ਨਸ਼ਾ ਪੰਜਾਬ ਦੇ ਨੌਜਵਾਨਾਂ ਲਈ ਦੁਨੀਆਂ ਭਰ ਵਿਚ ਬਦਨਾਮੀ ਖੱਟ ਰਿਹਾ ਹੈ

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਸਾਡੇ ਸੂਬੇ ਵਿਚ ਨਸ਼ਾ ਤਸਕਰੀ ਦੀ ਸਮੱਸਿਆ ਹੈ ਜਿਸ ਵਿਚ ਸਿਆਸਤਦਾਨ ਤੇ ਪੁਲਿਸ ਦੀ ਸ਼ਹਿ ਨਾਲ ਬਹੁਤ ਵੱਡਾ ਜਾਲ ਬੁਣਿਆ ਗਿਆ ਹੈ ਤੇ ਉਸ ਨੂੰ ਤੋੜਨਾ ਪਵੇਗਾ

Drug

 

ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਚੰਡੀਗੜ੍ਹ ਦੌਰੇ ਦੌਰਾਨ ਪੰਜਾਬ ਵਿਚ ਸਰਹੱਦ ਪਾਰੋਂ ਆਉਂਦੇ ਨਸ਼ੇ ਤੇ ਕਾਬੂ ਪਾਉਣ ਦਾ ਵਾਅਦਾ ਕੀਤਾ ਗਿਆ। ਇਹ ਦੇਰ ਨਾਲ ਲਿਆ ਫ਼ੈਸਲਾ ਤਾਂ ਹੈ ਪਰ ਦਰੁਸਤ ਵੀ ਹੈ। ਭਾਜਪਾ ਹੁਣ ਤਕ ਸੱਤਾ ਵਿਚ ਭਾਈਵਾਲ ਹੋਣ ਕਾਰਨ ਇਸ ਮੁੱਦੇ ’ਤੇ ਕੰਮ ਹੀ ਨਹੀਂ ਸੀ ਕਰ ਪਾ ਰਹੀ ਕਿਉਂਕਿ ਅਕਾਲੀ ਦਲ ਨਸ਼ੇ ਦੇ ਮੁੱਦੇ ਨੂੰ ਕਬੂਲਣਾ ਹੀ ਨਹੀਂ ਸੀ ਚਾਹੁੰਦਾ। ਇਹ ਕਹਿਣਾ ਹੈ ਭਾਜਪਾ ਦਾ। ਕਾਂਗਰਸ ਦੇ ਰਾਜ ਵਿਚ ਵੀ ਇਸ ਮੁੱਦੇ ਨੂੰ ਲੈ ਕੇ ਜ਼ਿਆਦਾ ਕੰਮ ਨਹੀਂ ਕੀਤਾ ਗਿਆ। ਪਰ ਪਿਛਲੇ ਕੁੱਝ ਮਹੀਨਿਆਂ ਦੇ ਹਾਲਾਤ ਤੋਂ ਜਾਪਦਾ ਹੈ ਕਿ ਕੇਂਦਰ ਨੂੰ ਵੀ ਸਮਝ ਆ ਗਈ ਹੈ ਕਿ ਸੱਭ ਨੂੰ ਮਿਲ ਕੇ ਨਸ਼ਾ ਤਸਕਰੀ ’ਤੇ ਕਾਬੂ ਪਾਉਣਾ ਪਵੇਗਾ ਤੇ ਇਹ ਦੇਸ਼ ਦੀ ਸੁਰੱਖਿਆ ਦਾ ਮੁੱਦਾ ਹੈ ਨਾ ਕਿ ਪੰਜਾਬ ਦਾ ਜਾਂ ਅਪਣੇ ਕਰੀਬੀਆਂ ਨੂੰ ਬਚਾਉਣ ਦਾ ਹੀ। ਨਸ਼ਾ ਤਸਕਰੀ ਨਾਲ ਜਿੰਨਾ ਪੰਜਾਬ ਦਾ ਨੁਕਸਾਨ ਹੋਇਆ ਹੈ, ਉਸ ਦੀ ਪੂਰਤੀ ਕਰਨਾ ਤਾਂ ਮੁਸ਼ਕਲ ਹੋਵੇਗਾ ਪਰ ਇਸ ਪੂਰੇ ਮਾਮਲੇ ਨੂੰ ਸਮਝਣਾ ਵੀ ਬਹੁਤ ਜ਼ਰੂਰੀ ਹੈ। ਸਿੱਧੂ ਮੂਸੇਵਾਲਾ ਕਤਲ ਮਗਰੋਂ ਦਿੱਲੀ ਤੇ ਪੰਜਾਬ ਪੁਲਿਸ ਦੀ ਪ੍ਰਤੀਕਿਰਿਆ ਵਿਚ ਇਹੀ ਆਖਿਆ ਗਿਆ ਕਿ ਇਹ ਕਤਲ ਭੱਪੀ ਲਹਿਰੀ ਦੇ ਕੇਸ ਵਰਗਾ ਹੀ ਸੀ ਤੇ ਪੰਜਾਬ ਦੇ ਗੈਂਗਸਟਰ ਵੀ ਹੁਣ ਉਸ ਵਕਤ ਦੇ ਦਾਊਦ ਗੈਂਗਸਟਰ ਬਣ ਚੁੱਕੇ ਹਨ। 

ਅੱਜ ਗੈਂਗਸਟਰ ਲਫ਼ਜ਼ ਪੰਜਾਬ ਦੀ ਜਵਾਨੀ ਨਾਲ ਜੁੜ ਗਿਆ ਹੈ। ਇਕ ਵਿਦੇਸ਼ੀ ਪੱਤਰਕਾਰ ਨੇ ਇਕ ਵੀਡੀਉ ਕਾਲ ਕੀਤੀ ਤਾਂ ਕੈਨੇਡਾ ਰਹਿੰਦੇ ਦੋ ਭਰਾ ਆਪਸ ਵਿਚ ਗੱਲ ਕਰ ਰਹੇ ਸਨ ਤੇ ਛੋਟਾ ਅਪਣੇ ਵੱਡੇ ਵੀਰ ਨੂੰ ਪੰਜਾਬ ਜਾਣ ਤੋਂ ਰੋਕ ਰਿਹਾ ਸੀ ਕਿ ਪੰਜਾਬ ਵਿਚ ਤਾਂ ਹੁਣ ਡਾਂਗਾਂ ਨਹੀਂ ਬੰਦੂਕਾਂ ਲੈ ਕੇ ਲੋਕ ਚਲਦੇ ਹਨ ਤੇ ਉਥੇ ਹੁਣ ਛੋਟੀ-ਛੋਟੀ ਗੱਲ ’ਤੇ ਬੰਦੂਕ ਕੱਢ ਲੈਂਦੇ ਹਨ। ਸਲਾਹ ਇਹ ਦਿਤੀ ਕਿ ਤੂੰ ਚੁੱਪ ਚਾਪ ਪ੍ਰਵਾਰ ਨੂੰ ਮਿਲੀਂ ਤੇ ਕਿਸੇ ਨਾਲ ਬਹਿਸ ਨਾ ਕਰੀਂ ਕਿਉਂਕਿ ਉਥੋਂ ਦੇ ਲੋਕਾਂ ਦਾ ਕੁੱਝ ਪਤਾ ਨਹੀਂ, ਕਦੋਂ ਗੁੱਸਾ ਖਾ ਕੇ ਆਪੋ ਤੋਂ ਬਹਰ ਹੋ ਜਾਣ।

 

 

ਕਈ ਦਹਾਕਿਆਂ ਬਾਅਦ ਪੰਜਾਬ ਦੇ ਨੌਜਵਾਨਾਂ ਦੇ ਮੱਥੇ ਤੋਂ ‘ਅਤਿਵਾਦ’ ਦਾ ਦਾਗ਼ ਫਿੱਕਾ ਪੈਣਾ ਸ਼ੁਰੂ ਹੋਇਆ ਸੀ ਤੇ ਉਹ ਮੋੜਾ ਵੀ ਕਿਸਾਨੀ ਅੰਦੋਲਨ ਦੌਰਾਨ ਹੀ ਪਿਆ। ਪਰ  ਪੰਜਾਬ ਵਿਚ ਨਸ਼ੇ ਨੇ ਅਜਿਹੇ ਪੈਰ ਪਾਏ ਕਿ ਹੁਣ ਪੰਜਾਬ ਦੇ ਨੌਜੁਆਨਾਂ ਦੇ ਮੱਥੇ ’ਤੇ ਨਵਾਂ ਦਾਗ਼ ਮੜਿ੍ਹਆ ਜਾ ਰਿਹਾ ਹੈ। ਤੇ ਇਸ ਵਾਰ ਸੱਭ ਤੋਂ ਵੱਡਾ ਅੰਤਰ ਇਹ ਹੈ ਕਿ ਪਿਛਲੀ ਵਾਰ ਸਰਕਾਰੀ ਏਜੰਸੀਆਂ ਨੇ ਇਹ ਦਾਗ਼ ਲਗਾਇਆ ਸੀ ਤੇ ਬੰਦੂਕਾਂ ਹੱਥ ਵਿਚ ਫੜਾਈਆਂ ਸਨ ਪਰ ਇਸ ਵਾਰ ਅਸੀਂ ਆਪ ਇਹ ਕੰਮ ਕਰ ਰਹੇ ਹਾਂ। ਜਦੋਂ ਵਿਦੇਸ਼ਾਂ ਵਿਚ ਬੈਠੇ ਲੋਕ ਪੰਜਾਬ ਬਾਰੇ ਇਸ ਤਰ੍ਹਾਂ ਦੀਆਂ ਗੱਲਾਂ ਕਰਨਗੇ ਤਾਂ ਫਿਰ ਬਾਕੀ ਕਿਉਂ ਨਹੀਂ ਕਰਨਗੇ? ਇਹ ਲੋਕ ਇਹ ਵੀ ਦੱਸਣ ਕਿ ਕੀ ਪੰਜਾਬ ਦੇ ਸਕੂਲਾਂ ਵਿਚ ਅਮਰੀਕੀ ਸਕੂਲਾਂ ਵਾਂਗ ਬੰਦੂਕਾਂ ਚੱਲ ਰਹੀਆਂ ਹਨ ਤੇ ਕੀ ਪੰਜਾਬ ਵਿਚ ਹਰ ਰੋਜ਼ ਵੱਡੀ ਗਿਣਤੀ ਵਿਚ ਲੋਕਾਂ ਨੂੰ ਮਾਰਿਆ ਜਾ ਰਿਹਾ ਹੈ? ਨਹੀਂ, ਇਹ ਸੱਭ ਅਮਰੀਕਾ ਵਿਚ ਹੋ ਰਿਹਾ ਹੈ ਪਰ ਅੱਜ ਵੀ ਉਹ ਦੁਨੀਆਂ ਵਿਚ ਅੱਵਲ ਨੰਬਰ ਦਾ ਦੇਸ਼ ਅਖਵਾਉਂਦਾ ਹੈ। 

 

ਸਾਡੇ ਸੂਬੇ ਵਿਚ ਨਸ਼ਾ ਤਸਕਰੀ ਦੀ ਸਮੱਸਿਆ ਹੈ ਜਿਸ ਵਿਚ ਸਿਆਸਤਦਾਨ ਤੇ ਪੁਲਿਸ ਦੀ ਸ਼ਹਿ ਨਾਲ ਬਹੁਤ ਵੱਡਾ ਜਾਲ ਬੁਣਿਆ ਗਿਆ ਹੈ ਤੇ ਉਸ ਨੂੰ ਤੋੜਨਾ ਪਵੇਗਾ ਤਾਕਿ ਨਾ ਸਿਰਫ਼ ਸਰਹੱਦ ਪਾਰ ਤੋਂ ਨਸ਼ੇ ਦੇ ਵਪਾਰ ਨੂੰ ਰੋਕਿਆ ਜਾ ਸਕੇ ਸਗੋਂ ਨਸ਼ੇ ਨਾਲ ਜੁੜੀ ਹਿੰਸਾ ਅਤੇ ਗੁੰਡਾਗਰਦੀ ਵੀ ਰੋਕੀ ਜਾ ਸਕੇ ਅਤੇ ਪੰਜਾਬ ਦੇ ਨੌਜਵਾਨਾਂ ਨੂੰ ਹੋਰ ਬਦਨਾਮ ਨਾ ਕੀਤਾ ਜਾ ਸਕੇ।  ਸੱਚ ਇਹ ਹੈ ਕਿ ਪੰਜਾਬ ਦੀ ਜਵਾਨੀ ਦੀ ਦੁਰਵਰਤੋਂ ਸਿਆਸਤਦਾਨਾਂ ਤੇ ਉਨ੍ਹਾਂ ਦੇ ਚਮਚਿਆਂ ਨੇ ਕੀਤੀ ਹੈ, ਸਾਡੇ ਨੌਜਵਾਨ ਗੁਮਰਾਹ ਕੀਤੇ ਗਏ ਹਨ ਤੇ ਅੱਜ ਵੀ ਕੀਤੇ ਜਾ ਰਹੇ ਹਨ। ਉਨ੍ਹਾਂ ਨੂੰ ਰੋਕਣਾ ਪਵੇਗਾ ਤੇ ਇਸ ਵਾਰ ਸੱਚ ਪੂਰੀ ਤਰ੍ਹਾਂ ਦੁਨੀਆਂ ਸਾਹਮਣੇ ਲਿਆਉਣਾ ਚਾਹੀਦਾ ਹੈ ਤਾਕਿ ਸਾਡੀ ਜਵਾਨੀ ਨਿਰਾਸ਼ ਹੋ ਕੇ ਟੁਟ ਨਾ ਜਾਵੇ।
- ਨਿਮਰਤ ਕੌਰ