
ਕਿਸਾਨਾਂ ਦੀ ਆਵਾਜ਼ ਭਾਵੇਂ ਦਿੱਲੀ ਦੇ ਬਾਰਡਰਾਂ ਦੇ ਬੈਰੀਕੇਡਾਂ ਪਿਛੇ ਦਬਾਉਣ ਲਈ ਕੰਕਰੀਟ ਦੀਆਂ ਦੀਵਾਰਾਂ ਉਸਾਰੀਆਂ ਜਾ ਰਹੀਆਂ ਹਨ, ਕਿਸਾਨਾਂ ਦੇ ਹੱਕ ਵਿਚ ਆਵਾਜ਼ ਸਦਨ ਤੋਂ ਲੈ ਕੇ ਟਵਿੱਟਰ ਤਕ ਗੂੰਜ ਰਹੀ ਹੈ। ਅਸੀ ਇਕ ਬੇਆਰਾਮ ਸੰਸਦ ਵੇਖੀ ਜਿਥੇ ਵਿਰੋਧੀ ਧਿਰ ਕਿਸਾਨਾਂ ਦੇ ਹੱਕਾਂ ਲਈ ਤੜਫ਼ਦੀ ਤੇ ਸ਼ੂਕਦੀ ਨਜ਼ਰ ਆਈ। ਕਿਸਾਨਾਂ ਦਾ ਦਿੱਲੀ ਵਿਚ ਆਉਣਾ ਜਾਣਾ ਬੰਦ ਕਰ ਦਿਤਾ ਗਿਆ ਅਤੇ ਇਸ ਧੱਕੇ ਵਿਰੁਧ ਦਿੱਲੀ ਵਾਸੀਆਂ ਨੇ ਕਿਸਾਨਾਂ ਦੇ ਹੱਕ ਵਿਚ ਜੰਤਰ ਮੰਤਰ ਵਿਖੇ ਮੁਜ਼ਾਹਰਾ ਕੀਤਾ।
ਅੱਜ ਤਕ ਤਾਂ ਸਿਰਫ਼ ਸਾਡੇ ਪੰਜਾਬ ਦੇ ਕਲਾਕਾਰ ਹੀ ਕਿਸਾਨੀ ਲਈ ਅਪਣੀ ਆਵਾਜ਼ ਬੁਲੰਦ ਕਰਦੇ ਆ ਰਹੇ ਸਨ ਪਰ ਹੁਣ ਅੰਤਰਰਾਸ਼ਟਰੀ ਗਰੈਮੀ ਐਵਾਰਡ ਜੇਤੂ ਗੀਤਕਾਰਾ ਰਿਹਾਨਾ ਨੇ ਦਿੱਲੀ ’ਚ ਬੈਠੇ ਕਿਸਾਨਾਂ ਲਈ ਅਵਾਜ਼ ਚੁੱਕੀ ਹੈ ਤੇ ਆਖਿਆ ਹੈ ਕਿ ਅਸੀ ਇਸ ਬਾਰੇ ਗੱਲ ਕਿਉਂ ਨਹੀਂ ਕਰ ਰਹੇ? ਰਿਹਾਨਾ ਦੇ ਅਜਿਹਾ ਆਖਣ ਤੋਂ ਬਾਅਦ ਗ੍ਰੇਟਾ ਥਨਬਰਗ ਨੇ ਵੀ ਕਿਸਾਨਾਂ ਦੀ ਹਾਲਤ ਬਾਰੇ ਗੱਲ ਕੀਤੀ। ਕੇਂਦਰ ਸਰਕਾਰ ਕਿਸਾਨਾਂ ਦੇ ਹੱਕ ਵਿਚ ਆਵਾਜ਼ ਚੁਕਣ ਵਾਲੇ 20 ਟਵਿੱਟਰ ਖਾਤਿਆਂ ਨੂੰ ਬੰਦ ਕਰ ਕੇ ਸਮਝ ਰਹੀ ਸੀ ਕਿ ਉਹ ਕਿਸਾਨ ਦੀ ਆਵਾਜ਼ ਦਬਾਅ ਲਵੇਗੀ ਪਰ ਅੱਜ ਪੂਰੀ ਦੁਨੀਆਂ ਦਾ ਟਵਿੱਟਰ, ਭਾਰਤੀ ਕਿਸਾਨਾਂ ਦੀ ਗੱਲ ਕਰ ਰਿਹਾ ਹੈ।
ਹੁਣ ਸਰਕਾਰ ਵਲੋਂ ਕਿਸ ਕਿਸ ਦਾ ਅਕਾਊਂਟ ਬੰਦ ਕਰਵਾਇਆ ਜਾਵੇਗਾ? ਭਾਰਤੀ ਪੱਤਰਕਾਰੀ ਦਾ ਨਾਮ ਪੂਰੀ ਦੁਨੀਆਂ ਵਿਚ ਬਦਨਾਮ ਹੋ ਗਿਆ ਹੈ। ਭਾਰਤ ਦੇ ਰਾਸ਼ਟਰੀ ਚੈਨਲਾਂ ਨੂੰ ‘ਗੋਦੀ ਮੀਡੀਆ’ ਤਕ ਆਖਿਆ ਜਾ ਰਿਹਾ ਹੈ। ਜਿਹੜੇ ਚੈਨਲ ਕੁੱਝ ਨਿਰਪੱਖ ਪੱਤਰਕਾਰੀ ਕਰ ਰਹੇ ਸਨ, ਉਨ੍ਹਾਂ ’ਤੇ ਪਰਚੇ ਦਰਜ ਕਰਵਾ ਦਿਤੇ ਗਏ ਅਤੇ ਅੰਦੋਲਨ ਦੀ ਕਵਰੇਜ ਕਰ ਰਹੇ ਪੱਤਰਕਾਰਾਂ ਨੂੰ ਸਰਕਾਰੀ ਕੰਮਾਂ ਵਿਚ ਅੜਿੱਕਾ ਪਾਉਂਦੇ ਕਹਿ ਕੇ ਅੰਦੋਲਨ ਤੋਂ ਦੂਰ ਕੀਤਾ ਜਾ ਰਿਹਾ ਹੈ ਤਾਕਿ ਸਹੀ ਜਾਣਕਾਰੀ ਲੋਕਾਂ ਤਕ ਨਾ ਪਹੁੰਚ ਸਕੇ।
ਦਿੱਲੀ ਵਿਚ ਫ਼ਿਰਕੂ ਭੀੜ ਦਾ ਸੱਚ ਪਤਾ ਕਰਨ ਵਾਲੇ ਪੱਤਰਕਾਰ ਮਨਦੀਪ ਪੂਨੀਆ ਨੂੰ ਰਾਤ ਦੇ ਹਨੇਰੇ ਵਿਚ ਹੀ ਹਿਰਾਸਤ ਵਿਚ ਲੈ ਲਿਆ ਗਿਆ ਪਰ ਅੱਜ ਤਾਂ ਅੰਤਰਰਾਸ਼ਟਰੀ ਮੀਡੀਆ ਵੀ ਅਵਾਜ਼ ਚੁੱਕ ਰਿਹਾ ਹੈ। ਉਸ ਬਾਰੇ ਸਰਕਾਰ ਕੀ ਕਰੇਗੀ? ਉਨ੍ਹਾਂ ਨੂੰ ਤਾਂ ਇਸ ਤਰ੍ਹਾਂ ਨਹੀਂ ਚੁਕਿਆ ਜਾ ਸਕਦਾ।
ਸੋ ਸਰਕਾਰ ਦਾ ਜਵਾਬ ਕੀ ਹੈ? ਉਹ ਸਾਰੇ ਵਿਰੋਧ ਦਾ ਜਵਾਬ ਅਜੀਬ ਤਰੀਕੇ ਨਾਲ ਦੇ ਰਹੀ ਹੈ। ਰਾਜ ਸਭਾ ਦੇ ਚੇਅਰਮੈਨ ਨਾਇਡੂ ਦਾ ਕਹਿਣਾ ਹੈ ਕਿ ਖੇਤੀ ਕਾਨੂੰਨ ਵਿਚਾਰ ਵਟਾਂਦਰੇ ਤੋਂ ਬਾਅਦ ਪਾਸ ਹੋਏ ਸਨ ਪਰ ਉਹ ਭੁੱਲ ਗਏ ਕਿ ਸਾਰੀ ਕਾਰਵਾਈ ਦੇਸ਼ ਭਰ ਵਿਚ ਵੇਖੀ ਜਾ ਰਹੀ ਸੀ। ਜੋ ਵੇਖਿਆ ਗਿਆ, ਉਸ ਨੂੰ ਵਿਚਾਰ ਵਟਾਂਦਰਾ ਨਹੀਂ ਬਲਕਿ ਜ਼ਬਰਦਸਤੀ ਆਖਿਆ ਜਾਂਦਾ ਹੈ। ਸਿਰਫ਼ ਚਾਰ ਘੰਟੇ ਇਕ ਐਸੇ ਕਾਨੂੰਨ ਲਈ ਜਿਸ ਦਾ ਅਸਰ 80 ਫ਼ੀ ਸਦੀ ਭਾਰਤੀ ਕਿਸਾਨਾਂ ’ਤੇ ਪੈਣਾ ਹੈ, ਕੀ ਉਹ ਅਜਿਹੇ ਬਿਆਨ ਲਈ ਅਪਣੀ ਗ਼ਲਤੀ ਮੰਨਦੇ ਹਨ?
ਦਿੱਲੀ ਦੇ ਬਾਰਡਰਾਂ ’ਤੇ ਦਿੱਲੀ ਪੁਲਿਸ ਵਲੋਂ ਲਾਏ ਗਏ ਬੈਰੀਕੇਡਾਂ ਤੋਂ ਸਪੱਸ਼ਟ ਹੈ ਕਿ ਉਹ ਕਿਸਾਨਾਂ ਦੇ ਸ਼ਾਂਤਮਈ ਅੰਦੋਲਨ ਨੂੰ ਵੇਖ ਕੇ ਉਨ੍ਹਾਂ ਨੂੰ ਕਾਬੂ ਕਰਨ ਲਈ ਇਹ ਦੀਵਾਰਾਂ ਉਸਾਰ ਰਹੇ ਹਨ। ਪਰ ਕੀ ਅੱਜ ਤਕ ਕਦੇ ਕਿਸੇ ਸਰਹੱਦ ’ਤੇ ਪੈਦਾ ਹੋਏ ਖ਼ਤਰੇ ਨੂੰ ਵੇਖਦੇ ਹੋਏ ਜਾਂ ਜੰਗ ਤੋਂ ਬਿਨਾਂ ਅਜਿਹੀ ਦੀਵਾਰ ਬਣੀ ਹੈੈ? ਜੇ ਦੀਵਾਰ ਬਣਾਉਣੀ ਹੀ ਸੀ ਤਾਂ ਚੀਨ ਦੀ ਸਰਹੱਦ ’ਤੇ ਬਣਾਈ ਜਾਂਦੀ ਜਿਥੇ ਚੀਨ ਇਕ ਨਵਾਂ ਪਿੰਡ ਉਸਾਰ ਰਿਹਾ ਹੈ। ਕੀ ਸਾਡੇ ਪੰਜਾਬੀ ਕਿਸਾਨ ਭਾਰਤ ਸਰਕਾਰ ਨੂੰ ਚੀਨ ਦੇ ਫ਼ੌਜੀਆਂ ਨਾਲੋਂ ਵੱਧ ਖ਼ਤਰਨਾਕ ਜਾਪ ਰਹੇ ਹਨ?
ਕੇਂਦਰ ਸਰਕਾਰ ਵਲੋਂ ਜਿਥੇ ਦਿੱਲੀ ਦੀਆਂ ਸਰਹੱਦਾਂ ’ਤੇ ਦੀਵਾਰਾਂ ਬਣਾ ਕੇ ਕਿਸਾਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਥੇ ਅੱਜ ਜੀਂਦ ਦੀ ਮਹਾਂਪੰਚਾਇਤ ਦੇ ਵਿਸ਼ਾਲ ਇਕੱਠ ਨੇ ਸਿੱਧ ਕਰ ਦਿਤਾ ਹੈ ਕਿ ਇਹ ਸੰਘਰਸ਼ ਦਿੱਲੀ ਦੀਆਂ ਸਰਹੱਦਾਂ ਜਾਂ ਪੰਜਾਬ ਤੇ ਹਰਿਆਣਾ ਦੀਆਂ ਸਰਹੱਦਾਂ ਤਕ ਸੀਮਤ ਨਹੀਂ ਰਿਹਾ ਬਲਕਿ ਭਾਰਤ ਦੇ ਹਿੰਦੀ ਗੜ੍ਹ ਵਿਚ ਵੀ ਫੈਲ ਚੁਕਿਆ ਹੈ।
ਹੁਣ ਕੇਂਦਰ ਵਲੋਂ ਟਵਿੱਟਰ ’ਤੇ ਅਪਣਾ ਬ੍ਰਹਮ ਅਸਤਰ ਛਡਿਆ ਗਿਆ। ਅੰਤਰ-ਰਾਸ਼ਟਰੀ ਪ੍ਰਸਿੱਧੀ ਵਾਲੀ ਰਿਹਾਨਾ ਨੂੰ ਗਿਲਾ ਹੈ ਕਿ ਭਾਰਤ ਸਰਕਾਰ ਦੀ ਕਿਸਾਨਾਂ ਪ੍ਰਤੀ ਧੱਕੇਸ਼ਾਹੀ ਵਿਰੁਧ ਲੋਕ ਕਿਉਂ ਨਹੀਂ ਬੋਲਦੇ? ਰਿਹਾਨਾ ਨੂੰ ਜਵਾਬ ਦਿੰਦਿਆਂ ‘ਸਿਆਣੀ’ ਕੰਗਨਾ ਆਖਦੀ ਹੈ ਕਿ ਇਹ ਕਿਸਾਨ ਨਹੀਂ, ਇਹ ਤਾਂ ਅਤਿਵਾਦੀ ਹਨ ਅਤੇ ਚੀਨ ਦੀ ਯੋਜਨਾ ਅਨੁਸਾਰ ਭਾਰਤ ’ਤੇ ਕਬਜ਼ਾ ਕਰਨਾ ਚਾਹੁੰਦੇ ਹਨ।
ਕੀ ਗ੍ਰਹਿ ਮੰਤਰੀ ਸੁਣ ਰਹੇ ਹਨ? ਚੀਨ ਕਿਸਾਨ ਦੇ ਭੇਸ ਵਿਚ ਦਿੱਲੀ ਦੀ ਸਰਹੱਦ ’ਤੇ ਪਹੁੰਚ ਗਿਆ ਹੈ ਜਿਸ ਦਾ ਗ੍ਰਹਿ ਮੰਤਰੀ ਤੋਂ ਪਹਿਲਾਂ ਕੰਗਣਾ ਰਣੌਤ ਨੂੰ ਪਤਾ ਚਲ ਗਿਆ ਹੈ। ਇਸ ਦਾ ਅਕਾਊਂਟ ਝੂਠ ਫੈਲਾਉਣ ਕਾਰਨ ਕਦੋਂ ਬੰਦ ਹੋਵੇਗਾ? ਜਿੰਨਾ ਭਾਰਤ ਸਰਕਾਰ ਅੰਦੋਲਨ ਨੂੰ ਦਬਾਉਣ ਦਾ ਯਤਨ ਕਰ ਰਹੀ ਹੈ, ਉਹ ਉਨਾ ਹੀ ਫੈਲਦਾ ਜਾ ਰਿਹਾ ਹੈ। ਸਰਕਾਰ ਅਪਣੇ ਬਹੁਮਤ ਦੇ ਹੰਕਾਰ ਨੂੰ ਛੱਡ ਕੇ ਲੋਕਾਂ ਦਾ ਦਰਦ ਸਮਝ ਲਵੇ ਤਾਂ ਉਸ ਦੇ ਲੀਡਰਾਂ ਦਾ ਕੱਦ ਉੱਚਾ ਹੋ ਜਾਵੇਗਾ। ਪਰ ਸਰਕਾਰ ਅਪਣੇ ਨਾਲ ਝੂਠ ਦਾ ਨਾਮ ਕਿਉਂ ਜੋੜਨਾ ਚਾਹੁੰਦੀ ਹੈ? -ਨਿਮਰਤ ਕੌਰ