Editorial: ਦੇਸ਼ ਦਾ ਨੌਜੁਆਨ ਵੋਟ ਬਣਵਾਉਣ ਤੇ ਵੋਟ ਪਾਉਣ ਵਿਚ ਦਿਲਚਸਪੀ ਕਿਉਂ ਨਹੀਂ ਵਿਖਾ ਰਿਹਾ?

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

Editorial: ਲੱਗਦਾ ਨੌਜੁਆਨਾਂ ਦੇ ਦਿਲ ਵਿਚ ਹੁਣ ਦੇਸ਼ ਦੇ ਆਗੂ ਚੁਣਨ ਵਿਚ ਕੋਈ ਦਿਲਚਸਪੀ ਨਹੀਂ ਰਹੀ।

Why is the youth of the country not showing interest in making a vote and voting?

Why is the youth of the country not showing interest in making a vote and voting?: ਚੋਣਾਂ ਦਾ ਤੀਜਾ ਗੇੜ ਐਤਵਾਰ ਨੂੰ ਹੈ। ਭਾਵੇਂ ਮੰਚਾਂ ’ਤੇ ਗਰਮਾਹਟ ਵਧਦੀ ਜਾ ਰਹੀ ਹੈ, ਵੋਟਰ ਦੀ ਹਿੱਸੇਦਾਰੀ ਘਟੀ ਜਾਂਦੀ ਹੈ। ਪਿਛਲੇ ਗੇੜ ਵਿਚ ਚੋਣ ਕਮਿਸ਼ਨ ਵਲੋਂ ਗਰਮੀ ਦੇ ਮੌਸਮ ਨੂੰ ਕਸੂਰਵਾਰ ਮੰਨਦੇ ਹੋਏ ਵੋਟਰਾਂ ਵਾਸਤੇ ਵਧੀਆ ਤਿਆਰੀਆਂ ਕੀਤੀਆਂ ਗਈਆਂ ਤਾਕਿ ਉਹ ਵੋਟ ਪਾਉਣ ਤੋਂ ਕਤਰਾਉਣ ਨਾ ਪਰ ਉਸ ਦਾ ਅਸਰ ਅੰਕੜਿਆਂ ਵਿਚ ਨਜ਼ਰ ਨਹੀਂ ਆਇਆ।

ਇਸ ਵਿਚ ਗਰਮੀ ਦੇ ਮੌਸਮ ਤੋਂ ਜ਼ਿਆਦਾ ਕਸੂਰ ਸਾਡੇ ਨੌਜੁਆਨਾਂ ਦੇ ਗਰਮ ਸੁਭਾਅ ਦਾ ਵੀ ਹੈ। ਜਾਪਦਾ ਹੈ ਕਿ ਉਨ੍ਹਾਂ ਦੇ ਦਿਲ ਵਿਚ ਹੁਣ ਦੇਸ਼ ਦੇ ਆਗੂ ਚੁਣਨ ਵਿਚ ਕੋਈ ਦਿਲਚਸਪੀ ਨਹੀਂ ਰਹੀ। ਇਹ ਚਿੰਤਾ 2023 ਦੀਆਂ ਕਰਨਾਟਕਾ ਚੋਣਾਂ ਵਿਚ ਪੋਲ ਹੋਈਆਂ ਵੋਟਾਂ ਦੇ ਅੰਕੜਿਆਂ ਤੋਂ ਮਿਲੀ ਸੀ ਜਿਥੇ 18-19 ਦੀ ਉਮਰ ਵਾਲੇ ਨੌਜੁਆਨਾਂ ਵਲੋਂ ਵੋਟਾਂ ਵਿਚ ਹਿੱਸਾ ਨਾਂਹ-ਬਰਾਬਰ ਹੀ ਸੀ ਤੇ ਸਿਰਫ਼ 36.7 ਪ੍ਰਤੀਸ਼ਤ ਨੇ ਹੀ ਅਪਣੀ ਵੋਟ ਬਣਾਈ ਸੀ। ਚੋਣ ਕਮਿਸ਼ਨ ਯਤਨ ਤਾਂ ਕਰ ਰਹੇ ਹਨ ਪਰ ਜਿਸ ਤਰ੍ਹਾਂ ਦੇ ਅੰਕੜੇ ਸਾਹਮਣੇ ਆ ਰਹੇ ਹਨ, ਜਾਪਦਾ ਹੈ ਕਿ ਦੇਸ਼ ਦੀ ਜਵਾਨੀ ਸਿਆਸਤ ਪ੍ਰਤੀ ਠੰਢੀ ਪੈ ਚੁੱਕੀ ਹੈ। 

18-19 ਸਾਲ ਦੀ ਉਮਰ ਦੇ ਨੌਜੁਆਨਾਂ ’ਚੋਂ ਮਹਿਜ਼ 40 ਫ਼ੀ ਸਦੀ ਨੇ ਅਪਣਾ ਵੋਟਰ ਕਾਰਡ ਬਣਵਾਇਆ ਹੈ ਤੇ ਇਨ੍ਹਾਂ ’ਚੋਂ ਵੀ 20-23 ਫ਼ੀਸਦੀ ਹੀ ਵੋਟ ਕਰਨ ਬਾਹਰ ਆਉਣਗੇ ਤਾਂ ਸੋਚੋ ਇਸ ਤੋਂ ਕੀ ਸੰਦੇਸ਼ ਮਿਲੇਗਾ? ਦਿੱਲੀ, ਉੱਤਰ ਪ੍ਰਦੇਸ਼ ਦੇ ਸੂਬਿਆਂ ਵਿਚ ਨੌਜੁਆਨਾਂ ਦੀ ਰਜਿਸਟ੍ਰੇਸ਼ਨ 25 ਫ਼ੀ ਸਦੀ ਘੱਟ ਹੈ। ਸੱਭ ਤੋਂ ਅੱਗੇ ਤੇਲੰਗਾਨਾ ਹੈ ਜਿਥੇ 66.7 ਫ਼ੀਸਦੀ ਨੌਜੁਆਨ ਵੋਟ ਰਜਿਸਟਰ ਕਰਨ ਆਏ ਹਨ। ਬਿਹਾਰ ਵਿਚ 54 ਲੱਖ ਨੌਜੁਆਨ ਵੋਟਰਾਂ ’ਚੋਂ ਮਹਿਜ਼ 9.3 ਲੱਖ ਭਾਵ 17 ਫ਼ੀਸਦੀ ਰਜਿਸਟਰ ਹੋਏ ਹਨ। ਮਹਾਰਾਸ਼ਟਰ ਦੇ ਅੰਕੜੇ ਵੀ ਉਹੀ ਕਹਾਣੀ ਬਿਆਨ ਕਰਦੇ ਹਨ।


ਇਸ ਵਿਚ ਇਕ ਮੁਸ਼ਕਲ ਇਹ ਵੀ ਮੰਨੀ ਜਾ ਸਕਦੀ ਹੈ ਕਿ 35 ਫ਼ੀਸਦੀ ਨੌਜੁਆਨ ਅਪਣੇ ਸੂਬੇ ਤੋਂ ਬਾਹਰ ਕੰਮ ਕਰਦੇ ਹਨ। ਜ਼ਿਆਦਾਤਰ ਦੇਸ਼ ਵਿਚ ਹੀ ਰਹਿੰਦੇ ਹਨ ਪਰ ਕਿਉਂਕਿ ਉਨ੍ਹਾਂ ਨੂੰ ਕਿਤੇ ਹੋਰ ਵੋਟ ਪਾਉਣ ਦੀ ਸਹੂਲਤ ਨਹੀਂ ਹੈ, ਇਸ ਲਈ ਉਹ ਇਧਰ ਧਿਆਨ ਹੀ ਨਹੀਂ ਦੇਂਦੇ। ਦੂਜੇ ਪਾਸੇ ਅਸੀ ਇਹ ਵੀ ਵੇਖ ਰਹੇ ਹਾਂ ਕਿ ਮਜ਼ਦੂਰ ਅੱਜ ਮਿਲ ਹੀ ਨਹੀਂ ਰਿਹਾ ਕਿਉਂਕਿ ਉਨ੍ਹਾਂ ਨੂੰ ਵੋਟ ਦਾ ਮੌਸਮ ਇਕ ਤਿਉਹਾਰ ਤੋਂ ਘੱਟ ਨਹੀਂ ਲਗਦਾ ਜਿਥੇ ਸਿਆਸਤਦਾਨਾਂ ਕੋਲੋਂ ਕੁੱਝ ਤੋਹਫ਼ੇ ਤਾਂ ਮਿਲਦੇ ਹੀ ਹਨ। ਇਹੀ ਵਰਗ ਸੱਭ ਤੋਂ ਵੱਧ ਜੋਸ਼ ਨਾਲ ਵੋਟ ਬਦਲੇ ਤੋਹਫ਼ੇ ਜਾਂ ਪੈਸੇ ਲੈਣ ਲਈ ਸ਼ਹਿਰ ਛੱਡ ਕੇ ਵਾਪਸ ਜਾ ਰਿਹਾ ਹੈ।
ਯਾਨੀ ਅੱਜ ਦੇ ਨਾਗਰਿਕਾਂ ਵਿਚ ਉਹ ਵਰਗ ਘਟਦਾ ਜਾ ਰਿਹਾ ਹੈ ਜਿਹੜਾ ਸਮਝਦਾ ਹੈ ਕਿ ਉਸ ਵਲੋਂ ਵੋਟ ਪਾਉਣ ਨਾਲ ਦੇਸ਼ ਵਿਚ ਫ਼ਰਕ ਪੈ ਵੀ ਸਕਦਾ ਹੈ। ਇਕ ਹਿੱਸਾ ਉਹ ਜ਼ਰੂਰ ਹੋਵੇਗਾ ਜੋ ਈਵੀਐਮ ਵਿਚ ਅਪਣਾ ਵਿਸ਼ਵਾਸ ਗਵਾ ਬੈਠਾ ਹੈ ਤੇ ਮੰਨਦਾ ਹੈ ਕਿ ਇਹ ਇਕ ਘਪਲਾ ਹੈ ਜਿਸ ਵਿਚ ਉਸ ਦੀ ਆਵਾਜ਼ ਗੁੰਮ ਜਾਵੇਗੀ।
ਪਰ ਇਕ ਵੱਡਾ ਹਿੱਸਾ ਉਨ੍ਹਾਂ ਨੌਜੁਆਨਾਂ ਦਾ ਵੀ ਹੈ ਜਿਹੜਾ ਇਹ ਮੰਨਦਾ ਹੈ ਕਿ ਭਾਵੇਂ ਕੋਈ ਵੀ ਪਾਰਟੀ ਜਿੱਤੇ, ਉਸ ਦੀ ਹਾਲਤ ਇਸੇ ਤਰ੍ਹਾਂ ਰਹਿਣੀ ਹੈ ਤੇ ਕੋਈ ਫ਼ਰਕ ਨਹੀਂ ਪੈਣਾ। ਭਾਵੇਂ ਆਮ ਲੋਕਾਂ ਨਾਲ ਸੜਕ ਤੇ ਗੱਲ ਕਰ ਕੇ ਵੇਖੋ ਤਾਂ ਉਹੀ ਸੜਕ, ਨਾਲੀ, ਸਕੂਲ, ਹਸਪਤਾਲ ਦੇ ਮੁੱਦੇ ਸੁਣਨ ਨੂੰ ਮਿਲਦੇ ਹਨ। ਅੱਜ ਜੇ ਦੇਸ਼ ਪਿਆਰ ਲਈ ਮੰਨੇ ਪ੍ਰਮੰਨੇ ਨੇਤਾਵਾਂ ਦੀ ਗੱਲ ਕਰੀਏ ਤਾਂ ਗੱਲ 75 ਸਾਲ ਪਹਿਲਾਂ ਦੇ ਆਜ਼ਾਦੀ ਘੁਲਾਟੀਆਂ ਤੇ ਵੀ ਨਹੀਂ ਰੁਕਦੀ। ਉਨ੍ਹਾਂ ’ਤੇ ਵੀ ਅੱਜ ਦੀਆਂ ਪਾਰਟੀਆਂ ਵਿਵਾਦ ਸ਼ੁਰੂ ਕਰ ਲੈਂਦੀਆਂ ਹਨ। ਹਾਲ ਹੀ ਵਿਚ ਕੰਗਨਾ ਰਨੌਤ ਨੇ ਇਤਿਹਾਸ ਬਦਲਣ ਦੇ ਇਕ ਹੋਰ ਕਾਰਜ ਦੀ ਸ਼ੁਰੂਆਤ ਕੀਤੀ ਜਦ ਉਸ ਨੇ ਕਿਹਾ ਕਿ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਸੁਭਾਸ਼ ਚੰਦਰ ਬੋਸ ਸਨ। ਪਰ 75 ਸਾਲਾਂ ਵਿਚ ਇਕ ਐਸਾ ਆਗੂ ਕਿਉਂ ਨਹੀਂ ਨਿੱਤਰ ਸਕਿਆ ਜੋ ਪੂਰੇ ਦੇਸ਼ ਦਾ ਨੇਤਾ ਹੋਵੇ, ਨਾ ਕਿ ਕਿਸੇ ਪਾਰਟੀ ਜਾਂ ਵਿਚਾਰਧਾਰਾ ਦਾ ਨੇਤਾ ਹੋਵੇ।

ਜਦੋਂ ਨੌਜੁਆਨ ਵੱਡਿਆਂ ਨੂੰ ਲੜਦੇ ਝਗੜਦੇ ਵੇਖਦੇ ਹਨ ਤਾਂ ਉਹ ਨਿਰਾਸ਼ ਹੋ ਕੇ ਪਿੱਛੇ ਹਟ ਜਾਂਦੇ ਹਨ। ਅੱਜ ਸਾਡਾ ਦੇਸ਼ ਇਕ ਟੁਟਦੇ ਪ੍ਰਵਾਰ ਵਾਂਗ ਦੋ ਧਿਰਾਂ ਦੀ ਲੜਾਈ ਵਿਚ ਅਸ਼ਾਂਤ ਮਾਹੌਲ ਵਿਚ ਨੌਜੁਆਨੀ ਨੂੰ ਅਪਣੇ ਤੋਂ ਦੂਰ ਕਰ ਰਿਹਾ ਹੈ। ਇਸ ਦਾ ਹੱਲ ਠੰਢਕ ਨਹੀਂ ਬਲਕਿ ਮੰਚਾਂ ਤੋਂ ਨਵਾਂ ਉਤਸ਼ਾਹ ਪੈਦਾ ਕਰਨ ਵਾਲੇ ਆਗੂ ਹਨ ਜੋ ਵਿਰੋਧੀਆਂ ਉਤੇ ਚਿੱਕੜ ਸੁਟਣ ਦੀ ਥਾਂ ਸੁਪਨੇ ਨੂੰ ਹਕੀਕਤ ਬਣਾਉਣ ਦੀ ਗੱਲ ਕਰਨ ਦਾ ਮੰਤਰ ਸਮਝਾ ਸਕਣ ਤੇ ਉਸ ਲਾਗੂ ਵੀ ਕਰ ਸਕਣ।    - ਨਿਮਰਤ ਕੌਰ