ਮਮਤਾ ਨੇ ਵੋਟਰਾਂ ਨੂੰ ਯਕੀਨ ਕਰਵਾ ਦਿਤਾ ਕਿ ਕੇਂਦਰ, ਬੰਗਾਲੀ ਅਣਖ ਨੂੰ ਕੁਚਲਣ ਲਈ ਹਮਲਾਵਰ ਹੋ ਕੇ ਆਇਆ

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਇਕ ਸੂਬੇ ਦੀ ਮੁੱਖ ਮੰਤਰੀ ਵਿਰੁਧ ਜਿਸ ਤਰ੍ਹਾਂ ਦੇਸ਼ ਦੀ ਸਰਕਾਰ ਨੇ ਇਹ ਚੋਣ ਲੜੀ, ਇਹ ਉਸ ਔਰਤ ਦਾ ਹੀ ਸਾਹਸ ਸੀ ਕਿ ਉਹ ਇਨ੍ਹਾਂ ਦੇ ਦਬਾਅ ਅੱਗੇ ਨਾ ਝੁਕੀ, ਨਾ ਕਮਜ਼ੋਰ ਹੀ ਪਈ

Mamata Banerjee

ਦੋ ਮਈ ਦਾ ਦਿਨ, ਦੇਸ਼ ਦੇ ਹਰ ਨਾਗਰਿਕ ਵਾਸਤੇ ਬੜਾ ਮਹੱਤਵਪੂਰਨ ਦਿਨ ਸੀ। ਦੇਸ਼ ਦਾ ਹਰ  ਨਾਗਰਿਕ ਪੰਜ ਸੂਬਿਆਂ ਦੇ ਨਤੀਜਿਆਂ ਵਲ ਵੇਖ ਰਿਹਾ ਸੀ ਅਤੇ ਇਕ ਗੱਲ ਜੋ ਬੜੀ ਸੰਤੁਸ਼ਟੀ ਵਾਲੀ ਰਹੀ, ਉਹ ਸੀ ਕਿ ਕਿਸੇ ਨੇ ਵੀ ਈ.ਵੀ.ਐਮ. ਮਸ਼ੀਨਾਂ ਦੀ ਦੁਰਵਰਤੋਂ ਬਾਰੇ ਕੁੱਝ ਨਹੀਂ ਆਖਿਆ। ਈ.ਵੀ.ਐਮ. ਵਿਚ ਹੇਰ ਫੇਰ ਦੀ ਗੱਲ ਸ਼ੁਰੂ ਹੁੰਦਿਆਂ ਹੀ ਵੋਟਰਾਂ ਦੇ ਮਨਾਂ ਅੰਦਰ ਜੋ ਨਿਰਾਸ਼ਾ ਉਤਪਨ ਹੋ ਜਾਂਦੀ ਹੈ, ਉਹ ਲੋਕਤੰਤਰ ਦੀ ਇਸ ਮਹਿੰਗੀ ਪ੍ਰਕਿਰਿਆ ਨੂੰ ਸ਼ੱਕੀ ਬਣਾ ਦੇਂਦੀ ਹੈ।

ਹਰ ਇਕ ਨੂੰ ਲਗਦਾ ਹੈ ਕਿ ਜੇ ਮੇਰੀ ਵੋਟ ਈ.ਵੀ.ਐਮ. ਰਾਹੀਂ ਕਿਸੇ ਇਕ ਸਿਆਸੀ ਤਾਕਤ ਦੇ ਹੱਕ ਵਿਚ ਹੀ ਭੁਗਤਣੀ ਹੈ ਤਾਂ ਅਪਣੇ ਹੱਥ ਕਾਲੇ ਹੀ ਕਿਉਂ ਕੀਤੇ ਜਾਣ? ਇਨ੍ਹਾਂ ਚੋਣ ਨਤੀਜਿਆਂ ਨਾਲ ਈ.ਵੀ.ਐਮ. ਦਾ ਡਰ ਕਾਫ਼ੀ ਘੱਟ ਗਿਆ ਹੈ। ਸੋ ਅਸੀ ਇਹ ਮੰਨ ਸਕਦੇ ਹਾਂ ਕਿ ਇਸ ਵਾਰ ਜੋ ਵੀ ਨਤੀਜੇ ਸਾਹਮਣੇ ਆਏ ਹਨ, ਉਹ ਲੋਕਾਂ ਦੀ ਅਪਣੀ ਮਰਜ਼ੀ ਦਾ ਹੀ ਬਿਆਨ ਕਰਦੇ ਹਨ। ਲੋਕਾਂ ਦੀ ਆਵਾਜ਼ ਸੁਣਾਈ ਜ਼ਰੂਰ ਦਿਤੀ ਹੈ ਪਰ ਕੀ ਹੁਣ ਸੁਣਨ ਵਾਲੇ ਲੋਕ, ਗੌਰ ਫ਼ਰਮਾਉਣਗੇ ਵੀ ਜਾਂ ਨਹੀਂ, ਇਹ ਵੇਖਣਾ ਅਜੇ ਬਾਕੀ ਹੈ।

ਜੇ ਭਾਜਪਾ ਪੰਜ ਵਿਚੋਂ ਦੋ ਰਾਜਾਂ ਵਿਚ ਜਿੱਤੀ ਹੈ (ਅਸਾਮ ਤੇ ਪੁਡੁਚੇਰੀ) ਤਾਂ ਇਹ ਇਕ ਰਾਸ਼ਟਰੀ ਪਾਰਟੀ ਦਾ ਮਾੜਾ ਪ੍ਰਦਰਸ਼ਨ ਨਹੀਂ ਕਿਹਾ ਜਾ ਸਕਦਾ, ਖ਼ਾਸ ਕਰ ਕੇ ਇਸ ਵੇਲੇ ਜਦ ਚੁਨੌਤੀ ਸਿਰਫ਼ ਕਾਂਗਰਸ ਵਲੋਂ ਆਉਣੀ ਸੀ ਜੋ ਕਿ ਕਮਜ਼ੋਰ ਸਾਬਤ ਹੋਈ। ਇਹ ਕਾਂਗਰਸ ਵਾਸਤੇ ਇਕ ਫ਼ੈਸਲੇ ਦੀ ਘੜੀ ਸੀ ਕਿਉਂਕਿ ਇਹ ਰਾਹੁਲ ਦੀ ਅਗਵਾਈ ਹੇਠ ਹੋਈ ਚੋਣ ਸੀ ਜਿਸ ਮਗਰੋਂ ਫ਼ੈਸਲਾ ਹੋਣਾ ਸੀ ਕਿ ਕਾਂਗਰਸ ਦੀ ਪ੍ਰਧਾਨਗੀ ਕਿਸ ਕੋਲ ਜਾਵੇਗੀ।

ਕਾਂਗਰਸ ਲਈ ਸਿੱਧੀ ਤੇ ਸਪੱਸ਼ਟ ਹਾਰ ਹੈ ਭਾਵੇਂ ਅਸਾਮ ਵਿਚ ਐਨ.ਡੀ.ਏ. ਨੇ ਜਿਤੀਆਂ 76 ਸੀਟਾਂ ਹਨ ਹਾਲਾਂਕਿ ਵੋਟਾਂ 39.7 ਫ਼ੀ ਸਦੀ ਲਈਆਂ ਹਨ ਤੇ ਕਾਂਗਰਸ ਨੇ ਸੀਟਾਂ 45 ਜਿੱਤੀਆਂ ਹਨ ਜਦਕਿ ਵੋਟਾਂ 42.36 ਫ਼ੀ ਸਦੀ ਪ੍ਰਾਪਤ ਕੀਤੀਆਂ ਹਨ। ਯਾਨੀ ਭਾਵੇਂ ਜ਼ਿਆਦਾ ਲੋਕ ਕਾਂਗਰਸ ਨੂੰ ਚਾਹੁੰਦੇ ਸਨ, ਉਹ ਅਪਣੇ ਸਮਰਥਨ ਨੂੰ ਸੀਟਾਂ ਵਿਚ ਨਹੀਂ ਬਦਲ ਸਕੇ। ਕਾਂਗਰਸ ਲੀਡਰਸ਼ਿਪ ਅੰਦਰ ਚਲ ਰਹੀ ਲੜਾਈ ਕਾਰਨ, ਸਫ਼ਲ ਰਣਨੀਤੀ ਕਰਨੋਂ ਕਾਂਗਰਸ ਪਿੱਛੇ ਰਹਿ ਗਈ।

ਲੋਕ ਕਾਂਗਰਸ ਨੂੰ ਚਾਹੁੰਦੇ ਹੋਏ ਵੀ ਗੱਦੀ ਤੇ ਨਹੀਂ ਬਿਠਾ ਸਕਣਗੇ ਜਦ ਤਕ ਪਾਰਟੀ ਅਪਣੀਆਂ ਅੰਦਰ ਦੀਆਂ ਕਮਜ਼ੋਰੀਆਂ ਉਤੇ ਕਾਬੂ ਨਹੀਂ ਪਾ ਲੈਂਦੀ। ਐਮ.ਕੇ. ਸਟਾਲਿਨ ਹੇਠ ਡੀ.ਐਮ.ਕੇ. ਵਾਸਤੇ ਇਕ ਨਵਾਂ ਦੌਰ ਸ਼ੁਰੂ ਹੋਇਆ ਹੈ ਅਤੇ ਇਹ ਚੋਣਾਂ ਕਰੁਣਾਨਿਧੀ ਅਤੇ ਜੈਲਲਿਤਾ ਦੇ ਪ੍ਰਭਾਵ ਤੋਂ ਮੁਕਤ ਪਹਿਲੀਆਂ ਚੋਣਾਂ ਸਨ। ਕੇਰਲ ਵਿਚ ਸੀ.ਪੀ.ਆਈ. ਦੀ ਦੂਜੀ ਵਾਰ ਦੀ ਜਿੱਤ, ਉਨ੍ਹਾਂ ਦੀਆਂ ਨੀਤੀਆਂ ਦੀ ਜਿੱਤ ਹੈ

ਪਰ ਇਨ੍ਹਾਂ ਸਾਰੀਆਂ ਜਿੱਤਾਂ ਵਿਚੋਂ ਤਾਜ ਤਾਂ ਮਮਤਾ ਬੈਨਰਜੀ ਦੇ ਸਿਰ ਤੇ ਹੀ ਬਝਦਾ ਹੈ ਕਿਉਂਕਿ ਭਾਜਪਾ ਨੂੰ ਸਿੱਧੀ ਚੁਨੌਤੀ ਦੇਣ ਵਾਲੀ ਮਮਤਾ ਹੀ ਸੀ ਤੇ ਇਕ ਸੂਬੇ ਦੀ ਮੁੱਖ ਮੰਤਰੀ ਵਿਰੁਧ ਜਿਸ ਤਰ੍ਹਾਂ ਦੇਸ਼ ਦੀ ਸਰਕਾਰ ਨੇ ਇਹ ਚੋਣ ਲੜੀ, ਇਹ ਉਸ ਔਰਤ ਦਾ ਹੀ ਸਾਹਸ ਸੀ ਕਿ ਉਹ ਇਨ੍ਹਾਂ ਦੇ ਦਬਾਅ ਅੱਗੇ ਨਾ ਝੁਕੀ, ਨਾ ਕਮਜ਼ੋਰ ਹੀ ਪਈ। ਸਗੋਂ ਮਮਤਾ ਬੈਨਰਜੀ ਨੇ ਵਿਖਾ ਦਿਤਾ ਕਿ ਜਿੰਨਾ ਉਸ ਤੇ ਦਬਾਅ ਪਵੇਗਾ, ਉਹ ਉਸ ਤੋਂ ਦੁਗਣੀ ਤਾਕਤ ਨਾਲ ਵਾਪਸ ਝਪਟੇਗੀ।

ਵ੍ਹੀਲ ਚੇਅਰ ਤੇ ਰੇਂਗਦੀ ਰੇਂਗਦੀ ਤਾਜ ਪੋਸ਼ੀ ਤਕ ਪਹੁੰਚ ਗਈ ਤੇ ਜਿਸ ਤਰ੍ਹਾਂ ਦੀ ਜਿੱਤ ਹਾਸਲ ਕੀਤੀ, ਉਹ ਰਣਨੀਤੀ ਕਾਰਨ ਨਹੀਂ, ਉਹ ਕੀਤੇ ਕੰਮਾਂ ਕਾਰਨ ਵੀ ਨਹੀਂ ਬਲਕਿ ਉਹ ਸਿਰਫ਼ ਮਮਤਾ ਕਾਰਨ ਹੋਈ ਜਿਸ ਨੇ ਇਸ ਲੜਾਈ ਨੂੰ ਬੰਗਾਲ ਉਤੇ ਕੇਂਦਰ ਦੇ ਹਮਲੇ ਦਾ ਰੂਪ ਦੇ ਦਿਤਾ ਤੇ ਬੰਗਾਲੀ ਜਨਤਾ ਨੂੰ ਯਕੀਨ ਕਰਵਾ ਦਿਤਾ ਕਿ ਕੇਂਦਰ ਨੂੰ ਇਸ ਵਾਰ ਹਰਾਉਣਾ ਬੰਗਾਲੀ ਅਣਖ ਨੂੰ ਬਚਾਈ ਰੱਖਣ ਲਈ ਜ਼ਰੂਰੀ ਹੈ।

ਕਿਸੇ ਵੇਲੇ ਅਕਾਲੀ ਵੀ ਕੇਂਦਰ ਨਾਲ ਇਸੇ ਜੋਸ਼ ਨਾਲ ਲੜਦੇ ਸਨ ਤੇ ਜਿੱਤ ਕੇ ਤਾਂ ਜਿਤਦੇ ਹੀ ਸਨ, ਹਾਰ ਕੇ ਵੀ ਕਾਂਗਰਸ ਦੇ ਸਾਹਮਣੇ ਜੇਤੂ ਵਾਂਗ ਵਿਚਰਦੇ ਸਨ ਪਰ ਹੁਣ ਤਾਂ ਅਕਾਲੀ ਲੀਡਰ, ਦਿੱਲੀ ਦੇ ਗੋਦੀ ਲਏ ਪੁੱਤਰ ਬਣ ਕੇ ਅਪਣਿਆਂ ਨਾਲ ਲੜਨ ਜੋਗੇ ਹੀ ਰਹਿ ਗਏ ਹਨ। ਜੇ ਇਹ ਵੋਟਿੰਗ ਨਿਰੀ ਚੰਗੇ ਰਾਜ-ਪ੍ਰਬੰਧ ਨੂੰ ਲੈ ਕੇ ਹੀ ਹੁੰਦੀ ਤਾਂ ਭਾਜਪਾ 100 ਤੋਂ ਵੱਧ ਸੀਟਾਂ ਲੈ ਸਕਦੀ ਸੀ ਕਿਉਂਕਿ ਬੰਗਾਲੀ ਇਸ ਵਾਰ ਭਾਜਪਾ ਨੂੰ ਮੌਕਾ ਦੇਣ ਬਾਰੇ ਸੋਚ ਰਹੇ ਸਨ।

76 ਸੀਟਾਂ ਵਿਖਾਉਂਦੀਆਂ ਹਨ ਕਿ ਲੋਕਾਂ ਨੇ ਨਾ ਸੀ.ਪੀ.ਆਈ. ਤੇ ਨਾ ਕਾਂਗਰਸ ਬਾਰੇ ਹੀ ਇਸ ਵਾਰ ਸੋਚਿਆ। ਉਹ ਚਾਹੁੰਦੇ ਸਨ ਕਿ ਬੰਗਾਲ ਵਿਚੋਂ ਹਿੰਸਾ ਤੇ ਗੁੰਡਾਗਰਦੀ ਦੂਰ ਹੋਵੇ। ਪਰ ਗ਼ਲਤੀ ਭਾਜਪਾ ਦੀ ਰਹੀ ਜਿਸ ਨੇ ਨੀਤੀ ਇਹ ਬਣਾ ਲਈ ਕਿ ਉਹ ਅਪਣੇ ਆਪ ਨੂੰ ਮਮਤਾ ਤੋਂ ਜ਼ਿਆਦਾ ਤਾਕਤਵਰ ਸਾਬਤ ਕਰੇ। ਕਿਸਾਨ ਅੰਦੋਲਨ ਦਾ ਵੀ ਅਸਰ ਜ਼ਰੂਰ ਹੋਇਆ ਹੈ ਅਤੇ ਪੂਰੇ ਦੇਸ਼ ਵਿਚ ਰਾਜ ਪ੍ਰਬੰਧ ਵਿਚ ਗਿਰਾਵਟ, ਮਹਿੰਗਾਈ, ਗ਼ਰੀਬ ਦੀ ਅਣਦੇਖੀ ਦਾ ਵੀ ਅਸਰ ਰਿਹਾ ਹੋਵੇਗਾ ਪਰ ਸੱਭ ਤੋਂ ਵੱਡੀ ਕੁਹਾੜੀ ਭਾਜਪਾ ਨੇ ਅਪਣੇ ਪੈਰਾਂ ਤੇ ਆਪ ਮਾਰੀ।

ਜਿਸ ਤਰ੍ਹਾਂ ਦੀ ਚੋਣ ਕਮਿਸ਼ਨ ਦੀ ਕਾਰਗੁਜ਼ਾਰੀ ਰਹੀ, ਜਿਸ ਤਰ੍ਹਾਂ ਪ੍ਰਧਾਨ ਮੰਤਰੀ ਤੇ ਅਮਿਤ ਸ਼ਾਹ ਨੇ ਬੰਗਾਲ ਦੇ ਮੰਚਾਂ ਤੋਂ ਮਮਤਾ ਦਾ ਅਪਮਾਨ ਕਰਨ ਵਾਲੀ ਮਸਖ਼ਰਾਨਾ ਅੰਦਾਜ਼ ਵਿਚ ਭਾਸ਼ਾ ਵਰਤੀ, ਉਹ ਲੋਕਾਂ ਨੂੰ ਬਿਲਕੁਲ ਪਸੰਦ ਨਾ ਆਈ। ਇਕ ਸੂਬੇ ਦੀ ਚੋਣ ਜਿੱਤਣ ਲਈ ਪ੍ਰਧਾਨ ਮੰਤਰੀ ਤੇ ਉਨ੍ਹਾਂ ਦੀ ਪੂਰੀ ਸਰਕਾਰ ਜਿਸ ਤਰ੍ਹਾਂ ਬੰਗਾਲ ਤੇ ਹਮਲਾਵਰ ਹੋਈ, ਉਹ ਸੱਚਮੁੱਚ ਹੀ ਸਾਰੇ ਦੇਸ਼ ਵਾਸੀਆਂ ਨੂੰ ਮਮਤਾ ਦੇ ਹੱਕ ਵਿਚ ਬੋਲਣ ਲਈ ਮਜਬੂਰ ਕਰ ਰਹੀ ਸੀ ਤੇ ਲੋਕ-ਰਾਜੀ ਪ੍ਰੰਪਰਾਵਾਂ ਦੇ ਭਵਿੱਖ ਨੂੰ ਲੈ ਕੇ ਸਾਰੇ ਦੇਸ਼ ਨੂੰ ਚਿੰਤਾ ਹੋ ਰਹੀ ਸੀ। ਭਾਜਪਾ 2024 ਦੀਆਂ ਚੋਣਾਂ ਨੂੰ ਲੈ ਕੇ ਅਪਣੀਆਂ ਨੀਤੀਆਂਵਿਚ ਤਬਦੀਲੀ ਨਾ ਕਰ ਸਕੀ ਤਾਂ ਬੰਗਾਲ ਅਪਣੇ ਆਪ ਨੂੰ ਸਾਰੇ ਭਾਰਤ ਵਿਚ ਵੀ ਦੁਹਰਾ ਸਕਦਾ ਹੈ। ਅਜੇ ਤਾਂ ਪੰਜ ਸਾਲ ਮਮਤਾ ਹੀ ਮਮਤਾ ਹੁੰਦੀ ਰਹੇਗੀ!!                            -ਨਿਮਰਤ ਕੌਰ