Editorial: ਆਯੂਰਵੇਦਿਕ ਦਵਾਈਆਂ ਬਾਰੇ ਵਧਾ ਚੜ੍ਹਾ ਕੇ ਕੀਤੇ ਦਾਅਵਿਆਂ ਦਾ ਨਤੀਜਾ

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਅੱਜ ਜੇ ਅਦਾਲਤ ਦੇ ਨਾਲ ਨਾਲ ਜਾਂਚ ਏਜੰਸੀਆਂ ਵੀ ਇਨ੍ਹਾਂ ਦੇ ਪ੍ਰਚਾਰ ਨੂੰ ਸੰਜੀਦਗੀ ਨਾਲ ਨਹੀਂ ਲੈਣਗੀਆਂ ਤਾਂ ਸੱਚ ਬਾਹਰ ਕਿਸ ਤਰ੍ਹਾਂ ਆਵੇਗਾ?

Consequences of exaggerated claims about Ayurvedic medicines

Editorial: ਯੋਗ ਗੁਰੂ ਬਾਬਾ ਰਾਮਦੇਵ ਨੂੰ ਪੂਰੇ ਦੇਸ਼ ਨੂੰ ਯੋਗਾ ਵਲ ਵਾਪਸ ਮੋੜਨ ਵਾਸਤੇ ਜ਼ਿੰਮੇਵਾਰ ਮੰਨਿਆ ਜਾਂਦਾ ਹੈ। ਪਰ ਇਹ ਦਾਅਵਾ ਅਪਣੇ ਆਪ ਵਿਚ ਸਹੀ ਨਹੀਂ ਕਿਉਂਕਿ ਯੋਗਾ ਕਦੇ ਵੀ ਭਾਰਤ ਵਿਚ ਪਿੱਛੇ ਨਹੀਂ ਸੀ ਪਰ ਇਕ ਪ੍ਰਚਾਰ ਮੁਹਿੰਮ ਦੀ ਸਫ਼ਲਤਾ ਨਾਲ ਯੋਗਾ ਤੋਂ ਜ਼ਿਆਦਾ ਫ਼ਾਇਦਾ ਬਾਬਾ ਰਾਮਦੇਵ ਦਾ ਹੋਇਆ ਹੈ। ਉਨ੍ਹਾਂ ਦੀ ਸਫ਼ਲਤਾ ਦੇ ਸਿਰ ਤੇ ਰਾਮਦੇਵ ਅਤੇ ਉਨ੍ਹਾਂ ਦੇ ਸਹਿਯੋਗੀ ਤੇ ਪਤੰਜਲੀ ਦੇ ਐਮ.ਡੀ. ਬਾਲਾ ਕ੍ਰਿਸ਼ਨ ਨੇ ਪਤੰਜਲੀ ਉਦਯੋਗ ਨੂੰ ਅਰਬਾਂ ਦਾ ਕਾਰੋਬਾਰ ਬਣਾ ਦਿਤਾ ਹੈ।

ਜਦ ਉਨ੍ਹਾਂ ਵਿਰੁਧ ਕੇਸ ਚਲਿਆ ਤਾਂ ਇਨ੍ਹਾਂ ਨੇ ਇਕ ਪ੍ਰੈੱਸ ਕਾਨਫ਼ਰੰਸ ਕਰ ਕੇ ਆਖਿਆ ਸੀ ਕਿ ਉਨ੍ਹਾਂ ਵਿਰੁਧ ਪ੍ਰਚਾਰ ਕਰਨ ਵਾਲਿਆਂ ਨੂੰ ਸਜ਼ਾ ਮਿਲੇਗੀ ਅਤੇ ਪਤੰਜਲੀ ਦੇ ਖ਼ਿਲਾਫ਼ ਡਾਕਟਰਾਂ ਦਾ ਇਕ ਸੰਗਠਨ ਹੱਥ ਧੋ ਕੇ ਪਿਛੇ ਪਿਆ ਹੋਇਆ ਹੈ ਤੇ ਉਹ ਝੂਠੇ ਹਨ। ਪਰ ਹੁਣ ਸੁਪ੍ਰੀਮ ਕੋਰਟ ਵਿਚ ਹੱਥ ਜੋੜੀ ਖੜੀ ਜੋੜੀ ਨੂੰ ਅਪਣੇ ਹੀ ਬੋਲਾਂ ਤੇ ਦਾਅਵਿਆਂ ਨੂੰ ਗ਼ਲਤ ਮੰਨਣਾ ਪਿਆ। ਅਸਲੀਅਤ ਤਾਂ ਉਦੋਂ ਹੀ ਸਾਫ਼ ਸੀ ਜਦ ਅਪਣੇ ਆਪ ਨੂੰ ਬਚਾਉਣ ਵਾਸਤੇ ਅੰਨਾ ਹਜ਼ਾਰੇ ਅੰਦੋਲਨ ਵਿਚ ਸਾੜ੍ਹੀ ਪਾ ਕੇ ਭਜਦਾ ਨਜ਼ਰ ਆਇਆ ਸੀ ਪਰ ਜਨਤਾ ਉਨ੍ਹਾਂ ਦੇ ਅਸਲ ਕਿਰਦਾਰ ਦੀ ਮਜ਼ਬੂਤੀ ਪਰਖਣ ਵਿਚ ਗ਼ਲਤੀ ਖਾ ਗਈ। ਜੋ ਇਨਸਾਨ ਅਪਣੇ ਇਰਾਦੇ ਤੇ ਖਰਾ ਨਹੀਂ ਉਤਰ ਸਕਦਾ, ਉਹ ‘ਬਾਬਾ’ ਕਿਸ ਤਰ੍ਹਾਂ ਹੋ ਸਕਦਾ ਹੈ?

ਸੁਪ੍ਰੀਮ ਕੋਰਟ ਦੇ ਸਾਹਮਣੇ ਹੱਥ ਜੋੜੀ ਖੜੀ, ਮਾਫ਼ੀ ਮੰਗਦੀ ਜੋੜੀ ਇਹ ਸਾਬਤ ਕਰਦੀ ਹੈ ਕਿ ਉਹ ਲੋਕਾਂ ਦੇ ਗੁਨਾਹਗਾਰ ਹਨ। ਇਨ੍ਹਾਂ ਨੇ ਅਪਣੇ ਮੁਨਾਫ਼ੇ ਵਾਸਤੇ ਨਾ ਸਿਰਫ਼ ਬਿਮਾਰੀਆਂ ਨਾਲ ਜੂਝਦੇ ਲੋਕਾਂ ਨੂੰ ਗੁਮਰਾਹ ਕੀਤਾ, ਉਨ੍ਹਾਂ ਦੀ ਬੇਬਸੀ ਦਾ ਫ਼ਾਇਦਾ ਵੀ ਚੁਕਿਆ ਬਲਕਿ ਉਸ ਨੇ ਹੁਣ ਆਯੁਰਵੇਦ ਨੂੰ ਵੀ ਠੇਸ ਪਹੁੰਚਾਈ ਹੈ। ਇਸ ਜੋੜੀ ਨੇ ਮਹਾਂਮਾਰੀ ਵਿਚ ਕੋਰੋਨਾ ਨੂੰ ਵੀ ਫ਼ਾਇਦੇ ਦਾ ਧੰਦਾ ਬਣਾਉਣ ਲਈ ਇਹ ਪ੍ਰਚਾਰ ਕੀਤਾ ਕਿ ਇਨ੍ਹਾਂ ਕੋਲ ਇਸ ਦਾ ਇਲਾਜ ਹੈ। ਇਨ੍ਹਾਂ ਨੇ ਅਪਣੇ ਪ੍ਰਚਾਰ ਰਾਹੀਂ ਲੋਕਾਂ ਨੂੰ ਇਹ ਦਰਸਾਇਆ ਕਿ ਇਨ੍ਹਾਂ ਨੇ ਖੋਜ ਕਰ ਕੇ ਐਸੀ ਕਾਢ ਕੱਢੀ ਹੈ ਜੋ ਐਲੋਪੈਥੀ ਨੂੰ ਪਿੱਛੇ ਸੁਟ ਦੇਂਦੀ ਹੈ।

ਇਹ ਪਹਿਲੀ ਵਾਰ ਨਹੀਂ ਹੋਇਆ ਕਿ ਪਤੰਜਲੀ ਤੇ ਸਵਾਲ ਉਠੇ ਹਨ। ਕਈ ਵਾਰ ਪਤੰਜਲੀ ਪ੍ਰੋਡੈਕਟਸ ਵਿਚ ਸਰਕਾਰੀ ਜਾਂਚ ਦੌਰਾਨ ਸਮਾਨ ਵਿਚ ਕਮੀਆਂ ਵੇਖੀਆਂ ਗਈਆਂ ਹਨ। ਗ਼ਲਤ ਪ੍ਰਚਾਰ ਤੇ ਹਲਕਾ ਸਮਾਨ ਸਿਰਫ਼ ਇਕ ਪ੍ਰਚਾਰ ਕਮਜ਼ੋਰੀ ਨਹੀਂ ਬਲਕਿ ਇਕ ਜਾਨਲੇਵਾ ਸੁਮੇਲ ਸਾਬਤ ਹੋਇਆ ਹੋਵੇਗਾ। ਅਦਾਲਤ ਨੇ ਇਨ੍ਹਾਂ ਦੀ ਮਾਫ਼ੀ ਨੂੰ ਨਾਮਨਜ਼ੂਰ ਕਰਦਿਆਂ ਸਰਕਾਰ ਨੂੰ ਵੀ ਤਿੱਖਾ ਸਵਾਲ ਕੀਤਾ ਹੈ ਕਿ ਉਨ੍ਹਾਂ ਨੇ ਇਸ ਨੂੰ ਰੋਕਿਆ ਕਿਉਂ ਨਹੀਂ?

ਅੱਜ ਜੇ ਅਦਾਲਤ ਦੇ ਨਾਲ ਨਾਲ ਜਾਂਚ ਏਜੰਸੀਆਂ ਵੀ ਇਨ੍ਹਾਂ ਦੇ ਪ੍ਰਚਾਰ ਨੂੰ ਸੰਜੀਦਗੀ ਨਾਲ ਨਹੀਂ ਲੈਣਗੀਆਂ ਤਾਂ ਸੱਚ ਬਾਹਰ ਕਿਸ ਤਰ੍ਹਾਂ ਆਵੇਗਾ?
ਪਤੰਜਲੀ ਦਾ ਸਮਾਨ ਜ਼ਿਆਦਾਤਰ ਗ਼ਰੀਬਾਂ ਵਾਸਤੇ ਹੈ ਤਾਂ ਕੀ ਇਹ ਮੰਨਿਆ ਜਾਵੇ ਕਿ ਯੋਗਾ ਦੇ ਨਾਂ ਤੇ ਕਰੋੜਪਤੀ ਬਣਨ ਵਾਲਿਆਂ ਨੂੰ ਛੱਡ ਕੇ, ਗ਼ਰੀਬ ਦਾ ਹੋਰ ਕੋਈ ਵਾਲੀ ਵਾਰਸ ਨਹੀਂ? ਭਾਰਤ ਇਕ ਸੰਸਾਰ-ਸ਼ਕਤੀ ਬਣਨ ਦੀ ਤਿਆਰੀ ਵਿਚ ਹੈ ਪਰ ਜੇ ਸਾਡੇ ਉਦਯੋਗਪਤੀ ਇਸ ਤਰ੍ਹਾਂ ਦੇ ਗੁਨਾਹ ਕਰਦੇ ਰਹੇ ਜਿਸ ਨਾਲ ਲੋਕਾਂ ਦੀਆਂ ਜਾਨਾਂ ਵੀ ਗਈਆਂ ਹੋ ਸਕਦੀਆਂ ਹਨ ਤਾਂ ਫਿਰ ਸਾਡੇ ਦਾਅਵਿਆਂ ’ਤੇ ਕੌਣ ਵਿਸ਼ਵਾਸ ਕਰੇਗਾ? ਵੈਸੇ ਤਾਂ ਏਜੰਸੀਆਂ ਦਾ ਧਿਆਨ ਭ੍ਰਿਸ਼ਟ ਸਿਆਸਤਦਾਨਾਂ ਉਤੇ ਹੀ ਕੇਂਦਰਤ ਹੈ, ਭ੍ਰਿਸ਼ਟ ਦਵਾਈ ਉਦਯੋਗ ਉਨ੍ਹਾਂ ਤੋਂ ਵੀ ਵੱਧ ਖ਼ਤਰਨਾਕ ਹੈ।
- ਨਿਮਰਤ ਕੌਰ