ਪੰਜਾਬ ਦੇ ਨੌਜਵਾਨ, ਕਿਸਾਨ ਅੰਦੋਲਨ ਵੇਲੇ ਦੀ ਸਿਆਣਪ ਫਿਰ ਤੋਂ ਵਿਖਾਉਣ!

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਕਿਸਾਨੀ ਸੰਘਰਸ਼ ਪੰਜਾਬ ਦੇ ਭਾਈਚਾਰੇ ਤੇ ਪੰਜਾਬ ਦੀ ਸਿਖਿਆ ਦੀ ਨਿਸ਼ਾਨੀ ਹੈ।

Photo

 

ਜੂਨ ਦਾ ਮਹੀਨਾ ਪਿਛਲੇ 37 ਸਾਲਾਂ ਤੋਂ ਦਰਬਾਰ ਸਾਹਿਬ ਉਤੇ ਹੋਏ ਫ਼ੌਜੀ ਹਮਲੇ ਦੀ ਯਾਦ ਤਾਜ਼ਾ ਕਰ ਦੇਂਦਾ ਹੈ ਤੇ ਇਹ ਮਹੀਨਾ ਨਾ ਸਿਰਫ਼ ਸਿੱਖਾਂ ਵਾਸਤੇ ਬਲਕਿ ਹਰ ਪੰਜਾਬੀ ਵਾਸਤੇ ਦਰਦਨਾਕ ਯਾਦਾਂ ਨਾਲ ਭਰਿਆ ਮਹੀਨਾ ਹੁੰਦਾ ਹੈ। ਇਸ ਸਾਲ ਇਹ ਮਹੀਨਾ ਹੋਰ ਵੀ ਭਾਰਾ ਮਹਿਸੂਸ ਹੋ ਰਿਹਾ ਹੈ ਕਿਉਂਕਿ ਪੰਜਾਬ ਵਿਚ ਹਿੰਸਾ ਵਧੀ ਹੋਈ ਹੈ ਤੇ ਹਰ ਨੌਜਵਾਨ ਦੀ ਮੌਤ ਪਿਛਲੇ ਚਾਲੀ ਸਾਲਾਂ ਵਿਚ ਹੋਈਆਂ ਅਨੇਕਾਂ ਨੌਜੁਆਨਾਂ ਦੀਆਂ ਮੌਤਾਂ ਦੀ ਯਾਦ ਦਿਵਾ ਦੇਂਦੀ ਹੈ। ਪੰਜਾਬ ਵਿਚ ਜਿਸ ਤਰ੍ਹਾਂ ਬੰਦੂਕਾਂ ਚਲ ਰਹੀਆਂ ਹਨ, ਜਾਪਦਾ ਇਹੀ ਹੈ ਕਿ ਪੰਜਾਬ ਵਾਪਸ ਕਾਲੇ ਦੌਰ ਵਲ ਵੱਧ ਰਿਹਾ ਹੈ। ਸਾਰੇ ਪੰਜਾਬ ਨੇ ਉਸ ਦੌਰ ਤੋਂ ਸਬਕ ਸਿਖਿਆ, ਭਾਈਚਾਰਾ ਵੀ ਬਰਕਰਾਰ ਹੈ ਤੇ ਨਫ਼ਰਤ ਵੀ ਨਹੀਂ ਹੈ।

 

ਕਿਸਾਨੀ ਸੰਘਰਸ਼ ਪੰਜਾਬ ਦੇ ਭਾਈਚਾਰੇ ਤੇ ਪੰਜਾਬ ਦੀ ਸਿਖਿਆ ਦੀ ਨਿਸ਼ਾਨੀ ਹੈ। ਜਿਸ ਤਰ੍ਹਾਂ ਸ਼ਾਂਤਮਈ ਤਰੀਕੇ ਨਾਲ ਪੰਜਾਬ ਨੇ ਕਿਸਾਨੀ ਸੰਘਰਸ਼ ਦੀ ਅਗਵਾਈ ਕੀਤੀ ਉਸ ’ਤੇ ਸਾਰਾ ਭਾਰਤ ਮਾਣ ਕਰ ਸਕਦਾ ਹੈ। ਕਿਸਾਨਾਂ ਨੇ ਅਪਣੀ ਆਵਾਜ਼ ਸਿਖਰਾਂ ਤਕ ਉੱਚੀ ਕਰ ਕੇ ਚੁੱਕੀ ਤੇ ਸਿਆਸਤਦਾਨਾਂ ਨੂੰ ਵੀ ਦਖ਼ਲ ਨਾ ਦੇਣ ਦਿਤਾ। ਇਕ ਵੀ ਗੋਲੀ ਨਾ ਚੱਲੀ ਭਾਵੇਂ ਇਸ ਸੰਘਰਸ਼ ਨੂੰ ਲੀਹੋ ਲਾਹੁਣ ਦੀਆਂ ਲੱਖ ਕੋਸ਼ਿਸ਼ਾਂ ਕੀਤੀਆਂ ਗਈਆਂ ਤੇ ਅੰਤ ਜਿੱਤ ਵੀ ਪ੍ਰਾਪਤ ਕੀਤੀ। ਅੱਜ ਹੈਰਾਨੀ ਹੁੰਦੀ ਹੈ ਕਿ ਜਿਹੜੇ ਨੌਜਵਾਨਾਂ ਨੇ ਸਰਕਾਰਾਂ ਦੀਆਂ ਡਾਂਗਾਂ, ਬੁਲਡੋਜ਼ਰਾਂ ਦਾ ਸਾਹਮਣਾ ਕੀਤਾ ਤੇ ਇਕ ਵਾਰੀ ਵੀ ਬਗ਼ਾਵਤ ਨਾ ਕੀਤੀ, ਜਿਨ੍ਹਾਂ ਨੌਜਵਾਨਾਂ ਨੇ ਬਿਹਬਲ ਵਿਚ ਨਿਹੱਥੇ ਰਹਿ ਕੇ ਪੁਲਿਸ ਦੀਆਂ ਗੋਲੀਆਂ ਖਾਧੀਆਂ, ਅੱਜ ਉਹ ਇਸ ਤਰ੍ਹਾਂ ਬਾਗ਼ੀ ਕਿਉਂ ਹੋ ਰਹੇ ਹਨ?

 

ਕੀ ਇਹ ਸਾਡੇ ਨੌਜਵਾਨ ਹਨ ਜਾਂ ਪੰਜਾਬ ਦੀ ਸ਼ਾਂਤੀ ਨੂੰ ਲਾਂਬੂ ਲਾ ਕੇ ਸਿਆਸਤਦਾਨਾਂ ਦਾ ਕੋਈ ਇਕ ਹਿੱਸਾ, ਕੋਈ ਨਿਜੀ ਫਾਇਦਾ ਖਟਣਾ ਚਾਹੁੰਦਾ ਹੈ? ਵਾਰ-ਵਾਰ ਵਟਸਐਪ ’ਤੇ ਬਾਕੀ ਸੋਸ਼ਲ ਮੀਡੀਆ ਤੇ ਅਜਿਹੇ ਸੁਨੇਹੇ ਦਿਤੇ ਜਾ ਰਹੇ ਹਨ ਜੋ ਸਾਡੇ ਮਨਾਂ ਵਿਚ ਵਸਦੇ ਡਰ ਨੂੰ ਉਜਾਗਰ ਕਰ ਰਹੇ ਹਨ। ‘‘ਅਸੀਂ ਪੰਜਾਬ ਛੱਡ ਦੇਣਾ ਹੈ’’ ਇਹ ਆਵਾਜ਼ ਕਈ ਵਾਰ ਸੁਣੀ ਗਈ ਹੈ ਜਾਂ ਹੁਣ ਸੁਣਾਈ ਦੇ ਰਹੀ ਹੈ। ਕਦੇ ਭਗਤ ਸਿੰਘ ਤੇ ਸੰਤਾਂ ਦੀ ਤਸਵੀਰ ਨਾਲ ਪੰਜਾਬ ਦੇ ਡਰ ਵਿਚ ਨਫ਼ਰਤ ਘੋਲੀ ਜਾ ਰਹੀ ਹੈ। ਜਦ ਬੱਚੇ ਨੂੰ ਰਾਤ ਕਮਰੇ ਵਿਚ ਇਕੱਲੇ ਸੌਣ ਤੇ ਡਰ ਲਗਦਾ ਹੈ ਤਾਂ ਉਹ ਕਹਿੰਦਾ ਹੈ ਮੇਰੇ ਪਲੰਘ ਹੇਠ ਭੂਤ ਹੈ। ਮਾਂ-ਬਾਪ ਬੱਤੀ ਜਗਾ ਕੇ ਉਸ ਨੂੰ ਵਿਖਾਉਂਦੇ ਹਨ ਕਿ ਥੱਲੇ ਕੁੱਝ ਨਹੀਂ। ਅੱਜ ਪੰਜਾਬ ਨੂੰ ਵੀ ਰੋਸ਼ਨੀ ਜਗਾ  ਕੇ ਅਪਣੇ ਡਰ ਦੇ ਫ਼ਰਜ਼ੀ ਭੂਤ ਨੂੰ ਭਜਾ ਦੇਣਾ ਚਾਹੀਦਾ ਹੈ। 

 

37 ਸਾਲ ਅਸੀਂ ਜ਼ਖ਼ਮਾਂ ਦੀਆਂ ਗੱਲਾਂ ਕਰਦੇ ਰਹੇ ਹਾਂ ਪਰ ਸਾਡੇ ਵਿਚ ਐਨੀ ਤਾਕਤ ਨਹੀਂ ਆਈ ਕਿ ਅਸੀਂ ਅਪਣੇ ਦਾਮਨ ਨੂੰ ਬੇਪਰਦ ਕਰ ਸਕੀਏ। ਸਾਨੂੰ ਜ਼ਖ਼ਮ ਕਿਉਂ ਲੱਗੇ? ਸਾਡੀਆਂ ਕੁੱਝ ਮੰਗਾਂ ਹਨ ਜੋ ਪੂਰੀ ਤਰ੍ਹਾਂ ਜਾਇਜ਼ ਹਨ। ਸਾਨੂੰ ਨਵੇਂ ਭਾਰਤ ਦਾ ਵਾਅਦਾ ਸੀ, ਜਿਵੇਂ ਕਿਸਾਨਾਂ ਨੂੰ ਸਰਕਾਰ ਦਾ ਵਾਅਦਾ ਸੀ ਕਿ ਸਾਡੀ ਰਾਜਧਾਨੀ, ਸਾਡਾ ਪਾਣੀ, ਸਾਡੀ ਪੰਜਾਬੀ ਨੂੰ ਪੰਜਾਬ ਦੀ ਜਿੰਦ ਜਾਨ ਸਮਝਿਆ ਜਾਵੇਗਾ। ਉਸ ਵਕਤ ਦੀ ਸਰਕਾਰ ਉਸ ਲੜਾਈ ਨੂੰ ਹਿੰਸਕ ਰੂਪ ਦੇਣ ਵਿਚ ਸਫ਼ਲ ਹੋ ਗਈ। ਦੋ ਤਾਕਤਾਂ ਦੀ ਲੜਾਈ ਸੀ। ਦੋਹਾਂ ਨੇ ਮੁਕਾਬਲਾ ਕੀਤਾ। ਸਰਕਾਰ ਜਿੱਤ ਗਈ। ਪੰਜਾਬ ਦੀਆਂ ਮੰਗਾਂ ਹਾਰ ਗਈਆਂ ਪਰ ਸਾਡੇ ਸਿਆਸਤਦਾਨਾਂ ਨੇ ਸਾਡੇ ਨਾਲ ਹੋਰ ਵੀ ਵੱਡੀ ਖੇਡ ਖੇਡੀ। ਉਨ੍ਹਾਂ ਸਾਨੂੰ ਨਫ਼ਰਤ ਵਿਚ ਲਪੇਟ ਦਿਤਾ। ਨਿਆਂ ਤੋਂ ਭੱਜ ਕੇ ਅਸੀਂ ਸਿਰਫ਼ ਉਸ ਲੜਾਈ ਦੇ ਜ਼ਖ਼ਮਾਂ ’ਤੇ ਮਲ੍ਹਮ ਲਾਉਣ ਵਿਚ ਰੁੱਝ ਕੇ ਰਹਿ ਗਏ ਤੇ ਅਪਣੀਆਂ ਮੰਗਾਂ ਭੁੱਲ ਹੀ ਗਏ। 

 

 

ਹੁਣ ਜਦ ਵੀ ਪੰਜਾਬ ਅਪਣੇ ਹੱਕਾਂ ਬਾਰੇ ਸੋਚਦਾ ਹੈ, ਸਾਡੇ ਜ਼ਖ਼ਮਾਂ ਨੂੰ ਕੁਰੇਦਿਆ ਜਾਂਦਾ ਹੈ। ਸੱਭ ਨੂੰ ਅਤਿਵਾਦ/ਸ਼ਹੀਦ ਦੀ ਪ੍ਰੀਭਾਸ਼ਾ ਵਿਚ ਉਲਝਾ ਕੇ ਅਸਲ ਮੁੱਦੇ ਤੋਂ ਭਟਕਾ ਦਿਤਾ ਜਾਂਦਾ ਹੈ। ਜੇ ਕੋਈ ਪੁੱਛੇ ਕਿ ਇਨ੍ਹਾਂ 38 ਸਾਲਾਂ ਵਿਚ ਸੱਭ ਤੋਂ ਵੱਡਾ ਨੁਕਸਾਨ ਕੀ ਹੋਇਆ ਹੈ ਤਾਂ ਸ਼ਾਇਦ ਇਹ ਕਹਿਣਾ ਹੀ ਸਹੀ ਹੋਵੇਗਾ ਕਿ ਪੰਜਾਬੀਆਂ ਨੂੰ ਅਪਣੇ ਹੱਕਾਂ ਦੀ ਸੋਝੀ ਤੋਂ ਹੀ ਵਿਰਵੇ ਕਰ ਦਿਤਾ ਗਿਆ ਹੈ। ਕੀ ਪੰਜਾਬੀ ਨੌਜੁਆਨ ਫਿਰ ਤੋਂ ਸਮਝ ਸਕਣਗੇ ਕਿ ਅਸੀ ‘ਪੰਜਾਬੀ’ ਕਿਸ ਗੱਲ ਕਰ ਕੇ ਹਾਂ, ਇਤਿਹਾਸ ਨੇ ਸਾਡੇ ਮੋਢੇ ਉਤੇ ਕਿਹੜੀਆਂ ਜ਼ਿੰਮੇਵਾਰੀਆਂ ਲੱਦੀਆਂ ਹਨ ਤੇ ਨਵੇਂ ਯੁਗ ਵਿਚ ਇਹ ਕਿਵੇਂ ਪੂਰੀਆਂ ਕੀਤੀਆਂ ਜਾ ਸਕਦੀਆਂ ਹਨ?
- ਨਿਮਰਤ ਕੌਰ