ਭਾਰਤ ਦੇ ਆਦਰਸ਼-ਰਹਿਤ ਸਿਆਸਤਦਾਨ ਜੋ ਸਵੇਰੇ ਸ਼ਾਮ ਨਵੀਂ ਪਾਰਟੀ ਬਦਲਦਿਆਂ ਜ਼ਰਾ ਸ਼ਰਮ ਨਹੀਂ ਕਰਦੇ ਬਸ਼ਰਤੇ ਕਿ ਕੁਰਸੀ ਮਿਲਦੀ ਹੋਵੇ...
ਦੇਸ਼ ਦਾ ਸਿਆਸੀ ਮਾਹੌਲ ਇਹ ਹੌਂਸਲਾ ਨਹੀਂ ਉਪਜਾਉਂਦਾ ਕਿ ਕਲ ਦਾ ਹਿੰਦੁਸਤਾਨ ਚੰਗੇ ਲੀਡਰਾਂ ਨੂੰ ਅੱਗੇ ਆਉਂਦਾ ਵੀ ਵੇਖ ਸਕੇਗਾ
ਇਹ ਚੋਣ ਵਰ੍ਹਾ ਹੈ ਤੇ ਇਸ ਸਾਲ ਅਸੀ ਹਿੰਦੁਸਤਾਨੀ ਸਿਆਸਤਦਾਨਾਂ ਦਾ ਮਾੜੇ ਤੋਂ ਮਾੜਾ ਪੱਖ ਵੇਖ ਸਕਾਂਗੇ। ਕਿਸੇ ਵੀ ਲੀਡਰ ਦਾ ਧਰਮ ਈਮਾਨ ਕੰਮ ਕਰਦਾ ਹੋਇਆ ਨਜ਼ਰ ਨਹੀਂ ਆਵੇਗਾ ਅਤੇ ਸਵੇਰ ਦਾ ਕਾਂਗਰਸੀ, ਦੁਪਹਿਰ ਵੇਲੇ ‘ਆਪ’ ਦਾ ਨੇਤਾ ਤੇ ਸ਼ਾਮ ਵੇਲੇ ਭਾਜਪਾਈ ਬਣਿਆ ਨਜ਼ਰ ਆਵੇਗਾ। ਤਾਜ਼ਾ ਘਟਨਾਕ੍ਰਮ ਵਿਚ, ਮਹਾਰਾਸ਼ਟਰ ਵਿਚ ਦੋ ਤਿੰਨ ਦਿਨ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਹ ਇਲਜ਼ਾਮ ਲਾਏ ਕਿ ਮਹਾਰਾਸ਼ਟਰ ਦੇ ਵਿਰੋਧੀ ਲੀਡਰ ਤਾਂ ਕਈ ਅਪਰਾਧੀ ਮਾਮਲਿਆਂ ਵਿਚ ਫਸੇ ਹੋਏ ਹਨ ਅਤੇ ਝਟਪਟ ਹੀ ਖ਼ਬਰ ਆ ਗਈ ਕਿ ਮਹਾਰਾਸ਼ਟਰ ਦੇ ਕੱਦਾਵਰ ਨੇਤਾ ਸ਼ਰਦ ਪਵਾਰ ਦੇ ਭਤੀਜੇ ਅਜੀਤ ਪਵਾਰ ਸਮੇਤ, ਉਨ੍ਹਾਂ ਦੇ ਬਹੁਤ ਕਰੀਬੀ ਸਾਥੀ ਵੀ ਪਾਰਟੀ ਛੱਡ ਕੇ ਭਾਜਪਾ ਸਰਕਾਰ ਵਿਚ ਸ਼ਾਮਲ ਹੋ ਗਏ ਹਨ।
ਸ਼ਰਦ ਪਵਾਰ ਦਾ ਕਹਿਣਾ ਹੈ ਕਿ ਇਹ ਸਾਰੇ ਮੋਦੀ ਦੀ ਧਮਕੀ ਤੋਂ ਡਰ ਕੇ ਗ੍ਰਿਫ਼ਤਾਰੀ ਤੋਂ ਬਚਣ ਲਈ ਬੀਜੇਪੀ ਨਾਲ ਜਾ ਰਲੇ ਹਨ ਅਤੇ ਇਸ ਤਰ੍ਹਾਂ ਮੋਦੀ ਨੇ ਐਨ.ਸੀ.ਪੀ. ਨੂੰ ਸਗੋਂ ਪਾਕ ਪਵਿੱਤਰ ਕਰ ਦਿਤਾ ਹੈ। ਅਜੀਤ ਪਵਾਰ ਬਾਰੇ ਵੀ ਕਈ ਤਰ੍ਹਾਂ ਦੀਆਂ ਅਟਕਲਾਂ ਲਾਈਆਂ ਜਾ ਰਹੀਆਂ ਹਨ। ਇਕ ਸੂਚਨਾ ਇਹ ਹੈ ਕਿ ਅਜੀਤ ਪਵਾਰ ਅਪਣੇ ਚਾਚਾ ਸ਼ਰਦ ਪਵਾਰ ਨਾਲ ਇਸ ਗੱਲੋਂ ਨਾਰਾਜ਼ ਸਨ ਕਿ ਉਨ੍ਹਾਂ ਨੇ ਅਪਣੀ ਥਾਂ, ਪਾਰਟੀ ਦਾ ਪ੍ਰਧਾਨ ਅਪਣੀ ਬੇਟੀ ਸੁਪ੍ਰੀਆ ਸੂਲੇ ਨੇ ਬਣਾ ਦਿਤਾ ਤੇ ਅਜੀਤ ਪਵਾਰ ਦਾ ਹੱਕ ਮਾਰ ਲਿਆ ਜਿਸ ਕਾਰਨ ਉਹ ਸ਼ਰਦ ਪਵਾਰ ਵਿਰੁਧ ਬਗ਼ਾਵਤ ਕਰਨ ਲਈ ਮਜਬੂਰ ਹੋ ਗਿਆ।
ਪਰ ਇਕ ਹੋਰ ਸੂਚਨਾ ਇਹ ਵੀ ਹੈ ਕਿ ਅਜੀਤ ਪਵਾਰ, ਅਪਣੇ ਚਾਚਾ ਸ਼ਰਦ ਪਵਾਰ ਨਾਲ ਮਿਥ ਕੇ ਬੀਜੇਪੀ ਸਰਕਾਰ ਵਿਚ ਗਏ ਹਨ ਕਿ ਜੇ 2024 ਦੀਆਂ ਚੋਣਾਂ ਵਿਚ ਬੀਜੇਪੀ ਜਿੱਤ ਜਾਂਦੀ ਹੈ ਤਾਂ ਸ਼ਰਦ ਪਵਾਰ ਲਈ ਉਨ੍ਹਾਂ ਦਾ ਭਤੀਜਾ, ਸਰਕਾਰੀ ਖ਼ੇਮੇ ਵਿਚ ਥਾਂ ਬਣਾ ਦੇਵੇਗਾ। ਸ਼ਰਦ ਪਵਾਰ ਇਹੋ ਜਿਹੀਆਂ ‘ਗੁਗਲੀਆਂ’ ਖੇਡਣ ਦੇ ਆਦੀ ਹਨ ਅਤੇ ‘ਪਵਾਰ ਰਾਜਨੀਤੀ’ ਦਾ ਇਹ ਇਕ ਵਿਲੱਖਣ ਅੰਦਾਜ਼ ਹੈ ਜੋ ਕੋਈ ਵੀ ਨਵਾਂ ਗੁਲ ਖਿੜਿਆ ਵਿਖਾ ਸਕਦਾ ਹੈ।
ਪਰ ਮਹਾਰਾਸ਼ਟਰ ਵਿਚ ਜੋ ਕੁੱਝ ਹੋਇਆ, ਉਹ ਕੋਈ ਇਕ ਰਾਜ ਵਿਚ ਵਾਪਰੀ ਘਟਨਾ ਨਹੀਂ, ਸਾਰੇ ਦੇਸ਼ ਵਿਚ ਭਾਰਤੀ ਲੀਡਰਾਂ ਦੀ ਵੱਲ ਖਾਂਦੀ ਰਾਜਨੀਤੀ, ਇਹੋ ਜਿਹੇ ਨਜ਼ਾਰੇ ਪੇਸ਼ ਕਰ ਰਹੀ ਹੈ। ਬੀਜੇਪੀ, ਜਿਹੜੀ ਕਲ ਤਕ ਸਾਰੀਆਂ ਵਿਰੋਧੀਆਂ ਪਾਰਟੀਆਂ ਤੋਂ ਦੂਰੀ ਬਣਾ ਕੇ, ਇਕੱਲਿਆਂ ਹੀ ਅਪਣੀ ਤਾਕਤ ਦਾ ਮੁਜ਼ਾਹਰਾ ਕਰਨਾ ਚਾਹੁੰਦੀ ਸੀ, ਹੁਣ ਫਿਰ ਤੋਂ ਹਰ ਛੋਟੀ ਤੋਂ ਛੋਟੀ ਪਾਰਟੀ ਦਾ ਹੱਥ ਫੜਨ ਲਈ ਤਿਆਰ ਹੋਈ ਲਗਦੀ ਹੈ।
ਪੰਜਾਬ ਬਾਰੇ ਵੀ ਅਜਿਹੀਆਂ ਖ਼ਬਰਾਂ ਮਿਲ ਰਹੀਆਂ ਹਨ ਕਿ ਇਨ੍ਹਾਂ ਨਵੇਂ ਬਦਲੇ ਹੋਏ ਹਾਲਾਤ ਵਿਚ ਪੰਜਾਬ ਦੇ ਲੋਕ ਸ਼ਾਇਦ ਇਕ ਦੋ ਦਿਨਾਂ ਵਿਚ ਬਾਦਲ ਅਕਾਲੀ ਦਲ ਦੇ ਇਕ ਲੀਡਰ ਨੂੰ ਵੀ ਕੇਂਦਰੀ ਮੰਤਰੀ ਮੰਡਲ ਵਿਚ ਲਿਆ ਜਾਂਦਾ ਵੇਖ ਲੈਣ। ਕਲ ਤਕ ਐਲਾਨ ਤਾਂ ਇਹੀ ਕੀਤੇ ਜਾ ਰਹੇ ਸਨ ਕਿ ਹੁਣ ਅਕਾਲੀਆਂ ਨਾਲ ਸਮਝੌਤਾ ਕਦੇ ਨਹੀਂ ਕੀਤਾ ਜਾਵੇਗਾ ਪਰ ‘ਭਾਰਤੀ ਰਾਜਨੀਤੀ’ ਦੇ ਵੱਲ ਖਾਦੇ ਨਾਚ ਵਿਚ ਕਲ ਦੀਆਂ ਸਾਰੀਆਂ ਗੱਲਾਂ ‘ਸਵਾਹਾ’ ਹੋ ਗਈਆਂ ਹਨ ਅਤੇ ਅੱਜ ‘ਸੱਤਾ ਦੀ ਕੁਰਸੀ’ ਹੀ ਸੱਭ ਤੋਂ ਵੱਡੀ ਗੱਲ ਬਣ ਗਈ ਹੈ। ਜੀ ਹਾਂ, ਸੱਤਾ ਦੀ ਕੁਰਸੀ ਹੀ ਭਾਰਤੀ ਸਿਆਸਤਦਾਨਾਂ ਦਾ ਇਕੋ ਇਕ ਧਰਮ ਰਹਿ ਗਿਆ ਹੈ ਅਤੇ ਇਸ ‘ਧਰਮ’ ਦੀ ਪਾਲਣਾ ਕਰਨਾ ਉਹ ਕਦੇ ਨਹੀਂ ਛੱਡਣਗੇ, ਬਾਕੀ ਭਾਵੇਂ ਸੱਭ ਕੁੱਝ ਛੱਡ ਦੇਣ।
ਦੇਸ਼ ਦਾ ਸਿਆਸੀ ਮਾਹੌਲ ਇਹ ਹੌਂਸਲਾ ਨਹੀਂ ਉਪਜਾਉਂਦਾ ਕਿ ਕਲ ਦਾ ਹਿੰਦੁਸਤਾਨ ਚੰਗੇ ਲੀਡਰਾਂ ਨੂੰ ਅੱਗੇ ਆਉਂਦਾ ਵੀ ਵੇਖ ਸਕੇਗਾ। ਇਹ ਹੌਂਸਲਾ ਵੀ ਨਹੀਂ ਬਝਦਾ ਕਿ ਗ਼ਰੀਬ ਦੀ ਵੀ ਕਦੇ ਸੁਣੀ ਜਾਵੇਗੀ। ਗ਼ਰੀਬ ਬੁਰੀ ਤਰ੍ਹਾਂ ਪਿਸ ਰਿਹਾ ਹੈ। ਆਸ ਦੀਆਂ ਸਾਰੀਆਂ ਕਿਰਨਾਂ ਮੱਧਮ ਪੈ ਰਹੀਆਂ ਹਨ। ਇਹੀ ਇਸ ਦੇਸ਼ ਦੇ ਪਿਸ ਰਹੇ ਗ਼ਰੀਬਾਂ ਦੀ ਸੱਭ ਤੋਂ ਵੱਡੀ ਚਿੰਤਾ ਹੈ। ਜਿਹੜਾ ਜਾ ਸਕਦਾ ਹੈ, ਉਹ ਅਮਰੀਕਾ, ਕੈਨੇਡਾ ਅਤੇ ਆਸਟਰੇਲੀਆ ਵਲ ਭੱਜ ਰਿਹਾ ਹੈ। ਬਾਕੀ ਝੂਰ ਰਹੇ ਹਨ।
- ਨਿਮਰਤ ਕੌਰ