ਸੰਪਾਦਕੀ: ਪੰਜਾਬ, ਪੰਜਾਬੀਅਤ ਬਨਾਮ ਕੇਰਲ ਤੇ ‘ਕੇਰਲੀਅਤ’!

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਅੱਜ ਸਾਡੇ ਸਾਹਮਣੇ ਪੰਜਾਬ ਦੀ ਨਵੀਂ ਸਰਕਾਰ ਆ ਰਹੀ ਹੈ ਤੇ ਨਵਾਂ ਦੌਰ ਸ਼ੁਰੂ ਹੋਣ ਜਾ ਰਿਹਾ ਹੈ ਪਰ ਕੀ ਉਹ ਸਾਡੀ ਪੰਜਾਬੀਅਤ ਨੂੰ ਬਚਾ ਲਵੇਗੀ?

Punjab

 

 ‘ਪੰਜਾਬ ਬਚਾਉਣਾ ਹੈ, ਪੰਜਾਬੀਅਤ ਬਚਾਉਣੀ ਹੈ’ -- ਇਸ ਤਰ੍ਹਾਂ ਦੇ ਨਾਹਰੇ ਹਰ ਥਾਂ ਸੁਣਨ ਨੂੰ ਮਿਲਦੇ ਹਨ ਪਰ ਜੇ ਨਾਹਰੇ ਮਾਰਨ ਵਾਲੇ ਇਨ੍ਹਾਂ ਸਾਰੇ ਵੱਡੇ ਲੋਕਾਂ ਨੂੰ ਵੱਖ-ਵੱਖ ਕਰ ਕੇ ਪੁੱਛ ਲਵੋ ਕਿ ਪੰਜਾਬੀਅਤ ਤੋਂ ਉਹਨਾਂ ਦਾ ਮਤਲਬ ਕੀ ਹੈ ਤਾਂ ਉਹ ਜਵਾਬ ਨਹੀਂ ਦੇ ਸਕਣਗੇ। ਬਚਾਉਣ ਵਾਸਤੇ ਕੋਈ ਜ਼ਮੀਨ ਦਾ ਟੁਕੜਾ ਤਾਂ ਹੈ ਨਹੀਂ, ਬਚਾਏ ਜਾਣ ਵਾਲੇ ਪੰਜਾਬ ਤੇ ਪੰਜਾਬੀਅਤ ਦੀ ਪਰਿਭਾਸ਼ਾ ਬਾਰੇ ਜਦ ਤਕ ਅਸੀ ਸਪੱਸ਼ਟ ਨਹੀਂ ਹੁੰਦੇ, ਤਦ ਤਕ ਇਹ ਨਹੀਂ ਪਤਾ ਲਗਦਾ ਕਿ ਇਸ ਨੂੰ ਬਚਾ ਕੌਣ ਸਕਦਾ ਹੈ ਤੇ ਉਹ ਬੱਚ ਕਿਵੇਂ ਸਕਦਾ ਹੈ।

ਅੱਜ ਸਾਡੇ ਸਾਹਮਣੇ ਪੰਜਾਬ ਦੀ ਨਵੀਂ ਸਰਕਾਰ ਆ ਰਹੀ ਹੈ ਤੇ ਨਵਾਂ ਦੌਰ ਸ਼ੁਰੂ ਹੋਣ ਜਾ ਰਿਹਾ ਹੈ ਪਰ ਕੀ ਉਹ ਸਾਡੀ ਪੰਜਾਬੀਅਤ ਨੂੰ ਬਚਾ ਲਵੇਗੀ? ਜੇ ਪੰਜਾਬ ਵਿਚ ਨਵੀਂ ਸਰਕਾਰ ਪੰਜਾਬ ਦਾ ਕਰਜ਼ਾ ਉਤਾਰ ਸਕੇ, ਜੇ ਖਜ਼ਾਨੇ ਵਿਚ ਪੈਸਾ ਆ ਜਾਵੇ, ਇਸ ਵਾਰ ਨੌਕਰੀਆਂ ਮਿਲ ਜਾਣ ਤਾਂ ਕੀ ਪੰਜਾਬੀਅਤ ਬੱਚ ਸਕਦੀ ਹੈ? ਕੀ ਸਾਡੀ ਪੰਜਾਬੀਅਤ, ਪੰਜਾਬ ਸਿਰ ਚੜ੍ਹੇ ਕਰਜ਼ੇ ਜਾਂ ਸਰਕਾਰੀ ਨੌਕਰੀਆਂ ਮਿਲਣ ਜਾਂ ਨਾ ਮਿਲਣ ਦੀ ਮੁਥਾਜ ਹੈ?


Punjab

ਹਾਂ ਪੰਜਾਬ ਦੇ ਆਰਥਕ ਮੁੱਦੇ ਜ਼ਰੂਰੀ ਹਨ ਤੇ ਇਨ੍ਹਾਂ ਵਲ ਧਿਆਨ ਦੇਣ ਦੀ ਲੋੜ ਹੈ ਪਰ ਜਿੰਨਾ ਬੁਰਾ ਹਾਲ ਅਸੀ ਸੋਚਦੇ ਹਾਂ, ਉਨਾ ਹੈ ਨਹੀਂ। ਭਾਰਤ ਦੇ ਇਕ ਅਜਿਹੇ ਸੂਬੇ (ਕੇਰਲ) ਵਿਚ ਵਿਚਰਣ ਦਾ ਮੌਕਾ ਮੇਲ ਬਣਿਆ ਹੈ, ਜੋ ਪੰਜਾਬ ਵਰਗਾ ਹੈ ਵੀ ਤੇ ਨਹੀਂ ਵੀ। ਕੇਰਲਾ ਦੇ ਪਿੰਡ-ਪਿੰਡ ਵਿਚ ਟੁਰ ਫਿਰ ਕੇ ਵੇਖਿਆ। ਸਾਡੇ ਵਾਂਗ ਪਿੰਡਾਂ, ਖੇਤਾਂ ਤੇ ਵਿਦੇਸ਼ ਜਾਣ ਦੇ  ਚਾਹਵਾਨ ਨੌਜਵਾਨਾਂ ਨਾਲ ਭਰਿਆ ਸੂਬਾ ਹੈ ਪਰ ਫਿਰ ਵੀ ਵਖਰਾ ਹੈ।

Kerala CM Pinarayi Vijayan

ਪੰਜਾਬੀਅਤ ਨੂੰ ਤਾਂ ਅਸੀਂ ਸਮਝ ਨਹੀਂ ਪਾ ਰਹੇ ਕਿ ਇਹ ਹੈ ਕੀ ਜਦਕਿ ਇਨ੍ਹਾਂ ਦੀ ‘ਕੇਰਲੀਅਤ’ ਜਾਂ ‘ਕੇਰਲ ਕਿਰਦਾਰ’ ਸਾਫ਼ ਨਜ਼ਰ ਆਉਂਦੇ ਹਨ। ਕੋਚੀਨ ਦੇ ਇਕ ਛੋਟੇ ਪਿੰਡ ਵਲ ਜਾਂਦੀ ਰਾਸ਼ਟਰੀ ਸੜਕ ਖ਼ਰਾਬ ਹੋਣ ਕਾਰਨ ਛੋਟੇ ਛੋਟੇ ਪਿੰਡਾਂ ’ਚ ਵਸਦੇ ਲੋਕਾਂ ਕੋਲ ਜਾ ਕੇ, ਇਕ ਵੱਡਾ ਫ਼ਰਕ ਸਮਝ ਆਇਆ। ਸੜਕ ਸਾਡੇ ਸ਼ਹਿਰਾਂ ਨਾਲ ਲਗਦੇ ਰਸਤਿਆਂ ਤੋਂ ਛੋਟੀ ਪਰ ਪੱਕੀ ਹੈ ਤੇ ਸਾਰੇ ਪਾਸੇ ਸਫ਼ਾਈ ਵੇਖ ਕੇ ਪਹਿਲਾ ਅੰਤਰ ਨਜ਼ਰ ਆਉਂਦਾ ਹੈ। ਫਿਰ ਤੁਹਾਨੂੰ ਕੁੱਝ ਖ਼ਾਲੀ-ਖ਼ਾਲੀ ਲਗਦਾ ਹੈ ਜਿਵੇਂ ਸਾਰੇ ਬਾਜ਼ਾਰ ਅਧੂਰੇ ਹੋਣ। ਫ਼ਰਕ ਇਹ ਹੈ ਕਿ ਕਿਤੇ ਵੀ ਤੁਹਾਨੂੰ ਸ਼ਰਾਬ ਦੀਆਂ ਦੁਕਾਨਾਂ ਨਜ਼ਰ ਨਹੀਂ ਆਉਂਦੀਆਂ ਤੇ ਨਾ ਹੀ ਗੱਡੀਆਂ ਦੀਆਂ ਦੁਕਾਨਾਂ ਤੇ ਨਾ ਹੀ ਫ਼ਾਸਟ ਫ਼ੂਡ ਦੀਆਂ ਦੁਕਾਨਾਂ। ਹਾਂ ਫਲਾਂ ਦੀਆਂ ਦੁਕਾਨਾਂ, ਮੱਛੀ ਦੀਆਂ ਵਡੀਆਂ ਵਡੀਆਂ ਦੁਕਾਨਾਂ ਆਮ ਨਜ਼ਰ ਆਉਂਦੀਆਂ ਹਨ।

Punjab Punjabi Punjabiat

ਇਥੋਂ ਦੇ ਟੈਕਸੀ ਡਰਾਈਵਰ ਦੀ ਅੰਗਰੇਜ਼ੀ ਸਾਡੇ ਅਫ਼ਸਰਾਂ ਦੀ ਅੰਗਰੇਜ਼ੀ ਨਾਲੋਂ ਬਿਹਤਰ ਸੀ ਤੇ ਅਪਣੇ ਦੋਵੇਂ ਸੂਬਿਆਂ ਬਾਰੇ ਵਿਦੇਸ਼ਾਂ ਵਿਚ ਜਾਂਦੇ ਬੱਚਿਆਂ ਬਾਰੇ ਇਕ ਦਰਦਨਾਕ ਫ਼ਰਕ ਦਾ ਅਹਿਸਾਸ ਹੋਇਆ। ਇਥੋਂ ਦੇ ਨੌਜੁਆਨ ਪਹਿਲਾਂ  ਬੋਹਾ, ਯੂ.ਏ.ਈ ਵਿਚ ਮਜ਼ਦੂਰੀ ਕਰਨ ਜਾਂਦੇ ਸਨ ਪਰ ਹੁਣ ਪੜ੍ਹ ਲਿਖ ਕੇ ਹੋਰ ਪੜ੍ਹਨ ਲਈ ਅਮਰੀਕਾ, ਕੈਨੇਡਾ ਤੇ ਯੂ.ਕੇ ਜਾਣ ਲੱਗੇ ਹਨ। ਉਧਰ ਸਾਡੇ ਪੰਜਾਬ ’ਚ ਪਹਿਲਾਂ ਪੜ੍ਹੇ ਲਿਖੇ ਪੰਜਾਬੀ ਹੀ ਵਿਦੇਸ਼ਾਂ ਵਿਚ ਉਚੇਰੀ ਪੜ੍ਹਾਈ ਲਈ ਵਿਦੇਸ਼ ਜਾਂਦੇ ਸਨ ਪਰ ਅੱਜ ਬਹੁਤੇ ਪੰਜਾਬੀ ਡਰਾਈਵਰ ਬਣਨ ਜਾਂ ਕੋਈ ਵੀ ਚੰਗਾ ਮਾੜਾ ਕੰਮ ਕਰਨ ਲਈ ਵਿਦੇਸ਼ਾਂ ਵਲ ਬਿਨਾਂ ਸੋਚੇ ਸਮਝੇ ਭੱਜ ਰਹੇ ਹਨ। ਚੋਣਾਂ ਦੌਰਾਨ ਵੀ ਪੰਜਾਬ ਵਿਚ ਸਕੂਲਾਂ ਨਾਲੋਂ ‘ਜਿਮ’ ਦੀ ਮੰਗ ਜ਼ਿਆਦਾ ਹੈ।

Kerala

ਜਿਸ ‘ਕੇਰਲੀਅਤ’ ਦੀ ਸਮਝ ਮੈਨੂੰ ਕੇਰਲਾ ਵੇਖ ਕੇ ਆਈ, ਉਹ ਬੜੀ ਸਾਫ਼ ਸੁਥਰੀ ਸੀ, ਸਾਦਗੀ ਨਾਲ ਭਰਪੂਰ, ਮਿਹਨਤ ਦੀ ਕਮਾਈ ਖਾਣ ਵਾਲੀ, ਜੋ ਅਪਣੇ ਟੀਚੇ ਸਰ ਕਰਨ ਲਈ ਹਰ ਕੰਮ ਕਰਨ ਨੂੰ ਤਿਆਰ ਰਹਿੰਦੀ ਹੈ। ਪਹਿਲੀ ਵਾਰ ਕੇਰਲ ਨੇ ਇਕ ਸਰਕਾਰ ਨੂੰ ਦੂਜੀ ਵਾਰ ਚੁਣਿਆ ਕਿਉਂਕਿ ਉਸ ਨੇ ਸੁਰੱਖਿਆ, ਸ਼ਾਂਤੀ, ਸਿਖਿਆ ਤੇ ਸਿਹਤ ਦਿਤੀ। ਅਤੇ ਉਹਨਾਂ ਦਾ ਮੁੱਖ ਮੰਤਰੀ ਅਪਣੇ ਲੋਕਾਂ ਦਾ ਹੀ ਪਰਛਾਵਾਂ ਜਾਂ ਦੂਜਾ ਰੂਪ ਲਗਦਾ ਹੈ। ਜ਼ਾਹਰ ਹੈ, ਸਾਡੀ ਸਰਕਾਰ ਵੀ ਸਾਡੀ ‘ਪੰਜਾਬੀਅਤ’ ਵਰਗੀ ਹੀ ਹੋਵੇਗੀ। ਜਿਸ ਸਮਾਜ ਨੂੰ ਅਸੀ ਨਿੰਦ ਰਹੇ ਹਾਂ, ਉਹ ਬਣਾਇਆ ਤਾਂ ਅਸੀ ਆਪ ਹੀ ਹੈ।

Punjab People

ਤੇ ਜੇ ਅਸੀ ਹਰ ਜ਼ਬਾਨ ਤੋਂ ਹਰ ਰੋਜ਼ ਡੁਲ੍ਹ ਡੁਲ੍ਹ ਪੈਂਦੀ ਪੰਜਾਬੀਅਤ ਵਲ ਵੇਖ ਕੇ ਖ਼ੁਸ਼ ਨਹੀਂ ਤਾਂ ਫਿਰ ਕਹਿਣ ਦੀ ਹਿੰਮਤ ਤਾਂ ਜੁਟਾਈਏ ਕਿ ਬਾਹਰ ਦਿਸਦੀ ਜਿਹੜੀ ਪੰਜਾਬੀਅਤ ਦੇ ਗੁਣ ਗਾਏ ਜਾ ਰਹੇ ਹਨ, ਉਹ ਸਾਨੂੰ ਪਸੰਦ ਨਹੀਂ ਅਤੇ ਅਸਲ ‘ਪੰਜਾਬੀਅਤ’ ਨਿਖੇੜ ਕੇ ਪਹਿਲਾਂ ਪ੍ਰੀਭਾਸ਼ਤ ਤਾਂ ਕਰ ਲਈਏ। ਸਾਡੇ ਸਾਰਿਆਂ ਨੂੰ ਇਕ ਕਮਜ਼ੋਰੀ ਨੇ ਜਕੜਿਆ ਹੋਇਆ ਹੈ ਜੋ ਸਾਨੂੰ ਮਾਰ ਰਹੀ ਹੈ। ਯਕੀਨਨ ਅਪਣੇ ਆਪ ਨੂੰ ਟਟੋਲਣ ਵਾਸਤੇ ਜਿਗਰਾ ਚਾਹੀਦਾ ਹੈ। ਜਿਸ ਦਿਨ ਜਿਗਰਾ ਮਜ਼ਬੂਤ ਬਣ ਗਿਆ, ਕਮਜ਼ੋਰੀ ਆਪੇ ਸਮਝ ਆ ਜਾਵੇਗੀ ਤੇ ਫਿਰ ਅਸਲ ਪੰਜਾਬੀਅਤ ਵੀ ਸਾਖਿਆਤ ਨਜ਼ਰ ਆਉਣ ਲੱਗ ਜਾਵੇਗੀ। ਪਰ ਪਹਿਲਾਂ ਉਸ ਨੂੰ ਸਮਝਣ ਦਾ ਯਤਨ ਤਾਂ ਕਰ ਲਈਏ। ਜਦ ਅਸਲ ਪੰਜਾਬੀਅਤ ਦੀ ਸਮਝ ਲੱਗ ਗਈ, ਫਿਰ ਨਾਹਰੇ ਮਾਰਨ ਦੀ ਲੋੜ ਨਹੀਂ ਪਵੇਗੀ, ਸਾਡੀ ਪੰਜਾਬੀਅਤ ਨੂੰ ਕੋਈ ਖ਼ਤਰਾ ਨਹੀਂ ਰਹੇਗਾ ਤੇ ਹਰ ਕੋਈ ਸਾਡੇ ਕਿਰਦਾਰ ’ਚੋਂ ਹੀ ਅਸਲ ਪੰਜਾਬੀਅਤ ਨੂੰ ਵੇਖ ਸਕੇਗਾ।
         - ਨਿਮਰਤ ਕੌਰ