ਸ਼ਰਾਬ ਦੀ ਗ਼ੈਰ-ਕਾਨੂੰਨੀ ਵਿਕਰੀ ਕਾਰਨ ਪੰਜਾਬ ਫਿਰ ਤੋਂ 'ਚਿੱਟੇ' ਵਰਗਾ ਨਰਕ ਬਣ ਜਾਏਗਾ

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਇਕ ਹਫ਼ਤੇ ਵਿਚ ਚੰਡੀਗੜ੍ਹ ਅੰਦਰ ਦੋ ਵਾਰੀ ਗੋਲੀਆਂ ਚਲੀਆਂ ਅਤੇ ਦੋਵੇਂ ਵਾਰ, ਗੋਲੀਬਾਰੀ ਦਾ ਕਾਰਨ ਸ਼ਰਾਬ ਹੀ ਬਣੀ। ਪਹਿਲੀ ਵਾਰੀ ਦਾ

File Photo

ਇਕ ਹਫ਼ਤੇ ਵਿਚ ਚੰਡੀਗੜ੍ਹ ਅੰਦਰ ਦੋ ਵਾਰੀ ਗੋਲੀਆਂ ਚਲੀਆਂ ਅਤੇ ਦੋਵੇਂ ਵਾਰ, ਗੋਲੀਬਾਰੀ ਦਾ ਕਾਰਨ ਸ਼ਰਾਬ ਹੀ ਬਣੀ। ਪਹਿਲੀ ਵਾਰੀ ਦਾ ਹਮਲਾ ਸ਼ਰਾਬ ਦੇ ਵੱਡੇ ਉਦਯੋਗਿਕ ਘਰਾਣੇ ਪੋਂਟੀ ਚੱਢਾ ਦੇ ਇਕ ਹਿੱਸੇਦਾਰ ਨਾਲ ਸਬੰਧਤ ਸੀ ਅਤੇ ਦੂਜਾ ਹਮਲਾ ਚੰਡੀਗੜ੍ਹ ਦੇ ਸੈਕਟਰ 9 ਦੀ ਇਕ ਸ਼ਰਾਬ ਦੀ 5 ਤਾਰਾ ਦੁਕਾਨ ਦੇ ਮਾਲਕ ਉਤੇ ਹੋਇਆ। ਸੈਕਟਰ 9 ਪੰਜਾਬ ਦੀ ਸਿਆਸਤ ਦਾ ਇਕ ਗੜ੍ਹ ਹੈ ਜਿਥੇ ਹਰ ਵੇਲੇ ਕੋਈ ਨਾ ਕੋਈ ਅਫ਼ਸਰ ਜਾਂ ਸਿਆਸਤਦਾਨ ਬੈਠਾ ਦਿਸਦਾ ਹੈ।
ਹੁਣ ਇਹ ਵਾਰਦਾਤਾਂ ਸ਼ਰਾਬ ਮਾਫ਼ੀਆ ਨਾਲ ਜੁੜੀਆਂ ਹੋਈਆਂ ਹਨ।

ਮਾਫ਼ੀਆ ਸਿਰਫ਼ ਪੰਜਾਬ ਜਾਂ ਚੰਡੀਗੜ੍ਹ ਵਿਚ ਹੀ ਸਰਗਰਮ ਨਹੀਂ ਬਲਕਿ ਤਾਲਾਬੰਦੀ ਵਿਚ ਹਰਿਆਣਾ ਵਿਚ ਵੀ ਮਾਫ਼ੀਆ ਨੇ ਜ਼ੋਰ ਫੜ ਲਿਆ ਹੈ। ਸ਼ਰਾਬ ਦੀ ਇਸ ਗ਼ੈਰਕਾਨੂੰਨੀ ਵਿਕਰੀ ਦੀਆਂ ਖ਼ਬਰਾਂ ਪੂਰੇ ਦੇਸ਼ ਵਿਚੋਂ ਆਈਆਂ¸ਤਾਮਿਲਨਾਡੂ, ਕੇਰਲ, ਬੰਗਾਲ, ਦਿੱਲੀ, ਮਹਾਰਾਸ਼ਟਰ। ਅਤੇ ਇਸ ਤੋਂ ਘਬਰਾ ਕੇ ਸੂਬਿਆਂ ਨੇ ਕੇਂਦਰ ਤੋਂ ਸ਼ਰਾਬ ਦੀ ਵਿਕਰੀ ਖੋਲ੍ਹਣ ਦੀ ਮੰਗ ਕੀਤੀ। ਸਾਡੇ ਸੂਬਿਆਂ ਦੀ ਨਿਰਭਰਤਾ ਸ਼ਰਾਬ ਦੀ ਵਿਕਰੀ ਉਤੇ ਹੈ, ਅਤੇ ਜਦੋਂ ਕੇਂਦਰ ਵਲੋਂ ਮਦਦ ਨਾ ਆਈ, ਜੀ.ਐਸ.ਟੀ. ਦਾ ਬਕਾਇਆ ਦਸੰਬਰ ਤੋਂ ਖੜਾ ਹੈ, ਤਾਂ ਸੂਬਿਆਂ ਸਾਹਮਣੇ ਸ਼ਰਾਬ ਦੀ ਵਿਕਰੀ ਦਾ ਇਕੋ ਇਕ ਰਸਤਾ ਹੀ ਰਹਿ ਗਿਆ ਸੀ ਜਿਸ ਤੇ ਚਲ ਕੇ ਉਹ ਬੱਚ ਸਕਦੇ ਸਨ।

ਸਾਰੇ ਭਾਰਤ ਵਿਚ ਸ਼ਰਾਬ ਦੀ ਇਸ ਗ਼ੈਰਕਾਨੂੰਨੀ ਵਿਕਰੀ ਦਾ ਜਾਲ ਸੀ, ਅਤੇ ਇਸ ਜਾਲ ਵਿਚ ਸ਼ਰਾਬ ਮਾਫ਼ੀਆ ਨੂੰ ਤਾਕਤਵਰ ਬਣਾਉਣ ਵਾਲੇ ਪੁਲਿਸ ਮੁਲਾਜ਼ਮ ਅਤੇ ਸਿਆਸਤਦਾਨ ਸ਼ਾਮਲ ਹਨ। ਇਸ ਮਾਫ਼ੀਆ ਅਤੇ ਸ਼ਰਾਬ ਦੀ ਗ਼ੈਰਕਾਨੂੰਨੀ ਵਿਕਰੀ ਨੂੰ ਰੋਕਣ ਵਾਸਤੇ ਸ਼ਰਾਬ, ਘਰ ਘਰ ਅੰਦਰ ਪਹੁੰਚਾਣ ਦਾ ਤਰੀਕਾ ਕੇਰਲ ਵਿਚ ਲਾਗੂ ਕੀਤਾ ਗਿਆ ਤੇ ਬੰਗਾਲ ਤੇ ਪੰਜਾਬ ਨੇ ਵੀ ਇਹ ਕਰਨਾ ਚਾਹਿਆ। ਸਾਰੇ ਸੂਬੇ ਸ਼ਰਾਬ ਦੀ ਵਿਕਰੀ ਉਤੇ ਨਿਰਭਰ ਬਣਾ ਦਿਤੇ ਗਏ। ਇਸ ਲਈ ਜਦ ਗ਼ੈਰਕਾਨੂੰਨੀ ਵਿਕਰੀ ਨੇ ਤਾਲਾਬੰਦੀ ਵਿਚ ਜ਼ੋਰ ਫੜ ਲਿਆ ਤਾਂ ਸੂਬੇ ਘਬਰਾ ਗਏ ਸਨ।

ਪਰ ਪੰਜਾਬ ਵਿਚ ਅੰਕੜੇ ਕੁੱਝ ਹੋਰ ਹੀ ਦਸਦੇ ਹਨ। ਪਟਿਆਲਾ ਪੈੱਗ ਅਤੇ ਸ਼ਰਾਬ ਦੇ ਗੀਤਾਂ ਉਤੇ ਨੱਚਣ ਵਾਲੇ ਸੂਬੇ ਵਿਚ ਨਾ ਤਾਂ ਸ਼ਰਾਬ ਸੱਭ ਤੋਂ ਵੱਧ ਵਿਕਦੀ ਹੈ, ਨਾ ਪੀਤੀ ਹੀ ਜਾਂਦੀ ਹੈ। ਸਰਕਾਰੀ ਅੰਕੜਿਆਂ ਅਨੁਸਾਰ ਤਾਮਿਲਨਾਡੂ, ਫਿਰ ਹਰਿਆਣਾ, ਕੇਰਲ, ਉੱਤਰ ਪ੍ਰਦੇਸ਼ ਵਿਚ ਸੱਭ ਤੋਂ ਵੱਧ ਸ਼ਰਾਬ ਵਿਕਦੀ ਹੈ ਅਤੇ ਪੀਣ ਵਾਲੇ ਵੀ ਪੂਰਬੀ ਸੂਬਿਆਂ ਵਿਚ ਜ਼ਿਆਦਾ ਹਨ। ਮੰਨਣਾ ਆਸਾਨ ਨਹੀਂ ਪਰ ਫਿਰ ਇਹ ਵੀ ਵੇਖੋ ਕਿ ਗੁਜਰਾਤ ਵਿਚ ਸ਼ਰਾਬ ਦੀ ਕਾਨੂੰਨੀ ਵਿਕਰੀ ਸੱਭ ਤੋਂ ਘੱਟ ਹੈ। ਸਰਕਾਰੀ ਅੰਕੜੇ ਤਾਂ ਵਿਕਰੀ 'ਸਿਫ਼ਰ' ਹੀ ਦਸਦੇ ਹਨ ਅਰਥਾਤ ਸ਼ਰਾਬ ਉਥੇ ਵਿਕਦੀ ਹੀ ਕੋਈ ਨਹੀਂ।

ਪਰ ਸਚਾਈ ਇਹ ਵੀ ਹੈ ਕਿ ਗੁਜਰਾਤ ਵਿਚ ਗ਼ੈਰਕਾਨੂੰਨੀ ਸ਼ਰਾਬ ਹੀ ਘਰ ਘਰ ਅੰਦਰ ਪਹੁੰਚਾ ਦਿਤੀ ਜਾਂਦੀ ਹੈ। ਅੰਕੜਿਆਂ ਦੀ ਗੱਲ ਕਰੀਏ ਤਾਂ 2009 ਵਿਚ ਪੰਜਾਬ ਅਤੇ ਹਰਿਆਣਾ ਵਿਚ ਸ਼ਰਾਬ ਦੀ ਵਿਕਰੀ ਤੋਂ ਆਮਦਨ ਦੋਹਾਂ ਸੂਬਿਆਂ ਵਿਚ ਬਰਾਬਰ ਬਰਾਬਰ ਸੀ ਅਤੇ ਪੰਜਾਬ ਅੱਗੇ ਲੰਘਣ ਦੀ ਕੋਸ਼ਿਸ਼ ਕਰ ਰਿਹਾ ਸੀ। ਪਰ ਅੱਜ ਹਰਿਆਣਾ ਵਿਚ ਸ਼ਰਾਬ ਦੀ ਵਿਕਰੀ ਅਤੇ ਆਮਦਨ 1.9 ਹਜ਼ਾਰ ਕਰੋੜ ਹੈ, ਜਦਕਿ ਦੇਸ਼ ਦੇ ਦੂਜੇ ਨੰਬਰ ਤੇ ਆ ਚੁੱਕੇ ਪੰਜਾਬ ਵਿਚ 5 ਹਜ਼ਾਰ ਕਰੋੜ ਹੈ ਜੋ ਦੇਸ਼ ਵਿਚ 9ਵੇਂ ਨੰਬਰ ਤੇ ਹੈ।

2009 ਤੋਂ ਬਾਅਦ ਕੀ ਪੰਜਾਬੀਆਂ ਨੇ ਸ਼ਰਾਬ ਪੀਣੀ ਬੰਦ ਕਰ ਦਿਤੀ ਹੈ ਜਾਂ ਸ਼ਰਾਬ ਮਾਫ਼ੀਆ ਨੇ ਇਕ ਵਖਰਾ ਸਿਸਟਮ ਬਣਾ ਲਿਆ ਹੈ ਜਿਸ ਨੇ ਸੂਬੇ ਨੂੰ ਕਮਜ਼ੋਰ ਕਰ ਦਿਤਾ ਹੈ ਅਤੇ ਕੁੱਝ ਲਾਲਚੀ ਸ਼ਰਾਬ-ਵਪਾਰੀਆਂ ਨੂੰ ਧਨਾਢ ਬਣਾ ਦਿਤਾ ਹੈ? ਕਾਂਗਰਸ ਸਰਕਾਰ ਇਹ ਮਾਫ਼ੀਆ ਤੋੜਨ ਲਈ ਹੀ ਆਈ ਸੀ ਪਰ ਜਾਂ ਤਾਂ ਇਹ ਮਾਫ਼ੀਆ ਸਾਹਮਣੇ ਆਪ ਹਾਰ ਗਈ ਹੈ ਜਾਂ ਮਾਫ਼ੀਆ ਵਿਚ ਹੀ ਸ਼ਾਮਲ ਹੋ ਗਈ ਹੈ। ਕਾਂਗਰਸੀ ਆਖਦੇ ਹਨ, ਸ਼ੁਕਰ ਹੈ ਕਿ ਸਾਡੇ ਉਤੇ ਚਿੱਟਾ ਵੇਚਣ ਦਾ ਇਲਜ਼ਾਮ ਤਾਂ ਨਹੀਂ ਲੱਗਾ ਪਰ ਇਹ ਤਾਂ ਕੋਈ ਸਫ਼ਾਈ ਨਾ ਹੋਈ ਕਿ ਦੂਜਾ ਕਿਉਂਕਿ ਵੱਡਾ ਪਾਪੀ ਹੈ, ਸੋ ਮੇਰਾ ਪਾਪ, ਪਾਪ ਨਾ ਮੰਨਿਆ ਜਾਵੇ।

ਪੰਜਾਬ ਵਿਚ ਸ਼ਰਾਬ ਪੀਤੀ ਜਾਂਦੀ ਹੈ, ਪਰ ਮੁਨਾਫ਼ਾ ਸੂਬੇ ਨੂੰ ਨਹੀਂ ਮਿਲ ਰਿਹਾ। ਜਿੰਨਾ ਵੱਡਾ ਫ਼ਰਕ ਪੰਜਾਬ ਅਤੇ ਹਰਿਆਣਾ ਵਿਚ ਹੈ (ਤਕਰੀਬਨ 15 ਹਜ਼ਾਰ ਕਰੋੜ ਦਾ) ਉਸ ਵਿਚ 500-400 ਕਰੋੜ ਸੂਬੇ ਨੂੰ ਵਧਾ ਕੇ ਲੋਕਾਂ ਨੂੰ ਗੁਮਰਾਹ ਕਰਨ ਵਾਸਤੇ 'ਦਾਨ' ਦਿਤਾ ਜਾ ਰਿਹਾ ਹੈ? 2013-14 ਵਿਚ ਨਸ਼ੇ ਕਰ ਕੇ ਪੰਜਾਬ ਵਿਚ ਗੁੰਡਾਗਰਦੀ, ਦੰਗੇ, ਸੜਕਾਂ ਤੇ ਬੰਦੂਕਾਂ ਚਲਣੀਆਂ ਸ਼ੁਰੂ ਹੋ ਗਈਆਂ ਸਨ। ਅੱਜ ਫਿਰ ਉਸੇ ਪਾਸੇ ਚਲ ਰਹੇ ਹਾਂ। ਲੋੜ ਹੈ ਕਿ ਹੁਣ ਇਸ ਮਾਫ਼ੀਆ ਦਾ 10 ਸਾਲ ਦਾ ਰਾਜ ਤੋੜਿਆ ਜਾਵੇ ਪਰ ਇਸ ਵਾਸਤੇ ਅਪਣੇ ਹੀ ਘਰ ਵਿਚੋਂ ਪੰਜਾਬ ਦਾ ਪੂਰਾ ਸਿਸਟਮ ਸਫ਼ਾਈ ਮੰਗਦਾ ਹੈ। ਕੀ ਕਿਸੇ ਕੋਲ ਵੀ ਅਜਿਹਾ ਕਰਨ ਦੀ ਸੋਚ ਅਤੇ ਤਾਕਤ ਹੈ?  -ਨਿਮਰਤ ਕੌਰ